ਹੁਣ ਤਾਂ ਬੁੱਢੇ ਬੋਹੜ ਦੀਆਂ ਛਾਵਾਂ ਉਦਾਸ ਨੇ... - ਮਨਜਿੰਦਰ ਸਿੰਘ ਸਰੌਦ

ਕਿੰਨੇ ਭਲੇ ਵੇਲੇ ਸਨ ਜਦੋਂ ਸ਼ਾਮ ਨੂੰ ਸੱਥਾ ਜੁੜਦੀਆਂ ਸਨ। ਬਜ਼ੁਰਗ,ਨਿੱਕੇ ਨਿਆਣੇ ਤੇ ਜਵਾਨ ਇਕੱਠੇ ਹੋ ਕੇ ਇੱਕ ਦੂਜੇ ਨੂੰ ਠਹਾਕੇ ਲਾ ਕੇ ਟਿੱਚਰਾਂ ਕਰ ਮਹੌਲ ਨੂੰ ਰੰਗੀਨ ਬਣਾ ਦਿੰਦੇ ਸਨ। ਪਿੱਪਲਾਂ ਤੇ ਬੋਹੜਾਂ ਥੱਲੇ ਅੱਜ ਸੁੰਨੀ ਧਰਤ ਭਾਂ ਭਾਂ ਕਰਦੀ ਕਾਲਜੇ ਨੂੰ ਚੀਰ ਜਾਂਦੀ ਹੈ। ਉਨ੍ਹਾਂ ਵੇਲਿਆਂ ਨੂੰ ਯਾਦ ਕਰ ਹੌਲ ਜਿਹਾ ਪੈਂਦੈ। ਜਦ ਤੀਆਂ ਦੇ ਦਿਨ ਹੁੰਦੇ ਸੀ ਕਿੰਨੀਆਂ ਹੀ ਕੁੜੀਆਂ ਸ਼ਾਮ ਨੂੰ ਕਿਸੇ ਸਾਂਝੀ ਥਾਂ ਇਕੱਠੀਆਂ ਹੋ ਅਪਣੇ ਮਨ ਦਾ ਬੋਝ ਹਲਕਾ ਕਰਦੀਆਂ ਸਨ। ਉਹ ਜੋਟੀਆਂ ਬਣਾ  ਆਪਣੇ ਦਿਲ ਦੀਆਂ ਸੱਧਰਾਂ ਨੂੰ ਹਲੂਣਦੀਆਂ ਸਨ ਪਰ ਹੁਣ ਤੀਆਂ ਦੀਆਂ ਤਾੜੀਆਂ ਦੀ ਥਾਂ ਡੀ.ਜੇ. ਦੀ ਗੜੜਹਾਟ ਨੇ ਮੱਲ ਲਈ ਹੈ।
                             ਮੇਰੇ ਪਿੰਡ ਦੀ ਬਾਬੇ ਦੀ ਮਾੜੀ ਜਿੱਥੇ ਕਦੇ ਕੁੜੀਆਂ ਇਕੱਠੀਆ ਹੋ ਚਾਂਬੜਾਂ ਪਾਉਂਦੀਆਂ ਸਨ,ਅੱਜ ਧਾਹਾਂ ਮਾਰਦੀ ਪ੍ਰਤੀਤ ਹੁੰਦੀ ਹੈ। ਮੀਂਹ ਪਾਉਣ ਦੇ ਲਈ ਗੁੱਡੀ ਫੂਕਣ ਵਾਲੀਆਂ ਮਾਈਆਂ ਦੇ ਪਿੱਛੇ ਪਿੱਛੇ ਜਾਣਾ ਤਾਂ ਕਿ ਮਿੱਠੀਆਂ ਰੋਟੀਆਂ ਖਾਵਾਂਗੇ। ਸਭ ਕੁਝ ਅਲੋਪ ਹੋ ਚੁੱਕਿਐ। ਕਿੰਨਾਂ ਮੋਹ ਸੀ ਜਵਾਨੀ ਵਿੱਚ ਉਹ ਵੀ ਸੱਚਾ ਤੇ ਸੁੱਚਾ,ਕੁਝ ਦਿਨ ਪਹਿਲਾਂ ਪਿੰਡ ਦੀ ਇੱਕ ਲੜਕੀ ਜੋ ਪ੍ਰੋਗਰਾਮ ਵਿੱਚ ਮਿਲੀ ਆਖਣ ਲੱਗੀ ਵੀਰਾ ਹੁਣ ਤਾਂ ਤੈਨੂੰ ਰੇਡੀਓ, ਟੀਵੀ, ਅਖ਼ਵਾਰਾਂ ਵਿੱਚ ਦੇਖਦੇ ਸੁਣਦੇ ਹਾਂ। ਪੰਦਰਾਂ ਵਰ੍ਹੇ ਹੋ ਚੱਲੇ ਨੇ ਤੈਨੂੰ ਮਿਲਿਆਂ,ਸੁਣ ਮਨ ਨੂੰ ਧੱਕਾ ਲੱਗਿਐ ਕਿ ਅਸੀਂ ਕਿੱਥੇ ਗੁਆਚ ਗਏ ਬੇ-ਮਤਲਬ ਜਿਹੇ? ਕਿੱਥੇ ਪਹੁੰਚਾ ਦਿੱਤਾ ਅੱਜ ਦੇ ਮਨੁੱਖ ਨੂੰ,ਤਰੱਕੀ ਦੇ ਰਾਹ ਤੇ ਹੋ ਰਹੇ ਵਿਨਾਸ ਨੇ,ਇਹ ਕਿਹੋ ਜਿਹਾ ਮਾਡਰਨ ਜ਼ਮਾਨਾ ਆਇਆ ਹੈ ਸਾਰਾ ਕੁਝ ਖੋਹ ਲਿਐ। ਇਸ ਨੇ ਚਾਰ ਦਿਨ ਦਾ ਵਿਆਹ ਦੋ ਘੰਟੇ ਵਿੱਚ ਬਦਲ ਦਿੱਤੈ।
                              ਚੰਦਰੀ ਤਰੱਕੀ ਨੇ ਬਦਲੇ ਹਾਲਾਤਾਂ ਨੇ ਆਪਸੀ ਭਾਈਚਾਰਕ ਸਾਂਝ ਫੀਤਾ ਫੀਤਾ ਕਰ ਦਿੱਤੀ। ਹੁਣ ਦੀ ਜਵਾਨੀ ਤੇ ਇੰਟਰਨੈਟ ਦਾ ਭੂਤ ਸਵਾਰ ਹੈ। ਗੇਮਾਂ ਦਾ ਜਾਦੂ ਦਿਮਾਗ ਤੇ ਭਾਰੀ ਪੈ ਚੁੱਕਿਐ। ਮੋਬਾਇਲ ਤੇ ਨੀਲੀਆਂ ਫਿਲਮਾਂ ਤੇ ਮਾੜੇ ਗੀਤ ਅੱਜ ਦੀ ਜਵਾਨੀ ਹਰ ਸਮੇਂ ਅਪਣੇ ਨਾਲ ਚੁੱਕੀ ਫਿਰਦੀ ਐ। ਫੀਸ਼ ਭਾਵੇਂ ਸਕੂਲ ਦੀ ਨਾ ਦਿੱਤੀ ਜਾਵੇ ਪਰ ਮੋਟਰ ਸਾਈਕਲ ਜਰੂਰ ਚਾਹੀਦੈ। ਬਾਂਦਰ ਕੀਲਾ,ਗੁੱਲੀ ਡੰਡਾ,ਤੇ ਮਿੱਟੀ ਦੇ ਬਾਬੇ ਦੀ ਘੋੜੀ ਨੂੰ ਸਾਰੇ ਭੁੱਲ ਚੁੱਕੇ ਨੇ ਸੱਥਾਂ ਉਜਾੜਾ ਬਣ ਚੁੱਕੀਆਂ ਨੇ, ਮੇਰੇ ਪਿੰਡ ਵਾਲੇ ਨਾਥ ਚਾਚੇ ਤੇ ਬੀਰੇ ਭਲਵਾਨ ਦੀ ਸੱਥ ਵਾਲਾ ਥੜਾ ਦੇਖ ਕਾਲਜੇ ਵਿੱਚ ਚੀਸ ਉਠਦੀ ਹੈ। ਸਵੇਰ ਵੇਲੇ ਦੁਧ ਧੱੜਕ ਪੀਣ ਦੀ ਜਗ੍ਹਾ ਠੇਕੇ ਦੀ ਸੰਤਰਾ ਮਾਰਕਾ ਨੂੰ ਦੇਖ ਮਨ ਭਰ ਆਉਂਦਾ ਹੈ। ਇਨ੍ਹਾਂ ਕੁਝ ਗਵਾ ਲਿਆ ਪਰ ਪਾਇਆ ਕੀ ਕੁਝ ਵੀ ਨਹੀਂ। ਸਾਡੇ ਕੋਲ ਸੰਤੁਸ਼ਟੀ ਵੀ ਨਹੀਂ ਰਹੀ। ਇਸ ਬਦਲੇ ਤਣਾਅ ਨੇ ਆ ਵਿਹੜਾ ਮੱਲਿਆ। ਸਬਰ ਸੰਤੋਖ ਨੇ ਭੁੱਖ ਤੇ ਹਵਸ ਅੱਗੇ ਗੋਡੇ ਟੇਕ ਦਿੱਤੇ।
                              ਮਨ ਨੇ ਸੋਚਿਆ ਕਦੀ ਫਿਰ ਮਿਲੇਗੀ,ਉਹ ਮੌਜ਼ ਤੇ ਸਾਦਗੀ ਯਾਦ ਆਉਦੀ ਹੈ ਹਰੀਪਾਲ ਦੀ ਥੇਹ ਵਾਲੀ ਭੂਤਾਂ ਦੀ ਮੋਟਰ, ਪ੍ਰਮਾਤਮਾ ਸਮੱਤ ਬਖ਼ਸੇ,ਦਿਲਾਂ ਦੀ ਟੁੱਟੀਆਂ ਸਾਂਝਾਂ ਮੁੜ ਜੁੜ ਜਾਣ ਤੇ ਏਕੇ ਦੀ ਮਹਿਕ ਖਿਲਰੇ। ਇਹੋ ਹਰ ਪੰਜਾਬੀ ਨੂੰ ਕਾਮਨਾ ਕਰਨੀ ਚਾਹੀਦੀ ਹੈ। ਭਾਵੇਂ ਤਰੱਕੀ ਸਮੇਂ ਦੀ ਵੱਡੀ ਮੰਗ ਹੈ ਪਰ ਸਮੇਂ ਨਾਲੋਂ ਕਈ ਕਦਮ ਅੱਗੇ ਲੰਘ ਕੀਤੀ ਤਰੱਕੀ ਦਾ ਰਸਤਾ ਵਿਨਾਸ ਵੱਲ ਜਾਂਦਾ ਹੈ।

ਮਨਜਿੰਦਰ ਸਿੰਘ ਸਰੌਦ
ਮਲੇਰਕੋਟਲਾ
ਫੌਨ - 94634-63136

16 Oct. 2018