ਕਿਵੇਂ ਡੁੱਬਾ ਇਹ ਵੱਡਾ ਬੈਂਕ - ਸੁਬੀਰ ਰੌਏ
ਅਮਰੀਕਾ ਦੇ ਵੀਹ ਸਭ ਤੋਂ ਵੱਡੇ ਬੈਂਕਾਂ ਵਿਚ ਸ਼ੁਮਾਰ ਸਿਲੀਕੌਨ ਵੈਲੀ ਬੈਂਕ (ਐਸਵੀਬੀ) ਦੇ ਡੁੱਬਣ ਨਾਲ ਜਿੱਥੇ ਦੁਨੀਆਂ ਭਰ ’ਚ ਝਟਕੇ ਲੱਗੇ ਹਨ, ਉੱਥੇ ਪ੍ਰਮੁੱਖ ਅਰਥਚਾਰਿਆਂ ਦੇ ਵਿੱਤੀ ਖੇਤਰਾਂ ਅਤੇ ਸ਼ੇਅਰ ਬਾ਼ਜ਼ਾਰਾਂ ਵਿਚ ਵੀ ਕਾਫ਼ੀ ਉਥਲ-ਪੁਥਲ ਹੋ ਰਹੀ ਹੈ। ਇਹ ਘਟਨਾ ਆਪਣੇ ਆਪ ਵਿਚ ਹੀ 2008 ਦੇ ਵਿੱਤੀ ਸੰਕਟ ਦਾ ਚੇਤਾ ਵੀ ਕਰਾਉਂਦੀ ਹੈ ਜਦੋਂ ਲੀਹਮਨ ਬ੍ਰਦਰਜ਼ ਬੈਂਕ ਡੁੱਬਿਆ ਸੀ ਅਤੇ ਬਹੁਤ ਸਾਰੇ ਵਿੱਤੀ ਖਿਡਾਰੀਆਂ ਦੀ ਰਾਤਾਂ ਦੀ ਨੀਂਦ ਉਡ ਗਈ ਸੀ।
ਸਾਰੇ ਪੱਖਾਂ ਤੋਂ ਦੇਖਿਆਂ ਪ੍ਰਤੀਤ ਹੁੰਦਾ ਹੈ ਕਿ ਸੰਕਟ ਨੂੰ ਨੱਥ ਪਾ ਲਈ ਗਈ ਹੈ ਤੇ ਇਸ ਦਾ ਅਸਰ ਫੈਲਣ ਤੋਂ ਰੋਕ ਦਿੱਤਾ ਗਿਆ ਹੈ ਅਤੇ ਹੌਲੀ ਹੌਲੀ ਇਸ ਦੇ ਝਟਕੇ ਵੀ ਮਾਂਦ ਪੈ ਜਾਣਗੇ। ਹਾਲਾਂਕਿ ਇਹ ਵੱਡੇ ਧਰਵਾਸ ਦੀ ਗੱਲ ਹੈ ਪਰ ਇਸ ਵੇਲੇ ਇਹ ਤੈਅ ਕਰਨ ਦੀ ਲੋੜ ਹੈ ਕਿ ਸਥਿਤੀ ਨੂੰ ਸੰਕਟ ਦੇ ਕੰਢੇ ’ਤੇ ਪਹੁੰਚਾਉਣ ਲਈ ਕਿਹੜੀਆਂ ਗੱਲਾਂ ਜ਼ਿੰਮੇਵਾਰ ਹਨ ਅਤੇ ਸੰਕਟ ਨੂੰ ਬੇਕਾਬੂ ਹੋਣ ਤੋਂ ਕਿਸ ਢੰਗ ਨਾਲ ਰੋਕਿਆ ਜਾ ਸਕਿਆ ਹੈ। ਇਸ ਤੋਂ ਸਹੀ ਸਬਕ ਲੈਣ ਦੇ ਨਾਲ ਹੀ ਆਉਣ ਵਾਲੇ ਸਮਿਆਂ ਵਿਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣ ਤੋਂ ਬਚਿਆ ਜਾ ਸਕਦਾ ਹੈ।
ਐਸਵੀਬੀ ਵੱਲ ਉਂਗਲ ਉਠਾਈ ਜਾ ਰਹੀ ਹੈ ਕਿ ਉਸ ਨੇ ਇਕ ਹੀ ਤਰ੍ਹਾਂ ਦੇ ਕਰਜ਼ੇ ਦੇਣ ਭਾਵ ਤਕਨੀਕੀ ਉਦਮਾਂ ਅਤੇ ਉਨ੍ਹਾਂ ਦੇ ਸਟਾਰਟਅੱਪਸ ’ਤੇ ਫੋਕਸ ਕਰਨ ਤੋਂ ਬਿਨਾਂ ਹੋਰ ਕੁਝ ਖਾਸ ਨਹੀਂ ਕੀਤਾ ਸੀ। ਵਿੱਤੀ ਜਗਤ ਦਾ ਇਹ ਇਕ ਜੋਖਮ ਭਰਪੂਰ ਕੋਨਾ ਹੈ ਜਿਵੇਂ ਕਿ ਤੁਹਾਨੂੰ ਪਤਾ ਚਲਦਾ ਹੈ ਕਿ ਵੱਡੇ ਬੈਂਕ ਆਮ ਤੌਰ ’ਤੇ ਇਸ ਤਰ੍ਹਾਂ ਦੇ ਕਾਰੋਬਾਰਾਂ ਲਈ ਆਪਣੇ ਪੋਰਟਫੋਲੀਓ ਦਾ ਇਕ ਬਹੁਤ ਛੋਟਾ ਜਿਹਾ ਹਿੱਸਾ ਹੀ ਰੱਖਦੇ ਹਨ ਤਾਂ ਕਿ ਜੋਖਮ ਦਾ ਦਾਇਰਾ ਸੀਮਤ ਰਹੇ। ਪਰ ਐਸਵੀਬੀ ਨੇ ਇਸ ਵਿਚ ਸ਼ਾਮਲ ਹੋਣ ਦਾ ਰਾਹ ਚੁਣਿਆ ਸੀ ਜਿਸ ਕਰ ਕੇ ਇਹ ਭਾਣਾ ਵਰਤਿਆ। ਇਸ ਬੈਂਕ ਨੇ ਸਿਰਫ ਨਵੇਂ ਕਾਰੋਬਾਰਾਂ ’ਤੇ ਹੀ ਟੇਕ ਰੱਖੀ ਸੀ। ਵੈਂਚਰ ਕੈਪੀਟਲ ਫੰਡਿੰਗ ਵਿਚ ਅਰਬਾਂ ਡਾਲਰ ਵਾਲੇ ਟੈੱਕ ਉਦਮੀਆਂ ਨੇ ਆਪਣਾ ਪੈਸਾ ਐਸਵੀਬੀ ਵਰਗੇ ਬੈਂਕ ਕੋਲ ਰੱਖਿਆ ਹੋਇਆ ਸੀ ਜੋ ਮੋੜਵੇਂ ਰੂਪ ਵਿਚ ਇਸ ਪੈਸੇ ਨੂੰ ਬੌਂਡਾਂ ਵਿਚ ਜਮ੍ਹਾਂ ਕਰਾਉਂਦਾ ਸੀ। ਕੀ ਇਸ ਵਿਚ ਕੋਈ ਜੋਖਮ ਹੈ? ਇਹ ਤੁਹਾਨੂੰ ਕੌਣ ਦੱਸ ਸਕਦਾ ਹੈ? ਬੈਂਕ ਦਾ ਮੁੱਖ ਜੋਖਮ ਅਫ਼ਸਰ। ਹੁਣ ਇਕ ਹੈਰਤਅੰਗੇਜ਼ ਤੱਥ ਸਾਹਮਣੇ ਆਇਆ ਹੈ ਕਿ ਐਸਵੀਬੀ ਨੇ ਅੱਠ ਮਹੀਨੇ ਪਹਿਲਾਂ ਸੇਵਾਮੁਕਤ ਹੋਏ ਆਪਣੇ ਮੁੱਖ ਜੋਖਮ ਅਫ਼ਸਰ ਦੀ ਥਾਂ ਨਵੀਂ ਨਿਯੁਕਤੀ ਨਹੀਂ ਕੀਤੀ ਸੀ।
ਉਸ ਤੋਂ ਬਾਅਦ ਫਿਰ ਤਕਨੀਕੀ ਕੰਪਨੀਆਂ ਵਿਚ ਮੰਦੀ ਆ ਗਈ, ਵੈਂਚਰ ਕੈਪੀਟਲ ਫੰਡਿੰਗ ਦੇ ਸਰੋਤ ਸੁੱਕ ਗਏ ਅਤੇ ਯੂਕਰੇਨ ਜੰਗ ਲੰਮੀ ਖਿੱਚਣ ਕਰ ਕੇ ਮਹਿੰਗਾਈ ਦਰ ਆਸਮਾਨ ’ਤੇ ਪਹੁੰਚ ਗਈ। ਇਸ ਨਾਲ ਸਿੱਝਣ ਲਈ ਅਮਰੀਕੀ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਵਧਾਈਆਂ, ਬੌਂਡਾਂ ਦੀਆਂ ਕੀਮਤਾਂ ਡਿੱਗ ਪਈਆਂ ਅਤੇ ਐਸਵੀਬੀ ਨੂੰ ਉਨ੍ਹਾਂ ਦੀ ਮੰਡੀ ਤੋਂ ਤਸਦੀਕ ਕਰਾਉਣ ਲਈ ਕਾਗਜ਼ੀ ਰੂਪ ਵਿਚ ਭਾਰੀ ਘਾਟਾ ਸਹਿਣਾ ਪਿਆ। ਜਦੋਂ ਘਾਟਾ ਪੈਣ ਦੀਆਂ ਕਨਸੋਆਂ ਪੈਣ ਲੱਗੀਆਂ ਤਾਂ ਖ਼ਾਤੇਦਾਰਾਂ ਨੇ ਬੈਂਕ ’ਚੋਂ ਨਕਦੀ ਕਢਵਾਉਣੀ ਸ਼ੁਰੂ ਕਰ ਦਿੱਤੀ ਅਤੇ ਬੈਂਕ ਨੂੰ ਬੌਂਡ ਵੇਚਣੇ ਪੈ ਗਏ ਤੇ ਇਸ ਚੱਕਰ ਵਿਚ ਉਸ ਨੂੰ ਭਾਰੀ ਘਾਟਾ ਖਾਣਾ ਪਿਆ ਤੇ ਅੰਤ ਨੂੰ ਸਾਰੀ ਖੇਡ ਚੁਪੱਟ ਹੋ ਗਈ।
ਇਕ ਹੋਰ ਸਵਾਲ ਜੋ ਜਵਾਬ ਮੰਗਦਾ ਹੈ ਅਤੇ ਭਵਿੱਖ ਵਿਚ ਵਰਜਨਾ ਸੂਚੀ ਵੱਲ ਇਸ਼ਾਰਾ ਵੀ ਕਰਦਾ ਹੈ, ਉਹ ਇਹ ਹੈ ਕਿ ਐਨੇ ਜ਼ਿਆਦਾ ਉਦਮੀਆਂ ਨੇ ਆਪਣਾ ਬਹੁਤਾ ਪੈਸਾ ਇਕੋ ਬੈਂਕ ਵਿਚ ਕਿਉਂ ਰੱਖਿਆ ਹੋਇਆ ਸੀ ਅਤੇ ਸ਼ੁਰੂ ਵਿਚ ਫੰਡ ਮੁਹੱਈਆ ਕਰਾਉਣ ਵਾਲੇ ਵੈਂਚਰ ਕੈਪੀਟਲਿਸਟਾਂ ਨੇ ਖ਼ਾਤੇਦਾਰਾਂ ਨੂੰ ਆਪਣੀਆਂ ਜਮ੍ਹਾਂ ਪੂੰਜੀਆਂ ਵੱਖੋ ਵੱਖਰੇ ਬੈਂਕਾਂ ਵਿਚ ਰੱਖਣ ਦੀ ਸਲਾਹ ਕਿਉਂ ਨਹੀਂ ਦਿੱਤੀ। ਸਟਾਰਟਅੱਪ ਖੇਤਰ ਦੁਨੀਆ ਭਰ ਵਿਚ ਆਪਣੀ ਤਰ੍ਹਾਂ ਦਾ ਸਭ ਤੋਂ ਗਤੀਸ਼ੀਲ ਖੇਤਰ ਤਸਲੀਮ ਕੀਤਾ ਜਾਂਦਾ ਹੈ ਪਰ ਇਹ ਦੇਖਣ ਵਿਚ ਆਇਆ ਕਿ ਆਪਣੇ ਧਨ ਨੂੰ ਲੈ ਕੇ ਇਹ ਲਾਪਰਵਾਹੀ ਤੋਂ ਕੰਮ ਲੈਂਦਾ ਰਿਹਾ ਹੈ। ਜੇ ਅਸੀਂ ਇਹ ਗੱਲ ਮੰਨ ਲਈਏ ਕਿ ਜ਼ਿਆਦਾ ਜੋਖਮ ਲੈਣਾ ਸਮੁੱਚੇ ਰੂਪ ਵਿਚ ਸਿਲੀਕੌਨ ਵੈਲੀ ਦੇ ਸਭਿਆਚਾਰ ਦਾ ਹਿੱਸਾ ਰਿਹਾ ਹੈ ਤਾਂ ਕ੍ਰੈਡਿਟ ਸੁਈਜ਼ ਦੀਆਂ ਦਿੱਕਤਾਂ ਬਾਰੇ ਕੋਈ ਕੀ ਆਖੇਗਾ ਜੋ ਅਮੂਮਨ ਸੰਕੋਚਵੇਂ ਢੰਗ ਨਾਲ ਚੱਲਣ ਵਾਲੇ ਮੁਲਕ ਸਵਿਟਜ਼ਰਲੈਂਡ ਦਾ ਬਹੁਤ ਵੱਡਾ ਬੈਂਕ ਹੈ ਅਤੇ ਆਪਣੇ ਆਖਰੀ ਫ਼ੈਸਲਾਕੁਨ ਮੁਕਾਮ ’ਤੇ ਪਹੁੰਚ ਗਿਆ ਹੈ। ਬਿਨਾਂ ਸ਼ੱਕ ਇਸ ਦੀ ਕਾਰਜ ਸ਼ੈਲੀ ਰਵਾਇਤੀ ਅਸੂਲਾਂ ਤੇ ਸਥਿਰਤਾ ’ਤੇ ਅਧਾਰਿਤ ਹੋਣੀ ਚਾਹੀਦੀ ਸੀ। ਕ੍ਰੈਡਿਟ ਸੁਈਜ਼ ਪ੍ਰਬੰਧਕੀ ਰੱਦੋਬਦਲ ਦੇ ਸੰਕਟ ਤੋਂ ਪਹਿਲਾਂ ਹੀ ਪਿਛਲੇ ਕੁਝ ਸਮੇਂ ਤੋਂ ਦਿੱਕਤਾਂ ਵਿਚ ਘਿਰਿਆ ਹੋਇਆ ਸੀ ਅਤੇ ਇਸ ਨੂੰ ਭਾਰੀ ਭਰਕਮ ਘਾਟਿਆਂ ਦਾ ਸਾਹਮਣਾ ਕਰਨਾ ਪਿਆ ਅਤੇ ਸਥਿਤੀ ਨੂੰ ਮੋੜਾ ਦੇਣ ਦੀ ਕੋਈ ਢੁਕਵੀਂ ਰਣਨੀਤੀ ਨਾ ਬਣ ਸਕੀ। ਪਿਛਲੇ ਕੁਝ ਮਹੀਨਿਆਂ ਤੋਂ ਬੈਂਕ ’ਚੋਂ ਬਹੁਤ ਜ਼ਿਆਦਾ ਪੈਸਾ ਕੱਢਿਆ ਜਾ ਚੁੱਕਿਆ ਹੈ, ਭਾਰੀ ਘਾਟੇ ਪਏ ਹਨ ਅਤੇ ਨਵੇਂ ਨਿਵੇਸ਼ਕਾਂ ਦੀ ਭਾਲ ਨੂੰ ਬੂਰ ਨਹੀਂ ਪੈ ਸਕਿਆ। ਫਿਰ ਜਦੋਂ ਸਿਲੀਕੌਨ ਵੈਲੀ ਬੈਂਕ ਨੂੰ ਘੁਮੇਰੀਆਂ ਆਉਣ ਲੱਗੀ ਤਾਂ ਕ੍ਰੈਡਿਟ ਸੁਈਜ਼ ਦੇ ਪੈਰ ਵੀ ਉਖੜ ਗਏ।
ਇਸ ਸਮੁੱਚੇ ਘਟਨਾਕ੍ਰਮ ਤੋਂ ਬਾਅਦ ਸਵਾਲ ਪੈਦਾ ਹੁੰਦਾ ਹੈ ਕਿ ਚਲੰਤ ਸੰਕਟ ਪੈਦਾ ਹੋਣ ਤੱਕ ਨਿਗਰਾਨ ਸੰਸਥਾਵਾਂ ਦੀ ਭੂਮਿਕਾ ਕਿਹੋ ਜਿਹੀ ਰਹੀ ਸੀ। ਜ਼ਮੀਨੀ ਹਕੀਕਤ ’ਤੇ ਨਜ਼ਰ ਰੱਖਣ ਵਾਲੇ ਕਿਸੇ ਵੀ ਨਿਗਰਾਨ ਨੂੰ ਪਤਾ ਹੁੰਦਾ ਹੈ ਕਿ ਐਸਵੀਬੀ ਜਿਹੇ ਬੈਂਕ ਮੁਸੀਬਤ ਵੱਲ ਵਧ ਰਹੇ ਹਨ। ਉਨ੍ਹਾਂ ਨੂੰ ਇਹ ਇਲਮ ਵੀ ਹੈ ਕਿ ਮੁਸੀਬਤ ਫੈਡਰਲ ਰਿਜ਼ਰਵ ਵਲੋਂ ਵਿਆਜ ਦਰਾਂ ਵਿਚ ਨਿਰੰਤਰ ਇਜ਼ਾਫ਼ਾ ਕਰਨ ਕਰ ਕੇ ਪੈਦਾ ਹੋਈ ਹੈ। ਆਮ ਬੰਦਾ ਵੀ ਜਾਣਦਾ ਹੈ ਕਿ ਜਦੋਂ ਮਹਿੰਗਾਈ ਦਾ ਰੁਝਾਨ ਬਣ ਜਾਂਦਾ ਹੈ ਤਾਂ ਕੇਂਦਰੀ ਬੈਂਕ ਨੂੰ ਦਖ਼ਲ ਦੇਣਾ ਪੈਂਦਾ ਹੈ ਅਤੇ ਵਿਆਜ ਦਰਾਂ ਵਿਚ ਵਾਧਾ ਕਰਨਾ ਪੈਂਦਾ ਹੈ, ਜਿਵੇਂ ਕਿ ਫੈਡਰਲ ਰਿਜ਼ਰਵ ਨੇ ਕੀਤਾ ਹੈ।
ਵੱਡਾ ਸਵਾਲ ਇਹ ਹੈ ਕਿ ਕੀ ਇਸ ਨੂੰ ਕਿਸੇ ਹੋਰ ਢੰਗ ਨਾਲ ਵੀ ਸਿੱਝਿਆ ਜਾ ਸਕਦਾ ਸੀ? ਇਸ ਵੇਲੇ ਮਹਿੰਗਾਈ ਦਾ ਜੋ ਦੌਰ ਬਣਿਆ ਹੈ, ਉਹ ਇਸ ਕਰ ਕੇ ਨਹੀਂ ਹੈ ਕਿ ਵਸਤਾਂ ਦੀ ਕੁਝ ਵੰਨਗੀ ਪਿੱਛੇ ਬਹੁਤ ਸਾਰਾ ਪੈਸਾ ਘੁੰਮ ਰਿਹਾ ਹੈ ਅਤੇ ਜਿਸ ਨਾਲ ਵਧੀਕ ਮੰਗ ਹੋ ਰਹੀ ਹੈ ਸਗੋਂ ਇਸ ਕਰ ਕੇ ਹੈ ਕਿ ਯੂਕਰੇਨ ਜੰਗ ਦੇ ਸਿੱਟੇ ਵਜੋਂ ਜਿਣਸਾਂ ਤੇ ਖ਼ਾਸਕਰ ਊਰਜਾ ਦੀ ਆਲਮੀ ਸਪਲਾਈ ਟੁੱਟਣ ਕਰ ਕੇ ਵਸਤਾਂ ਦੀ ਵੰਨਗੀ ਵਿਚ ਗਿਰਾਵਟ ਹੋ ਗਈ ਹੈ। ਫੈਡਰਲ ਰਿਜ਼ਰਵ ਇਸ ਮੁਤੱਲਕ ਇਕ ਬਦਲਵਾਂ ਰਾਹ ਅਪਣਾ ਸਕਦਾ ਸੀ। ਇਹ ਮਹਿੰਗਾਈ ਦਰ ਨੂੰ ਵਧਣ ਅਤੇ ਵਧੀਆਂ ਕੀਮਤਾਂ ਕਰ ਕੇ ਮੰਗ ਮਾਂਦ ਪੈਣ ਦੀ ਇੰਤਜ਼ਾਰ ਕਰ ਸਕਦਾ ਸੀ। ਜੇ ਇਵੇਂ ਕੀਤਾ ਹੁੰਦਾ ਤਾਂ ਬੌਂਡਧਾਰਕਾਂ ਦੇ ਪੋਰਟਫੋਲੀਓ ਵਿਚ ਬੌਂਡਾਂ ਦੀਆਂ ਕੀਮਤਾਂ ਦਾ ਬੁਰਾ ਹਾਲ ਨਹੀਂ ਹੋਣਾ ਸੀ ਅਤੇ ਨਾ ਹੀ ਵਿੱਤੀ ਸੰਸਥਾਵਾਂ ਲਈ ਸੰਕਟ ਪੈਦਾ ਹੋਣਾ ਸੀ ਜਿਸ ਕਰ ਕੇ ਐਸਵੀਬੀ ਡੁੱਬ ਗਿਆ ਅਤੇ ਕ੍ਰੈਡਿਟ ਸੁਈਜ਼ ਨੂੰ ਵੇਚਣ ਦੀ ਨੌਬਤ ਬਣ ਗਈ।
ਅਮਰੀਕਾ ਤੋਂ ਉਲਟ ਭਾਰਤ, ਚੀਨ ਅਤੇ ਜਪਾਨ ਜਿਹੇ ਕਈ ਵੱਡੇ ਅਰਥਚਾਰਿਆਂ ਨੇ ਆਪਣੇ ਆਪ ਨੂੰ ਐਸਵੀਬੀ ਦੇ ਤੂਫ਼ਾਨ ਦੀ ਲਪੇਟ ਵਿਚ ਨਹੀਂ ਆਉਣ ਦਿੱਤਾ। ਅਹਿਮ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਅਰਥਚਾਰਿਆਂ ਕੋਲ ਬਹੁਤ ਹੀ ਜ਼ਿਆਦਾ ਨੇਮਬੰਦੀ ਵਾਲੇ ਵਿੱਤੀ ਖੇਤਰ ਮੌਜੂਦ ਹਨ ਜਿਸ ਕਰ ਕੇ ਉਸ ਕਿਸਮ ਦੀ ਵਿੱਤੀ ਖੁਦਮੁਖ਼ਤਾਰੀ ਹਾਸਲ ਨਹੀਂ ਹੈ ਜਿਸ ਕਰ ਕੇ ਐਸਵੀਬੀ ਦੇ ਇਹ ਹਾਲਾਤ ਬਣੇ ਸਨ। ਇਸ ਦੇ ਦੋ ਕਾਰਨ ਹਨ। ਭਾਰਤ ਅਤੇ ਚੀਨ ਹਾਲਾਂਕਿ ਦੋਵੇਂ ਪਿਛਲੇ ਕੁਝ ਸਮੇਂ ਤੋਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ। ਚੀਨ ਨੂੰ ਆਪਣੇ ਬੈਂਕਿੰਗ ਖੇਤਰ ਦੀਆਂ ਮੁਸੀਬਤਾਂ ’ਚੋਂ ਲੰਘਣਾ ਪੈ ਰਿਹਾ ਸੀ ਜਦਕਿ ਭਾਰਤ ਨੂੰ ਕਈ ਸਹਿਕਾਰੀ ਬੈਂਕਾਂ (ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ) ਅਤੇ ਕੁਝ ਪ੍ਰਾਈਵੇਟ ਬੈਂਕਾਂ (ਯੈੱਸ ਬੈਂਕ) ਦੇ ਘਾਲੇ-ਮਾਲੇ ਸਮੇਟਣ ਲਈ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਸੀ। ਇਸ ਕਰ ਕੇ ਇਨ੍ਹਾਂ ਦੋਵਾਂ ਨੂੰ ਨਿਗਰਾਨ ਸੁਧਾਰ ਕਰਨੇ ਪਏ ਜਿਸ ਕਰ ਕੇ ਇਨ੍ਹਾਂ ਦੀ ਸਥਿਤੀ ਵਿਚ ਕਾਫ਼ੀ ਸੁਧਾਰ ਆਇਆ ਹੈ।
ਜਿੱਥੋਂ ਤੱਕ ਜਪਾਨ ਦਾ ਸਵਾਲ ਹੈ ਤਾਂ ਇਸ ਦਾ ਵਿੱਤ ਮੰਤਰਾਲਾ ਇਤਿਹਾਸਕ ਤੌਰ ’ਤੇ ਆਪਣੇ ਵਿੱਤੀ ਖੇਤਰ ਨੂੰ ਇਸ ਢੰਗ ਨਾਲ ‘ਸ਼ੌਰਟ ਲੀਜ਼’ ’ਤੇ ਰੱਖਦਾ ਹੈ ਕਿ ਕੋਈ ਖੁੱਲ੍ਹੀ ਮੰਡੀ ਵਾਲੇ ਕਿਸੇ ਹੋਰ ਵਿਕਸਤ ਮੁਲਕ ਲਈ ਅਜਿਹਾ ਕਰਨਾ ਸੰਭਵ ਨਹੀਂ ਹੁੰਦਾ। ਇਨ੍ਹਾਂ ਸਾਰੇ ਕਦਮਾਂ ਸਦਕਾ ਇਨ੍ਹਾਂ ਤਿੰਨੋ ਅਰਥਚਾਰਿਆਂ ਨੂੰ ਸੱਤ ਸਮੁੰਦਰੋਂ ਪਾਰ ਆਉਣ ਵਾਲੀਆਂ ਗਰਮ ਹਵਾਵਾਂ ਦਾ ਸੇਕ ਨਹੀਂ ਲੱਗ ਸਕਿਆ।
ਜਿੱਥੋਂ ਤੱਕ ਭਾਰਤ ਦਾ ਸਵਾਲ ਹੈ ਤਾਂ ਜਮ੍ਹਾਂ ਪੂੰਜੀ ਰੱਖਣ ਵਾਲਿਆਂ ਵਿਚ ਕਿਸੇ ਕਿਸਮ ਦਾ ਸਹਿਮ ਨਹੀਂ ਹੈ। ਅੱਧ ਤੋਂ ਜ਼ਿਆਦਾ ਜਮ੍ਹਾਂ ਪੂੰਜੀਆਂ ਸਰਕਾਰੀ ਖੇਤਰ ਦੇ ਬੈਂਕਾਂ ਕੋਲ ਹਨ ਜੋ ਨਾਕਾਮ ਹੋਣ ਦੀ ਪਰਿਭਾਸ਼ਾ ਵਿਚ ਨਹੀਂ ਆਉਂਦੀਆਂ। ਇਸ ਤੋਂ ਇਲਾਵਾ, ਇਕ ਤਰ੍ਹਾਂ ਦੀ ਜ਼ਾਮਨੀ ਵੀ ਦਿੱਤੀ ਜਾਂਦੀ ਹੈ ਜਿਸ ਨਾਲ ਕੋਈ ਪ੍ਰਾਈਵੇਟ ਬੈਂਕ ਦਿੱਕਤਾਂ ਨਾਲ ਸਿੱਝ ਸਕਦੀ ਹੈ ਜਿਵੇਂ ਕਿ ਯੈੱਸ ਬੈਂਕ ਦੇ ਮਾਮਲੇ ਵਿਚ ਹੋਇਆ ਹੈ ਜਿਸ ਨੂੰ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਇਕ ਬੈਂਕ ਸਮੂਹ ਵਲੋਂ ਬਚਾਇਆ ਗਿਆ ਹੈ ਜੋ ਜ਼ਾਹਰਾ ਤੌਰ ’ਤੇ ਭਾਰਤੀ ਰਿਜ਼ਰਵ ਬੈਂਕ ਦੇ ਇਸ਼ਾਰੇ ’ਤੇ ਹੀ ਹੋਇਆ ਸੀ।
ਸਮੁੱਚੀ ਕਹਾਣੀ ਦਾ ਸਬਕ ਇਹ ਹੈ ਕਿ ਅਧਿਕਾਰੀਆਂ ਨੂੰ ਨਾ ਕੇਵਲ ਵੈਂਚਰ ਕੈਪੀਟਲ ਦੀ ਨਕਦੀ ਦੀ ਊਰਜਾ ਖਪਤ ਕਰਨ ਵਾਲੇ ਤਕਨੀਕੀ ਸਟਾਰਟਅੱਪਸ ਸਗੋਂ ਉਨ੍ਹਾਂ ਦੇ ਫੰਡਾਂ ਦੇ ਮਾਲਕ ਬੈਂਕਰਾਂ ’ਤੇ ਵੀ ਨਜ਼ਰ ਰੱਖਣੀ ਪਵੇਗੀ ਜੋ ਇਕ ਦਿਨ ਹੁੰਦੇ ਹਨ ਤੇ ਅਗਲੇ ਦਿਨ ਬਾਹਰ ਹੁੰਦੇ ਹਨ। ਇਸ ਦਾ ਮਤਲਬ ਹੈ ਕਰੀਬੀ ਨਿਗਰਾਨੀ ਤੇ ਜੇ ਲੋੜ ਪਵੇ ਤਾਂ ਸਿੱਧੇ ਜਾਂ ਅਸਿੱਧੇ ਰੂਪ ਵਿਚ ਦਖ਼ਲ। ਇਹ ਅਮਰੀਕਾ ਵਿਚ ਮਯੱਸਰ ਸਪੇਸ ਨਾਲੋਂ ਕਾਫ਼ੀ ਜੁਦਾ ਹੈ ਜਿੱਥੇ ਨਵੇਂ ਉਦਮਾਂ ਨੂੰ ਪਣਪਣ ਅਤੇ ਅਮਰੀਕੀ ਤੇ ਆਲਮੀ ਅਰਥਚਾਰੇ ਨੂੰ ਅਗਾਂਹ ਲਿਜਾਣ ਲਈ ਕਾਫ਼ੀ ਅਹਿਮ ਸਾਬਿਤ ਹੁੰਦੀ ਹੈ। ਇਸ ਦਾ ਵਿਰੋਧਾਭਾਸ ਇਹ ਹੈ ਕਿ ਜਮ੍ਹਾਂ ਪੂੰਜੀਆਂ ਰੱਖਣ ਵਾਲਿਆਂ ਅੰਦਰ ਸਹਿਮ ਫੈਲਣਾ ਨਿਜ਼ਾਮਾਂ ਲਈ ਵਾਰਾ ਨਹੀਂ ਖਾਂਦਾ ਹਾਲਾਂਕਿ ਨਵੇਂ ਕਾਰੋਬਾਰਾਂ ਦੇ ਉਥਾਨ ਲਈ ਉਨ੍ਹਾਂ ਨੂੰ ਰਚਨਾਤਮਿਕਤਾ ਦੀ ਲੋੜ ਪੈਂਦੀ ਹੈ।
* ਲੇਖਕ ਆਰਥਿਕ ਮਾਮਲਿਆਂ ਦਾ ਸੀਨੀਅਰ ਵਿਸ਼ਲੇਸ਼ਕ ਹੈ।