ਨਫ਼ਰਤੀ ਸੋਚ ਹਿੰਦੂ ਸਮਾਜ ਲਈ ਆਤਮਘਾਤੀ - ਚੰਦ ਫਤਿਹਪੁਰੀ
ਰਾਮ ਨੌਮੀ ਦੇ ਮੌਕੇ ਉੱਤੇ ਦੇਸ਼ ਭਰ ਵਿੱਚ ਹਿੰਦੂਤਵੀਆਂ ਵੱਲੋਂ ਕੱਢੇ ਗਏ ਜਲੂਸਾਂ ਦੌਰਾਨ 2022 ਵਾਂਗ ਇਸ ਵਾਰ ਵੀ ਹਿੰਸਾ ਭੜਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਮਹਾਰਾਸ਼ਟਰ ਤੋਂ ਲੈ ਕੇ ਪੱਛਮੀ ਬੰਗਾਲ ਤੇ ਬਿਹਾਰ ਤੋਂ ਲੈ ਕੇ ਹਰਿਆਣਾ ਤੱਕ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣ ਲਈ ਭੜਕਾਊ ਭਾਸ਼ਣ, ਤਲਵਾਰਾਂ ਲਹਿਰਾਉਣ, ਮਸਜਿਦਾਂ ਉੱਤੇ ਹਮਲਿਆਂ ਦੀਆਂ ਘਟਨਾਵਾਂ ਲੱਗਭੱਗ ਹਰ ਰਾਜ ਵਿੱਚ ਵਾਪਰੀਆਂ ਤੇ ਰਾਮ ਨੌਮੀ ਖ਼ਤਮ ਹੋਣ ਤੋਂ ਬਾਅਦ ਵੀ ਵਾਪਰ ਰਹੀਆਂ ਹਨ।
ਇਸ ਸਮਾਜ ਵਿਰੋਧੀ ਵਰਤਾਰੇ ਦੀ ਸ਼ੁਰੂਆਤ 28 ਮਾਰਚ ਦੀ ਰਾਤ ਮਹਾਰਾਸ਼ਟਰ ਦੇ ਜਲਗਾਂਵ ਜ਼ਿਲ੍ਹੇ ਦੇ ਪਾਲਸੀ ਵਿਖੇ ਇੱਕ ਮਸਜਿਦ ਦੇ ਸਾਹਮਣੇ ਜਲੂਸ ਕੱਢੇ ਜਾਣ ਤੋਂ ਹੋਈ। ਇਸ ਮੌਕੇ ਹੋਈ ਹਿੰਸਾ ਵਿੱਚ ਦੋਵੇਂ ਪਾਸਿਆਂ ਦੇ ਲੋਕ ਫੱਟੜ ਹੋਏ।
ਇਸ ਉਪਰੰਤ ਇਹੋ ਅੱਗ ਝਾਰਖੰਡ ਵਿੱਚ ਪਹੁੰਚ ਗਈ। ਪੂਰਬੀ ਸਿੰਘਭੂਮ ਜ਼ਿਲ੍ਹੇ ਵਿੱਚ ਵੀ ਰਾਮ ਨੌਮੀ ਜਲੂਸ ਦੌਰਾਨ ਮੁਸਲਮਾਨਾਂ ਵਿਰੁੱਧ ਭੜਕਾਊ ਨਾਅਰੇ ਲਾਏ ਗਏ ਤੇ ਮਸਜਿਦਾਂ ਸਾਹਮਣੇ ਗਾਣੇ ਵਜਾਏ ਗਏ। ਕਈ ਥਾਈਂ ਮਸਜਿਦਾਂ ਉੱਤੇ ਭਗਵਾ ਝੰਡੇ ਲਹਿਰਾ ਦਿੱਤੇ ਗਏ। ਪੱਥਰਬਾਜ਼ੀ ਕੀਤੀ ਗਈ ਤੇ ਘਰਾਂ, ਦੁਕਾਨਾਂ ਨੂੰ ਅੱਗਾਂ ਲਾਈਆਂ ਗਈਆਂ।
ਇਸੇ ਤਰ੍ਹਾਂ ਪੱਛਮੀ ਬੰਗਾਲ ਵਿੱਚ ਵੀ ਲਗਾਤਾਰ ਹਿੰਸਾ ਜਾਰੀ ਹੈ। ਰਾਮ ਨੌਮੀ ਦੇ ਜਲੂਸਾਂ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਭਾਜਪਾਈਆਂ ਵੱਲੋਂ ਲਗਾਤਾਰ ਕੱਢੇ ਜਾ ਰਹੇ ਜਲੂਸਾਂ ਰਾਹੀਂ ਜ਼ਿੰਦਾ ਰੱਖਿਆ ਜਾ ਰਿਹਾ ਹੈ। ਭਾਜਪਾ ਦੇ ਸਾਂਸਦ ਤੇ ਵਿਧਾਇਕ ਇਨ੍ਹਾਂ ਹਿੰਸਕ ਜਲੂਸਾਂ ਦੀ ਅਗਵਾਈ ਕਰ ਰਹੇ ਹਨ। ਹਾਵੜਾ ਤੇ ਹੁਗਲੀ ਜ਼ਿਲ੍ਹੇ ਹਿੰਸਾ ਦੀ ਸਭ ਤੋਂ ਵੱਧ ਲਪੇਟ ਵਿੱਚ ਆਏ ਹਨ।
ਬਿਹਾਰ ਵਿੱਚ ਸੱਤਾ ਤੋਂ ਬੇਦਖਲ ਹੋਣ ਤੋਂ ਬਾਅਦ ਭਾਜਪਾ ਨੇ ਫਿਰਕੂ ਧਰੁਵੀਕਰਨ ਲਈ ਰਾਮ ਨੌਮੀ ਦੇ ਜਲੂਸ ਨੂੰ ਵਿਸ਼ੇਸ਼ ਤੌਰ ਉੱਤੇ ਚੁਣਿਆ ਹੈ। ਜਲੂਸ ਦੀ ਆੜ ਵਿੱਚ ਬਿਹਾਰ ਸ਼ਰੀਫ਼, ਸਾਸਾਰਾਮ ਤੇ ਗਯਾ ਆਦਿ ਥਾਵਾਂ ਵਿੱਚ ਗਿਣੀ-ਮਿਥੀ ਸਾਜ਼ਿਸ਼ ਅਧੀਨ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਬਿਹਾਰ ਸ਼ਰੀਫ਼ ਸਭ ਤੋਂ ਵੱਧ ਫਿਰਕੂ ਅੱਗ ਵਿੱਚ ਝੁਲਸਿਆ ਹੈ। ਹਥਿਆਰਬੰਦ ਹੋ ਕੇ ਜਲੂਸ ਕੱਢਿਆ ਗਿਆ। ਗਗਨ ਦੀਵਾਨ ਮੁਹੱਲੇ ਵਿਚਲੀ ਮਸਜਿਦ ਉੱਤੇ ਪੱਥਰਬਾਜ਼ੀ ਕਰਕੇ ਹਾਲਾਤ ਵਿਗਾੜੇ ਗਏ। ਗੁੰਡਿਆਂ ਦੀ ਭੀੜ ਨੇ ਮੁਸਲਮਾਨਾਂ ਦੇ ਮੁਹੱਲੇ ਵਿੱਚ ਘਰਾਂ ਤੇ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਸਿੱਖਿਆ ਅਦਾਰੇ ਸੋਬਰਾ ਕਾਲਜ ਤੇ 100 ਸਾਲ ਪੁਰਾਣੇ ਜਿਜੀਆ ਮਦਰੱਸੇ ਨੂੰ ਅੱਗ ਲਾ ਕੇ ਤਬਾਹ ਕਰ ਦਿੱਤਾ ਗਿਆ। ਮਦਰੱਸੇ ਵਿੱਚ ਪਏ ਧਾਰਮਕ ਗਰੰਥ, ਡਿਗਰੀਆਂ, ਕੰਪਿਊਟਰ ਤੇ ਬਾਕੀ ਸਭ ਕੁਝ ਸੜ ਕੇ ਸਵਾਹ ਹੋ ਗਿਆ। ਸਿਟੀ ਪੈਲਸ, ਏਸ਼ੀਆ ਹੋਟਲ ਸਮੇਤ ਸੈਂਕੜੇ ਦੁਕਾਨਾਂ ਸਾੜ ਕੇ ਸਵਾਹ ਕਰ ਦਿੱਤੀਆਂ ਗਈਆਂ।
ਰਾਮ ਨੌਮੀ ਦੇ ਦੇਸ਼ ਭਰ ਵਿੱਚ ਕੱਢੇ ਗਏ ਜਲੂਸਾਂ ਵਿੱਚ ਇਹ ਗੱਲ ਇੱਕੋ ਜਿਹੀ ਸੀ ਕਿ ਹਰ ਜਲੂਸ ਵਿੱਚ ਹਿੰਦੂ ਮੁਸ਼ਟੰਡੇ ਲਾਠੀਆਂ, ਹਾਕੀਆਂ, ਤਲਵਾਰਾਂ ਤੇ ਬੰਦੂਕਾਂ ਲੈ ਕੇ ਸ਼ਾਮਲ ਹੋਏ। ਹਰ ਜਲੂਸ ਮੁਸਲਮਾਨਾਂ ਨੂੰ ਅਪਮਾਨਤ ਕਰਨ ਵਾਲੇ ਨਾਅਰੇ ਲਾਉਂਦਿਆਂ ਮੁਸਲਮਾਨ ਮੁਹੱਲਿਆਂ ਵਿਚ ਦੀ ਲੰਘਾਏ ਗਏ। ਇਹ ਸ਼ੋਭਾ ਯਾਤਰਾਵਾਂ ਰਾਮ ਦੀ ਸ਼ੋਭਾ ਲਈ ਨਹੀਂ, ਸਗੋਂ ਹਿੰਸਕ ਵਾਤਾਵਰਨ ਪੈਦਾ ਕਰਨ ਲਈ ਕੱਢੀਆਂ ਗਈਆਂ ਸਨ। ਇਨ੍ਹਾਂ ਯਾਤਰਾਵਾਂ ਦੌਰਾਨ ਰਾਮ ਦੇ ਨਾਂਅ ਦੇ ਜਾਪ ਦੀ ਥਾਂ ਮੁਸਲਮਾਨਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਸਨ। ਕੁਝ ਲੋਕ ਕਹਿੰਦੇ ਹਨ ਕਿ ਮੁਸਲਮਾਨਾਂ ਨੇ ਵੀ ਪੱਥਰ ਚਲਾਏ। ਮੁਸਲਮਾਨ ਵੀ ਇਨਸਾਨ ਹਨ, ਉਨ੍ਹਾਂ ਨੂੰ ਵੀ ਗੁੱਸਾ ਆਉਂਦਾ, ਕੀ ਉਹ ਗਾਲ੍ਹਾਂ ਖਾਂਦੇ ਰਹਿਣ ਤੇ ਅੱਗੋਂ ਚੁੱਪ ਵੱਟੀ ਰੱਖਣ।
ਇਸ ਸਾਰੀ ਹਿੰਸਾ ਦੌਰਾਨ ਅਮਿਤ ਸ਼ਾਹ ਦੀ ਪੁਲਸ ਜਾਂ ਤਾਂ ਮੌਕੇ ਉੱਤੇ ਦੰਗਾ ਹੋਣ ਬਾਅਦ ਪੁੱਜੀ ਜਾਂ ਫਿਰ ਤਮਾਸ਼ਾ ਦੇਖਦੀ ਰਹੀ ਸੀ। ਸੱਚ ਇਹ ਹੈ ਕਿ ਆਰ ਐੱਸ ਐੱਸ ਆਪਣੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵਰਗੇ ਸੰਗਠਨਾਂ ਰਾਹੀਂ ਰਾਮ ਨੌਮੀ ਦੇ ਮੌਕੇ ਦਾ ਆਪਣੇ ਹਿੰਦੂ ਰਾਜ ਦੇ ਵਿਚਾਰ ਨੂੰ ਸਿਰੇ ਚਾੜ੍ਹਨ ਲਈ ਬੜੀ ਹੀ ਚਤੁਰਾਈ ਨਾਲ ਇਸਤੇਮਾਲ ਕਰ ਰਿਹਾ ਹੈ। ਰਾਮ ਦੇ ਮੋਢਿਆਂ ਉੱਤੇ ਸਵਾਰ ਹੋ ਕੇ ਭਾਜਪਾ ਤੇ ਸੰਘ ਦੀ ਹਿੰਸਕ ਰਾਜਨੀਤੀ ਅੱਜ ਸਮੁੱਚੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈ ਚੁੱਕੀ ਹੈ।
ਹਕੀਕਤ ਇਹ ਹੈ ਕਿ ਭਾਜਪਾ ਤੇ ਸੰਘ ਦੀ ਨਫ਼ਰਤੀ ਮੁਹਿੰਮ ਨੇ ਆਮ ਹਿੰਦੂ ਜਨਤਾ ਨੂੰ ਮਾਨਸਿਕ ਰੋਗੀ ਬਣਾ ਕੇ ਮਨੁੱਖੀ ਭੀੜ ਵਿੱਚ ਬਦਲ ਦਿੱਤਾ ਹੈ। ਉਹ ਦੁਖੀ ਹਨ, ਮਹਿੰਗਾਈ, ਬੇਰੁਜ਼ਗਾਰੀ ਤੇ ਗਰੀਬੀ ਉਨ੍ਹਾਂ ਨੂੰ ਵੀ ਸਤਾਉਂਦੀ ਹੈ, ਇਸ ਲਈ ਉਹ ਮੁਸਲਮਾਨਾਂ ਤੇ ਈਸਾਈਆਂ ਨੂੰ ਗਾਲ੍ਹਾਂ ਕੱਢ ਕੇ, ਮਸਜਿਦਾਂ ’ਤੇ ਪੱਥਰ ਮਾਰ ਕੇ ਤੇ ਉਨ੍ਹਾਂ ਦੀਆਂ ਦੁਕਾਨਾਂ ਤੇ ਘਰ ਸਾੜ ਕੇ ਆਨੰਦ ਪ੍ਰਾਪਤ ਕਰਦੇ ਹਨ ਤੇ ਇਸ ਨੂੰ ਆਪਣਾ ਧਰਮ-ਕਰਮ ਸਮਝਦੇ ਹਨ। ਹਿੰਦੂਆਂ ਵਿਚਲੀ ਇਹ ਨਫ਼ਰਤ ਉਨ੍ਹਾਂ ਦੀ ਹੀਣਭਾਵਨਾ ਵਿੱਚੋਂ ਨਿਕਲੀ ਹੈ, ਜੋ ਉਨ੍ਹਾਂ ਲਈ ਆਤਮਘਾਤੀ ਹੈ। ਹਿੰਦੂ ਸਮਾਜ ਨੂੰ ਚਾਹੀਦਾ ਹੈ ਕਿ ਉਹ ਇਸ ਤ੍ਰਾਸਦੀ ਵਿੱਚੋਂ ਬਾਹਰ ਨਿਕਲ ਆਵੇ। ਇਹ ਉਸ ਦੇ ਵੀ ਭਲੇ ਵਿੱਚ ਹੈ ਤੇ ਸਮਾਜ ਦੇ ਵੀ।