ਪੰਜਾਬ : ਖੇਡ ਸਭਿਆਚਾਰ ਨੂੰ ਸੁਰਜੀਤ ਕਰਨਾ ਜ਼ਰੂਰੀ - ਗੁਰਬਚਨ ਜਗਤ
ਮੇਰਾ ਚਿੱਤ ਕਰਦਾ ਹੈ ਕਿ ਇਕ ਵਾਰ ਫਿਰ ਮੈਂ ਪੁਣੇ ਦੇ ਸਕੂਲ ਦੇ ਦਿਨਾਂ ਵੱਲ ਮੁੜ ਜਾਵਾਂ। ਪੰਜਾਬ ਵਿਚ ਚੱਲ ਰਹੇ ਵਰਤਾਰਿਆਂ ਵੱਲ ਮੈਂ ਜਿੰਨਾ ਜ਼ਿਆਦਾ ਵੇਖਦਾ ਹਾਂ, ਉਂਨਾ ਹੀ ਜ਼ਿਆਦਾ ਮੈਂ ਆਪਣੇ ਅਤੀਤ ਦੇ ਘੋਂਸਲੇ ਵੱਲ ਚਲਾ ਜਾਂਦਾ ਹਾਂ। ਖੇਡ ਮੈਦਾਨ ਵੱਲ ਝਾਤ ਮਾਰਿਆਂ ਦੇਖਦਾ ਹਾਂ ਕਿ ਇਹ ਵੀ ਉਜੜ ਗਏ ਜਾਪਦੇ ਹਨ। ਮੈਨੂੰ ਯਾਦ ਹੈ ਕਿ ਜਦੋਂ ਹਾਕੀ ਵਿਚ ਸਾਡਾ ਦਬਦਬਾ ਹੁੰਦਾ ਸੀ, ਉਦੋਂ ਬੰਬਈ (ਹੁਣ ਮੁੰਬਈ) ਵਿਚ ਆਗ਼ਾ ਖ਼ਾਨ ਹਾਕੀ ਟੂਰਨਾਮੈਂਟ ਹੋਇਆ ਕਰਦਾ ਸੀ। ਪੰਜਾਬ ਪੁਲੀਸ ਦੀ ਹਾਕੀ ਟੀਮ ਹਮੇਸ਼ਾ ਉਸ ਟੂਰਨਾਮੈਂਟ ਵਿਚ ਹਿੱਸਾ ਲੈਂਦੀ ਸੀ ਅਤੇ ਅਕਸਰ ਫਾਈਨਲ ਮੁਕਾਬਲਾ ਖੇਡਿਆ ਕਰਦੀ ਸੀ।
ਦੱਖਣੀ ਤੇ ਪੱਛਮੀ ਸੂਬਿਆਂ ਵਿਚ ਰਹਿੰਦੇ ਪੰਜਾਬੀ ਹੁੰਮ ਹੁਮਾ ਕੇ ਮੈਚ ਦੇਖਣ ਆਉਂਦੇ ਸਨ ਕਿਉਂਕਿ ਉਦੋਂ ਹਜੇ ਟੀਵੀ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ। ਜਿਸ ਤਰ੍ਹਾਂ ਉਸ ਟੂਰਨਾਮੈਂਟ ਵਿਚ ਸਾਡਾ ਸਿੱਕਾ ਜੰਮਿਆ ਹੋਇਆ ਸੀ, ਹਰ ਕਿਸੇ ਨੂੰ ਉਸ ਮੁਕਾਬਲੇ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਸੀ। ਫੇਰ ਕਲਕੱਤਾ (ਹੁਣ ਕੋਲਕਾਤਾ) ਵਿਚ ਬੇਯਟਨ ਕੱਪ ਕਰਾਇਆ ਜਾਂਦਾ ਸੀ ਅਤੇ ਉੱਥੇ ਵੀ ਪੰਜਾਬ ਪੁਲੀਸ ਦੀ ਟੀਮ ਨੂੰ ਖੇਡਦਿਆਂ ਦੇਖਣ ਲਈ ਚਾਰੇ ਪਾਸਿਆਂ ਤੋਂ ਪੰਜਾਬੀ ਆਉਂਦੇ ਸਨ। ਜਲੰਧਰ ਦੇ ਬਾਹਰਵਾਰ ਪੈਂਦੇ ਇਕ ਛੋਟੇ ਜਿਹੇ ਪਿੰਡ ਸੰਸਾਰਪੁਰ ਨੇ ਹੀ 14 ਓਲੰਪੀਅਨ ਪੈਦਾ ਕੀਤੇ ਹਨ।
ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਅਜੀਤ ਪਾਲ ਸਿੰਘ... ਆਦਿ ਜਿਹੇ ਸਾਰੇ ਭਾਰਤੀ ਹਾਕੀ ਦੇ ਸਿਰਮੌਰ ਨਾਂ ਗਿਣੇ ਜਾਂਦੇ ਹਨ ਅਤੇ ਉਨ੍ਹਾਂ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ (ਇਸ ਸੁਨਹਿਰੀ ਕਾਲ ਵਿਚ ਲਗਾਤਾਰ ਛੇ ਸੋਨ ਤਗਮੇ ਜਿੱਤੇ ਗਏ ਸਨ)। ਅੱਜ ਵੀ ਭਾਰਤੀ ਟੀਮ ਵਿਚ ਚੰਗੀ ਨੁਮਾਇੰਦਗੀ ਹੈ ਪਰ ਪੰਜਾਬ ਅਤੇ ਭਾਰਤ ਵਿਚ ਵੀ ਹਾਕੀ ਆਪਣੇ ਅਤੀਤ ਦੇ ਸ਼ਾਨਾਂਮੱਤੇ ਪਰਛਾਵੇਂ ਹੇਠ ਜੀਅ ਰਹੀ ਹੈ। ਕੌਮੀ ਖੇਡ ਵਜੋਂ ਹਾਕੀ ਦੀ ਥਾਂ ਹੁਣ ਕ੍ਰਿਕਟ ਨੇ ਲੈ ਲਈ ਹੈ। ਹੋਰਨਾਂ ਸੂਬਿਆਂ ਤੋਂ ਉਲਟ ਇਹ ਖੇਡ ਸਾਡੇ ਨੌਜਵਾਨਾਂ ਦੇ ਚਿੱਤ ਚੇਤਿਆਂ ਵਿਚ ਥਾਂ ਨਹੀਂ ਬਣਾ ਸਕੀ। ਹਰਭਜਨ ਸਿੰਘ, ਯੁਵਰਾਜ ਸਿੰਘ, ਅਰਸ਼ਦੀਪ ਸਿੰਘ ਅਤੇ ਸ਼ੁਭਮਨ ਗਿੱਲ ਇਸ ਦੇ ਕੁਝ ਅਪਵਾਦ ਕਹੇ ਜਾ ਸਕਦੇ ਹਨ। ਦਿਲਚਸਪ ਤੱਥ ਇਹ ਹੈ ਕਿ ਧੋਨੀ, ਪਾਂਡੀਆ, ਸ਼ਮੀ, ਸਿਰਾਜ ਆਦਿ ਛੋਟੇ ਛੋਟੇ ਕਸਬਿਆਂ ਤੋਂ ਆਏ ਹਨ ਨਾ ਕਿ ਬੰਬਈ, ਕਲਕੱਤਾ ਜਾਂ ਦਿੱਲੀ ਵਰਗੇ ਮਹਾਂਨਗਰਾਂ ਤੋਂ। ਗ਼ਰੀਬ ਘਰਾਂ ਦੇ ਨੌਜਵਾਨਾਂ ਅੰਦਰ ਸਫਲਤਾ, ਮਸ਼ਹੂਰੀ ਅਤੇ ਇਨਾਮਾਂ ਦੀ ਭੁੱਖ ਹੁੰਦੀ ਹੈ ਅਤੇ ਉਨ੍ਹਾਂ ਕੋਲ ਸਫਲ ਹੋਣ ਦਾ ਜਜ਼ਬਾ ਅਤੇ ਤਾਕਤ ਵੀ ਹੁੰਦੀ ਹੈ।
ਪੰਜਾਬ ਦੀ ਧਰਤੀ ਨੇ ਕਈ ਮਹਾਨ ਪਹਿਲਵਾਨ ਵੀ ਪੈਦਾ ਕੀਤੇ ਹਨ ਜਿਨ੍ਹਾਂ ਵਿਚ ਗਾਮਾ ਪਹਿਲਵਾਨ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੱਬੋਵਾਲ ਦਾ ਜੰਮਪਲ ਸੀ ਅਤੇ ਰੁਸਤਮ-ਏ-ਹਿੰਦ ਵਜੋਂ ਜਾਣਿਆ ਜਾਂਦਾ ਸੀ, ਰੁਸਤਮ-ਏ-ਹਿੰਦ ਦਾਰਾ ਸਿੰਘ, ਕਰਤਾਰ ਸਿੰਘ ਪਹਿਲਵਾਨ ਜਿਸ ਨੇ ਏਸ਼ਿਆਈ ਖੇਡਾਂ ਵਿਚ ਸੋਨ ਤਗਮਾ ਜਿੱਤਿਆ ਸੀ। ਕੁਸ਼ਤੀ ਪੰਜਾਬ ਦੇ ਪੇਂਡੂ ਖੇਤਰ ਦੀ ਇਕ ਵੱਕਾਰੀ ਖੇਡ ਮੰਨੀ ਜਾਂਦੀ ਹੈ। ਪੰਜਾਬ ਦੇ ਪਿੰਡਾਂ ਵਿਚ ਸਰੀਰਕ ਦਮ ਖ਼ਮ ਵਾਲੀਆਂ ਖੇਡਾਂ ਅਤੇ ਸਭਿਆਚਾਰਕ ਮੇਲੇ ਕਰਵਾਉਣ ਦੀ ਰੀਤ ਬਹੁਤ ਪੁਰਾਣੀ ਹੈ। ਕੁਸ਼ਤੀ ਮੁਕਾਬਲਿਆਂ ਨੂੰ ਪੇਂਡੂ ਲਹਿਜ਼ੇ ਵਿਚ ਛਿੰਝ ਆਖਿਆ ਜਾਂਦਾ ਹੈ ਅਤੇ ਪਹਿਲਵਾਨ ਅਤੇ ਦਰਸ਼ਕ ਹੁੰਮ ਹੁਮਾ ਕੇ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਸਨ। ਕੁਸ਼ਤੀ ਤੋਂ ਇਲਾਵਾ ਕਬੱਡੀ ਮੁਕਾਬਲਿਆਂ ਦਾ ਵੀ ਇਕ ਵੱਖਰਾ ਸਰੂਰ ਹੁੰਦਾ ਸੀ ਜਿਨ੍ਹਾਂ ਨੂੰ ਵੇਖਣ ਲਈ ਦੂਰੋਂ ਦੂਰੋਂ ਲੋਕ ਵਹੀਰਾਂ ਘੱਤ ਕੇ ਜੁੜਦੇ ਸਨ। ਕਬੱਡੀ ਖਿਡਾਰੀਆਂ ਦੀ ਲੋਕਪ੍ਰਿਅਤਾ ਦਾ ਇਹ ਆਲਮ ਹੁੰਦਾ ਸੀ ਕਿ ਉਨ੍ਹਾਂ ਦੇ ਨਾਵਾਂ ਦੀ ਚਰਚਾ ਘਰ ਘਰ ਹੋਇਆ ਕਰਦੀ ਸੀ। ਕਬੱਡੀ ਤੋਂ ਇਲਾਵਾ ਗੱਤਕਾ ਅਤੇ ਭਾਰੇ ਪੱਥਰ ਜਾਂ ਮਿੱਟੀ ਦੇ ਥੈਲਿਆਂ ਦੇ ਰੂਪ ਵਿਚ ਭਾਰ ਤੋਲਣ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਸਨ।
ਪਿੰਡ ਕਿਲਾ ਰਾਏਪੁਰ ਵਿਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਵਲੋਂ ਕਰੀਬ ਸੱਠ ਸਾਲ ਪਹਿਲਾਂ ਸ਼ੁਰੂ ਹੋਈਆਂ ਖੇਡਾਂ ਪੇਂਡੂ ਜੀਵਨ ਜਾਚ ਦੀ ਝਾਕੀ ਬਣ ਗਈਆਂ। ਹੌਲੀ ਹੌਲੀ ਸਕੂਲਾਂ ਅਤੇ ਕਾਲਜਾਂ ਵਿਚ ਵੀ ਇਸ ਨੂੰ ਹੱਲਾਸ਼ੇਰੀ ਮਿਲਣ ਲੱਗੀ ਅਤੇ ਇਹ ਖਿਡਾਰੀਆਂ ਦੀਆਂ ਨਰਸਰੀਆਂ ਬਣ ਗਏ। ਮੈਨੂੰ ਡੀਏਵੀ ਕਾਲਜ ਜਲੰਧਰ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚਕਾਰ ਹੋਣ ਵਾਲਾ ਸਾਲਾਨਾ ਮੈਚ ਹਜੇ ਵੀ ਚੰਗੀ ਤਰ੍ਹਾਂ ਯਾਦ ਹੈ ਅਤੇ ਪੰਜਾਬ ਦੇ ਖੇਡ ਕੈਲੰਡਰ ਦਾ ਉਹ ਇਕ ਅਹਿਮ ਮੁਕਾਮ ਹੁੰਦਾ ਸੀ ਜਿਸ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਵਿਦਿਆਰਥੀ ਖਿਡਾਰੀ ਪਹੁੰਚਦੇ ਸਨ। ਅੱਜ ਸਾਡਾ ਗੁਆਂਢੀ ਸੂਬਾ ਹਰਿਆਣਾ ਬਿਹਤਰੀਨ ਪਹਿਲਵਾਨ, ਮੁੱਕੇਬਾਜ਼ ਅਤੇ ਜੈਵਲਿਨ ਥ੍ਰੋਅਰਾਂ ਜਿਹੇ ਅਥਲੀਟ ਵੀ ਪੈਦਾ ਕਰ ਰਿਹਾ ਹੈ। ਹਰਿਆਣਾ ਅਤੇ ਦਿੱਲੀ ਦੇ ਅਖਾੜਿਆ ਵਿਚ ਹਰਿਆਣਾ ਦੇ ਨੌਜਵਾਨ ਮੁੰਡੇ ਕੁੜੀਆਂ ਦੀ ਭਰਮਾਰ ਰਹਿੰਦੀ ਹੈ ਅਤੇ ਜਿੱਥੋਂ ਸਿਖਲਾਈ ਲੈ ਕੇ ਉਹ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਣ ਲਈ ਉਡਾਣ ਭਰਦੇ ਹਨ।
ਫੁਟਬਾਲ ਵਿਚ ਕਈ ਦਹਾਕੇ ਪਹਿਲਾਂ ਪੰਜਾਬ ਪੁਲੀਸ ਜਲੰਧਰ ਦਾ ਲੀਡਰਜ਼ ਕਲੱਬ ਜਿਸ ਨੂੰ ਸਨਅਤਕਾਰ ਦਵਾਰਕਾ ਦਾਸ ਸਹਿਗਲ ਦੀ ਸਰਪ੍ਰਸਤੀ ਹਾਸਲ ਸੀ, ਫਗਵਾੜਾ ਦਾ ਜੇਸੀਟੀ ਕਲੱਬ ਜਿਸ ਨੂੰ ਸਮੀਰ ਥਾਪਰ ਵਲੋਂ ਥਾਪੜਾ ਦਿੱਤਾ ਜਾਂਦਾ ਸੀ, ਆਦਿ ਟੀਮਾਂ ਦੇ ਦਸਤਕ ਦੇਣ ਨਾਲ ਇਸ ਖੇਡ ਦੇ ਪਸਾਰ ਦੀਆਂ ਉਮੀਦਾਂ ਜਾਗੀਆਂ ਸਨ। ਇਕ ਸਮਾਂ ਸੀ ਜਦੋਂ ਪੰਜਾਬ ਨੇ ਜਰਨੈਲ ਸਿੰਘ, ਇੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਜਿਹੇ ਕੌਮੀ ਫੁਟਬਾਲਰ ਪੈਦਾ ਕੀਤੇ ਸਨ। ਈਸਟ ਬੰਗਾਲ, ਮੋਹਨ ਬਾਗਾਨ ਜਿਹੇ ਕਲੱਬ ਖਿਡਾਰੀ ਭਰਤੀ ਕਰਨ ਲਈ ਪੰਜਾਬ ਆਉਂਦੇ ਸਨ। ਅਥਲੈਟਿਕ ਮੁਕਾਬਲਿਆਂ ਵਿਚ ਵੀ ਪੰਜਾਬ ਚੰਗੀ ਕਾਰਗੁਜ਼ਾਰੀ ਦਿਖਾ ਰਿਹਾ ਸੀ ਜਿੱਥੇ ਅਜਮੇਰ ਸਿੰਘ (400 ਮੀਟਰ, ਏਸ਼ਿਆਈ ਸੋਨ ਤਗਮਾ ਜੇਤੂ), ਪ੍ਰਦੁੰਮਣ ਸਿੰਘ (ਸ਼ਾਟ ਪੁੱਟ ਵਿਚ ਏਸ਼ਿਆਈ ਮੁਕਾਬਲਿਆਂ ਵਿਚ ਸੋਨ ਤਗਮਾ), ਗੁਰਬਚਨ ਸਿੰਘ (ਡੀਕੈਥਲਾਨ, ਏਸ਼ਿਆਈ ਮੁਕਾਬਲਿਆਂ ਵਿਚ ਸੋਨ ਤਗਮਾ) ਅਤੇ ਬਿਨਾਂ ਸ਼ੱਕ ਮਿਲਖਾ ਸਿੰਘ ਜਿਹੇ ਅਥਲੀਟਾਂ ਦੇ ਨਾਂ ਆਉਂਦੇ ਹਨ। ਓਲੰਪਿਕ ਵਿਚ ਸੋਨ ਤਗਮਾ ਜਿੱਤਣ ਵਾਲਿਆਂ ਵਿਚ ਸਾਡੀ ਇਕਮਾਤਰ ਹਾਜ਼ਰੀ ਅਭਿਨਵ ਬਿੰਦਰਾ (ਨਿਸ਼ਾਨੇਬਾਜ਼ੀ) ਨੇ ਲਵਾਈ। ਗੋਲਫ ਵਿਚ ਜੀਵ ਮਿਲਖਾ ਸਿੰਘ ਨੇ ਕਈ ਯੂਰਪੀਅਨ ਅਤੇ ਏਸ਼ੀਆਈ ਸਰਕਟਾਂ ਦੀਆਂ ਟਰਾਫ਼ੀਆਂ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਅਸੀਂ ਸਪੋਰਟਸ ਸਕੂਲਾਂ ਤੇ ਕਾਲਜਾਂ ਦਾ ਇਕ ਵਸੀਹ ਨਿਜ਼ਾਮ ਕਾਇਮ ਕੀਤਾ ਸੀ। ਇਨ੍ਹਾਂ ਦੀ ਕਿਹੋ ਜਿਹੀ ਕਾਰਗੁਜ਼ਾਰੀ ਰਹੀ? ਇਨ੍ਹਾਂ ਨੇ ਕੋਚਾਂ ਦੀ ਕਿਹੋ ਜਿਹੀ ਫ਼ੌਜ ਪੈਦਾ ਕੀਤੀ ਸੀ? ਹਰਿਆਣਾ, ਦਿੱਲੀ, ਉੱਤਰ ਪੂਰਬ, ਮਹਾਰਾਸ਼ਟਰ ਅਤੇ ਕੇਰਲਾ ਵਿਚ ਮੁੱਕੇਬਾਜ਼ੀ ਦੇ ਰਿੰਗਾਂ, ਅਥਲੈਟਿਕ ਟਰੈਕਾਂ ਅਤੇ ਸਟੇਡੀਅਮਾਂ ਵਿਚ ਨਿਰੰਤਰ ਸਰਗਰਮੀ ਚਲਦੀ ਰਹਿੰਦੀ ਹੈ। ਮੈਨੂੰ ਯਾਦ ਹੈ ਕਿ ਇੰਫਾਲ ਦੇ ਇਕ ਸਟੇਡੀਅਮ ਵਿਚ ਰੋਜ਼ਾਨਾ ਸਵੇਰੇ 2000 ਤੋਂ 3000 ਮੁੰਡੇ ਤੇ ਕੁੜੀਆਂ ਸਿਖਲਾਈ ਲੈਣ ਆਉਂਦੇ ਸਨ। ਬੇਸਬਾਲ ਤੇ ਬਾਸਕਟਬਾਲ ਵਿਚ ਹਰ ਸਾਲ ਅਮਰੀਕਾ ਤੋਂ ਟ੍ਰੇਨਰ ਸਿਖਲਾਈ ਦੇਣ ਆਉਂਦੇ ਹਨ। ਮੁੱਕੇਬਾਜ਼ੀ ਅਤੇ ਭਾਰ ਤੋਲਣ ਵਿਚ ਜਿੱਤੇ ਜਾਂਦੇ ਤਗਮਿਆਂ ਤੋਂ ਨਤੀਜੇ ਦੇਖੇ ਜਾ ਸਕਦੇ ਹਨ ਅਤੇ ਫੁਟਬਾਲਰ ਵੀ ਕੌਮੀ ਪੱਧਰ ’ਤੇ ਆਪਣਾ ਦਮ ਖ਼ਮ ਦਿਖਾ ਰਹੇ ਹਨ।
ਨੌਜਵਾਨਾਂ ਨੂੰ ਖੇਡਾਂ ਦੀ ਚੇਟਕ ਲਾਉਣ ਲਈ ਸੂਬਾ ਸਰਕਾਰ, ਸਨਅਤ ਅਤੇ ਪ੍ਰਾਈਵੇਟ ਵਿਦਿਆਦਾਨੀਆਂ ਨੂੰ ਮੋਹਰੀ ਭੂਮਿਕਾ ਨਿਭਾਉਣੀ ਪਵੇਗੀ। ਇਸ ਮਾਮਲੇ ਵਿਚ ਸਮਾਗਮ ਸੰਮੇਲਨ ਕਰਾਉਣ ਦੀ ਕੋਈ ਲੋੜ ਨਹੀਂ ਸਗੋਂ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਸਾਡੇ ਨੌਜਵਾਨ ਬੱਚਿਆਂ ਨੂੰ ਮੁੜ ਖੇਡ ਮੈਦਾਨ ਵਿਚ ਲਿਆਂਦਾ ਜਾ ਸਕੇ। ਸਨਅਤੀ ਅਤੇ ਸਰਕਾਰੀ ਆਗੂਆਂ ਨੂੰ ਕਲੱਬਾਂ ਅਤੇ ਟੂਰਨਾਮੈਂਟਾਂ ਨੂੰ ਸਪਾਂਸਰ ਕਰਨਾ ਚਾਹੀਦਾ ਹੈ। ਸਾਨੂੰ ਹਾਈ ਸਕੂਲ ਅਤੇ ਯੂਨੀਵਰਸਿਟੀ ਪੱਧਰ ’ਤੇ ਸਕਾਲਰਸ਼ਿਪਾਂ ਦੀ ਇਕ ਪ੍ਰਣਾਲੀ ਕਾਇਮ ਕਰਨ ਦੀ ਲੋੜ ਹੈ। ਵੱਕਾਰੀ ਟੂਰਨਾਮੈਂਟਾਂ ਲਈ ਸਨਅਤ ਅਤੇ ਸਰਕਾਰ ਵਲੋਂ ਸਪਾਂਸਰਸ਼ਿਪ ਹੋਣੀ ਚਾਹੀਦੀ ਹੈ ਜਿਸ ਨਾਲ ਕੌਮੀ ਪੱਧਰ ਦੇ ਕਲੱਬ ਪੰਜਾਬ ਆਉਣ ਲੱਗਣਗੇ। ਹਾਕੀ, ਫੁਟਬਾਲ, ਬਾਸਕਟਬਾਲ ਅਤੇ ਅਥਲੈਟਿਕਸ ਵਿਚ ਪੰਜਾਬ ਪੁਲੀਸ ਦੀਆਂ ਟੀਮਾਂ ਦੀ ਬਿਹਤਰ ਕਾਰਗੁਜ਼ਾਰੀ ਦਾ ਸਿਹਰਾ ਮਰਹੂਮ ਅਸ਼ਵਨੀ ਕੁਮਾਰ ਜਿਹੇ ਆਗੂਆਂ ਸਿਰ ਬੱਝਦਾ ਹੈ ਜਿਨ੍ਹਾਂ ਹਰੇਕ ਪੱਧਰ ’ਤੇ ਨਿੱਜੀ ਦਿਲਚਸਪੀ ਨਾਲ ਕੰਮ ਕੀਤਾ ਸੀ। ਨੌਜਵਾਨਾਂ ਅੰਦਰ ਵਿਦੇਸ਼ ਜਾਣ ਦੀ ਹੋੜ ਨੂੰ ਰੋਕਣ ਲਈ ਵੀ ਅਜਿਹਾ ਕਰਨਾ ਜ਼ਰੂਰੀ ਹੈ ਜਿਸ ਨਾਲ ਉਹ ਕਿਸੇ ਸਾਰਥਕ ਸਰਗਰਮੀ ਵਿਚ ਲੱਗ ਸਕਣ। ਹਰ ਸ਼ੋਹਬੇ ਵਿਚ ਮੋਹਰੀ ਹੋਣ, ਇਕ ਵਾਰ ਫਿਰ ਦੇਸ਼ ਦੀ ਖੜਗ ਭੁਜਾ ਬਣਨ, ਭਾਰਤ ਦੇ ਗਾਮੇ ਪਹਿਲਵਾਨ, ਦਾਰੇ ਸਿੰਘ ਅਤੇ ਮਿਲਖੇ ਸਿੰਘ ਬਣਨ ਲਈ ਪੰਜਾਬੀ ਜਜ਼ਬੇ ਨੂੰ ਮੁੜ ਜਗਾਉਣ ਲਈ ਖੇਡਾਂ ਮੁੱਖ ਜ਼ਰੀਆ ਬਣ ਸਕਦੀਆਂ ਹਨ। ਖੇਡ ਮੈਦਾਨ ਸਾਨੂੰ ਨਿੱਜੀ ਬੜਤਰੀ ਹਾਸਲ ਕਰਨ ਅਤੇ ਸਮੂਹਿਕ ਤੌਰ ’ਤੇ ਰਲ਼ ਮਿਲ ਕੇ ਕਾਰਨਾਮੇ ਕਰਨ ਦਾ ਸਬਕ ਸਿਖਾਉਂਦੀਆਂ ਹਨ ਜਿਵੇਂ ਕਿ ਵੈਲਿੰਗਟਨ ਨੇ ਇਕ ਵਾਰ ਆਖਿਆ ਸੀ ਕਿ ‘ਵਾਟਰਲੂ ਦੀ ਲੜਾਈ ਈਟਨ ਦੇ ਮੈਦਾਨਾਂ ’ਤੇ ਖੇਡਦੇ ਹੋਏ ਜਿੱਤੀ ਗਈ ਸੀ।’ ਕਿਸੇ ਵੇਲੇ ਪੰਜਾਬੀ ਨੌਜਵਾਨਾਂ ਅੰਦਰ ਖੇਡ ਮੈਦਾਨਾਂ ਲਈ ਧੂਹ ਪੈਂਦੀ ਸੀ ਪਰ ਹੁਣ ਅਜਿਹਾ ਨਹੀਂ ਹੈ ਅਤੇ ਮੇਰਾ ਖਿਆਲ ਹੈ ਕਿ ਇਸ ਅਲਾਮਤ ’ਤੇ ਧਿਆਨ ਦੇਣ ਦੀ ਲੋੜ ਹੈ। ਜਾਗੀਰਦਾਰ ਪੀਅਰ ਡੀ ਕੂਬਰਟਾਂ (ਆਧੁਨਿਕ ਓਲੰਪਿਕਸ ਦੇ ਬਾਨੀ) ਨੇ ਇਸ ਦਾ ਖੁਲਾਸਾ ਇੰਝ ਕੀਤਾ ਸੀ: ‘‘ਓਲੰਪਿਕ ਖੇਡਾਂ ਵਿਚ ਅਹਿਮ ਗੱਲ ਜਿੱਤ ਦੀ ਨਹੀਂ ਹੈ ਸਗੋਂ ਇਸ ਵਿਚ ਭਾਗ ਲੈਣ ਦੀ ਹੁੰਦੀ ਹੈ, ਜ਼ਿੰਦਗੀ ਵਿਚ ਜਿੱਤ ਦੀ ਨਹੀਂ ਸਗੋਂ ਜਦੋਜਹਿਦ ਦੀ ਅਹਿਮੀਅਤ ਹੁੰਦੀ ਹੈ, ਜ਼ਰੂਰੀ ਗੱਲ ਜਿੱਤ ਨਹੀਂ ਹੁੰਦੀ ਸਗੋਂ ਡਟ ਕੇ ਲੜਨ ਦੀ ਹੁੰਦੀ ਹੈ। ਇਨ੍ਹਾਂ ਸਿਧਾਂਤਾਂ ਦਾ ਪ੍ਰਸਾਰ ਕਰਨ ਲਈ ਇਕ ਮਜ਼ਬੂਤ ਅਤੇ ਵਧੇਰੇ ਜੁਝਾਰੂ ਹੀ ਨਹੀਂ ਸਗੋਂ ਇਸ ਤੋਂ ਵੀ ਵਧ ਕੇ ਇਮਾਨਦਾਰ ਅਤੇ ਫਰਾਖ਼ਦਿਲ ਮਾਨਵਜਾਤੀ ਦੀ ਸਿਰਜਣਾ ਕਰਨੀ ਪਵੇਗੀ।’’
* ਸਾਬਕਾ ਚੇਅਰਮੈਨ, ਯੂਪਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।