ਚੇਤ ਤੇ ਝਾਤੀ ਪਾਉਂਦਿਆਂ - ਸੁਖਪਾਲ ਸਿੰਘ ਗਿੱਲ
ਨਾਨਕ ਸ਼ਾਹੀ ਬਿਕਰਮੀ ਸੰਮਤ ਦਾ ਪਹਿਲਾ ਮਹੀਨਾ ਚੇਤ ਹੁੰਦਾ ਹੈ। ਅੰਗਰ੍ਰੇਜ਼ੀ ਮਹੀਨਿਆਂ ਵਿੱਚ ਮਾਰਚ ਦੇ ਦੂਜੇ ਪੰਦਰਵਾੜੇ ਤੋਂ ਸੁਰੂ ਹੋਕੇ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਦੇ ਆਖੀਰ ਤੱਕ ਹੁੰਦਾ ਹੈ। ਇਸ ਮਹੀਨੇ ਨਾਲ ਵੱਖਰੀ ਲੋਅ, ਵੱਖਰੀ ਖੁਸ਼ਬੂ ਅਤੇ ਵੱਖਰੀ ਰੌਣਕ ਹੁੰਦੀ ਹੈ। ਪ੍ਰਕ੍ਰਿਤੀ ਦੀ ਪਰਤੀ ਰੌਣਕ ਨਾਲ ਇਹ ਮਹੀਨਾ ਸੁਹਾਵਣਾ ਲੱਗਦਾ ਹੈ। ਚੇਤ ਮਹੀਨਾ ‘ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਏ’ ਦਾ ਸੁਨੇਹਾ ਦਿੰਦਾ ਹੈ। ਨਿਤ ਦਿਨ ਨਵੇਂ ਰੰਗ ਬਦਲਦੇ ਹਨ। ਸਾਹਿਤਕਾਰਾਂ ਨੂੰ ਵੀ ਸਾਹਿਤ ਰਚਨ ਦਾ ਇਸ ਮਹੀਨੇ ਹੁੰਗਾਰਾ ਤੇ ਹੁਲਾਰਾ ਮਿਲਦਾ ਹੈ। ਸਾਹਿਤ ਦਾ ਪ੍ਰਕ੍ਰਿਤੀ ਨਾਲ ਗੂੜ੍ਹਾ ਸਬੰਧ ਹੁੰਦਾ ਹੈ। ਇਹ ਮਹੀਨਾ ਇਹਨਾਂ ਸਤਰਾਂ ਦੀ ਤਰਜ਼ਮਾਨੀ ਕਰਦਾ ਹੈ:-
“ਫੱਗਣ ਖੰਭ ਲਪੇਟ ਕੇ, ਗੁੰਮਿਆ ਵਿੱਚ ਅਨੰਤ,
ਚੇਤ ਤੇ ਝਾਤੀ ਪਾਉਂਦਿਆਂ, ਚਾਮਲ ਗਈ ਬਸੰਤ”
ਰੁੱਤਾਂ, ਤਿੱਥਾਂ, ਦਿਨ, ਤਰੀਕਾ ਅਤੇ ਮੌਸਮ ਦੇ ਹੇਰ-ਫੇਰ ਨਾਲ ਵੀ ਇਹ ਮਹੀਨਾ ਬਹੁਤਾ ਨਹੀਂ ਬਦਲਿਆ। ਸਰਦੀ, ਗਰਮੀ, ਬਰਸਾਤ, ਪੱਤਝੜ ਤਕਰੀਬਨ ਆਪਣੇ ਟਿਕਾਣੇ ਤੇ ਕਾਇਮ ਰਹਿੰਦੀ ਹੈ। ਇਸ ਰੁੱਤੇ ਸਰਦੀ ਦੇ ਝੰਬਿਆਂ ਨੂੰ ਗਰਮੀ ਦਾ ਅਹਿਸਾਸ ਹੋਣ ਲੱਗਦਾ ਹੈ। ਚੇਤ ਦਾ ਧਾਰਮਿਕ ਅਤੇ ਪ੍ਰਕ੍ਰਿਤਿਕ ਪੱਖ ਬਹੁਤ ਸੋਹਣਾ ਹੈ। ਧਰਤੀ ਵੰਨ ਸੁਵੰਨੀ ਹੋਣ ਦਾ ਸੰਕੇਤ ਦਿੰਦੀ ਹੈ। ਹਿੰਦੂ ਧਰਮ ਨਾਲ ਇਸ ਮਹੀਨੇ ਦਾ ਵਿਸੇਸ ਸਬੰਧ ਹੈ। ਵਰਤ ਅਤੇ ਨਰਾਤੇ ਇਸ ਮਹੀਨੇ ਆਉਂਦੇ ਹਨ। ਨਰਾਤਿਆਂ ਵਿੱਚ ਦੁਰਗਾ ਪੂਜਾ ਕੀਤੀ ਜਾਂਦੀ ਹੈ। ਮਹਾਨ ਗੁਰਬਾਣੀ ਵਿੱਚ ਬਾਰਹਾ ਮਾਹਾ ਵਿੱਚ ਚੇਤ ਨੂੰ ਇਉਂ ਸਿਰਜਿਆ ਗਿਆ ਹੈ :-
“ਚੇਤਿ ਗੋਵਿੰਦੁ ਅਰਾਧੀਐ, ਹੋਵੈ ਅਨੰਦੁ ਘਣਾ”
ਵਿਸਾਖੀ ਤੇ ਕਣਕ ਦੀ ਆਸ ਉਡੀਕ ਵੀ ਇਸ ਮਹੀਨੇ ਤੇਜ ਹੋ ਜਾਂਦੀ ਹੈ। ਪੁੰਗਰਦੀ ਪ੍ਰਕ੍ਰਿਤੀ ਜ਼ਮਾਨੇ ਅਤੇ ਸਾਹਿਤ ਦਾ ਇਸ ਮਹੀਨੇ ਜਰੀਏ ਕਾਫੀ ਮੇਲ-ਜੋਲ ਹੈ। ਆਰਥਿਕ ਤੌਰ ਤੇ ਮਜਬੂਤ ਤਾਂ ਹੋਏ ਹਾਂ ਪਰ ਰੁੱਤਾਂ ਮਹੀਨਿਆਂ ਨੂੰ ਛੇੜ-ਛਾੜ ਨਾਲ ਵੀ ਬਦਲ ਨਹੀਂ ਸਕਦੇ। ਜੇ ਪ੍ਰਕ੍ਰਿਤੀ ਨੂੰ ਬਦਲਣ ਦੀ ਕੋਸ਼ਿਸ ਕਰਦੇ ਹਾਂ ਤਾਂ ਵੀ ਨਾਂਹ ਪੱਖੀ ਪ੍ਰਭਾਵ ਪਲੇ ਪੈਂਦੇ ਹਨ। ਇਸ ਲਈ ਤਬਦੀਲੀ ਕੁਦਰਤ ਦਾ ਨਿਯਮ ਹੈ ਵਾਲੇ ਤੱਥ ਨੂੰ ਠਹਰਾਇਆ ਜਾਂਦਾ ਹੈ। ਤੂਤਾਂ, ਨਿੰਬੂ ਜਾਤੀ, ਅੰਬ, ਬੇਰ, ਪਾਪੂਲਰ ਅਤੇ ਹੋਰ ਬੂਟਿਆਂ ਦੇ ਦਰੱਖਤ ਫੁੱਲਾਂ ਹੇਠੋਂ ਨਿਕਲਦੇ ਫਲਾਂ ਨਾਲ ਸਵਰਗ ਦਾ ਭੁਲੇਖਾ ਪਾਉਂਦੇ ਹਨ:-
“ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ,
ਪੁੰਗਰੀਆਂ ਵੇਲਾਂ, ਵੇਲਾਂ ਰੁੱਖੀਂ ਚੜ੍ਹੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ”
ਇਹ ਮਹੀਨਾ ਅਤੇ ਰੁੱਤਾਂ ਸੱਭਿਆਚਾਰ, ਧਾਰਮਿਕ ਅਤੇ ਆਰਥਿਕਤਾ ਦਾ ਮੇਲ ਕਰਾਉਂਦੀ ਹੈ, ਲੋਕਾਂ ਕੋਲ ਇਸ ਰੁੱਤ ਦਾ ਲੁਤਫ਼ ਲੈਣ ਲਈ ਚੋਖਾ ਸਮਾਂ ਵੀ ਹੁੰਦਾ ਹੈ। ਮੌਸਮ ਠੰਡ ਤੋਂ ਉੱਭਰਕੇ ਗਰਮੀ ਵੱਲ ਸਫਰ ਤਹਿ ਕਰਦਾ ਹੋਇਆ ਵਿਸਾਖੀ ਅਤੇ ਕਣਕ ਦੀ ਦਹਿਲੀਜ਼ ਵੱਲ ਪੈਰ ਪੁੱਟਦਾ ਹੈ। ਪ੍ਰਕ੍ਰਿਤੀ ਦਿਨੋਂ ਦਿਨ ਸੁਹਾਗਮਈ ਅਤੇ ਧਰਤੀ ਫਸਲ ਵਿਹੂਣੀ ਹੁੰਦੀ ਜਾਂਦੀ ਹੈ। ਮਾਹੀ ਨੂੰ ਮੁਖਾਤਿਬ ਹੋ ਕੇ ਫਿਰੋਜ਼ਦੀਨ ਸ਼ਰਫ਼ ਨੇ ਇਹ ਮਹੀਨਾ ਇਉਂ ਚਿਤਰਿਆ :-
“ਚੇਤਰ ਚੈਨ ਨਾ ਆਵੈ ਦਿਲ ਨੂੰ, ਤੇਰੇ ਵਾਜੋ ਪਿਆਰੇ ਜੀ ਹਾਂ ਮੈਂ ਤੇਰੇ ਦਰ ਦੀ ਬਰਦੀ
ਮਲੇ ਤੇਰੇ ਦੁਆਰੇ ਹੈ ਜੀ, ਤੇਰੇ ਬਾਝੋਂ ਡੁੱਬਦੀ ਬੇੜੀ ਕਿਹੜਾ ਮੇਰੀ ਤਾਰੇ ਜੀ,
ਸ਼ਰਫ਼ ਬੰਦੀ ਦੀ ਆਸ ਪੁਜਾਈ, ਦੇਵੀਂ ਝੱਬ ਦੀਦਾਰੇ ਜੀ”
ਚੇਤ ਮਹੀਨਾ ਆਪਣੇ ਪਰਛਾਵੇਂ ਛੱਡ ਕੇ ਵਿਸਾਖੀ ਦੇ ਮੇਲੇ ਅਤੇ ਕਣਕ ਦੀ ਆਮਦ ਵੱਲ ਪੈਂਡਾ ਤੈਅ ਕਰਦਾ ਹੋਇਆ ਸਮਾਜਿਕ ਖੁਸ਼ਹਾਲੀ ਦੀ ਆਸ ਜਰੂਰ ਪੈਦਾ ਕਰਦਾ ਹੈ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋ: 98781-11445