ਆਜ਼ਾਦੀ ਤੇ ਬਰਾਬਰੀ ਦਾ ਹੋਕਾ ਸੀ – ਭਗਤ ਸਿੰਘ - ਸ਼ਾਮ ਸਿੰਘ, ਅੰਗ ਸੰਗ
ਮੌਲਿਕ ਖਿਆਲਾਂ 'ਤੇ ਸਵਾਰੀ ਕਰਨੀ, ਮਨੋਰਥ ਪ੍ਰਤੀ ਧੁਰ ਤੱਕ ਵਚਨਬਧ ਰਹਿਣਾ, ਟੀਚੇ ਪ੍ਰਤੀ ਸੰਜੀਦਗੀ ਅਪਨਾਉਣੀ ਅਤੇ ਨਿਰੰਤਰ ਨਿਰਸਵਾਰਥ ਕਾਰਜਾਂ ਵਾਸਤੇ ਢੁੱਕਵੀ ਚਾਲ ਬਣਾਈ ਰੱਖਣੀ ਕਿਸੇ ਵਿਰਲੇ ਦਾ ਹੀ ਮਿਸ਼ਨ ਹੋ ਸਕਦਾ ਹੈ, ਹਰ ਇਕ ਦਾ ਨਹੀਂ। ਭਗਤ ਸਿੰਘ ਨੂੰ ਬਚਪਨ ਤੋਂ ਤੁਰਦਿਆਂ ਹੀ ਇਹ ਸਮਝ ਪੈਣੀ ਸ਼ੁਰੂ ਹੋ ਗਈ ਸੀ ਕਿ ਭਾਰਤ ਦੇ ਲੋਕਾਂ ਦੀ ਹਾਲਤ ਅੱਛੀ ਨਹੀਂ। ਛੋਟੀ ਉਮਰੇ ਹੀ ਉਸਨੇ ਅਜਿਹੇ ਵੱਡੇ ਸੁਪਨੇ ਲੈਣੇ ਸ਼ੁਰੂ ਕਰ ਲਏ ਜਿਨ੍ਹਾਂ ਨੂੰ ਪੂਰੇ ਕਰਨ ਵਾਸਤੇ ਛੋਟੇ ਸਾਧਨਾਂ ਨਾਲ ਨਹੀਂ ਸੀ ਸਰ ਸਕਦਾ। ਫਿਰ ਵੀ ਉਸਨੇ ਸੁਪਨੇ ਲੈਣੇ ਬੰਦ ਨਹੀਂ ਕੀਤੇ। ਆਖਰ ਸੁਪਨਿਆਂ ਨੂੰ ਸੱਚ ਕਰਕੇ ਵਿਖਾ ਵੀ ਗਿਆ।
ਬਚਪਨ ਤੋਂ ਹੀ ਉਹ ‘ਬੰਦੂਖਾਂ ਬੀਜਣ` ਦੇ ਰਾਹ ਪੈ ਗਿਆ ਸੀ ਕਿਉਂਕਿ ਉਸਦੀ ਸੋਚ-ਸੁਰਤੀ ਵਿਚ ਸੂਝ-ਸਿਆਣਪ ਦੇ ਅਕਲਮੰਦੀ ਭਰੇ ਤਾਰੇ ਚੜ੍ਹਨ ਲੱਗ ਪਏ ਸਨ ਜਿਨ੍ਹਾਂ ਦੀ ਰੋਸ਼ਨੀ 'ਚ ਉਹ ਚਾਨਣੇ ਰਾਹਾਂ 'ਤੇ ਤੁਰਨ ਲੱਗ ਪਿਆ। ਉਹ ਗੁਲਾਮੀ ਦੇ ਹਨੇਰਿਆਂ ਨੂੰ ਉੱਕਾ ਹੀ ਪਸੰਦ ਨਹੀਂ ਸੀ ਕਰਦਾ। ਉਸ ਨੂੰ ਅਜਿਹਾ ਅਮੀਰ ਵਿਰਸਾ ਮਿਲਿਆ ਕਿ ਪਿਤਾ ਕਿਸ਼ਨ ਸਿੰਘ, ਚਾਚੇ ਅਜੀਤ ਸਿੰਘ ਅਤੇ ਸਵਰਨ ਸਿੰਘ ਸਾਰੇ ਕੁਰਬਾਨੀ ਦੇ ਰਾਹ ਪਏ ਹੋਏ ਕਿਸੇ ਦੀ ਪਰਵਾਹ ਨਹੀਂ ਸਨ ਕਰਦੇ। ਉਹ ਸਾਰੇ ਹੀ ਗੁਲਾਮੀ ਤੋਂ ਖ਼ਫ਼ਾ ਸਨ ਜਿਸ ਕਾਰਨ ਜੁਝਾਰੂ ਰੰਗ ਦੀਆਂ ਤਰੰਗਾਂ ਉਨ੍ਹਾਂ ਤੋਂ ਦੂਰ ਨਾ ਰਹੀਆਂ। ਉਨ੍ਹਾਂ ਸਖਤੀਆਂ ਝੱਲੀਆਂ, ਕੈਦਾਂ ਕੱਟੀਆਂ ਪਰ ਸਿਦਕ ਨਾ ਹਾਰਿਆ। ਗੁਲਾਮੀ ਪ੍ਰਤੀ ਨਫਰਤ ਪੈਦਾ ਕਰਨ ਲਈ ਲੋਕ ਲਹਿਰ ਸਿਰਜਣ ਦਾ ਰਾਹ ਫੜਿਆ।
ਭਗਤ ਸਿੰਘ ਦਾ ਨਾਮ ਸੁਣਦਿਆਂ ਹੀ ਤਾਜ਼ੇ ਤੇ ਜੋਸ਼ੀਲੇ ਵਿਚਾਰਾਂ ਨਾਲ ਖੂਨ ਖੌਲਣ ਲੱਗ ਪੈਂਦਾ ਹੈ, ਕਿਉਂਕਿ ਇੰਨੀ ਛੋਟੀ ਉਮਰ ਵਿਚ ਏਨੇ ਵੱਡੇ ਖਿਆਲ ਅਤੇ ਏਡੀ ਵੱਡੀ ਜੁਅੱਰਤ ਹੋਣੀ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ। ਮਨਮਰਜ਼ੀ ਦੀ ਮਾਲਕ ਬਰਤਾਨਵੀ ਹਕੂਮਤ ਦਾ ਸਾਹਮਣਾ ਕਰਨ ਲਈ ਚੁਣੌਤੀਆਂ ਦੇ ਰਾਹ ਤੁਰ ਪੈਣਾ ਮੁਸ਼ਕਲ ਵੀ ਸੀ ਅਤੇ ਅਸੰਭਵ ਵੀ, ਜੋ ਉਸਨੇ ਆਪਣੇ ਸਾਥੀਆਂ ਨਾਲ ਰਲ ਸਾਂਝੀਆਂ ਲਹਿਰਾਂ ਵਿਚ ਵਿਚਰਦਿਆਂ ਸੰਭਵ ਕਰਕੇ ਵਿਖਾਇਆ।
ਉਸ ਨੇ ਤਾਜ਼ੇ ਅਤੇ ਠੋਸ ਵਿਚਾਰਾਂ ਵਿਚ ਆਪਣੇ ਆਪ ਨੂੰ ਪ੍ਰਪੱਕ ਕੀਤਾ। ਫਿਰ ਸਾਥੀਆਂ ਨੂੰ ਨਾਲ ਤੋਰਿਆ। ਭਾਰਤੀਆਂ ਨੂੰ ਗੁਲਾਮੀ ਦਾ ਤੌਹੀਨ-ਭਰਿਆ ਅਹਿਸਾਸ ਕਰਵਾਉਣ ਦਾ ਜਤਨ ਕਰਕੇ ਜਗਾਉਣ ਦਾ ਕਾਰਜ ਆਰੰਭਿਆ ਅਤੇ ਆਜ਼ਾਦੀ ਵਾਸਤੇ ਸੰਘਰਸ਼ ਕਰਨ ਲਈ ਮੈਦਾਨ ਵਿਚ ਕੁੱਦਣ ਵਾਸਤੇ ਪ੍ਰੇਰਿਆ। ਭਗਤ ਸਿੰਘ ਅਣਖ ਅਤੇ ਆਜ਼ਾਦੀ ਦਾ ਪ੍ਰਤੀਕ ਸੀ ਜਿਸ ਨੇ ਕਿਸੇ ਅੜੇ-ਅੰਗਰੇਜ਼ ਦੀ ਅਧੀਨਗੀ ਨਹੀਂ ਮੰਨੀ ਅਤੇ ਤਸ਼ੱਦਦ ਦੀ ਪ੍ਰਵਾਹ ਨਹੀਂ ਕੀਤੀ। ਉਸਦੇ ਮਨ ਵਿਚ ਗੁਲਾਮੀ ਪ੍ਰਤੀ ਨਫਰਤ ਸੀ ਅਤੇ ਗੁਲਾਮ ਬਣਾਈ ਰੱਖਣ ਵਾਲੇ ਉਸਨੂੰ ਉੱਕਾ ਹੀ ਚੰਗੇ ਨਹੀਂ ਸਨ ਲਗਦੇ।
ਉਹ ਆਪਣੇ ਵਿਚਾਰਾਂ ਨਾਲ ਸਭ ਨੂੰ ਕਾਇਲ ਕਰਦਾ ਸੀ ਕਿ ਆਜ਼ਾਦੀ ਹਰ ਕਿਸੇ ਦਾ ਜਮਾਂਦਰੂ ਹੱਕ ਹੈ ਅਤੇ ਕਿਸੇ ਦੂਜੇ ਮੁਲਕ `ਤੇ ਜਬਰੀ ਕਾਬਜ਼ ਹੋਣਾ ਅਨਿਆਂ ਵੀ ਹੈ ਅਤੇ ਅਨਾਚਾਰ ਵੀ, ਅਨੈਤਿਕ ਵੀ ਹੈ ਅਤੇ ਦੁਰਾਚਾਰ ਵੀ, ਵਧੀਕੀ ਵੀ ਹੈ ਅਤੇ ਜੁਲਮ ਵੀ। ਉਸ ਦੀ ਸੋਚ ਦਾ ਰੰਗ ਸੀ ਬਸੰਤੀ ਜਿਸ ਦਾ ਮਕਸਦ ਸਭ ਲਈ ਸੁਤੰਤਰਤਾ ਅਤੇ ਬਰਾਬਰੀ ਸੀ ਉਹਦੇ ਕਹਿਣ ਅਨੁਸਾਰ ਬੇਗਾਨੀ ਧਰਤੀ `ਤੇ ਗੁਲਾਮੀ ਦਾ ਜੂਲ਼ਾ ਤਾਨਣ ਦਾ ਕਿਸੇ ਨੂੰ ਹੱਕ ਨਹੀਂ।
ਈਸਟ ਇੰਡੀਆ ਕੰਪਨੀ ਦੇ ਨਾਂ `ਤੇ ਵਪਾਰ ਖਾਤਰ ਭਾਰਤ ਵਿਚ ਦਾਖਲ ਹੋ ਕੇ ਰਾਜੇ ਬਣ ਬੈਠੇ ਅੰਗਰੇਜ਼ਾਂ ਨੂੰ ਸਿੱਧੇ ਹੱਥੀਂ ਵੰਗਾਰਿਆ। ਸਾਥੀਆਂ ਨਾਲ ਮਿਲ ਕੇ ਵੱਡੇ ਬਰਤਾਨਵੀਂ ਰਾਜ ਵਿਰੁੱਧ ਦੇਸ਼ ਭਰ ਵਿਚ ਸਰਗਰਮ ਲਹਿਰ ਚਲਾ ਦਿੱਤੀ। ਹਰ ਭਾਰਤੀ ਚੇਤੰਨ ਹੋ ਗਿਆ। ਬਹੁਤ ਸਾਰੇ ਦਲੇਰ ਯੋਧੇ ਭਗਤ ਸਿੰਘ ਵਾਲੇ ਵਿਚਾਰਾਂ ਦੇ ਹਾਮੀ ਹੋ ਕੇ ਕੁਰਬਾਨੀਆਂ ਦੇ ਰਾਹ ਤੁਰ ਪਏ। ਬਾਅਦ ਵਿਚ ਅਣਗਿਣਤ ਲੋਕਾਂ ਦੇ ਦੇਸ਼ ਭਗਤੀ ਦੇ ਜਜ਼ਬੇ ਅਧੀਨ ਕੁਰਬਾਨੀਆਂ ਦਾ ਰਾਹ ਫੜਿਆ।
ਸੋਲ਼ਾਂ-ਠਾਰਾਂ ਸਾਲਾਂ ਦੀ ਉਮਰ ਵਿਚ ਦੇਸ਼ ਦੀ ਗੁਲਾਮੀ ਬਾਰੇ ਜਾਣਕਾਰੀ ਹੀ ਨਹੀਂ ਸਗੋਂ ਚਿੰਤਾਤੁਰ ਹੋਣਾ ਕੋਈ ਛੋਟੀ ਗੱਲ ਨਹੀਂ। ਸੁਪਨੇ ਲੈਣੇ ਅਤੇ ਆਜ਼ਾਦੀ ਲਈ ਤਾਂਘ ਰੱਖਣੀ, ਆਪਣੀ ਉਮਰ ਨਾਲੋਂ ਕਿਤੇ ਉਚੇਰੀ ਉਡਾਰੀ ਭਰਨ ਵਾਸਤੇ ਫੰਗ੍ਹਾਂ ਦੀ ਤਲਾਸ਼ ਕਰਨੀ, ਜਿਹੜੇ ਲੋਕਾਂ ਦੇ ਭਰਵੇਂ ਸਹਿਯੋਗ ਬਿਨਾ ਨਹੀਂ ਕਦੇ ਵੀ ਨਹੀਂ ਸਨ ਲੱਭ ਸਕਦੇ - ਇਹ ਕੋਈ ਮਾਮੂਲੀ ਕਰਮ ਨਹੀਂ ਕੋਈ ਉੱਚੀ ਸੁੱਚੀ ਸੋਚ ਦਾ ਮਾਲਕ ਹੀ ਇਸ ਰਾਹੇ ਤੁਰਨ ਦਾ ਹੀਆ ਕਰ ਸਕਦਾ ਹੈ। ਉਸਦੇ ਵਿਚਾਰਾਂ ਵਿਚਲੀ ਲੋਅ ਨੇ ਅਜਿਹੇ ਲਿਸ਼ਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਦੇਸ਼ ਦੇ ਲੋਕਾਂ ਵਿਚ ਦੇਸ਼ ਦੀ ਆਜ਼ਾਦੀ ਖਾਤਰ ਜਾਗਰਤੀ ਪੈਦਾ ਹੋ ਗਈ ਅਤੇ ਉਹ ਰੋਹ-ਵਿਦਰੋਹ ਦੇ ਰਾਹੇ ਪੈ ਗਏ। ਫੇਰ, ਇਨ੍ਹਾਂ ਕਾਫਲਿਆਂ ਵਿਚ ਸ਼ਾਮਲ ਲੋਕਾਂ ਦਾ ਨਿੱਤ ਦਿਨ ਵਾਧਾ ਹੀ ਹੁੰਦਾ ਗਿਆ।
ਭਗਤ ਸਿੰਘ ਦਾ ਮਨੋਰਥ ਸਾਫ-ਸਪਸ਼ਟ ਸੀ ਕਿ ਗੋਰੇ ਭਾਰਤ ਦੇਸ਼ ਨੂੰ ਆਪਣੀ ਕਾਲ਼ੀ ਸੋਚ ਤੋਂ ਆਜ਼ਾਦ ਕਰਨ ਜਿਸ `ਤੇ ਉਨ੍ਹਾਂ ਤੇ ਚਲਾਕੀ ਭਰੀ ਬੇਈਮਾਨੀ ਨਾਲ ਗ਼ੈਰ-ਵਾਜਬ ਅਤੇ ਗੈਰ-ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ ਜਿਸ ਨੂੰ ਭਾਰਤੀ ਲੋਕ ਗਲਤ ਸਮਝਦੇ ਸਨ ਅਤੇ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ ਸਨ ਕਰਦੇ। ਉਹ ਨਿੱਗਰ ਵਿਚਾਰਾਂ ਅਤੇ ਤਰਕ ਨਾਲ ਆਪਣੇ ਆਪ ਨੂੰ ਸਹੀ ਸਿੱਧ ਕਰਦਾ ਸੀ ਅਤੇ ਆਜ਼ਾਦੀ ਚਾਹੁਣ ਵਾਲਿਆਂ ਦੀ ਬੁਲੰਦ ਆਵਾਜ਼ ਬਣਕੇ ਪ੍ਰਤੀਨਿਧਤਾ ਕਰਦਿਆਂ ਬਾਹਰੋਂ ਆਏ ਧਾੜਵੀਆਂ ਨੂੰ ਵੰਗਾਰਦਾ ਵੀ ਸੀ ਅਤੇ ਲਲਕਾਰਦਾ ਵੀ ਸੀ- ਉਹ ਗੁਲਾਮੀ ਨੂੰ ਨਫਰਤ ਕਰਨ ਵਾਲੇ ਸਾਰੇ ਲੋਕਾਂ ਦੀ ਆਵਾਜ਼ ਬਣ ਗਿਆ ਸੀ, ਜਿਸ ਆਵਾਜ਼ ਨੇ ਲੋਕਾਂ ਅੰਦਰ ਚੇਤਨਾ ਪੈਦਾ ਕੀਤੀ ਅਤੇ ਆਜਾਦੀ ਲਈ ਸੰਘਰਸ਼ ਦੇ ਰਾਹ ਤੋਰਿਆ।
ਭਗਤ ਸਿੰਘ ਉਹ ਨਿਆਰਾ ਨਾਅਰਾ ਬਣ ਗਿਆ ਜਿਸ ਦੀ ਗੂੰਜ ਭਾਰਤੀਆਂ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਾਉਣ ਲਈ ਉਦੋਂ ਤੱਕ ਬੰਦ ਨਹੀਂ ਹੋਈ ਜਦੋਂ ਤੱਕ ਦੇਸ਼ ਆਜ਼ਾਦ ਨਹੀਂ ਹੋ ਗਿਆ। ਉਸ ਨੇ ਜੇਲਬੰਦੀ ਸਮੇਂ ਵੀ ਹੱਕਾਂ ਦੀ ਪ੍ਰਾਪਤੀ ਵਾਸਤੇ ਭੁੱਖ ਹੜਤਾਲਾਂ ਕੀਤੀਆਂ, ਤਸੀਹੇ ਝੱਲੇ ਪਰ ਆਪਣੇ ਮਿੱਥੇ ਆਦਰਸ਼ਾਂ ਅਤੇ ਮਨਸੂਬਿਆਂ ਤੋਂ ਪੈਰ ਪਿਛਾਂਹ ਨਹੀਂ ਹਟਾਇਆ। ਏਸੇ ਸਿਰੜ, ਏਸੇ ਸਿਦਕ ਨੇ ਉਸਦੀ ਸੋਚ ਨੂੰ ਹਮੇਸ਼ਾ ਤਕੜਾਈ ਵਲ ਤੋਰਿਆ – ਹਾਰ ਜਾਣ ਵਾਲਾ ਸ਼ਬਦ ਉਸਨੇ ਆਪਣੀ ਸੋਚ ਵਿਚੋਂ ਖਾਰਜ ਕਰਕੇ ਇਸ ਨੂੰ ਸੰਭਵ ਹੋਣ ਤੱਕ ਸੰਘਰਸ਼ ਕਰਨ ਦਾ ਰਾਹ ਫੜਿਆ, ਜਿਸ ਉੱਤੇ ਤੁਰਦਿਆਂ ਉਹ ਨਾ ਕਦੇ ਘਬਰਾਇਆ, ਨਾ ਥਿੜਕਿਆ ਅਤੇ ਨਾਂ ਹੀ ਦੋ-ਰਾਹੇ ਦਾ ਸ਼ਿਕਾਰ ਹੋਇਆ।
ਭਗਤ ਸਿੰਘ ਨੇ 23-24 ਸਾਲ ਦੀ ਉਮਰ ਤੱਕ ਆਪਣੀ ਉਮਰ ਤੋਂ ਕਿਤੇ ਵੱਧ ਕਿਤਾਬਾਂ ਪੜ੍ਹੀਆਂ, ਗਿਆਨ ਹਾਸਲ ਕੀਤਾ ਅਤੇ ਹੋਈਆਂ ਕ੍ਰਾਂਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਕੀਤੀ। ਏਸੇ ਕਰਕੇ ਉਸਦੇ ਸਾਥੀ ਉਸਨੂੰ ਆਪਣਾ ਆਗੂ ਮੰਨਦੇ ਸਨ ਪਰ ਉਸਨੇ ਆਪਣੇ ਸਾਥੀਆਂ ਨੂੰ ਆਪ ਤੋਂ ਘੱਟ ਜਾਂ ਛੋਟਾ ਕਦੇ ਨਹੀਂ ਸਮਝਿਆ-ਹਮੇਸ਼ਾਂ ਆਪਣੇ ਸਾਥੀਆਂ ਨੂੰ ਪਿਆਰ-ਸਤਿਕਾਰ ਦਿੱਤਾ। ਉਹ ਆਪਣੇ ਸਾਥੀਆਂ ਵਿਚੋਂ ਇਕ ਜੁਝਾਰੂ ਯੋਧੇ ਵਾਂਗ ਕੁਰਬਾਨੀ ਕਰਨ ਵਾਸਤੇ ਸਦਾ ਤਿਆਰ-ਬਰ-ਤਿਆਰ ਰਹਿੰਦਾ ਸੀ ਜਿਸ ਦੀਆਂ ਮਿਸਾਲਾਂ ਉਸ ਦੇ ਜੀਵਨ ਵਿਚੋਂ ਲੱਭਣੀਆਂ ਮੁਸ਼ਕਲ ਨਹੀਂ। ਜਦ ਵੀ ਕਿਧਰੇ ਕੋਈ ਐਕਸ਼ਨ (ਕਾਰਨਾਮਾ) ਕਰਨਾ ਹੁੰਦਾ ਤਾਂ ਉਹ ਸਭ ਤੋਂ ਅੱਗੇ ਹੋ ਕੇ ਆਪਣੇ ਆਪ ਨੂੰ ਪੇਸ਼ ਕਰਨ ਤੋਂ ਨਾ ਝੇਪਦਾ, ਨਾ ਕਦੇ ਰੁਕਦਾ। ਕੁਰਬਾਨੀ ਦਾ ਬਿਨਾ ਕਿਸੇ ਲੋਭ-ਲਾਲਚ ਵਾਲਾ ਜਨੂੰਨੀ ਜਜ਼ਬਾ ਹੀ ਅਜਿਹੇ ਲੋਕਾਂ ਨੂੰ ਮਹਾਨ ਬਣਾ ਦਿੰਦਾ ਹੈ।
ਉਹ ਕਮਾਲ ਦਾ ਇਨਕਲਾਬੀ ਸੀ ਅਤੇ ਵਿਲੱਖਣ ਇਨਸਾਨ ਜਿਹੜਾ ਫਾਂਸੀ ਦਾ ਰੱਸਾ ਚੁੰਮਣ ਤੋਂ ਐਨ੍ਹ ਪਹਿਲਾਂ ਵੀ ਕਿਤਾਬ ਪੜ੍ਹਦਿਆਂ ਇਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਸੀ ਤਾਂ ਕਿ ਉਤਸ਼ਾਹ ਲੈ ਸਕੇ ਅਤੇ ਅਗਵਾਈ ਵੀ। ਆਜ਼ਾਦੀ ਸੰਗਰਾਮੀਆਂ ਲਈ ਉਹ ਤਿਆਗ ਅਤੇ ਕੁਰਬਾਨੀ ਦਾ ਅਜਿਹਾ ਸੋਮਾ ਬਣ ਗਿਆ ਜਿੱਥੋਂ ਸੁਤੰਤਰਤਾ ਵੱਲ ਜਾਂਦੇ ਕਦਮਾਂ ਨੂੰ ਹੁਲਾਰਾ ਵੀ ਮਿਲਦਾ ਹੈ ਅਤੇ ਰਹਿਨੁਮਾਈ ਵੀ, ਦਿਸ਼ਾ ਵੀ ਨਸੀਬ ਹੁੰਦੀ ਹੈ ਅਤੇ ਉੱਚੀਆਂ ਉਡਾਰੀਆਂ ਵੀ। ਇਹ ਦੇਸ਼ ਭਗਤੀ ਦਾ ਸੂਰਬੀਰਤਾ ਭਰਿਆ ਜਜ਼ਬਾ, ਗੁਲਾਮੀ ਭੋਗ ਰਹੇ ਆਪਣੇ ਸਾਹਸਹੀਣ ਲੋਕਾਂ ਵਾਸਤੇ ਪਿਆਰ ਹੀ ਸੀ ਜਿਸ ਕਰਕੇ ਹੱਸਣ ਖੇਡਣ ਦੀ ਉਮਰ ਵਿਚ ਵੀ ਉਹ ਦੇਸ਼ ਖਾਤਰ ਜਾਨ ਵਾਰ ਗਿਆ ਜਿਸ ਦਾ ਕੋਈ ਮੁਕਾਬਲਾ ਨਹੀਂ। ਇਸ ਉਮਰ ਦੇ ਕਿਸੇ ਵੀ ਗਭਰੂ ਵਲੋਂ ਆਪਣੇ ਆਦਰਸ਼ਾਂ ਤੇ ਆਪਣੇ ਲੋਕਾਂ ਖਾਤਰ ਜਾਨ ਵਾਰ ਦੇਣ 'ਤੇ ਜਿੰਨਾ ਮਾਣ ਕੀਤਾ ਜਾਵੇ ਥੋੜ੍ਹਾ ਹੈ।
ਸਮਾਜ ਦੇ ਹਰ ਖੇਤਰ ਵਿਚ ਬਰਾਬਰੀ ਚਾਹੁਣ ਵਾਲੇ ਭਗਤ ਸਿੰਘ ਦੇ ਸੁਪਨੇ ਅਜੇ ਅਧੂਰੇ ਹਨ ਕਿਉਂਕਿ ਸੱਤਾ `ਤੇ ਕਾਬਜ਼ ‘ਕਾਲੇ ਅੰਗਰੇਜ਼` ਗੁਲਾਮ ਮਾਨਸਿਕਤਾ ਵਾਲੀ ਜੂਠ ਨੂੰ ਤਿਆਗਣ ਵਾਸਤੇ ਅਜੇ ਵੀ ਤਿਆਰ ਨਹੀਂ ਜਿਹੜੀ ਬਰਤਾਨਵੀ ਹਕੂਮਤ ਵੱਖ ਵੱਖ ਖੇਤਰਾਂ ਵਿਚ ਜਾਂਦੀ ਜਾਂਦੀ ਛੱਡ ਗਈ। ਭਗਤ ਸਿੰਘ ਨੇ ਆਪਣੇ ਵਿਚਾਰ ਵੱਖ ਵੱਖ ਲਿਖਤਾਂ ਵਿਚ ਲਿਖੇ ਹਨ ਜਿਹੜੇ ਮਨੁੱਖੀ ਤਰੱਕੀ ਵਾਸਤੇ ਉਸਾਰੂ ਲੀਹਾਂ `ਤੇ ਤੁਰਦੇ ਹੋਏ ਭਾਰਤੀ ਸਮਾਜ ਅਤੇ ਇਸਦੇ ਆਗੂਆਂ ਦਾ ਦਿਸ਼ਾ ਨਿਰਦੇਸ਼ ਵੀ ਕਰ ਸਕਦੇ ਹਨ ਅਤੇ ਕਾਇਆ-ਕਲਪ ਵੀ। ਲੋੜ ਇਨ੍ਹਾਂ `ਤੇ ਅਮਲ ਕਰਨ ਦੀ ਹੈ।
27 ਸਤੰਬਰ ਨੂੰ 1907 ਨੂੰ ਲਾਇਲਪੁਰ ਜਿਲੇ (ਪਾਕਿਸਤਾਨ) ਦੇ ਬੰਗਾ ਵਿਚ ਗਦਰ ਲਹਿਰ ਦੇ ਹਮਾਇਤੀ ਕਿਸ਼ਨ ਸਿੰਘ ਦੇ ਘਰ ਜਨਮੇ ਭਗਤ ਸਿੰਘ ਨੇ ਕਾਨਪੁਰ ਵਿਖੇ ਪ੍ਰਤਾਪ ਪ੍ਰੈਸ ਵਿਚ ਨੌਕਰੀ ਕੀਤੀ। ਹਿੰਦੋਸਤਾਨ ਰੀਪਬਲਿਕ ਆਰਮੀ ਵਿਚ ਸ਼ਾਮਲ ਹੋਇਆ। ਲਾਹੌਰ ਦੇ ਸਕੂਲ, ਕਾਲਜ ਵਿਚ ਪੜ੍ਹਨ ਤੋਂ ਬਾਅਦ ਉਸ ਨੇ ਇਨਕਲਾਬੀ ਰਾਹ ਹੀ ਚੁਣਿਆਂ। ਦਿੱਲੀ ਵਿਖੇ ‘ਵੀਰ ਅਰਜਨ` `ਚ ਕੰਮ ਕੀਤਾ। ਕਿਰਤੀ ਪਾਰਟੀ ਦੇ ਪਰਚੇ ‘ਕਿਰਤੀ` ਵਿਚ ਸਮੇਂ ਸਮੇਂ ਬਹੁਮੁੱਲੇ ਲੇਖ ਲਿਖਦਾ ਰਿਹਾ ਜੋ ਦੇਸ਼ ਦੀਆਂ ਉਸ ਸਮੇਂ ਦੀਆਂ ਸਮੱਸਿਆਵਾਂ ਦਾ ਵਧੀਆ ਵਿਸ਼ਲੇਸ਼ਣ ਆਖੇ ਜਾ ਸਕਦੇ ਹਨ। ਜਨਤਾ ਸੁਰੱਖਿਆ ਬਿੱਲ ਅਤੇ ਕਿਰਤ ਝਗੜੇ ਬਿੱਲ ਪਾਸ ਕਰਨ ਵਿਰੁੱਧ ਰੋਸ ਪ੍ਰਗਟ ਕਰ ਰਹੇ ਮੁਜਾਹਰਾਕਾਰੀਆਂ ਉੱਤੇ ਬਿਨਾਂ ਕਿਸੇ ਭੜਕਾਹਟ ਤੋਂ ਹੋਏ ਲਾਠੀਚਾਰਜ ਸਮੇਂ ਲਾਲਾ ਲਾਜਪਤ ਰਾਏ ਦੇ ਫੱਟੜ ਹੋਣ ਅਤੇ ਬਾਅਦ ਵਿਚ ਮੌਤ ਹੋ ਜਾਣ ਦਾ ਬਦਲਾ ਲੈਣ ਵਾਸਤੇ ਸੁਪਰਡੈਂਟ ਪੁਲੀਸ ਸਕਾਟ ਨੂੰ ਮਾਰਨ ਦਾ ਪ੍ਰੋਗਰਾਮ ਬਣਾਇਆ ਪਰ ਮੌਕੇ `ਤੇ ਜੇ.ਪੀ.ਸਾਂਡਰਸ ਸ਼ਿਕਾਰ ਬਣ ਗਿਆ। ਲੋਕਾਂ ਨਾਲ ਮਿਲ ਕੇ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ। ‘ਬੋਲੇ ਕੰਨਾਂ ਨੂੰ ਸੁਨਾਉਣ ਲਈ ਉੱਚੇ ਖੜਾਕ ਦੀ ਲੋੜ ਪੈਂਦੀ ਹੈ ਦੇ ਵਿਚਾਰ ਨੂੰ ਲੈ ਕੇ 8 ਦਸੰਬਰ 1929 ਨੂੰ ਅਸੰਬਲੀ ਵਿਚ ਬੰਬ ਸੁੱਟੇ ਅਤੇ ਗ੍ਰਿਫਤਾਰੀ ਦਿੱਤੀ। ਪਹਿਲਾਂ ਇਕ ਕੇਸ `ਚ ਉਮਰ ਕੈਦ ਦੀ ਸਜ਼ਾ ਹੋਈ। 7 ਅਕਤੂਬਰ 1930 ਨੂੰ ਫਾਂਸੀ ਦੀ ਸਜ਼ਾ ਸੁਣਾ ਕੇ 23 ਮਾਰਚ 1931 ਨੂੰ ਭਗਤ ਸਿੰਘ ਨੂੰ ਸੁਖਦੇਵ ਅਤੇ ਰਾਜਗੁਰੂ ਸਮੇਤ ਸ਼ਹੀਦ ਕਰ ਦਿਤਾ – ਜੋ ਭਾਰਤੀਆਂ ਵਾਸਤੇ ਸਦਾ ਲਈ ਸ਼ਹੀਦ-ਏ-ਆਜ਼ਮ ਹੋ ਗਿਆ।
ਸੰਪਰਕ - 9814113338