ਸ਼ਹੀਦੀ ’ਤੇ ਵਿਸ਼ੇਸ਼ : ਮਹਾਨ ਇਨਕਲਾਬੀ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ - ਗੁਰਸੇਵਕ ਰੰਧਾਵਾ


"ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ
ਜਿਹਨਾਂ ਦੇਸ਼ ਸੇਵਾ 'ਚ ਪੈਰ ਪਾਇਆ, ਓਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ ”
ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।"ਭਾਰਤ ਨੇ ਇਕ ਲੰਮਾ ਸਮਾਂ ਗੁਲਾਮੀ ਦੀਆਂ ਬੇੜੀਆਂ ਪਾ ਕੇ ਹੰਢਾਇਆ ਹੈ। ਇਹਨਾ ਬੇੜੀਆਂ ਨੂੰ ਤੋੜਣ ਲਈ ਲੱਖਾਂ ਯੋਧਿਆਂ, ਸੂਰਵੀਰਾਂ ਨੇ ਆਪਣੀਆਂ ਜਾਨਾ ਵਾਰ ਦਿੱਤੀਆਂ। ਉਨ੍ਹਾਂ ਵਿੱਚੋਂ ਇੱਕ ਨਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜੁੜਦਾ ਹੈ ਜੋ ਰਹਿੰਦੀ ਦੁਨੀਆਂ ਤੱਕ ਇਤਿਹਾਸ ਵਿੱਚ ਅਮਰ ਰਹੇਗਾ। ਅੰਗਰੇਜ਼ ਹਕੂਮਤ ਦੇ ਨੱਕ ਵਿੱਚ ਦਮ ਕਰਨ ਵਾਲੇ ਸ੍ਰ. ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਨ੍ਹਾਂ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਸਮੇਤ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਇਸ ਯੋਧੇ ਦਾ ਜਨਮ 28 ਸਤੰਬਰ 1907 ਵਿੱਚ ਪਿਤਾ ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ ਚੱਕ ਨੰਬਰ 105 ਬੰਗਾ ਜਿਲ੍ਹਾ ਲਾਇਲਪੁਰ (ਅਜ਼ਾਦੀ ਤੋਂ ਪਹਿਲਾ ਪੰਜਾਬ) ਪਾਕਿਸਤਾਨ ਵਿਚ ਹੋਇਆ ਸੀ। ਭਗਤ ਸਿੰਘ ਦਾ ਪਰਿਵਾਰ ਇਨਕਲਾਬੀ ਸੋਚ ਵਾਲਾ ਸੀ। ਇਨਕਲਾਬ ਦੀ ਗੁੜ੍ਹਤੀ ਉਸ ਨੂੰ ਪਰਿਵਾਰ ਵਿੱਚੋਂ ਹੀ ਮਿਲੀ ਸੀ। ਉਸ ਦੇ ਦਾਦੇ ਸ੍ਰ. ਅਰਜਨ ਸਿੰਘ ਨੇ 19ਵੀਂ ਸਦੀ ਵਿੱਚ ਚੱਲੀਆਂ ਧਾਰਮਿਕ ਤੇ ਸਮਾਜਕ ਪੁਨਰ ਜਾਗ੍ਰਤੀ ਦੀਆਂ ਲਹਿਰਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ। ਉਸ ਦਾ ਪਿਤਾ ਸ੍ਰ. ਕਿਸ਼ਨ ਸਿੰਘ ਜੋ ਕਿ ਕਾਂਗਰਸ ਦਾ ਸਰਗਰਮ ਮੈਂਬਰ ਸੀ।  ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਸੀ। ਉਨ੍ਹਾਂ ਦੀ ਅਗਵਾਈ ਹੇਠ “ਪੱਗੜੀ ਸੰਭਾਲ ਜੱਟਾ” ਨਾਂ ਦੀ ਲਹਿਰ ਚੱਲ ਰਹੀ ਸੀ। ਇਸ ਲਹਿਰ ਦੀ ਚੜ੍ਹਾਈ ਹੁੰਦਿਆਂ ਵੇਖ ਅੰਗਰੇਜ਼ੀ ਸਰਕਾਰ ਬੋਖ਼ਲਾ ਗਈ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ 2 ਜੂਨ 1907 ਨੂੰ ਕਾਲੇ ਪਾਣੀ ਦੀ ਸਜਾ ਲਈ ਰੰਗੂਨ ਭੇਜ ਦਿੱਤਾ ਗਿਆ। ਅੰਤ ਉਹ ਡਲਹੌਜੀ ਵਿਖੇ ਆਜ਼ਾਦੀ ਵਾਲੇ ਦਿਨ ਚੱਲ ਵਸੇ। ਅਜਿਹੇ ਅਣਖੀਲੇ ਸੰਗਰਾਮੀਆਂ ਦੇ ਪਰਿਵਾਰ ਵਿੱਚੋਂ ਇਨਕਲਾਬ ਦੀ ਪਾਹੁਲ ਭਗਤ ਸਿੰਘ ਨੂੰ ਬਚਪਨ ਵਿੱਚ ਹੀ ਮਿਲ ਗਈ ਸੀ। ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭੇ ਤੋਂ ਬਹੁਤ ਪ੍ਰਭਾਵਿਤ ਸਨ ਤੇ ਉਹਨਾ ਨੂੰ ਆਪਣਾ ਗੁਰੂ ਮੰਨਦੇ ਸਨ। ਇਕ ਦੋ ਵਾਰ ਕਰਤਾਰ ਸਿੰਘ ਉਹਨਾ ਦੇ ਘਰ ਵੀ ਆਏ ਸਨ। ਕਰਤਾਰ ਸਿੰਘ ਦੀ ਸ਼ਹੀਦੀ ਨੇ ਭਗਤ ਸਿੰਘ ਦੇ ਮਨ ਤੇ ਇਕ ਡੂੰਘੀ ਛਾਪ ਛੱਡ ਦਿੱਤੀ।
13 ਅਪਰੈਲ, 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਭਗਤ ਸਿੰਘ ’ਤੇ ਗਹਿਰਾ ਪ੍ਰਭਾਵ ਪਿਆ। ਇਸ ਘਟਨਾ ਨਾਲ ਪੂਰਾ ਹਿੰਦੁਸਤਾਨ ਕੰਬ ਉਠਿਆ।  ਦੇਸ਼ ਭਰ ਵਿੱਚ ਕ੍ਰਾਂਤੀ ਦੀ ਅੱਗ ਭੜਕ ਗਈ। ਰੌਲਟ ਐਕਟ ਦੇ ਵਿਰੋਧ ਵਿੱਚ ਇਕੱਤਰ ਹੋਏ ਦੇਸ਼ ਵਾਸੀ ਜਲ੍ਹਿਆਂਵਾਲੇ ਬਾਗ ਵਿੱਚ ਸਭਾ ਕਰ ਰਹੇ ਸੀ ਅਤੇ ਜਨਰਲ ਡਾਇਰ ਦੇ ਹੁਕਮਾਂ ਤਹਿਤ ਨਿਹੱਥੇ ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ। ਉਸ ਸਮੇਂ ਭਗਤ ਸਿੰਘ ਦੀ ਉਮਰ 12 ਸਾਲ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਜਲ੍ਹਿਆਂਵਾਲੇ ਬਾਗ ਦੀ ਖ਼ੂਨ ਨਾਲ ਲਥਪਥ ਧਰਤੀ ਦੀ ਸਹੁੰ ਖਾਧੀ ਸੀ ਕਿ ਅੰਗਰੇਜ਼ ਹਕੂਮਤ ਦੀ ਉਹ ਇੱਟ ਨਾਲ ਇੱਟ ਖੜਕਾ ਦੇਵੇਗਾ ਅਤੇ ਭਾਰਤ ਦੇਸ਼ ਨੂੰ ਬਰਤਾਨਵੀ ਰਾਜ ਤੋਂ ਆਜ਼ਾਦ ਕਰਵਾਵੇਗਾ। ਇਸ ਮਕਸਦ ਲਈ ਉਨ੍ਹਾਂ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡ ਕੇ ‘ਨੌਜਵਾਨ ਭਾਰਤ ਸਭਾ’ ਦੀ ਸਥਾਪਨਾ ਕੀਤੀ ਅਤੇ ਇਸ ਲਹਿਰ ਵਿੱਚ ਸਰਗਰਮ ਹੋਣ ਦਾ ਫੈਸਲਾ ਕਰ ਲਿਆ। ਭਗਤ ਸਿੰਘ ਨੂੰ ਇਨਕਲਾਬੀ ਸਾਹਿਤ ਨਾਲ ਸਬੰਧਤ ਕਿਤਾਬਾਂ ਪੜ੍ਹਨ ਦੀ ਰੁਚੀ ਸੀ। ਉਨ੍ਹਾਂ ਦੀ ਨਿੱਜੀ ਲਾਇਬਰੇਰੀ ਇਨਕਲਾਬੀ ਸਾਹਿਤ ਨਾਲ ਭਰੀ ਹੋਈ ਸੀ। ਭਗਤ ਸਿੰਘ ਦਾ ਮੇਲ ਉਸ ਸਮੇਂ ਬੀ.ਕੇ. ਦੱਤ, ਚੰਦਰ ਸ਼ੇਖਰ ਆਜ਼ਾਦ, ਜੈ ਦੇਵ ਕਪੂਰ, ਸ਼ਿਵ ਵਰਮਾ, ਵਿਜੇ ਕੁਮਾਰ ਸਿਨਹਾ ਆਦਿ ਇਨਕਲਾਬੀਆਂ ਨਾਲ ਹੋਇਆ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਭਗਤ ਸਿੰਘ ਦੇ ਮਾਤਾ-ਪਿਤਾ ਅਤੇ ਪਰਿਵਾਰ ਵਾਲੇ ਉਨ੍ਹਾਂ ’ਤੇ ਵਿਆਹ ਲਈ ਦਬਾਅ ਪਾਉਣ ਲੱਗੇ। ਪਰ ਭਗਤ ਸਿੰਘ ਤੇ ਇਨ੍ਹਾਂ ਦਬਾਵਾਂ ਦਾ ਕੋਈ ਅਸਰ ਨਹੀਂ ਹੋਇਆ ਸਿੱਟੇ ਵੱਜੋਂ ਉਨ੍ਹਾਂ ਨੇ ਘਰ ਹੀ ਛੱਡ ਦਿੱਤਾ। ਕਿਉਂਕਿ ਉਨ੍ਹਾਂ ਦਾ ਅਸਲ ਮਕਸਦ ਦੇਸ਼ ਨੂੰ ਬਰਤਾਨਵੀ ਹਕੂਮਤ ਤੋਂ ਆਜ਼ਾਦ ਕਰਾਉਣਾ ਸੀ।
1928 ਵਿਚ ਸ੍ਰ. ਭਗਤ ਸਿੰਘ ਨੇ ਹਿੰਦੋਸਤਾਨ ਰੀਪਬਲੀਕਨ ਐਸੋਸੀਏਸ਼ਨ ਨਾਲ ਮਿਲ ਕੇ ਅੰਗ੍ਰੇਜ਼ ਸਰਕਾਰ ਖਿਲਾਫ ਕ੍ਰਾਂਤੀਕਾਰੀ ਗਤੀਵਿਧੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਉਹਨਾ ਦਾ ਨਾਮ ਦੁਨੀਆਂ ਭਰ ਦੇ ਕ੍ਰਾਂਤੀਕਾਰੀਆਂ ਦੀ ਜੁਬਾਨ ਤੇ ਚੜ੍ਹ ਗਿਆ ਸੀ। ਫਿਰ 1928 ਵਿਚ ਸੱਤ ਮੈਂਬਰੀ ਸਾਇਮਨ ਕਮੀਸ਼ਨ ਭਾਰਤ ਆਇਆ। 30 ਅਕਤੂਬਰ ਨੂੰ ਜਦੋਂ ਇਹ ਲਾਹੋਰ ਪੁੱਜਾ ਤਾਂ ਅੰਗ੍ਰੇਜ਼ ਸਰਕਾਰ ਖਿਲਾਫ਼ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਨੇ ਭਗਤ ਸਿੰਘ ਤੇ ਹੋਰ ਸਾਥੀਆਂ ਸਮੇਤ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ ਅਤੇ ਸਾਈਮਨ ਕਮੀਸ਼ਨ ਵਾਪਸ ਜਾਓ ਦੇ ਨਾਅਰੇ ਵੀ ਲਗਾਏ ਗਏ ਤਾਂ ਐੱਸ.ਐੱਸ.ਪੀ ਸਕਾਟ ਨੇ ਇਸ ਭੀੜ ਤੇ ਡਾਂਗਾਂ ਵਰਸਾਈਆਂ ਜਿਸ ਵਿਚ ਲਾਲਾ ਲਾਜਪਤ ਰਾਏ ਜੀ ਗੰਭੀਰ ਰੂਪ ਵਿਚ ਜਖਮੀ ਹੋਏ ਅਤੇ ਅੰਤ 17 ਨੰਵਬਰ 1928 ਨੂੰ ਸਵਰਗਵਾਸ ਹੋ ਗਏ। ਇਸ ਪਿੱਛੋਂ ਭਗਤ ਸਿੰਘ ਨੇ ਪਹਿਲਾਂ ਲਾਹੌਰ ਵਿੱਚ ਸਕਾਟ ਦੀ ਥਾਂ ਸਾਂਡਰਸ ਦਾ ਕਤਲ ਕੀਤਾ ਤੇ ਫਿਰ ਦਿੱਲੀ ਦੀ ਸੈਂਟਰਲ ਅਸੈਂਬਲੀ ਵਿੱਚ ਬਟੁਕੇਸ਼ਵਰ ਦੱਤ ਨਾਲ ਬੰਬ ਧਮਾਕਾ ਕੀਤਾ, ਇਸ ਧਮਾਕੇ ਦਾ ਮਕਸਦ ਕੋਈ ਨੁਕਸਾਨ ਕਰਨਾ ਨਹੀਂ ਸੀ ਸਗੋਂ ਅੰਗਰੇਜ਼ ਸਰਕਾਰ ਵਿੱਚ ਡਰ ਦਾ ਮਹੌਲ ਪੈਦਾ ਕਰਨਾ ਸੀ। ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਇਨਕਲਾਬ ਜਿੰਦਾਬਾਦ ਦਾ ਨਾਅਰੇ ਲਗਾਉਂਦਿਆਂ ਗ੍ਰਿਫ਼ਤਾਰੀ ਦੇ ਦਿੱਤੀ। ਦੋਵਾਂ ਖਿਲਾਫ ਸੈਂਟਰਲ ਅਸੈਂਬਲੀ ਵਿੱਚ ਬੰਬ ਸੁੱਟਣ ਸਬੰਧੀ ਕੇਸ ਚੱਲਿਆ। ਸੁਖਦੇਵ ਤੇ ਰਾਜਗੁਰੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। 7 ਅਕਤੂਬਰ 1930 ਨੂੰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਜਦਕਿ ਬਟੁਕੇਸ਼ਵਰ ਦੱਤ ਨੂੰ ਉਮਰ ਕੈਦ ਦੀ ਸਜਾ ਹੋਈ। ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਬੇਹੱਦ ਸ਼ੌਕ ਸੀ। ਉਨ੍ਹਾਂ ਨੇ ਜੇਲ੍ਹ ਦਾ ਆਖਰੀ ਵੇਲਾ ਵੀ ਲੈਨਿਨ ਦੀ ਕਿਤਾਬ ‘ਰੈਵਾਲਿਊਸ਼ਨਰੀ ਲੈਨਿਨ’ ਪੜ੍ਹਦੇ ਹੀ ਬਿਤਾਇਆ। ਕਿਉਂਕਿ ਉਨ੍ਹਾਂ ਤੇ ਲੈਨਿਨ ਦੇ ਸ਼ਬਦਾਂ ਜਿਆਦਾ ਪ੍ਰਭਾਵ ਸੀ।
ਅੰਤ ਅੰਗਰੇਜ਼ ਸਰਕਾਰ ਨੇ ਇੱਕ ਦਿੱਨ ਪਹਿਲਾਂ ਹੀ 23 ਮਾਰਚ 1931 ਨੂੰ ਇਸ ਕ੍ਰਾਂਤੀਕਾਰੀ ਯੋਧੇ ਭਗਤ ਸਿੰਘ ਅਤੇ ਦੋ ਸਾਥੀਆਂ ਰਾਜਗੁਰੂ, ਸੁਖਦੇਵ ਨੂੰ ਫ਼ਾਂਸੀ ਤੇ ਲਟਕਾ ਦਿੱਤਾ ਗਿਆ। ਅੰਗਰੇਜ਼ ਸਰਕਾਰ ਨੇ ਲਾਸ਼ਾ ਵਾਰਸਾਂ ਦੇ ਹਵਾਲੇ ਕਰਨ ਦੀ ਥਾਂ ਜੇਲ੍ਹ ਦੇ ਪਿਛਲੇ ਰਸਤਿਉਂ ਬੋਰੀਆਂ ਵਿਚ ਪਾ ਕੇ ਫਿਰੋਜ਼ਪੁਰ ਵੱਲ ਲੈ ਗਏ ਅਤੇ ਸਤਲੁਜ ਦੇ ਕੰਢੇ ਮਿੱਟੀ ਦਾ ਤੇਲ ਪਾ ਕੇ ਵੱਢੀਆਂ ਟੁੱਕੀਆਂ ਲਾਸ਼ਾਂ ਦਾ ਦਾਹ ਸੰਸਕਾਰ ਕੀਤਾ ਗਿਆ। ਪਿੰਡ ਦੇ ਲੋਕ ਜਦੋਂ ਘਟਨਾ ਸਥਾਨ ਤੇ ਪਹੁੰਚੇ ਤਾਂ ਡਰਦੇ ਮਾਰੇ ਅੰਗਰੇਜ਼ ਸੈਨਿਕਾਂ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਅੱਧ ਸੜੀਆਂ ਲਾਸ਼ਾਂ ਨੂੰ ਸਤਲੁਜ ਨਦੀ ਵਿੱਚ ਸੁੱਟ ਦਿੱਤਾ ਅਤੇ ਆਪ ਉਥੋਂ ਭੱਜ ਗਏ। ਪਿੰਡ ਵਾਲਿਆਂ ਨੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਵਿਧੀਵਤ ਢੰਗ ਨਾਲ ਦਾਹ ਸੰਸਕਾਰ ਕੀਤਾ। ਭਗਤ ਸਿੰਘ ਹਮੇਸ਼ਾ ਲਈ ਅਮਰ ਹੋ ਗਏ। ਸਾਡੇ ਅਸਲ ਨਾਇਕ ਤਾਂ ਇਹ ਸ਼ਹੀਦ ਹਨ ਜਿਨ੍ਹਾਂ ਨੇ ਆਪਣੀ ਜਾਨਾਂ ਦੀ ਪਰਵਾਹ ਨਾ ਕਰਦਿਆਂ ਆਪਣਾ ਸਾਰਾ ਜੀਵਨ ਦੇਸ਼ ਦੀ ਅਜ਼ਾਦੀ ਲਈ ਵਾਰ ਦਿੱਤਾ ਇਨ੍ਹਾਂ ਸ਼ਹੀਦਾਂ ਦੀਆਂ ਜੀਵਨੀਆਂ ਪੜ੍ਹ ਕੇ ਸਾਨੂੰ ਜਿੱਥੇ ਮਹਾਨ ਸੂਰਮਿਆਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ। ਉਥੇ ਹੀ ਆਪਣੇ ਮਹਾਨ ਇਤਿਹਾਸ ਅਤੇ ਕੀਮਤੀ ਵਿਰਸੇ ਨੂੰ ਸਾਂਭਣ, ਜਾਨਣ ਦਾ ਸੁਨੇਹਾ ਵੀ ਮਿਲਦਾ ਹੈ। ਅਜੋਕੇ ਸਮੇਂ ਲੋੜ ਹੈ ਪੰਜਾਬ ਦੇ ਨੋਜਵਾਨਾਂ ਨੂੰ ਭਗਤ ਸਿੰਘ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਤੇ ਨਸ਼ਿਆਂ ਵਰਗੇ ਕੋਹੜ ਅਤੇ ਹੋਰ ਆ ਰਹੀਆਂ ਦੇਸ਼ ਵਿੱਚ ਦਰਪੇਸ਼ ਸਮੱਸਿਆਵਾਂ ਦਾ ਮਿਲਜੁਲ ਕੇ ਮੁਕਾਬਲਾ ਕਰਨ ਦੀ। ਇਸ ਭਾਰਤ ਮਾਂ ਦੇ ਸੱਚੇ ਸੇਵਕ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਓ। ਆਪਣੇ ਬੱਚਿਆਂ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਦਲੇਰ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੀ ਅਸਲ ਮਾਇਨੇ ਵਿੱਚ ਸਾਡੀ ਸੱਚੀ ਸਰਧਾਂਜਲੀ ਹੋਵੇਗੀ।
ਗੁਰਸੇਵਕ ਰੰਧਾਵਾ
ਮੋ: 94636-80877
ਪਟਿਆਲਾ।