ਪਾਣੀ ਸੰਕਟ ਕਾਰਨ ਤਬਾਹੀ ਵੱਲ ਵਧ ਰਹੀ ਦੁਨੀਆ - ਗੁਰਮੀਤ ਸਿੰਘ ਪਲਾਹੀ

ਰਾਜਸਥਾਨ ਦੇ ਬੂੰਦੀ ਜ਼ਿਲੇ ਦੇ ਭੀਮਗੰਜ ਪਿੰਡ 'ਚ ਮੌਸਮ`ਚ ਗਰਮੀ ਵਧਦਿਆਂ ਹੀ ਖੂਹਾਂ ਦਾ ਪਾਣੀ ਸੁੱਕਣ ਲੱਗਾ ਹੈ। ਇਕ ਫੋਟੋ ਰਿਪੋਰਟ ਅਨੁਸਾਰ ਇਥੋਂ ਦੀਆਂ ਔਰਤਾਂ ਹਰ ਰੋਜ਼ ਇਕ ਰੱਸੀ ਨਾਲ 120 ਫੁੱਟ ਡੂੰਘੇ ਖੂਹ ਵਿਚ ਉਤਰਦੀਆ ਹਨ, ਤਦ ਜਾਕੇ ਇਕ ਵਲਟੋਹੀ (ਚਾਰੀ) ਪਾਣੀ ਨਿਕਲਦਾ ਹੈ ਅਤੇ ਇੰਨਾ ਕੁ ਪਾਣੀ, ਆਪਣੇ ਪਰਿਵਾਰ ਦੀ ਪਿਆਸ ਬੁਝਾਉਣ ਲਈ, ਵਰਤਿਆ ਜਾਂਦਾ ਹੈ।

              ਨਿਊਯਾਰਕ 'ਚ ਸੰਯੁਕਤ ਰਾਸ਼ਟਰ ਵਲੋਂ ਆਯੋਜਿਤ ਜਲ ਕਾਨਫਰੰਸ 'ਚ ਬੋਲਦਿਆਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ  ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਦੁਨੀਆ ਤਬਾਹ ਹੋ ਸਕਦੀ ਹੈ। ਦੁਨੀਆ ਦਾ ਹਰ ਚੌਥਾ ਮਨੁੱਖ ਪਾਣੀ ਪੀਣ ਤੋਂ ਵਾਂਝਾ ਹੋ ਰਿਹਾ ਹੈ। ਇਸ ਵੇਲੇ 1.7 ਅਰਬ ਲੋਕ ਇਸ ਬੁਨਿਆਦੀ ਲੋੜ ਤੋਂ ਵਿਰਵੇ ਹੋ ਰਹੇ ਹਨ।

              ਪਾਣੀ ਦੀ ਦੁਰਵਰਤੋਂ ਕਰਕੇ ਮਨੁੱਖ ਅੱਜ ਆਪ, ਆਪਣੇ ਲਈ ਮੁਸੀਬਤ ਸਹੇੜ ਰਿਹਾ ਹੈ, ਇਹ ਜਾਣਦਿਆਂ ਹੋਇਆਂ ਵੀ ਕਿ ਪਾਣੀ ਜ਼ਿੰਦਗੀ 'ਚ ਮਨੁੱਖ ਲਈ ਖੂਨ ਵਾਂਗ ਹੈ, ਸਾਡਾ ਭੋਜਨ, ਵਾਤਾਵਰਨ ਅਤੇ ਬਨਸਪਤੀ ਸਭ ਕੁਝ ਪਾਣੀ ਨਾਲ ਜੁੜਿਆ ਹੋਇਆ ਹੈ ਅਤੇ ਇਹੀ ਦੁਨੀਆ ਨੂੰ ਖੁਸ਼ਹਾਲ ਰੱਖਣ ਦਾ ਸਾਧਨ ਹਨ।

               ਕੀ ਪਾਣੀ ਤੋਂ ਬਿਨ੍ਹਾਂ ਖੇਤੀਬਾੜੀ ਸੰਭਵ ਹੈ?  ਨਹੀਂ ਨਾ। ਨਿਰਮਾਣ ਊਰਜਾ, ਉਤਪਾਦਨ ਤੇ ਸਿਹਤ ਸਫ਼ਾਈ ਦਾ ਗੂੜ੍ਹਾ ਸੰਬੰਧ ਹੈ। ਪਰ ਪਾਣੀ ਦੀ ਬਰਬਾਦੀ ਕਰਕੇ ਅਸੀਂ ਆਪਣਾ ਖ਼ੂਨ ਆਪ ਪੀਣ ਲੱਗੇ ਹਾਂ। ਅਸੀਂ ਪਾਣੀ ਦੇ ਚੱਕਰ ਨੂੰ ਤੋੜ ਦਿੱਤਾ ਹੈ। ਸਾਡਾ ਈਕੋ ਸਿਸਟਮ ਤਬਾਹ ਹੋ ਰਿਹਾ ਹੈ, ਸਾਡਾ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ। ਪਾਣੀ ਦੀ ਅੰਨੀ ਵਰਤੋਂ ਨੇ ਕੁਦਰਤੀ ਆਫ਼ਤਾਂ ਨੂੰ ਸੱਦਾ ਦਿੱਤਾ ਹੋਇਆ ਹੈ।

              ਭਾਰਤ ਦੇਸ਼ ਦੇ ਕਈ ਇਲਾਕੇ ਇਹੋ ਜਿਹੇ ਹਨ, ਜਿਥੋਂ ਦੇ ਪਾਣੀ ਵਿੱਚ ਜ਼ਹਿਰੀਲੇ ਰਸਾਇਣ ਤੱਤ ਘੁਲੇ ਹੋਏ ਹਨ। ਇਸਦੇ ਕਾਰਨ ਉਹਨਾਂ ਖੇਤਰਾਂ ਦਾ ਪਾਣੀ ਕਿਸੇ ਵੀ ਕੰਮ ਦਾ ਨਹੀਂ ਰਿਹਾ। ਜਿਹੜਾ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ, ਉਸਨੂੰ ਪੀਣ ਯੋਗ ਬਨਾਉਣ ਲਈ ਅਤੇ ਇਸਤੇਮਾਲ ਕਰਨ ਲਈ ਲੋਕਾਂ ਵਿੱਚ ਕੋਈ ਵੀ ਦਿਲਚਸਪੀ ਨਹੀਂ ਹੈ। ਇਸ ਲਈ ਨਦੀਆਂ, ਨਾਲਿਆਂ, ਝੀਲਾਂ ਦੇ ਸਾਫ਼ ਪਾਣੀ ਲਈ ਜਾਣਿਆ ਜਾਂਦਾ ਭਾਰਤ, ਜਲ ਸੰਕਟ ਵਿੱਚ ਦੂਜੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਅੱਗੇ ਹੈ। ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ (ਭੋਜਨ ਅਤੇ ਖੇਤੀ ਸੰਸਥਾ) ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਪਾਣੀ ਸੰਕਟ ਦਾ ਕਾਰਨ ਧਰਤੀ ਹੇਠਲੇ ਪਾਣੀ ਦੀ ਬੇਤਹਾਸ਼ਾ ਵਰਤੋਂ ਹੈ।

              ਕੇਂਦਰੀ ਭੂਮੀ ਦੇ ਜਲ ਬੋਰਡ ਦੇ ਅਨੁਸਾਰ ਭਾਰਤ ਵਿੱਚ ਸਿੰਜਾਈ ਲਈ ਹਰ ਸਾਲ 230 ਅਰਬ ਘਣ ਮੀਟਰ ਧਰਤੀ ਹੇਠਲਾ ਪਾਣੀ ਕੱਢਿਆ ਜਾਂਦਾ ਹੈ, ਇਸ ਕਾਰਨ ਦੇਸ਼ ਦੇ ਕਈ ਇਲਾਕਿਆਂ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠ ਚਲਾ ਗਿਆ ਹੈ। ਭਾਰਤ ਵਿੱਚ ਧਰਤੀ ਹੇਠੋਂ ਕੱਢਿਆ 88 ਫੀਸਦੀ ਪਾਣੀ ਸਿੰਜਾਈ ਲਈ ਵਰਤਿਆ ਜਾਂਦਾ ਹੈ।9 ਫੀਸਦੀ ਘਰੇਲੂ ਜ਼ਰੂਰਤਾਂ ਲਈ ਅਤੇ ਤਿੰਨ ਫੀਸਦੀ ਉਦਯੋਗਾਂ ਲਈ ਵਰਤੋਂ 'ਚ ਆਉਂਦਾ ਹੈ।

              ਵੱਖੋ-ਵੱਖਰੇ ਸਰਵੇਖਣ ਦੱਸਦੇ ਹਨ ਕਿ ਭਾਰਤ ਵਿੱਚ ਪਾਣੀ ਦੀ ਬਰਬਾਦੀ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਖੇਤੀ ਖੇਤਰ 'ਚ ਇਸਦੀ ਜ਼ਿਆਦਾ ਵਰਤੋਂ ਹੈ। ਜਿਹਨਾਂ ਫਸਲਾਂ ਦਾ ਸਮਰੱਥਨ ਮੁੱਲ ਦੇਸ਼ ਵਿੱਚ ਸਭ ਤੋਂ ਜ਼ਿਆਦਾ ਹੈ। ਉਹਨਾਂ ਫਸਲਾਂ ਦਾ ਕਿਸਾਨ ਉਤਪਾਦਨ ਕਰਦੇ ਹਨ। ਉਦਾਹਰਨ ਦੇ ਤੌਰ 'ਤੇ ਪੰਜਾਬ, ਬਿਹਾਰ, ਝਾਰਖੰਡ, ਛੱਤੀਸਗੜ੍ਹ 'ਚ ਝੋਨਾ, ਪੱਛਮੀ ਉੱਤਰ ਪ੍ਰਦੇਸ਼ ਵਿੱਚ ਗੰਨਾ ਅਤੇ ਦੂਜੇ ਰਾਜਾਂ 'ਚ ਪੰਜਾਬ ਸਮੇਤ ਕਣਕ ਅਤੇ ਕਪਾਹ ਦੀ ਖੇਤੀ ਨੂੰ ਕਿਸਾਨ ਪਹਿਲ ਦਿੰਦੇ ਹਨ।ਇਸ ਕਾਰਨ ਕਈ ਸੂਬਿਆਂ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਨੀਵਾਂ ਚਲੇ ਜਾਂਦਾ ਹੈ ਕਿ ਨਲਕਿਆਂ ਵਿਚੋਂ ਪਾਣੀ ਨਿਕਲਣਾ ਵੀ ਮੁਸ਼ਕਲ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਪੰਜਾਬ ਵਿਚਲੇ 138 ਬਲਾਕਾਂ ਵਿਚੋਂ 128 ਬਲਾਕਾਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠ ਡਿੱਗ ਗਿਆ ਹੈ।ਭਾਰਤ ਦੀ ਨਿੱਤੀ ਅਯੋਗ ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਭਾਰਤ ਦੇ 766 ਜ਼ਿਲਿਆਂ 'ਚੋਂ 256 ਜ਼ਿਲਿਆਂ ਵਿੱਚ ਪਾਣੀ ਸੰਕਟ ਨੇ ਦਸਤਕ ਦੇ ਦਿੱਤੀ ਹੈ।ਪੰਜਾਬ ਨੂੰ ਇਸ ਸਬੰਧੀ ਵੱਧ ਖਤਰਾ ਹੈ।      

              ਤਦ ਵੀ ਕਿਸਾਨ ਇਹੋ ਜਿਹੀਆਂ ਫਸਲਾਂ ਉਗਾਉਣ ਲਈ ਮਜ਼ਬੂਰ ਹਨ। ਜਿਨ੍ਹਾਂ ਤੇ ਪਾਣੀ ਦੀ ਖਪਤ ਜ਼ਿਆਦਾ ਹੈ, ਕਿਉਂਕਿ ਦੇਸ਼ ਵਿੱਚ ਖੇਤੀ ਘਾਟੇ ਦੀ ਹੋ ਕੇ ਰਹਿ ਗਈ ਹੈ। ਅਤੇ ਕਿਸਾਨ ਖੁਦਕੁਸ਼ੀਆਂ 'ਚ ਨਿਰੰਤਰ ਵਾਧਾ ਹੋ ਰਿਹਾ ਹੈ। ਪਾਣੀ ਦੇ ਸੰਕਟ 'ਚ ਵਾਧੇ ਦਾ ਇਕ ਹੋਰ ਕਾਰਨ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਬੋਤਲਾਂ ਵਿੱਚ ਪਾਣੀ ਵੇਚਣ ਵਾਲੀਆਂ ਕੰਪਨੀਆਂ ਨੇ ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਆਰੰਭੀ ਹੋਈ ਹੈ, ਜਿਸ ਨਾਲ ਪਾਣੀ ਦਾ ਸੰਕਟ ਹੋਰ ਗਹਿਰਾ ਹੋਣ ਦੀ ਖ਼ਬਰ ਹੈ।

              ਪਾਣੀ ਦੀ ਘਾਟ ਭਾਰਤ ਸਮੇਤ ਦੁਨੀਆ ਦੇ ਹਰ ਖਿੱਤੇ 'ਚ ਵੱਧ ਰਹੀ ਹੈ। ਅਤੇ ਆਪਸੀ ਲੜਾਈ ਝਗੜੇ ਦੀ ਜੜ੍ਹ ਬਣ  ਰਹੀ ਹੈ। ਕਈ ਲੋਕਾਂ ਦਾ ਖਿਆਲ ਤਾਂ ਇਹ ਹੈ ਕਿ ਅਗਲੇ ਵਿਸ਼ਵ ਯੁੱਧ ਦਾ ਕਾਰਨ 'ਪਾਣੀ' ਹੋਵੇਗਾ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਜੋ 2022 'ਚ ਛਾਪੀ ਗਈ , ਇਹ ਦੱਸਦੀ ਹੈ ਕਿ ਝੀਲਾਂ, ਪਾਣੀ ਦੇ ਕੁਦਰਤੀ ਸੋਮਿਆਂ ਦੇ ਪ੍ਰਦੂਸ਼ਣ ਕਾਰਨ ਧਰਤੀ ਉਤੇ  ਸਮੱਸਿਆਵਾਂ ਲਗਾਤਾਰ ਵਧ ਰਹੀਆਂ ਹਨ।

              ਭਾਰਤ ਦੀ ਸਰਕਾਰ ਨੇ ਭਾਵੇਂ ਸਮੇਂ-ਸਮੇਂ  ਲੋੜ ਤੋਂ ਘੱਟ ਪਾਣੀ ਮਿਲਣ ਕਾਰਨ ਪੈਦਾ ਹੋਏ ਤਣਾਅ ਨੂੰ ਘਟਾਉਣ ਲਈ 2012 'ਚ ਜਲ ਨੀਤੀ ਬਣਾਈ, ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ, ਜਲ ਸ਼ਕਤੀ ਅਭਿਆਨ, ਅਟਲ ਭੂ-ਜਲ ਯੋਜਨਾ ਅਤੇ 2020 'ਚ ਜਲ ਜੀਵਨ ਯੋਜਨਾ ਰਾਹੀਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਦਾ ਯਤਨ ਕੀਤਾ, ਪਰ ਇਹ ਯੋਜਨਾਵਾਂ ਵੀ ਕਾਰਗਰ ਸਾਬਤ ਨਹੀਂ ਹੋਈਆਂ ਕਿਉਂਕਿ ਧਰਤੀ ਦਾ ਤਾਪਮਾਨ (ਪਾਰਾ) ਵਧ ਰਿਹਾ ਹੈ ਅਤੇ ਪਾਣੀ ਦੀ ਕਿੱਲਤ ਅਤੇ ਪ੍ਰੇਸ਼ਾਨੀਆਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ।

              ਭਾਵੇਂ ਵਿਸ਼ਵ ਭਰ 'ਚ ਜਲ ਸੰਕਟ ਦੇ ਕਾਰਨ ਕੁਝ ਵੀ ਹੋਣ, ਪਰ ਪਿਛਲੇ ਵੀਹ ਸਾਲਾਂ ਤੋਂ ਜਿਵੇਂ ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਗਰੀਨ ਹਾਊਸ ਗੈਸਾਂ ਦਾ ਅਸਰ ਹੋ ਰਿਹਾ ਹੈ। ਗਲੋਬਲ ਵਾਰਮਿੰਗ(ਧਰਤੀ ਦੇ ਤਾਪਮਾਨ 'ਚ ਵਾਧਾ), ਇਸ ਨਾਲ "ਅਲ-ਨੀਨੋ" ਦਾ ਪ੍ਰਭਾਵ ਦਿਸਦਾ ਹੈ। ਮੀਂਹ ਘਟ ਰਹੇ ਹਨ, ਗਰਮੀ ਬੇਤਹਾਸ਼ਾ ਵਧ ਰਹੀ ਹੈ।

              ਪਾਣੀ ਦਾ ਸੰਕਟ ਸਾਡੇ ਤਾਣੇ-ਬਾਣੇ ਨੂੰ ਹੀ ਪ੍ਰਭਾਵਿਤ ਨਹੀਂ ਕਰ ਰਿਹਾ ਸਗੋਂ ਸਾਡੇ ਆਰਥਿਕ ਵਿਕਾਸ, ਸਿਹਤ ਅਤੇ ਬਨਸਪਤੀ , ਜੀਵ ਜੰਤੂਆਂ ਉਤੇ ਵੀ ਉਲਟ ਅਸਰ ਪਾ ਰਿਹਾ ਹੈ। ਬਿਮਾਰੀਆਂ ਦਾ ਪਸਾਰ ਹੋ ਰਿਹਾ ਹੈ। ਸਮੇਂ ਦੀ ਬਰਬਾਦੀ ਹੋ ਰਹੀ ਹੈ। ਬਿਜਲੀ ਦੀ ਖਪਤ ਅਤੇ ਇਸਦਾ ਉਤਪਾਦਨ ਸਾਡੀ ਜ਼ਿੰਦਗੀ ਉਤੇ ਵੱਡੀ ਪੱਧਰ 'ਤੇ ਅਸਰ ਪਾ ਰਿਹਾ ਹੈ।

              ਸਮਾਜਿਕ ਪ੍ਰਭਾਵ ਇੰਨਾ ਵਧ ਰਿਹਾ ਹੈ ਕਿ ਇੱਕ ਛਪੀ ਖ਼ਬਰ ਅਨੁਸਾਰ ਮਹਾਰਾਸ਼ਟਰ ਦੇ ਪੇਂਡੂ ਇਲਾਕਿਆਂ 'ਚ ਲੋਕ ਦੂਜਾ ਵਿਆਹ ਇਸ ਕਰਕੇ ਕਰਾਉਣ  ਲਗ ਪਾਏ ਹਨ ਕਿ ਇੱਕ ਔਰਤ ਘਰ ਦਾ ਕੰਮ ਕਾਰ ਵੇਖੇਗੀ ਅਤੇ ਦੂਜੀ ਔਰਤ ਘਰ ਦੀਆਂ ਪਾਣੀ  ਲੋੜਾਂ ਪੂਰੀਆਂ ਕਰਨ ਲਈ ਕੰਮ ਕਰੇਗੀ। ਖੂਹਾਂ ਜਾਂ ਹੋਰ ਥਾਵਾਂ ਤੋਂ ਪਾਣੀ ਲਿਆਏਗੀ। ਜੇਕਰ ਹੋਰ ਰਾਜਾਂ 'ਚ ਵੀ ਇਹ ਵਰਤਾਰਾ ਵਧ ਗਿਆ ਤਾਂ ਭਵਿੱਖ 'ਚ ਕੀ ਭਾਰਤ ਦੇ ਸਮਾਜਿਕ , ਧਾਰਮਿਕ  ਅਤੇ  ਪਰਿਵਾਰਿਕ ਸਮੱਸਿਆਵਾਂ ਦਾ ਇਹ ਕਾਰਨ ਨਹੀਂ ਬਣੇਗਾ?

              ਕਰੋੜਾਂ ਲਿਟਰ ਪਾਣੀ ਨਿੱਤ ਬਰਬਾਦ ਹੁੰਦਾ ਹੈ। ਕਰੋੜਾਂ ਲਿਟਰ ਪਾਣੀ ਪ੍ਰਦੂਸ਼ਿਤ ਹੁੰਦਾ ਹੈ। ਕਾਰਖਾਨਿਆਂ ਵਾਲੇ ਪਾਣੀ ਟਰੀਟ (ਸਾਫ) ਕਰਨ ਦੀ ਵਿਜਾਏ ਇਸ ਗੰਦੇ ਪਾਣੀ ਨੂੰ ਜ਼ਮੀਨ 'ਚ ਬੋਰ ਰਾਹੀਂ  ਪਹੁੰਚਾ ਦਿੰਦੇ ਹਨ।  

              ਖਾਦਾਂ, ਕੀਟਨਾਸ਼ਕਾਂ ਕਾਰਨ ਪਾਣੀ ਜ਼ਹਿਰੀਲਾ ਹੁੰਦਾ ਹੈ। ਇੱਕ ਰਿਪੋਰਟ 'ਚ ਦਰਸਾਇਆ ਗਿਆ ਹੈ ਕਿ ਦੇਸ਼ ਦੇ ਤਿੰਨ ਲੱਖ ਤੋਂ ਜ਼ਿਆਦਾ ਬੁੱਚੜਖਾਨੇ ਕਰੋੜਾਂ ਲੀਟਰ ਪਾਣੀ ਬਰਬਾਦ ਕਰਦੇ ਹਨ। ਸਾਫ ਪਾਣੀ ਦੀ ਉਪਲੱਬਧਤਾ ਔਖੀ ਹੋ ਰਹੀ ਹੈ। ਪਾਣੀ ਦੁੱਧ ਅਤੇ ਪੈਟਰੋਲ ਨਾਲੋਂ ਵੀ ਮਹਿੰਗਾ ਮਿਲਦਾ ਹੈ। ਭਾਰਤ ਵਿੱਚ ਵੀ ਕਈ ਇਲਾਕੇ ਇਹੋ ਜਿਹੇ ਹਨ ਜਿਥੇ ਪਾਣੀ ਮਹਿੰਗਾ ਮਿਲਦਾ ਹੈ।

              ਭਾਰਤ ਵਿੱਚ ਤਾਂ ਪਾਣੀ ਦੀ ਕਿੱਲਤ ਗਲਤ ਸਰਕਾਰੀ ਨੀਤੀਆਂ ਕਾਰਨ ਹੈ। ਦਿੱਲੀ ਅਤੇ ਇਸਦੇ ਆਲੇ-ਦੁਆਲੇ ਹਰਿਆਣਾ ਵਿੱਚ ਧਰਤੀ ਦੇ ਹੇਠਲਾ ਪਾਣੀ ਆਪਣੇ ਪਹਿਲੇ ਪੱਧਰ ਤੋਂ ਦਸ ਤੋਂ ਪੰਦਰਾਂ ਫੁੱਟ ਨੀਵਾਂ ਚਲਾ ਗਿਆ ਹੈ।

              ਚਾਹੀਦਾ ਤਾਂ ਇਹ ਸੀ ਪ੍ਰਦੂਸ਼ਿਤ ਪਾਣੀ ਨੂੰ ਸਾਫ਼ ਕਰਨ ਲਈ ਪ੍ਰਬੰਧ ਹੁੰਦੇ। ਬਹੁ-ਰਾਸ਼ਟਰੀ ਕੰਪਨੀਆਂ ਜੋ ਬੋਤਲ ਬੰਦ ਪਾਣੀ ਮੁਹੱਈਆ ਕਰਦੀਆਂ ਹਨ, ਉਹਨਾ ਉਤੇ ਬੰਦਿਸ਼ਾਂ ਲਗਾਈਆਂ ਜਾਂਦੀਆਂ । ਸਿੰਚਾਈ ਲਈ ਨਹਿਰੀ ਪਾਣੀਆਂ ਦਾ ਪ੍ਰਬੰਧ ਹੁੰਦਾ। ਦਰਖਤਾਂ, ਜੰਗਲਾਂ ਦੀ ਅੰਨੇਵਾਹ ਕਟਾਈ ਨਾ ਹੁੰਦੀ ਤਾਂ ਕਿ ਮੀਂਹ ਠੀਕ ਢੰਗ ਨਾਲ ਪੈਂਦੇ। ਮੀਂਹ ਦੇ ਪਾਣੀ ਨੂੰ ਛੱਪੜਾਂ ਤੇ ਹੋਰ ਡੂੰਘੇ ਥਾਵਾਂ ਤੇ ਇਕੱਠੇ ਕੀਤਾ ਜਾਂਦਾ। ਇਸ ਸਭ ਕੁਝ ਲਈ ਸਖ਼ਤ ਕਾਨੂੰਨ ਬਣਦੇ ਅਤੇ ਉਹਨਾ ਨੂੰ ਲਾਗੂ ਕੀਤਾ ਜਾਂਦਾ।

              ਇਸਰਾਈਲ ਦੇਸ਼ ਸਾਰੀ ਦੁਨੀਆਂ ਸਾਹਮਣੇ ਜਲ ਪ੍ਰਬੰਧ ਦੀ ਵੱਡੀ ਉਦਾਹਰਨ ਹੈ। ਜਿਥੇ ਤੁਪਕਾ ਪ੍ਰਬੰਧ ਰਾਹੀਂ ਖੇਤੀ ਹੁੰਦੀ ਹੈ।ਉਥੇ ਪ੍ਰਦੂਸ਼ਿਤ ਪਾਣੀ  ਨੂੰ ਰੀਸਾਈਕਲ ਕਰਕੇ ਮੁੜ ਵਰਤੋਂ ਯੋਗ ਕੀਤਾ ਜਾਂਦਾ ਹੈ।

    -ਗੁਰਮੀਤ ਸਿੰਘ ਪਲਾਹੀ

    -9815802070