ਪੰਜਾਬ ਅੰਦਰ ਦਿਨ-ਦਿਹਾੜੇ ਹੋ ਰਹੇ ਕਤਲਾਂ ਨੇ ਸੂਬੇ ਦੀ ਸਮੁੱਚੀ ਫਿਜ਼ਾ ਨੂੰ ਚਾੜ੍ਹਿਆ ਖ਼ੂਨੀ ਰੰਗ - ਮਨਜਿੰਦਰ ਸਿੰਘ ਸਰੌਦ
- ਪਿਛਲੇ ਦਿਨਾਂ ਤੋਂ ਪੰਜਾਬ ਦੀ ਧਰਤੀ ਤੇ ਮਾਵਾਂ ਦੇ ਢਿੱਡੋਂ ਜੰੰਮਿਆਂ ਦੇ ਖੂਨੋ-ਖੂਨ ਹੋਣ ਦੀ ਦਰਦਨਾਕ ਦਾਸਤਾਨ ਨੂੰ ਵੇਖ ਕਿਸੇ ਵੀ ਭਲੇ ਇਨਸਾਨ ਦਾ ਕਾਲਜਾ ਮੂੰਹ ਨੂੰ ਆਉਂਦਾ ਹੈ ਕਿ ਅਸੀਂ ਕਿੱਧਰ ਨੂੰ ਤੁਰ ਪਏ ਹਾਂ । ਕਾਨੂੰਨ ਦੇ ਡਰ-ਭੈਅ ਤੋਂ ਬੇ-ਫਿਕਰ ਨਜ਼ਰ ਆ ਰਹੇ ਹਰ ਰੋਜ਼ ਕਿੰਝ ਹੱਸਦੇ ਵੱਸਦੇ ਪਰਿਵਾਰਾਂ ਦੇ 'ਬਲੀ ਪੁੱਤ' ਨਿਜੀ ਲੜਾਈ ਝਗੜਿਆਂ ਅਤੇ ਨਸ਼ੇ ਦੀ ਬਦੌਲਤ ਕਿਸ ਰੰਗਲੇ ਜਹਾਨ ਤੋਂ ਰੁਖ਼ਸਤ ਹੋ ਰਹੇ ਹਨ । ਪਿਛਲੇ ਦਿਨਾਂ ਤੋਂ ਕਈ ਇਨਸਾਨੀ ਜ਼ਿੰਦਗੀਆਂ ਇਸ ਸਾਰੇ ਦਰਦਨਾਕ ਵਰਤਾਰੇ ਦੀ ਭੇਟ ਚੜ੍ਹ ਗਈਆਂ ਤੇ ਉਸ ਤੋਂ ਪਹਿਲਾਂ ਵੀ ਪੰਜਾਬ ਅੰਦਰ ਕਈ ਨਾਮੀ ਸ਼ਖਸੀਅਤਾਂ ਇਸ ਨਰਸੰਘਾਰ ਵਿੱਚ ਜਾਨ ਗੁਆ ਚੁੱਕੀਆਂ ਹਨ ।
ਪੰਜਾਬ ਦੇ ਸਾਰੇ ਹੀ ਖਿੱਤਿਆਂ ਅੰਦਰ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਜ਼ਮੀਨ, ਪੈਸਿਆਂ ਦੇ ਲੈਣ-ਦੇਣ, ਨਿੱਜੀ ਰੰਜਿਸ਼ ਬਾਜ਼ੀ, ਵਿਆਹ ਸ਼ਾਦੀਆਂ 'ਚ ਹੋ ਰਹੇ ਕਤਲੇਆਮ ਜਾਂ ਝਗੜਿਆਂ ਨੇ ਲੰਘੇ ਮਾੜੇ ਸਮਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ । ਇਸ ਤੋਂ ਇਲਾਵਾ ਨਸ਼ੇ ਦਾ ਕਹਿਰ ਵੀ ਪੰਜਾਬ ਦੇ ਪਰਿਵਾਰਾਂ ਤੇ ਬਿਜਲੀ ਬਣਕੇ ਟੁੱਟ ਰਿਹਾ ਹੈ । ਕੜੀਆਂ ਵਰਗੇ ਨੌਜਵਾਨ ਪੁੱਤਰ ਇਸ ਦੀ ਭੇਟ ਚੜ੍ਹ ਰਹੇ ਹਨ । ਬੀਤੇ ਸਮੇਂ ਤੇ ਝਾਤੀ ਮਾਰੀਏ ਤਾਂ ਅਕਸਰ ਪੰਜਾਬ ਅੰਦਰ ਪਾਣੀ ਦੀਆਂ ਵਾਰੀਆਂ ਜਾਂ ਜ਼ਮੀਨਾਂ ਪਿੱਛੇ ਕਤਲ ਆਮ ਗੱਲ ਹੁੰਦੀ ਸੀ ।
ਪਰ ਹੈਰਾਨੀ ਦੀ ਹੱਦ ਉਸ ਵੇਲੇ ਹੁੰਦੀ ਹੈ ਜਦ ਅਸੀਂ ਇੱਕੀ ਇੱਕੀਵੀਂ ਸਦੀ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਵੀ ਮਹਿਜ਼ ਫੋਕੀ ਸ਼ੋਹਰਤ ਜਾਂ ਪੈਸਿਆਂ ਦੀ ਖਾਤਰ ਖ਼ਾਤਰ ਨੌਜਵਾਨ ਜ਼ਿੰਦਗੀਆਂ ਦਾ ਕਤਲ ਕਰਨ ਤੋਂ ਵੀ ਨਹੀਂ ਝਿਜਕਦੇ । ਆਪਣੇ ਨੌਜਵਾਨ ਪੁੱਤਰਾਂ ਦੀਆਂ ਲਾਸ਼ਾਂ ਨੂੰ ਵੇਖ ਕੇ ਪੰਜਾਬ ਦੀਆਂ ਮਾਵਾਂ ਦੇ ਅੱਖਾਂ ਵਿੱਚੋਂ ਨੀਰ ਮੁੱਕਿਆ ਨਜ਼ਰੀਂ ਪੈਂਦਾ ਹੈ । ਅੱਜ ਜਦ ਕਾਲਜਾਂ ਤੋਂ ਬਾਅਦ ਯੂਨੀਵਰਸਿਟੀਆਂ ਦੇ ਪਡ਼੍ਹੇ ਲਿਖੇ ਨੌਜਵਾਨ ਵਿਦੇਸ਼ਾਂ ਅੰਦਰ ਪ੍ਰਵਾਸ ਕਰ ਰਹੇ ਹਨ ਤਾਂ ਨੌਜਵਾਨ ਖ਼ੂਨ ਦੇ ਪਿਆਸੇ ਹੋ ਕੇ ਇਕ ਦੂਜੇ ਦੀਆਂ ਛਾਤੀਆਂ ਗੋਲੀਆਂ ਨਾਲ ਛਲਣੀ ਕਰਨ ਤੋਂ ਬਾਅਦ ਜੇਲ੍ਹ ਦੀਆਂ ਸੀਖਾਂ ਪਿੱਛੇ ਦਿਨ ਕਟੀ ਕਰ ਰਹੇ ਹਨ । ਜੇਕਰ ਲੰਘੇ ਦਿਨਾਂ ਦੇ ਅੰਕੜਿਆਂ ਤੇ ਝਾਤੀ ਮਾਰੀਏ ਤਾਂ ਪੰਜਾਬ ਜਾਂ ਨਾਲ ਲੱਗਦੇ ਪੰਜਾਬੀ ਇਲਾਕਿਆਂ ਅੰਦਰ ਦਰਜਨਾਂ ਵੱਡੀਆਂ ਤੇ ਬੇਹੱਦ ਮਾੜੀਆਂ ਘਟਨਾਵਾਂ ਨੇ ਪੰਜਾਬੀਆਂ ਦਾ ਨਾਂ ਪੂਰੀ ਦੁਨੀਆਂ ਵਿੱਚ ਕਲੰਕਤ ਕੀਤਾ ਹੈ ।
ਇਸ ਤੋਂ ਇਲਾਵਾ ਹਰ ਰੋਜ਼ ਹੋ ਰਹੇ ਛੋਟੇ-ਮੋਟੇ ਝਗੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ । ਜੇਕਰ ਇਨ੍ਹਾਂ ਘਟਨਾਵਾਂ ਦੇ ਹੋਣ ਪਿੱਛੇ ਦੇ ਕਾਰਨਾਂ ਨੂੰ ਘੋਖੀਏ ਤਾਂ ਸਿਰਫ਼ ਪੈਸੇ, ਹਉਮੈ ਅਤੇ ਨਿਜੀ ਰੰਜਸ਼ ਬਾਜ਼ੀ ਦੇ ਚਲਦਿਆਂ ਪੰਜਾਬ ਦੀ ਧਰਤੀ 'ਲਹੂ ਰੰਗੀ' ਹੋ ਰਹੀ ਹੈ । ਪੰਜਾਬ ਜਿਸ ਨੂੰ ਕਿਸੇ ਸਮੇਂ 'ਗੁਰਾਂ ਦੇ ਨਾਂ ਤੇ ਵੱਸਣ ਦੀ ਵਡਿਆਈ ਦਿੱਤੀ ਗਈ ਅੱਜ ਚਾਚਾ-ਭਤੀਜਾ , ਪਿਉ-ਪੁੱਤਰਾਂ ਦੇ ਕਾਤਲ ਦੇ ਰੂਪ ਵਿੱਚ ਸਾਹਮਣੇ ਆਉਂਦਾ ਵਿਖਾਈ ਦੇ ਰਿਹਾ । ਕਾਫੀ ਸਮਾਂ ਪਹਿਲਾਂ ਪੰਜ ਦਰਿਆਵਾਂ ਦੀ ਧਰਤੀ ਤੇ ਇਕ ਪੁੱਤਰ ਨੇ ਆਪਣੇ ਮਾਂ ਪਿਓ, ਸਕੇ ਚਾਚੇ ਨੇ ਭਤੀਜੇ ਦੀ ਅਤੇ ਸਕੇ ਭਤੀਜੇ ਨੇ ਚਾਚੇ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਕੇ ਪਵਿੱਤਰ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੱਤਾ ਸੀ ਪਰ ਅਫਸੋਸ ਦੀ ਗੱਲ ਹੈ ਕਿ ਮੌਜੂਦਾ ਸਮੇਂ ਇਹ ਵਰਤਾਰਾ ਹਰ ਰੋਜ਼ ਕਿਤੇ ਨਾ ਕਿਤੇ ਵਾਪਰ ਰਿਹਾ ਹੈ ।
ਸਮਝ ਵਿੱਚ ਨਹੀਂ ਆਉਂਦਾ ਕਿ ਆਖ਼ਰ 'ਚੰਦ ਟੁਕੜਿਆਂ' ਦੀ ਖਾਤਰ ਇਨਸਾਨ ਵੱਲੋਂ ਇਨਸਾਨ ਦੀ ਬਲੀ ਲੈਣ ਦਾ ਇਹ ਸਿਲਸਿਲਾ ਕਦੋਂ ਰੁਕੇਗਾ, ਕਦੋਂ ਅਸੀਂ ਸਮਝਾਂਗੇ ਕਿ ਇਨਸਾਨ ਮੁੜ੍ਹਕੇ ਵਾਪਸ ਨਹੀਂ ਆਉਂਦਾ ਜਿੰਦਗੀ ਇਕ ਵਾਰ ਹੀ ਕਰਮਾਂ ਨਾਲ ਨਸੀਬ ਹੁੰਦੀ ਹੈ । ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਪੰਜਾਬ ਵਿੱਚ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਨਾ ਹੋਵੇ । ਅਦਾਲਤਾਂ ਅੰਦਰ ਹਜ਼ਾਰਾਂ ਦੀ ਗਿਣਤੀ 'ਚ ਚੱਲ ਰਹੇ ਕੇਸ ਇਸ ਦੀ ਮੂੰਹ ਬੋਲਦੀ ਤਸਵੀਰ ਹਨ । ਸਰਕਾਰ ਲੋਕਾਂ ਨੂੰ ਆਪਣੇ ਵਾਅਦੇ ਗਿਣਾਉਣ ਵਿਚ ਮਸ਼ਰੂਫ ਹੈ । ਜਦਕਿ ਸਰਕਾਰ ਨੂੰ ਵੱਡੇ ਫ਼ੈਸਲੇ ਲੈਂਦਿਆਂ ਅਜਾਈਂ ਜਾ ਰਹੀਆਂ ਇਨਸਾਨੀ ਜ਼ਿੰਦਗੀਆਂ ਨੂੰ ਬਚਾਉਣ ਦੇ ਲਈ ਸਖ਼ਤ ਅਤੇ ਸੰਭਲ ਕੇ ਕਦਮ ਰੱਖਣ ਦੀ ਲੋੜ ਹੈ ।
ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
9463463136