29 ਮਾਰਚ ਸ਼ਹੀਦੀ ਦਿਨ 'ਤੇ ਵਿਸ਼ੇਸ਼ : ਸਿੰਘ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਦੀ ਸ਼ਹਾਦਤ - ਡਾ. ਗੁਰਵਿੰਦਰ ਸਿੰਘ
*ਕੈਨੇਡਾ ਵਿੱਚੋਂ ਜਦੋਂ ਭਾਰਤੀਆਂ ਨੂੰ ਕੱਢਿਆ ਜਾ ਰਿਹਾ ਸੀ,
ਓਦੋਂ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਮੋਢੀ ਗਦਰੀ ਬਾਬਿਆਂ ਨੇ ਸਾਨੂੰ ਹਾਂਡੂਰਸ ਭੇਜਣ ਤੋਂ ਬਚਾਇਆ,
ਕੀ ਸਾਨੂੰ ਯਾਦ ਹੈ ?
*ਕੈਨੇਡਾ ਵਿੱਚ ਭਾਰਤੀਆਂ ਤੋਂ ਵੋਟ ਦਾ ਹੱਕ ਖੋਹਿਆ ਗਿਆ ਸੀ,
ਪਰ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਤੇ ਉਨ੍ਹਾਂ ਦੇ ਭਾਈਆਂ ਨੇ
ਇਸ ਲਈ ਲੰਮਾ ਸੰਘਰਸ਼ ਕੀਤਾ,
ਕੀ ਅਸੀਂ ਇਹ ਚੇਤੇ ਰੱਖਿਆ ਹੈ ?
*ਕੈਨੇਡਾ ਵਿਚ ਭਾਰਤੀਆਂ 'ਤੇ ਪਰਿਵਾਰ ਲਿਆਉਣ 'ਤੇ ਪਾਬੰਦੀ ਸੀ,
ਪਰ ਭਾਈ ਬਲਵੰਤ ਸਿੰਘ ਜੀ ਉਨ੍ਹਾਂ ਦੇ ਭਾਈਆਂ ਨੇ ਰਾਹ ਖੋਲ੍ਹੇ,
ਕੀ ਸਾਨੂੰ ਪਤਾ ਹੈ?
*ਕੈਨੇਡਾ ਵਿੱਚ ਨਸਲਵਾਦੀ ਨੀਤੀਆਂ ਅਧੀਨ
ਗੁਰੂ ਨਾਨਕ ਜਹਾਜ਼, ਕਾਮਾਗਾਟਾਮਾਰੂ ਮੋੜਿਆ ਗਿਆ ਸੀ,
ਪਰ ਭਾਈ ਬਲਵੰਤ ਸਿੰਘ ਤੇ ਉਨ੍ਹਾਂ ਦੇ ਭਾਈਆਂ ਨੇ
ਇਸ ਖ਼ਿਲਾਫ਼ ਲੜਾਈ ਲੜੀ,
ਕੀ ਸਾਨੂੰ ਗਿਆਨ ਹੈ?
*ਕੈਨੇਡਾ ਤੋਂ ਭਾਰਤ ਜਾ ਕੇ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਨੇ
ਮਾਈਕਲ ਓਡਵਾਇਰ ਵਰਗਿਆਂ ਨਾਲ ਦਸਤ- ਪੰਜਾ ਲਿਆ
ਅਤੇ ਉਸ ਨੂੰ ਨਿਰਉੱਤਰ ਕੀਤਾ,
ਕੀ ਸਾਨੂੰ ਪਤਾ ਹੈ?
*ਭਾਰਤੀ ਛਾਉਣੀਆਂ ਵਿਚ ਗ਼ਦਰ ਮਚਾਉਣ ਲਈ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਮੋਢੀ ਗਦਰੀ ਬਾਬਿਆਂ ਨੇ ਵੱਡਾ ਸੰਘਰਸ਼ ਵਿੱਢਿਆ,
ਕੀ ਸਾਨੂੰ ਅਹਿਸਾਸ ਹੈ?
*ਕੈਨੇਡਾ ਦੀ ਧਰਤੀ 'ਤੇ ਜਨਮ ਲੈਣ ਵਾਲਾ ਪਹਿਲਾ ਸਿੱਖ, ਪੰਜਾਬੀ ਅਤੇ
ਭਾਰਤੀ ਬੱਚਾ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਬੀਬੀ ਕਰਤਾਰ ਕੌਰ ਦੇ ਘਰ ਜਨਮਿਆ ਭਾਈ ਹਰਦਿਆਲ ਸਿੰਘ ਸੀ,
ਕੀ ਸਾਨੂੰ ਜਾਣਕਾਰੀ ਹੈ?
*ਕੈਨੇਡਾ ਵਿੱਚ ਖ਼ਾਲਸਾ ਦੀਵਾਨ ਸੁਸਾਇਟੀ ਦਾ ਬੂਟਾ ਲਾਉਣ ਵਾਲੇ
ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਮੋਢੀ ਗਦਰੀ ਸਨ,
ਜਿਹੜੇ ਅੰਗਰੇਜ਼ ਫਾਸ਼ੀਵਾਦ ਖ਼ਿਲਾਫ਼ ਲੜੇ, ਪਰ ਮਗਰੋਂ ਏਥੇ ਹੀ ਮੋਦੀ, ਇੰਦਰਾ ਵਰਗੇ ਫਾਸ਼ੀਵਾਦੀ ਆਉਂਦੇ ਰਹੇ,
ਕੀ ਇਸ ਦਾ ਸਾਨੂੰ ਭੋਰਾ-ਭਰ ਵੀ ਅਹਿਸਾਸ ਹੈ ?
* ਕੈਨੇਡਾ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਹੁੰਦਿਆਂ ਭਾਈ ਸਾਹਿਬ ਬਲਵੰਤ ਸਿੰਘ ਜੀ ਨੇ ਸ਼ਹੀਦੀ ਪਾਈ ਅਤੇ ਗੁਰੂ ਘਰ ਦੇ ਵਜ਼ੀਰ ਦਾ ਰੁਤਬਾ ਰੌਸ਼ਨ ਕੀਤਾ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਥੇਦਾਰ ਸਹਿਬਾਨ ਵੱਲੋਂ, "ਸਿੰਘ ਸਾਹਿਬ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਖੁਰਦਪੁਰ" ਦਾ ਸ਼ਹੀਦੀ ਦਿਨ ਕਦੋਂ ਮਨਾਇਆ ਜਾਂਦਾ ਹੈ?
*ਭਾਰਤੀਆਂ ਦੇ ਗਲੋਂ ਗੁਲਾਮੀ ਦੀਆਂ ਜ਼ੰਜੀਰਾਂ ਲਾਹੁਣ ਲਈ
ਅਤੇ ਕੈਨੇਡਾ ਵਿੱਚੋਂ ਨਸਲਵਾਦ ਤੇ ਬਸਤੀਵਾਦ ਦੀਆਂ ਜੜ੍ਹਾਂ ਪੁੱਟਣ ਲਈ, ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਮੋਢੀ ਗਦਰੀ ਬਾਬਿਆਂ ਨੇ ਸ਼ਹੀਦੀਆਂ ਪਾਈਆਂ,
ਕੀ ਸਾਨੂੰ ਆਮ ਲੋਕਾਂ ਨੂੰ, ਇਸ ਗੱਲ ਦਾ ਅਹਿਸਾਸ ਹੈ?
*ਕੈਨੇਡਾ ਵਿਚ ਵਿਧਾਇਕ/ ਮੰਤਰੀਆਂ ਆਦਿ ਦੀ ਜੋ ਹੋਂਦ ਹੈ,
ਉਹ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਮੋਢੀ ਗਦਰੀ ਬਾਬਿਆਂ ਕਰਕੇ ਹੈ, ਪਰ ਉਨ੍ਹਾਂ ਵਿੱਚੋਂ ਕਿਸੇ ਵੱਲੋਂ ਵੀ ਟਵੀਟ ਕਰਕੇ ਜਾਂ ਸੰਦੇਸ਼ ਲਿਖ ਕੇ, ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ?
*ਭਾਰਤ ਵਿੱਚੋਂ ਅੰਗਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਪੁੱਟਣ ਲਈ, ਸ਼ਹੀਦ ਭਾਈ ਬਲਵੰਤ ਸਿੰਘ ਤੇ ਉਨ੍ਹਾਂ ਦੇ ਭਾਈਆਂ ਨੇ ਸ਼ਹੀਦੀਆਂ ਪਾਈਆਂ, ਪਰ ਭਾਰਤ ਵਿੱਚ, ਕਿਸੇ ਵੀ ਸਿਆਸੀ ਆਗੂ ਨੇ ਕਦੇ ਭਾਈ ਸਾਹਿਬ ਦਾ ਨਾਂ ਤੱਕ ਲਿਆ ਹੈ?
*ਫਾਸ਼ੀਵਾਦੀ ਅੰਗਰੇਜ਼ ਸਰਕਾਰ ਦੇ ਖ਼ਾਤਮੇ ਲਈ,
ਭਾਈ ਬਲਵੰਤ ਸਿੰਘ ਜੀ ਨੇ ਫਾਂਸੀ ਦਾ ਰੱਸਾ ਚੁੰਮਿਆ, ਪਰ ਪੰਜਾਬ ਵਿਚ ਭਗਤ ਸਿੰਘ ਦੀ ਵਾਰਿਸ ਅਖਵਾਉਣ ਵਾਲੀ ਸਰਕਾਰ ਵਿੱਚੋਂ ਮੁੱਖ ਮੰਤਰੀ ਜਾਂ ਕਿਸੇ ਹੋਰ ਨੇ, ਮੀਡੀਆ ਵਿੱਚ ਕੋਈ ਸੰਦੇਸ਼/ ਇਸ਼ਤਿਹਾਰ ਤੱਕ ਦੇ ਕੇ ਸ਼ਰਧਾਂਜਲੀ ਭੇਟ ਕੀਤੀ ਹੈ?
*ਪੰਜਾਬ ਦੇ ਵਿੱਦਿਅਕ ਖੇਤਰਾਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਕਿਧਰੇ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਤੇ ਉਨ੍ਹਾਂ ਦੇ ਸਾਥੀਆਂ ਦਾ
ਇਤਿਹਾਸ ਪੜ੍ਹਾਇਆ ਜਾਂਦਾ ਹੈ?
*ਭਾਰਤ ਵਿੱਚੋਂ ਅੰਗਰੇਜ਼ ਹਾਕਮ ਕੱਢਣ ਲਈ ਭਾਈ ਬਲਵੰਤ ਸਿੰਘ ਜੀ ਮੋਢੀ ਬਣੇ, ਪਰ ਅੱਜ 'ਕਾਲੇ ਅੰਗਰੇਜ਼' ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਰਹੇ ਹਨ,
ਕੀ ਇਸ ਸਬੰਧੀ ਕਦੇ ਸਾਡੀ ਜ਼ੁਬਾਨ ਖੁੱਲ੍ਹੀ ਹੈ ?
***ਜੇਕਰ ਇਨ੍ਹਾਂ ਸਵਾਲਾਂ ਬਾਰੇ ਉੱਤਰ "ਹਾਂ-ਪੱਖੀ" ਹਨ,
ਤਾਂ ਅਸੀਂ ਗ਼ਦਰੀ ਬਾਬਿਆਂ ਦੇ ਵਾਰਿਸ ਅਖਵਾ ਸਕਦੇ ਹਾਂ
ਪਰ ਜੇਕਰ ਇਨ੍ਹਾਂ ਸਵਾਲਾਂ ਦੇ ਉੱਤਰ "ਨਾਂਹ-ਪੱਖੀ" ਹਨ,
ਤਾਂ ਫਿਰ ਇਹੀ ਕਿਹਾ ਜਾ ਸਕਦਾ ਹੈ :
"ਸ਼ੇਰਾਂ ਦੀਆਂ ਮਾਰਾਂ ਅਤੇ ਗਿੱਦੜਾਂ ਦੀਆਂ ਕਲੋਲਾਂ"
ਉਪਰੋਕਤ ਸਵਾਲਾਂ ਦੇ ਉੱਤਰ ਜਾਣਨ ਲਈ, ਆਓ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਦੇ ਜੀਵਨ ਅਤੇ ਸੰਘਰਸ਼ ਬਾਰੇ ਵਿਚਾਰ ਕਰੀਏ। ਕੈਨੇਡਾ ਦੇ ਗ਼ਦਰੀ ਬਾਬਿਆਂ ਦੇ ਸ਼ਾਨਾਮੱਤੇ ਇਤਿਹਾਸ ਵਿਚ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਦਾ ਵਿਸ਼ੇਸ਼ ਸਥਾਨ ਹੈ। ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਵੱਲੋਂ ਸ਼ਹੀਦ ਭਾਈ ਬਲਵੰਤ ਸਿੰਘ ਨੂੰ ਗ਼ਦਰ ਲਹਿਰ ਦੇ ਯੋਧਿਆਂ ਦੇ 'ਤਾਰਾ ਮੰਡਲ ਦਾ ਚੰਦ' ਕਹਿ ਕੇ ਸਤਿਕਾਰਿਆ ਗਿਆ ਹੈ। ਮਹਾਨ ਵਿਵੇਕਵਾਨ ਭਾਈ ਸਾਹਿਬ ਵੱਲੋਂ ਜਿੱਥੇ ਕੈਨੇਡਾ ਵਿਚ ਨਸਲਵਾਦ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕੀਤਾ ਗਿਆ, ਉਥੇ ਭਾਰਤ ਜਾ ਕੇ ਬਸਤੀਵਾਦ ਨੂੰ ਜੜ੍ਹੋਂ ਪੁੱਟਣ ਲਈ, ਸ਼ਹੀਦੀ ਪਾਉਂਦਿਆਂ ਸੁਨਹਿਰੀ ਇਤਿਹਾਸ ਰਚਿਆ ਗਿਆ। ਅੰਗਰੇਜ਼ਾਂ ਦੇ ਗੁਲਾਮ ਭਾਰਤ ਦੇ ਮੁਖੀ ਵਾਇਸਰਾਏ ਲਾਰਡ ਹਾਰਡਿੰਗ ਅੱਗੇ ਛਾਤੀ ਤਾਣ ਕੇ ਗੱਲਬਾਤ ਕਰਨ ਵਾਲਾ ਸ਼ਖਸ ਕੈਨੇਡਾ ਦੇ ਪਹਿਲੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦਾ ਪਹਿਲਾ ਗ੍ਰੰਥੀ ਸਿੰਘ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 'ਗ੍ਰੰਥੀ ਸਿੰਘ' ਦੇ ਰੁਤਬੇ 'ਤੇ ਸੁਸ਼ੋਭਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਦੀ ਕੁਰਬਾਨੀਆਂ ਭਰੀ ਸ਼ਾਹਦਤ ਦਾ ਕਿੰਨਾ ਮਹਾਨ ਇਤਿਹਾਸ ਹੈ। ਸ਼ਹੀਦ ਭਾਈ ਬਲਵੰਤ ਸਿੰਘ ਦੀ ਸ਼ਹਾਦਤ ਮੌਜੂਦਾ ਸਮੇਂ ਅਤੇ ਸਥਿਤੀ ਵਿੱਚ ਵੀ ਓਨੀ ਹੀ ਪ੍ਰਸੰਗਿਕ ਹੈ, ਜਿੰਨੀ ਇੱਕ ਸਦੀ ਪਹਿਲਾਂ ਸੀ। ਦੁਖਾਂਤ ਇਸ ਗੱਲ ਦਾ ਹੈ ਕਿ ਅਜੇ ਤੱਕ ਨਾ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਹੀ ਅਤੇ ਨਾ ਹੀ ਪੰਜਾਬ ਦੇ ਸੰਘਰਸ਼ ਲਈ ਇਤਿਹਾਸ ਵਿੱਚ, ਭਾਈ ਬਲਵੰਤ ਸਿੰਘ ਨੂੰ ਬਾਰੇ ਕੁਝ ਲਿਖਿਆ ਮਿਲਦਾ ਹੈ।
ਅੰਗਰੇਜ਼ਾਂ ਤੋਂ ਮੁਆਫ਼ੀਆਂ ਮੰਗਣ ਵਾਲੇ 'ਸਵਰਕਰ' ਨੂੰ ਆਜ਼ਾਦੀ ਦਾ ਨਾਇਕ ਪੇਸ਼ ਕਰਨ ਵਾਲੀ, ਅੱਜ ਦੀ ਫਾਸ਼ੀਵਾਦੀ ਸਰਕਾਰ ਤੋਂ ਤਾਂ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਨੂੰ ਮਹਾਨ ਯੋਧਾ ਕਰਾਰ ਦੇਣ ਦੀ ਆਸ ਰੱਖਣਾ ਹੀ ਗ਼ਲਤ ਹੈ। ਦਰਅਸਲ ਭਾਈ ਸਾਹਿਬ ਦੀ ਸ਼ਹਾਦਤ, ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਹੁੰਦਿਆਂ, ਉਸ ਵੇਲੇ ਦੇ ਰਾਜਸੀ ਮੁਖੀਆਂ ਨੂੰ ਚੁਣੌਤੀ ਦਿੰਦਿਆਂ, ਸਮੁੱਚੇ ਗਦਰ ਲਹਿਰ ਦੇ ਇਤਿਹਾਸ ਵਿੱਚ ਵਿਲੱਖਣ ਮਾਰਗ ਦਰਸ਼ਕ ਕਹੀ ਜਾ ਸਕਦੀ ਹੈ। ਪੰਜਾਬ ਦੇ ਪਿੰਡ ਖੁਰਦਪੁਰ, ਜ਼ਿਲ੍ਹਾ ਜਲੰਧਰ ਵਿਖੇ ਭਾਈ ਸਾਹਿਬ ਦਾ ਜਨਮ 15 ਸਤੰਬਰ 1882 ਨੂੰ ਹੋਇਆl ਆਪ ਨੇ ਆਦਮਪੁਰ ਤੋਂ ਅੱਠਵੀਂ ਤੱਕ ਪੜ੍ਹਾਈ ਕਰਨ ਮਗਰੋਂ ਕੁਝ ਸਮਾਂ ਫ਼ੌਜ ਵਿੱਚ ਨੌਕਰੀ ਵੀ ਕੀਤੀ, ਪਰ ਸੰਤ ਕਰਮ ਸਿੰਘ ਜੀ ਦੀ ਸੰਗਤ ਮਗਰੋਂ ਧਾਰਮਿਕ ਪ੍ਰਭਾਵ ਕਾਰਨ ਇਹ ਨੌਕਰੀ ਛੱਡ ਦਿੱਤੀ ਤੇ ਕੁਝ ਸਮੇਂ ਮਗਰੋਂ 1906 ਵਿੱਚ ਕੈਨੇਡਾ ਆ ਗਏ।
ਕੈਨੇਡਾ 'ਚ 28 ਜੂਨ 1908 ਵਿੱਚ ਭਾਈ ਬਲਵੰਤ ਸਿੰਘ ਨੇ ਖਾਲਸਾ ਦੀਵਾਨ ਸੁਸਾਇਟੀ ਦੇ ਪਹਿਲੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਜੀ ਨਾਲ, ਇਕੱਠਿਆਂ 'ਅੰਮ੍ਰਿਤਪਾਨ' ਕੀਤਾl ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕੈਨੇਡਾ ਦਾ ਮੁੱਢ ਬੰਨਦਿਆਂ ਭਾਈ ਸਾਹਿਬ ਨੇ ਕੈਨੇਡਾ ਅਤੇ ਉੱਤਰੀ ਅਮਰੀਕਾ 'ਚ ਨਾ ਸਿਰਫ ਪਹਿਲਾ ਸਿੱਖੀ ਪ੍ਰਚਾਰ ਦਾ ਕੇਂਦਰ ਹੀ ਸਥਾਪਿਤ ਕੀਤਾ, ਬਲਕਿ ਨਸਲਵਾਦ ਅਤੇ ਬਸਤੀਵਾਦ ਖ਼ਿਲਾਫ਼ ਇਕਮੁੱਠ ਹੋ ਕੇ ਸੰਘਰਸ਼ ਦਾ ਸਾਂਝਾ ਕੇਂਦਰ ਵੀ ਸਿਰਜਿਆ। ਸ਼ਹੀਦ ਬਲਵੰਤ ਸਿੰਘ ਖੁਰਦਪੁਰ ਦੀ ਸਾਰੀ ਜ਼ਿੰਦਗੀ ਸੰਘਰਸ਼ ਭਰਪੂਰ ਰਹੀ। ਉਨ੍ਹਾਂ 1908 ਵਿੱਚ ਕੈਨੇਡਾ ਦੀ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤੀਆਂ ਨੂੰ ਇੱਥੋਂ ਕੱਢ ਕੇ ਹਾਂਡੂਰਾਸ ਭੇਜਣ ਦੀ ਸਾਜ਼ਿਸ਼ ਖ਼ਿਲਾਫ਼ ਸੰਘਰਸ਼ ਕੀਤਾ ਅਤੇ ਪ੍ਰਿੰਸੀਪਲ ਸੰਤ ਤੇਜਾ ਸਿੰਘ ਨਾਲ ਮਿਲ ਕੇ ਨਾਕਾਮ ਕੀਤਾ।
ਅੱਜ ਜੇਕਰ ਭਾਰਤੀ ਇੰਮੀਗ੍ਰੈਂਟ ਕੈਨੇਡਾ ਵਿੱਚ ਵਸੇ ਹੋਏ ਹਨ, ਤਾਂ ਇਹ ਭਾਈ ਬਲਵੰਤ ਸਿੰਘ ਜੀ ਦੀ ਦੇਣ ਹੈ। ਕੈਨੇਡਾ ਵਿੱਚ ਇੰਡੀਅਨ ਲੋਕਾਂ ਦੇ ਪਰਿਵਾਰਾਂ ਨੂੰ ਆਉਣ ਦੀ ਆਗਿਆ ਨਹੀਂ ਸੀ, ਜਦਕਿ ਹੋਰ ਮੁਲਕਾਂ ਤੋਂ ਲੋਕ ਪਰਿਵਾਰਾਂ ਸਮੇਤ ਆ ਵਸੇ ਸਨ। ਇਸ ਖ਼ਿਲਾਫ਼ ਵੀ ਸੰਘਰਸ਼ ਦਾ ਮੁੱਢ ਵੀ ਭਾਈ ਬਲਵੰਤ ਸਿੰਘ ਅਤੇ ਭਾਈ ਭਾਗ ਸਿੰਘ ਨੇ ਬੰਨ੍ਹਿਆ ਅਤੇ 21 ਜਨਵਰੀ 1912 ਨੂੰ ਅਨੇਕਾਂ ਕਸ਼ਟ ਝੱਲ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਵੈਨਕੂਵਰ ਪੁੱਜੇ, ਹਾਲਾਂਕਿ ਭਾਈ ਸਾਹਿਬ ਦੀ ਪਤਨੀ ਬੀਬੀ ਕਰਤਾਰ ਕੌਰ ਅਤੇ ਦੋ ਪੁੱਤਰੀਆਂ ਚਾਰ ਸਾਲਾ ਊਧਮ ਕੌਰ ਦੇ ਇੱਕ ਸਾਲਾ ਨਿਰੰਜਣ ਕੌਰ ਨੂੰ ਕੈਨੇਡਾ ਦੀ ਧਰਤੀ ਤੇ ਉਤਰਨ ਨਾ ਦਿੱਤਾ ਗਿਆ ਅਤੇ ਇੱਥੋਂ ਵਾਪਸ ਮੋੜਨ ਦੇ ਹੁਕਮ ਦਿੱਤੇ, ਪਰ ਵੈਨਕੂਵਰ ਦੇ ਸਿੱਖਾਂ ਦੇ ਤਿੱਖੇ ਸੰਘਰਸ਼ ਅਤੇ ਭਾਈ ਬਲਵੰਤ ਸਿੰਘ ਅਤੇ ਭਾਈ ਭਾਗ ਸਿੰਘ ਦੀ ਸੂਝ-ਬੂਝ ਸਦਕਾ, ਇਮੀਗਰੇਸ਼ਨ ਵਿਭਾਗ ਨੂੰ ਗੋਡੇ ਟੇਕਣੇ ਪਏ ਅਤੇ ਪਰਿਵਾਰਾਂ ਨੂੰ 3 ਜੂਨ 1912 ਨੂੰ ਕੈਨੇਡੀਅਨ ਸਰਕਾਰ ਵੱਲੋਂ ਆਖਰਕਾਰ, ਕੈਨੇਡਾ ਵਿੱਚ ਦਾਖਲ ਹੋਣ ਦਿੱਤਾ ਗਿਆ।
ਭਾਈ ਸਾਹਿਬ ਦੇ ਪਰਿਵਾਰ ਦੇ ਕੈਨੇਡਾ ਆਉਣ ਨਾਲ ਨਾ ਸਿਰਫ ਆਰਜ਼ੀ ਰੂਪ ਵਿੱਚ ਇਸਤਰੀਆਂ ਤੇ ਪਰਿਵਾਰਾਂ ਦੀ ਆਮਦ ਦਾ ਮੁੱਢ ਬੱਝਿਆ, ਬਲਕਿ 28 ਅਗਸਤ 1912 ਨੂੰ ਆਪ ਜੀ ਦੇ ਗ੍ਰਹਿ ਵਿਖੇ ਬੀਬੀ ਕਰਤਾਰ ਕੌਰ ਦੀ ਕੁੱਖੋਂ ਜਨਮਿਆ ਬੱਚਾ ਹਰਦਿਆਲ ਸਿੰਘ 'ਕੈਨੇਡਾ ਦੀ ਧਰਤੀ ਤੇ ਪੈਦਾ ਹੋਣ ਵਾਲਾ ਪਹਿਲਾ ਸਿੱਖ' ਅਤੇ ਅਣਵੰਡੇ ਭਾਰਤ ਤੋਂ ਪਰਵਾਸ ਕਰਕੇ ਆਏ ਪਰਿਵਾਰ ਦਾ ਪਹਿਲਾ ਬਾਲਕ ਵੀ ਬਣਿਆ। ਪਰਿਵਾਰ ਦੇ ਇਸ ਆਰਜ਼ੀ ਪ੍ਰਵਾਸ ਮਗਰੋਂ ਵੀ ਭਾਈ ਸਾਹਿਬ ਨੇ ਕੈਨੇਡਾ 'ਚ ਇਮੀਗ੍ਰੈਂਟ ਪਰਿਵਾਰਾਂ ਲਈ ਬੂਹੇ ਖੋਲ੍ਹਣ ਵਾਸਤੇ ਲੰਮਾ ਸੰਘਰਸ਼ ਕੀਤਾ, ਜਿਸ ਲਈ ਇਤਿਹਾਸ ਸਦਾ ਹੀ ਆਪ ਜੀ ਦਾ ਰਿਣੀ ਰਹੇਗਾ।
ਅੱਜ ਤੋਂ ਇੱਕ ਸਦੀ ਪਹਿਲਾਂ ਜਦੋਂ ਕੈਨੇਡਾ ਵਿੱਚ ਮਨੁੱਖੀ ਅਧਿਕਾਰਾਂ ਦਾ ਸ਼ੋਸ਼ਣ ਹੋ ਰਿਹਾ ਸੀ ਅਤੇ ਪਰਵਾਸੀ ਲੋਕਾਂ ਨੂੰ ਸਸਕਾਰ ਕਰਨ ਤੋਂ ਵੀ ਰੋਕ ਦਿੱਤਾ ਜਾਂਦਾ ਸੀ, ਲੋਕ ਲੁੱਕ- ਛਿਪ ਕੇ ਜੰਗਲ ਵਿੱਚ ਦੂਰ- ਦੁਰਾਡੇ ਬਰਫ਼ ਤੇ ਮੀਂਹ ਪੈਂਦਿਆਂ ਮਿ੍ਤਕ ਦਾ ਸਸਕਾਰ ਕਰਦੇ ਸਨ, ਉਸ ਵੇਲੇ ਭਾਈ ਬਲਵੰਤ ਸਿੰਘ ਨੇ ਹੋਰਨਾਂ ਆਗੂਆਂ ਨਾਲ ਮਿਲ ਕੇ ਸ਼ਮਸ਼ਾਨ ਭੂਮੀ ਲਈ ਕੁਝ ਜਗ੍ਹਾ ਜ਼ਮੀਨ ਖਰੀਦੀ ਅਤੇ ਸਸਕਾਰ ਕਰਨ ਦਾ ਇੰਤਜ਼ਾਮ ਕਰਕੇ ਸਭਨਾਂ ਨੂੰ ਵੱਡੀ ਰਾਹਤ ਦਿਵਾਈ।
'ਗ਼ਦਰ ਪਾਰਟੀ' ਦਾ ਉੱਤਰੀ ਅਮਰੀਕਾ ਵਿੱਚ ਜਿਸ ਵੇਲੇ ਅਜੇ ਮੁੱਢ ਬੰਨ੍ਹਿਆ ਜਾ ਰਿਹਾ ਸੀ, ਉਸ ਵੇਲੇ ਭਾਈ ਸਾਹਿਬ ਦੀ ਅਗਵਾਈ ਵਿੱਚ 14 ਮਾਰਚ 1913 ਨੂੰ ਤਿੰਨ ਮੈਂਬਰੀ ਵਫਦ, ਲੰਡਨ ਅਤੇ ਭਾਰਤ ਜਾ ਕੇ, ਅੰਗਰੇਜ਼ ਸਾਮਰਾਜ ਦੇ ਅਸਲ ਚਿਹਰੇ ਨੂੰ ਨੰਗਾ ਕਰਨ ਦਾ ਸੰਘਰਸ਼ ਸ਼ੁਰੂ ਕਰ ਚੁੱਕਿਆ ਸੀ। ਇਸ ਵਫ਼ਦ ਵਿੱਚ ਭਾਈ ਸਾਹਿਬ ਦੇ ਸਹਿਯੋਗੀ ਅਮਰੀਕਾ ਤੋਂ ਸਿੱਖ ਪ੍ਰਤੀਨਿਧ ਨੰਦ ਸਿੰਘ ਸੀਹਰਾ ਅਤੇ ਕੈਨੇਡਾ ਤੋਂ ਭਾਈ ਨਰੈਣ ਸਿੰਘ ਚੋਬਦਾਰ ਸਨ। ਇਨ੍ਹਾਂ 13 ਸਤੰਬਰ 1913 ਤੱਕ ਲੰਡਨ ਤੋਂ ਲੈ ਕੇ ਭਾਰਤ ਅਤੇ ਪੰਜਾਬ ਦੇ ਕੋਨੇ-ਕੋਨੇ ਵਿੱਚ ਆਵਾਜ਼ ਉਠਾਈl ਸੂਝਵਾਨ ਲੀਡਰ, ਬੁਲੰਦ ਆਵਾਜ਼ ਦੇ ਮਾਲਕ ਅਤੇ ਦੂਰ-ਅੰਦੇਸ਼ ਆਗੂ ਭਾਈ ਬਲਵੰਤ ਸਿੰਘ ਖੁਰਦਪੁਰ ਨੇ ਜਦ ਬ੍ਰਿਟਿਸ਼ ਬਸਤੀਵਾਦ ਅਤੇ ਅੰਗਰੇਜ਼ ਸਾਮਰਾਜ ਦੀਆਂ ਬਦਨੀਤੀਆਂ, ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ 18 ਸਤੰਬਰ 1913 ਨੂੰ, ਸ਼ਿਮਲੇ 'ਚ ਇੱਕ ਮੀਟਿੰਗ ਦੌਰਾਨ, ਉਸ ਵੇਲੇ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਦੇ ਮੂੰਹ 'ਤੇ ਕੀਤੀ ਸੀ, ਤਾਂ ਉਸ ਨੂੰ ਜਿਵੇਂ ਦੰਦਲ ਹੀ ਪੈ ਗਈ ਸੀ।
ਮਾਈਕਲ ਓਡਵਾਇਰ ਨੇ ਆਪਣੀ ਕਿਤਾਬ 'ਇੰਡੀਆ ਐਜ਼ ਆਈ ਨਿਊ' ਦੇ ਪੰਨਾ 191'ਤੇ ਲਿਖਿਆ ਕਿ ਮੁਲਾਕਾਤੀਆਂ ਵਿੱਚੋਂ 'ਤੀਸਰੇ ਬੰਦੇ' (ਭਾਈ ਬਲਵੰਤ ਸਿੰਘ ਖੁਰਦਪੁਰ) ਦੇ ਤਰੀਕੇ 'ਖ਼ਤਰਨਾਕ' ਬਾਗ਼ੀ ਵਰਗੇ ਸਨ ਤੇ ਉਸ ਵਾਇਸਰਾਏ ਨੂੰ ਮਿਲਣ ਜਾ ਰਹੇ ਸੀ, ਜਿਸ ਤੋਂ ਖਾਸ ਤੌਰ 'ਤੇ 'ਇਸ ਮੈਂਬਰ' ਪ੍ਰਤੀ ਸਾਵਧਾਨੀ ਵਰਤਣ ਲਈ ਕਿਹਾ ਗਿਆ। 5 ਅਕਤੂਬਰ 1913 ਨੂੰ ਭਾਰਤ ਦੇ ਵਾਇਸਰਾਏ ਲਾਰਡ ਹਾਰਡਿੰਗ ਨਾਲ ਭਾਈ ਬਲਵੰਤ ਸਿੰਘ ਦੀ ਅਗਵਾਈ ਵਿੱਚ ਕੈਨੇਡਾ ਤੋਂ ਆਏ ਵਫ਼ਦ ਨੇ ਮੁਲਾਕਾਤ ਕੀਤੀ ਅਤੇ ਇਮੀਗ੍ਰੇਸ਼ਨ ਦੀਆਂ ਕਾਲੀਆਂ ਨੀਤੀਆਂ, ਨਸਲੀ ਵਿਤਕਰੇ, ਧੱਕੇਸ਼ਾਹੀਆਂ ਅਤੇ ਜਬਰ- ਜ਼ੁਲਮ ਬਾਰੇ ਨਿਡਰਤਾ ਨਾਲ ਵਿਚਾਰ ਰੱਖੇ।
ਚਾਹੇ ਉਸ ਵੇਲੇ ਪੰਜਾਬ ਦੇ ਜਾਗਰੂਕ ਲੋਕਾਂ, ਲੋਕ ਪੱਖੀ ਮੀਡੀਆ ਅਤੇ ਆਮ ਵਿਅਕਤੀਆਂ ਨੇ ਭਾਈ ਬਲਵੰਤ ਸਿੰਘ ਦਾ ਸਾਥ ਦਿੱਤਾ, ਪਰ ਅਖੌਤੀ ਰਾਸ਼ਟਰਵਾਦੀ ਅਤੇ ਫਰੰਗੀਆਂ ਦੇ ਝੋਲੀ ਚੁੱਕਾਂ ਨੇ ਵਿਰੋਧ ਹੀ ਕੀਤਾ। ਗ਼ਦਰੀ ਸੂਰਮਿਆਂ ਦੇ ਅਖ਼ਬਾਰ 'ਕਿਰਤੀ' 1926 ਦੇ ਅੰਕ ਦੇ ਪੰਨਾ 14 ਉੱਪਰ ਲਿਖਿਆ ਹੈ ਕਿ ਰਾਸ਼ਟਰਵਾਦੀ ਆਗੂ ਲਾਲਾ ਲਾਜਪਤ ਰਾਏ ਨੇ ਭਾਈ ਬਲਵੰਤ ਸਿੰਘ ਹੁਰਾਂ ਵੱਲੋਂ ਅੰਗਰੇਜ਼ਾਂ ਖ਼ਿਲਾਫ਼ ਕੀਤੇ ਸੰਘਰਸ਼ ਨੂੰ 'ਕੇਵਲ ਸਿੱਖਾਂ ਦਾ ਮਸਲਾ' ਕਹਿਕੇ ਉਹਨਾਂ ਦਾ ਸਾਥ ਦੇਣੋਂ ਨਾਂਹ ਕਰ ਦਿੱਤੀ। ਦੂਜੇ ਪਾਸੇ ਚੀਫ ਖਾਲਸਾ ਦੀਵਾਨ ਵਿਚਲੇ ਅੰਗਰੇਜ਼ਾਂ ਦੇ ਪਿੱਠੂਆਂ ਨੇ ਵੀ ਭਾਈ ਸਾਹਿਬ ਦੇ ਇਤਿਹਾਸਕ ਯਤਨਾਂ ਦਾ ਵਿਰੋਧ ਕਰਕੇ ਕੌਮ ਦੀ ਪਿੱਠ 'ਚ ਛੁਰਾ ਮਾਰਿਆ। ਇਸੇ ਕਾਰਨ ਹੀ ਕੁਝ ਸਮਾਂ ਮਗਰੋਂ ਸਿੱਖ ਸੰਗਤਾਂ ਵੱਲੋਂ ਗੁਰਮਤਾ ਕਰਕੇ ਅਜਿਹੇ ਵਿਅਕਤੀਆਂ ਨੂੰ ਪੰਥ ਅਤੇ ਕੌਮ ਦੇ ਗ਼ਦਾਰ ਐਲਾਨਿਆ ਗਿਆ। ਇਤਿਹਾਸਕ ਸਰੋਤਾਂ ਅਨੁਸਾਰ ਇਨ੍ਹਾਂ ਗੁਰਮਤਿਆਂ ਨੂੰ ਸਰਬ-ਸੰਮਤੀ ਨਾਲ ਪ੍ਰਵਾਨ ਕਰਦਿਆਂ ਗਦਰੀ ਯੋਧਿਆਂ, ਕਾਮਾਗਾਟਾ ਮਾਰੂ ਦੇ ਮੁਸਾਫਰਾਂ, ਕੈਨੇਡਾ ਤੋਂ ਆਏ ਸਿੱਖ ਜੱਥਿਆਂ ਤੇ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਹੋਰਨਾਂ ਸ਼ਖ਼ਸੀਅਤਾਂ ਦੀ ਬਹਾਦਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਨਾਲ ਹੀ ਸੁੰਦਰ ਸਿੰਘ ਮਜੀਠੀਏ, ਅਰੂੜ ਸਿੰਘ ਸਰਬਰਾਹ ਅਤੇ ਗੁਰਬਖਸ਼ ਸਿੰਘ ਸਕੱਤਰ ਸਿੱਖ ਲੀਗ ਵਰਗਿਆਂ ਨੂੰ ਤਨਖਾਹੀਏ ਕਰਾਰ ਦੇ ਕੇ, ਉਨ੍ਹਾਂ ਨੂੰ 'ਭਾਈ' ਜਾਂ 'ਸਰਦਾਰ' ਸ਼ਬਦ ਨਾਲ ਸੰਬੋਧਨ ਨਾ ਕਰਨ ਵਾਸਤੇ ਕਿਹਾ ਗਿਆ। ਇਸ ਤੋਂ ਇਲਾਵਾ ਮਹਾਰਾਜਾ ਪਟਿਆਲਾ ਵੱਲੋਂ ਮਾਈਕਲ ਓਡਵਾਇਰ ਫੰਡ ਵਿੱਚ, 'ਵੀਹ ਹਜ਼ਾਰ ਰੁਪਏ' ਜਮ੍ਹਾਂ ਕਰਵਾਉਣ ਦੀ ਕਾਰਵਾਈ ਲਈ ਲਾਹਨਤਾਂ ਪਾਈਆਂ ਗਈਆਂ। ਇਥੇ ਇਹ ਵੀ ਜ਼ਿਕਰਯੋਗ ਹੈ ਕਿ 'ਸਰ' ਸੁੰਦਰ ਸਿੰਘ ਮਜੀਠੀਆ ਮਾਈਕਲ ਓਡਵਾਇਰ ਲਈ ਫੰਡ ਇਕੱਠਾ ਕਰਨ ਵਾਲੀ ਕਮੇਟੀ ਦਾ ਮੁਖੀ ਸੀ।
ਭਾਈ ਬਲਵੰਤ ਸਿੰਘ ਖੁਰਦਪੁਰ ਨੇ ਕੈਨੇਡਾ ਵਾਪਸ ਪਰਤਦਿਆਂ ਆਪਣੇ ਮਿੱਤਰ ਭਾਈ ਹਰਚੰਦ ਸਿੰਘ ਲਾਇਲਪੁਰੀ ਨੂੰ ਪੱਤਰ ਲਿਖਕੇ ਚੀਫ਼ ਖ਼ਾਲਸਾ ਦੀਵਾਨ ਨਾਲੋਂ ਨਾਤਾ ਤੋੜਨ ਅਤੇ ਅੰਗਰੇਜ਼ ਹਕੂਮਤ ਦਾ ਡਟਵਾਂ ਵਿਰੋਧ ਕਰਨ ਦੀ ਹਦਾਇਤ ਕੀਤੀ ਸੀ। ਕੈਨੇਡਾ ਵਾਪਸੀ ਦੌਰਾਨ ਆਪ ਕਾਮਾਗਾਟਾ ਮਾਰੂ 'ਗੁਰੂ ਨਾਨਕ ਜਹਾਜ਼' ਦੇ ਮੁਸਾਫ਼ਰਾਂ ਅਤੇ ਮੁਖੀ ਭਾਈ ਗੁਰਦਿੱਤ ਸਿੰਘ ਸਰਹਾਲੀ ਨੂੰ ਵੀ ਮਿਲੇ ਅਤੇ ਜਹਾਜ਼ ਦੇ ਕੈਨੇਡਾ ਪੁੱਜਣ ਤੋਂ ਦੋ ਦਿਨ ਪਹਿਲਾਂ ਵੈਨਕੂਵਰ ਪਹੁੰਚ ਗਏ। ਮੁਸਾਫ਼ਰਾਂ ਦੀ ਸਹਾਇਤਾ ਲਈ ਬਣੀ 'ਸ਼ੋਅਰ ਕਮੇਟੀ' ਵਿੱਚ ਭਾਈ ਸਾਹਿਬ ਆਗੂ ਸਨ। ਜਦੋਂ ਜਬਰੀ ਜਹਾਜ਼ ਭਾਰਤ ਵਾਪਸ ਮੁੜਨ ਦਾ ਫੈਸਲਾ ਕੀਤਾ ਗਿਆ, ਤਾਂ ਭਾਈ ਸਾਹਿਬ ਆਪਣੇ ਸਾਥੀਆਂ ਸਮੇਤ 23 ਜੁਲਾਈ 1914 ਨੂੰ ਅਮਰੀਕਾ ਤੋਂ ਹਥਿਆਰ ਖ਼ਰੀਦਣ ਵਾਸਤੇ ਗਏ, ਤਾਂ ਕਿ ਜਹਾਜ਼ ਰਾਹੀਂ ਗ਼ਦਰ ਪਾਰਟੀ ਦੇ ਲੀਡਰਾਂ ਤੱਕ ਪਹੁੰਚਾਏ ਜਾ ਸਕਣ, ਪਰ ਸੁੂਮਸ ਬਾਰਡਰ 'ਤੇ ਇਨ੍ਹਾਂ ਗ਼ਦਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜਹਾਜ਼ ਪਰਤਣ ਤੋਂ ਬਾਅਦ ਰਿਹਾਅ ਕੀਤਾ ਗਿਆ।
ਭਾਰਤ ਵਿੱਚੋਂ ਬ੍ਰਿਟਿਸ਼ ਬਸਤੀਵਾਦ ਦੇ ਖ਼ਾਤਮੇ ਦੇ ਸੰਘਰਸ਼ ਦੇ ਫੈਸਲੇ ਅਧੀਨ ਸਿੰਘ ਸਾਹਿਬ ਨੇ ਪਹਿਲੀ ਵਿਸ਼ਵ ਜੰਗ ਸ਼ੁਰੂ ਹੋਣ ਵੇਲੇ ਭਾਰਤ ਜਾਣ ਦਾ ਫੈਸਲਾ ਕਰ ਲਿਆ। ਭਾਈ ਬਲਵੰਤ ਸਿੰਘ ਦੀ ਖੁਰਦਪੁਰ ਆਪਣੇ ਸਾਥੀਆਂ ਭਾਈ ਬਤਨ ਸਿੰਘ ਕਾਹਰੀ ਅਤੇ ਭਾਈ ਕਰਤਾਰ ਸਿੰਘ ਚੰਦ ਨਵਾਂ ਨਾਲ ਸਾਨ-ਫਰਾਂਸਿਸਕੋ ਤੋਂ 23 ਜਨਵਰੀ 1915 ਨੂੰ ਰਵਾਨਾ ਹੋਏ ਅਤੇ ਅਨੇਕਾਂ ਚੁਣੌਤੀਆਂ ਮਗਰੋਂ 13 ਜੁਲਾਈ ਨੂੰ ਬੈਂਕਾਕ ਪੁੱਜੇ। ਇਤਿਹਾਸਕਾਰਾਂ ਅਨੁਸਾਰ ਆਪ ਬੈਂਕਾਕ ਦੇ ਹਸਪਤਾਲ 'ਚ ਜ਼ੇਰੇ ਇਲਾਜ ਸਨ, ਜਦੋਂ ਸ਼ਿਆਮ ਪੁਲਿਸ ਨੇ ਆਪ ਨੂੰ ਗ੍ਰਿਫਤਾਰ ਕਰ ਲਿਆ ਅਤੇ ਅੰਗਰੇਜ਼ਾਂ ਨੂੰ ਸੌਂਪ ਦਿੱਤਾ, ਜੋ ਕਿ ਕੌਮਾਂਤਰੀ ਪੱਧਰ 'ਤੇ ਨਿਯਮਾਂ ਦੀ ਸਖ਼ਤ ਉਲੰਘਣਾ ਸੀ।
ਅੰਗਰੇਜ਼ ਹਕੂਮਤ ਨੇ ਪਹਿਲਾਂ ਸਿੰਗਾਪੁਰ ਅਤੇ ਫਿਰ ਕਲਕੱਤੇ ਸਥਿਤ ਅਲੀਪੁਰ ਜੇਲ੍ਹ ਵਿੱਚ ਭਾਈ ਸਾਹਿਬ 'ਤੇ ਭਾਰੀ ਤਸ਼ੱਦਦ ਕੀਤਾ। ਜੁਲਾਈ 1916 ਵਿੱਚ ਆਪ ਨੂੰ ਪੰਜਾਬ ਲਿਜਾ ਕੇ 'ਲਾਹੌਰ ਸੈਕਿੰਡ ਸਪਲੀਮੈਂਟਰੀ ਸਾਜ਼ਿਸ਼' ਮੁਕੱਦਮੇ ਅਧੀਨ ਪੇਸ਼ ਕੀਤਾ ਗਿਆ। ਬੇਲਾ ਜਿਆਣ ਗ਼ੱਦਾਰ ਵੈਨਕੂਵਰ ਦੇ ਸਾਥੀ 'ਟਾਊਟ ਗੰਗਾ ਰਾਮ' ਦੇ ਭਰਾ ਅਮਨ ਸਹੋਤਾ, ਮੰਗਲ ਜਿਆਣ ਅਤੇ ਬੇਅੰਤ ਸਿੰਘ ਨਾਲ ਮਿਲ ਕੇ ਝੂਠੀਆਂ ਗਵਾਹੀਆਂ ਦਿੱਤੀਆਂ, ਜਿਨ੍ਹਾਂ ਦੇ ਆਧਾਰ ਤੇ ਭਾਈ ਸਾਹਿਬ ਨੂੰ ਅੰਗਰੇਜ਼ ਹਕੂਮਤ ਦਾ ਤਖ਼ਤਾ ਪਲਟਾਉਣ ਅਤੇ ਗ਼ਦਰ ਮਚਾਉਣ ਵਾਲੇ ਲੋਕਾਂ ਦੇ ਆਗੂ ਵਜੋਂ ਭਾਰਤ 'ਚ ਬਗਾਵਤ ਤੇ ਕਤਲ ਕਰਵਾਉਣ ਦਾ ਜ਼ਿੰਮੇਵਾਰ ਕਰਾਰ ਦਿੰਦਿਆਂ, ਇੰਡੀਅਨ ਪੈਨਲ ਕੋਡ ਅਨੁਸਾਰ ਸਜ਼ਾ- ਏ-ਮੌਤ ਸੁਣਾਈ ਗਈ ਅਤੇ ਸਾਰੀ ਜ਼ਮੀਨ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ।
ਸਿੰਘ ਸਾਹਿਬ ਸ਼ਹਾਦਤ ਪਾਉਣ ਤੱਕ ਚੜ੍ਹਦੀ ਕਲਾ ਵਿੱਚ ਰਹੇ। ਉਨ੍ਹਾਂ ਦੀ ਇਹ ਸ਼ਬਦ ਜ਼ਿਕਰਯੋਗ ਹਨ : "ਰਾਜਸੀ ਮੌਤ ਮਰਨ ਨਾਲ ਮੈਨੂੰ ਖੁਸ਼ੀ ਹੈ ਅਤੇ ਮੈਨੂੰ ਇਸ ਦਾ ਜ਼ਰਾ ਜਿੰਨਾ ਵੀ ਭੈਅ ਨਹੀਂ।" 29 ਮਾਰਚ 1917 ਨੂੰ ਜਦੋਂ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਜਾ ਚੁੱਕਿਆ ਸੀ, ਉਸ ਤੋਂ ਇੱਕ ਰਾਤ ਬਾਅਦ ਉਨ੍ਹਾਂ ਦੀ ਪਤਨੀ ਬੀਬੀ ਕਰਤਾਰ ਕੌਰ ਲਾਹੌਰ ਜੇਲ੍ਹ ਵਿੱਚ 'ਆਖਰੀ ਮੁਲਾਕਾਤ' ਲਈ ਪਹੁੰਚੀ, ਤਦ ਉਸ ਨੂੰ ਦੱਸਿਆ ਗਿਆ ਕਿ ਕੱਲ ਭਾਈ ਸਾਹਿਬ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਉਸ ਮੌਕੇ 'ਤੇ ਜੇਲਰ ਨੇ ਬੀਬੀ ਕਰਤਾਰ ਕੌਰ ਨੂੰ ਭਾਈ ਸਾਹਿਬ ਜੀ ਦੇ ਨਿੱਜੀ ਸਾਮਾਨ ਵਿੱਚ ਜੋ ਕੁਝ ਸੌਂਪਿਆ, ਉਹ ਸੀ ਗੁਰੂ ਗ੍ਰੰਥ ਸਾਹਿਬ ਦੀ ਛੋਟੀ ਬੀੜ ਸਾਹਿਬ। ਭਾਈ ਸਾਹਿਬ ਦੇ ਜੀਵਨ ਦਾ ਹਰ ਪਹਿਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਲੈ ਕੇ ਜਬਰ- ਜ਼ੁਲਮ ਤਸ਼ੱਦਦ, ਗੁਲਾਮੀ ਅਤੇ ਅਣ-ਮਨੁੱਖੀ ਵਰਤਾਰੇ ਖ਼ਿਲਾਫ਼ ਲੜ-ਮਰਨ ਦਾ ਸੀ। ਜਦੋਂ ਆਪ ਜੀ ਨੂੰ ਬੈਂਕਾਕ ਵਿੱਚ ਪਹਿਲੀ ਅਗਸਤ ਸੰਨ 1915 ਨੂੰ ਗਿਫ਼ਤਾਰ ਕੀਤਾ ਗਿਆ, ਉਸ ਵੇਲੇ ਵੀ ਆਪ ਜੀ ਕੋਲੋਂ ਜੋ ਜੇਬ ਡਾਇਰੀ ਮਿਲੀ, ਉਸ ਦੇ ਬਾਹਰ ਜ਼ਫ਼ਰਨਾਮਾ ਵਿੱਚੋਂ ਇਹ ਸ਼ਬਦ ਅੰਕਿਤ ਸਨ "ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥" ਸ਼ਹੀਦ ਭਾਈ ਬਲਵੰਤ ਸਿੰਘ ਦੇ ਕੁਰਬਾਨੀਆਂ ਦੇ ਇਤਿਹਾਸਕ ਪੱਖਾਂ ਨੂੰ ਵੱਧ- ਚੜ ਕੇ ਪਹੁੰਚਣ ਦੀ ਲੋੜ ਹੈ, ਜਿਹਨਾਂ ਇੱਕੋ ਸਮੇਂ 'ਵਿਚਾਰਾਂ ਅਤੇ ਹਥਿਆਰਾਂ' ਦੇ ਸੰਘਰਸ਼ ਨਾਲ ਜ਼ਾਲਮ ਹਕੂਮਤ ਨੂੰ ਭਾਜੜਾਂ ਪਾਈਆਂ ਅਤੇ ਇਹ ਸਿੱਧ ਕਰ ਦਿੱਤਾ ਕਿ "ਜਦ ਧਿਰ ਉਪਾਵਾਂ ਦੀ ਹਾਰਦੀ ਹੈ,
ਤਾਂ ਜਾਇਜ਼ ਵਰਤੋਂ ਤਲਵਾਰ ਦੀ ਹੈ।" ਅੱਜ ਫਿਰ ਭਾਰਤ ਵਿੱਚ ਫਾਸ਼ੀਵਾਦੀ ਹਿੰਦੂਤਵੀ ਹਕੂਮਤ ਕਬਜ਼ਾ ਹੈ। ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਦੇ ਸੰਘਰਸ਼ ਦੇ ਮਾਡਲ 'ਯੂਨਾਈਟਿਡ ਸਟੇਟਸ ਆਫ ਇੰਡੀਆ' ਦੀ ਥਾਂ, ਕੇਂਦਰ ਵੱਲੋਂ ਆਪਣੇ ਸੂਬਿਆਂ ਨੂੰ ਬਸਤੀਆਂ ਬਣਾਇਆ ਜਾ ਰਿਹਾ ਹੈ। ਪੰਜਾਬ ਵਿਚ ਇਨੀ ਦਿਨੀ ਅਣ-ਐਲਾਨੀ ਐਮਰਜੈਂਸੀ ਇਸ ਦੀ ਗਵਾਹ ਹੈ। ਅੱਜ ਭਾਈ ਬਲਵੰਤ ਸਿੰਘ ਜੀ ਦੇ ਨਕਸ਼ੇ-ਕਦਮਾਂ 'ਤੇ ਚਲਦਿਆਂ ਜਾਬਰ ਹਕੂਮਤ ਦੀ ਧੱਕੇਸ਼ਾਹੀ ਖ਼ਿਲਾਫ਼ ਲੜਨ ਦੀ ਲੋੜ ਹੈ।
ਤਸਵੀਰ : ਸਿੰਘ ਸਾਹਿਬ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਦੀ ਯਾਦਗਾਰੀ ਤਸਵੀਰ। ਨਾਲ ਹਨ ; ਸੁਪਤਨੀ ਬੀਬੀ ਕਰਤਾਰ ਕੌਰ, ਸਪੁੱਤਰੀਆਂ ਊਧਮ ਕੌਰ, ਨਿਰੰਜਣ ਕੌਰ ਅਤੇ ਕੈਨੇਡਾ ਦਾ ਜੰਮਪਲ ਪਹਿਲਾ ਸਿੱਖ ਬੱਚਾ ਭਾਈ ਹਰਦਿਆਲ ਸਿੰਘ।
ਫੋਨ : 604 825 1550
email singhnewscanada@gmail.com