ਪੰਜਾਬੀ ਸੱਭਿਆਚਾਰ ਦੇ ਸਬਾਲਟਰਨ ਪੱਖ - ਡਾ. ਮਨਮੋਹਨ
ਮਾਨਵ ਵਿਗਿਆਨੀਆਂ ਅਨੁਸਾਰ ਸੱਭਿਆਚਾਰ ਮਨੁੱਖ ਦੁਆਰਾ ਬਣਾਇਆ ਗਿਆ ਵਾਤਾਵਰਣ ਜਾਂ ਈਕੋ ਸਿਸਟਮ ਹੈ ਜਿਸ ਵਿਚ ਉਸ ਸੱਭਿਆਚਾਰ ਦੇ ਲੋਕ ਵਿਚਰਦੇ ਅਤੇ ਵਿਵਹਾਰ ਕਰਦੇ ਹਨ। ਇਸ ਵਿੱਚ ਮਨੁੱਖ ਆਪਣੀਆਂ ਲੋੜਾਂ ਨੂੰ ਪੂਰਾ ਕਰਦਾ ਹੋਇਆ ਗੁਣਾਂ, ਆਦਤਾਂ ਅਤੇ ਪ੍ਰਤੀਮਾਨਾਂ ਨੂੰ ਸਿੱਖਦਾ ਹੈ। ਇਸ ਲਈ ਸੱਭਿਆਚਾਰ ਦਾ ਸਬੰਧ ਅਜਿਹੇ ਮਾਨਵੀ ਤੱਤਾਂ ਨਾਲ ਹੈ ਜਿਹੜੇ ਮਨੁੱਖ ਨੂੰ ਸੱਭਿਅਕ ਬਣਾਉਂਦੇ ਹਨ।
ਸਬਾਲਟਰਨ ਸ਼ਬਦ ਦੀ ਵੀ ਉਤਪਤੀ ਬਾਰੇ ਕਿਹਾ ਜਾ ਸਕਦਾ ਹੈ ਕਿ ਇਸ ਦਾ ਮੂਲ ਲਾਤੀਨੀ ਹੈ। ਇਹ ਦੋ ਸ਼ਬਦਾਂ ‘under’ (Sub) ਅਤੇ ‘other’ (alter) ਦੇ ਸੁਮੇਲ ਤੋਂ ਬਣਿਆ ਹੈ। ਗਾਇਤਰੀ ਚੱਕਰਵਰਤੀ ਸਪੀਵਾਕ ਦੀ 1985 ’ਚ ਆਈ ਕਿਤਾਬ ‘Can the Subaltern Speak?’ ਨਾਲ ਸਬਾਲਟਰਨ ਸ਼ਬਦ ਨੂੰ ਅਕਾਦਮਿਕ ਅਤੇ ਸਾਹਿਤਕ ਜਗਤ ’ਚ ਪ੍ਰਮੁੱਖਤਾ ਮਿਲੀ। ਸਬਾਲਟਰਨ ਸ਼ਬਦ ਇਤਾਲਵੀ ਮਾਰਕਸਵਾਦੀ ਚਿੰਤਕ ਅਨਤੋਨੀਓ ਗ੍ਰਾਮਸ਼ੀ ਦੀਆਂ ਸੱਭਿਆਚਾਰਕ ਗ਼ਲਬੇ ਦੀਆਂ ਲਿਖਤਾਂ ਵਿਚੋਂ ਲਿਆ ਗਿਆ ਹੈ। ਇਹ ਸ਼ਬਦ ਉਨ੍ਹਾਂ ਧਿਰਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਨੂੰ ਸਮਾਜ ਦੀ ਰਾਜਨੀਤਕ ਅਗਵਾਈ ਦੀਆਂ ਸਥਾਪਿਤ ਬਣਤਰਾਂ ਅਤੇ ਸੱਤਾ ਸੰਰਚਨਾਵਾਂ ਵਿੱਚੋਂ ਮਨਫ਼ੀ ਜਾਂ ਲਾਂਭੇ ਕਰ ਦਿੱਤਾ ਜਾਂਦਾ ਹੈ। ਇੰਝ ਸਮਾਜ ਵਿੱਚ ਇਨ੍ਹਾਂ ਧਿਰਾਂ ਦੇ ਲੋਕ ਬੋਲਹੀਣ ਹੁੰਦੇ ਹਨ ਜਾਂ ਬੋਲ ਸਾਧਨਾ ਤੋਂ ਵਿਰਵੇ ਰਹਿ ਗਏ ਹੁੰਦੇ ਹਨ।
ਸਬਾਲਟਰਨ ਧਿਰਾਂ ਵਿੱਚ ਕਿਸਾਨ, ਆਦਿਵਾਸੀ ਕਬੀਲਾਈ ਲੋਕ, ਔਰਤਾਂ ਅਤੇ ਦੂਜੇ ਹੋਰ ਹਾਸ਼ੀਆਗਤ ਲੋਕ ਸ਼ਾਮਿਲ ਹੁੰਦੇ ਹਨ ਜਿਨ੍ਹਾਂ ਦੀ ਗ਼ਾਲਬ ਸੱਤਾ ਤੱਕ ਪਹੁੰਚ ਨਹੀਂ ਹੁੰਦੀ। ਇਤਿਹਾਸਕ ਤੌਰ ’ਤੇ ਦੇਖਿਆਂ ਸਬਾਲਟਰਨ ਅਧਿਐਨ ਬੋਲਣ ਤੋਂ ਵਿਰਵੇ ਰਹਿ ਗਏ ਲੋਕਾਂ ਦੇ ਅਧਿਐਨ ਹਨ। ਸਬਾਲਟਰਨ ਅਧਿਐਨਾਂ ਹੇਠ ਨਵੀਂ ਤਰ੍ਹਾਂ ਦੀ ਲਿਖਤਾਂ ਸ਼ਾਮਿਲ ਕੀਤੀਆਂ ਗਈਆਂ। ਇਸ ਵਿੱਚ ਇਨ੍ਹਾਂ ਸਬਾਲਟਰਨ ਧਿਰਾਂ ਨੂੰ ਆਪਣੇ ਦੁੱਖ, ਪੀੜਾਂ, ਗੁੱਸੇ ਗਿਲੇ ਅਤੇ ਅਨੁਭਵਾਂ ਨੂੰ ਬੋਲਣ/ਪ੍ਰਗਟਾਉਣ ਦਾ ਮੌਕਾ ਦਿੱਤਾ ਗਿਆ ਜਿਸ ਤੋਂ ਕੁਲੀਨ ਵਰਗ ਦੇ ਇਤਿਹਾਸਕਾਰਾਂ ਨੇ ਇਨ੍ਹਾਂ ਧਿਰਾਂ ਨੂੰ ਵਾਂਝੇ ਕਰੀ ਰੱਖਿਆ ਸੀ। ਸਬਾਲਟਰਨ ਚਿੰਤਕਾਂ ਨੇ ਲਿਖੇ ਇਤਿਹਾਸ ਵਿੱਚ ਕਿਸਾਨਾਂ, ਔਰਤਾਂ, ਦਲਿਤਾਂ ਅਤੇ ਹੋਰ ਹਾਸ਼ੀਆਗਤ ਜਿਊੜਿਆਂ ਦੀ ਸ਼ਕਤੀਸ਼ਾਲੀ ਹਾਜ਼ਰੀ ਹੁੰਦੀ ਹੈ।
ਪੰਜਾਬ ਦੇ ਸੱਭਿਆਚਾਰ ਦਾ ਮੁੱਖ ਵਰਗ ਕਿਸਾਨੀ ਵੀ ਸੰਕਟਗ੍ਰਸਤ ਹੈ। ਪੰਜਾਬ ਦਾ ਖੇਤੀ ਸੰਕਟ ਮਹਿਜ਼ ਖੇਤੀ ਸੰਕਟ ਨਾ ਹੋ ਕੇ ਵਾਤਾਵਰਨ, ਪਾਣੀ ਅਤੇ ਸਿਹਤ ਸੰਕਟ ਵੀ ਹੈ ਜੋ ਕੁੱਲ ਮਿਲਾ ਕੇ ਪੰਜਾਬੀ ਸੱਭਿਆਚਾਰ ਦਾ ਸੰਕਟ ਬਣ ਚੁੱਕਿਆ ਹੈ। ਹਰੀ ਕ੍ਰਾਂਤੀ ਤੋਂ ਪਹਿਲਾਂ ਖੇਤੀ ਵਿੱਚ ਪਿੰਡ, ਪ੍ਰਕਿਰਤੀ, ਉੱਦਮ ਅਤੇ ਪੈਦਾਵਾਰ ਇੱਕ ਸਾਂਝੇ ਢਾਂਚੇ ’ਚ ਜੁੜੇ ਸਨ। ਕਿਸਾਨ ਨੂੰ ਖੇਤੀ ਲਈ ਪੈਦਾਵਾਰ ਦੀਆਂ ਲੋੜੀਂਦੀਆਂ ਵਸਤਾਂ, ਸੰਦ, ਖਾਦਾਂ ਅਤੇ ਹੋਰ ਕਿਰਤੀ ਸਹੂਲਤਾਂ ਪਿੰਡ ਦੇ ਰਵਾਇਤੀ ਆਰਥਿਕ ਢਾਂਚੇ ਵਿੱਚੋਂ ਪ੍ਰਾਪਤ ਹੋ ਜਾਂਦੀਆਂ ਸਨ। ਖੇਤੀ ਲਈ ਉਹ ਬੀਜ ਆਪਣੀ ਫ਼ਸਲ ਵਿੱਚੋਂ ਹੀ ਬਚਾਅ ਲੈਂਦਾ ਸੀ। ਖਾਦ ਵਜੋਂ ਉਹ ਆਪਣੇ ਪਸ਼ੂਆਂ ਦੇ ਗੋਹੇ ਦੀ ਰੂੜੀ ਵਰਤ ਲੈਂਦਾ ਸੀ। ਪਾਣੀ ਉਹ ਖੂਹਾਂ, ਕੁਦਰਤੀ ਸਰੋਤਾਂ ਜਾਂ ਨਹਿਰਾਂ ਤੋਂ ਲੈ ਲੈਂਦਾ ਸੀ। ਸੰਦਾਂ ਦੀ ਨਿਰੰਤਰ ਆਪੂਰਤੀ ਭਾਵ ਬਣਵਾਈ, ਸਾਂਭ-ਸੰਭਾਲ ਅਤੇ ਮੁਰੰਮਤ ਉਹ ਸੇਪੀ ਸਬੰਧਾਂ (ਤਰਖਾਣ, ਲੁਹਾਰ, ਝਿਊਰ, ਨਾਈ, ਚਮਾਰ ਆਦਿ) ਤੋਂ ਕਰਦਾ ਸੀ। ਕਿਰਤ ਦੀ ਆਪੂਰਤੀ ਉਹ ਆਪਣੇ ਸੀਰੀ ਸਬੰਧਾਂ ਵਿੱਚੋਂ ਕਰਦਾ ਸੀ। ਇਸ ਸਾਰੇ ਨਿਵੇਸ਼ ਵਿੱਚੋਂ ਜਦੋਂ ਫ਼ਸਲ ਤਿਆਰ ਹੋ ਜਾਂਦੀ ਤਾਂ ਉਹ ਪਿੰਡ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਉਪਜ ਮੰਡੀ ’ਚ ਆੜ੍ਹਤੀਏ ਜਾਂ ਸ਼ਹੂਕਾਰ ਕੋਲ ਲੈ ਜਾਂਦਾ ਸੀ। ਇੰਝ ਖੇਤੀ ’ਤੇ ਸਿਰਫ਼ ਕਿਸਾਨ ਹੀ ਨਹੀਂ ਸਗੋਂ ਮੱਧਲੀਆਂ ਦੇ ਨਾਲ ਨਾਲ ਹੇਠਲੀਆਂ/ਸਬਾਲਟਰਨ ਧਿਰਾਂ ਵੀ ਇਸ ਅਰਥਚਾਰੇ ਵਿੱਚ ਬੱਝੀਆਂ ਹੋਈਆਂ ਸਨ ਭਾਵ ਖੇਤੀ ਪਿੰਡ ਦਾ ਸਾਂਝਾ ਧੰਦਾ ਸੀ। ਪੰਜਾਬੀ ਸੱਭਿਆਚਾਰ ਵਿੱਚ ਇੱਕ-ਦੂਜੇ ਨਾਲ ਜੁੜੀ ਇਹ ਆਰਥਿਕਤਾ ਸਾਂਝੇ ਸਹਿਯੋਗ ਅਤੇ ਸਮਾਜਿਕ-ਸੱਤਾ ਸਬੰਧਾਂ ਵਿੱਚ ਬੱਝੀ ਹੋਈ ਸੀ। ਹਰੀ ਕ੍ਰਾਂਤੀ ਮਗਰੋਂ ਇਹ ਪ੍ਰਣਾਲੀ ਤਿੜਕ ਗਈ। ਫ਼ਸਲ ਕੱਚੇ ਮਾਲ ਦੇ ਰੂਪ ਵਿੱਚ ਮੰਡੀ ’ਚ ਜਾਣ ਲੱਗੀ। ਪਿੰਡ ਦੀ ਰਵਾਇਤੀ ਉਤਪਾਦਨ ਪ੍ਰਣਾਲੀ ਨੂੰ ਮੰਡੀ ਨੇ ਜੜ੍ਹੋਂ ਉਖਾੜ ਦਿੱਤਾ। ਹਰੀ ਕ੍ਰਾਂਤੀ ਰਾਹੀਂ ਕਿਸਾਨ ਫ਼ਸਲ ਉਤਪਾਦਨ ਦੇ ਨਵੇਂ ਮਸ਼ੀਨੀ ਅਤੇ ਤਕਨੀਕੀ ਢੰਗਾਂ ’ਚ ਨਿਪੁੰਨ ਹੋ ਗਿਆ, ਪਰ ਪਿੰਡ ਦਾ ਰਵਾਇਤੀ ਅਰਥਚਾਰਾ ਤਿੜਕਣ ਕਾਰਨ ਮੱਧਲੇ ਅਤੇ ਹੇਠਲੇ/ਸਬਾਲਟਰਨ ਵਰਗ ਦੀ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਥਿਤੀ ਡੋਲ ਗਈ। ਉਸ ਦੀ ਆਵਾਜ਼ ਨਿਰੰਤਰ ਧੀਮੀ ਹੋਣੀ ਹੀ ਸੀ, ਉਸ ਦੀ ਹੋਂਦ ਹੌਲੀ ਹੌਲੀ ਸੱਭਿਆਚਾਰਕ ਮੰਚ ਤੋਂ ਮਿਟਣ ਲੱਗੀ। ਸਾਰੀਆਂ ਸੇਪੀ ਜਾਤਾਂ ਹੁਣ ਮਜ਼ਦੂਰ ਬਣ ਗਈਆਂ। ਛੋਟੀ ਕਿਸਾਨੀ ਬੇਜ਼ਮੀਨੀ ਹੋ ਖੇਤ ਮਜ਼ਦੂਰਾਂ ਬਣ ਗਈ। ਪਿੰਡ ਦਾ ਸ਼ਹਿਰਾਂ ਵੱਲ ਪਲਾਇਣ ਹੋਣ ਲੱਗਿਆ। ਪਿੰਡਾਂ ਤੋਂ ਮਜ਼ਦੂਰਾਂ ਦੀ ਨਵੀਂ ਸਬਾਲਟਰਨ ਜਮਾਤ ਹੁਣ ਹੇੜਾਂ ਦੇ ਰੂਪ ’ਚ ਆਪਣੀ ਕਿਰਤ ਵੇਚਣ ਲਈ ਰੋਜ਼ ਸ਼ਹਿਰਾਂ ਵੱਲ ਕੂਚ ਕਰਦੀ ਹੈ। ਕਿਸਾਨ ਦੀ ਫ਼ਸਲ ਦੇ ਘੱਟ ਮੁਨਾਫ਼ੇ ਵਾਲੇ ਕੰਮਾਂ ਤੱਕ ਸੀਮਿਤ ਹੋਣ ਕਾਰਨ ਬਾਕੀ ਜਾਤ ਬਿਰਾਦਰੀਆਂ ਵੀ ਇਸ ਤੋਂ ਪ੍ਰਭਾਵਿਤ ਹੋਈਆਂ ਹਨ। ਮੱਧਵਰਗੀ ਕਿਸਾਨ ਪਰਿਵਾਰਾਂ ਤੋਂ ਇਲਾਵਾ ਬਾਕੀ ਸਾਰੀਆਂ ਜਾਤ ਬਿਰਾਦਰੀਆਂ ਹਾਸ਼ੀਆਗਤ ਹੋ ਗਈਆਂ। ਇਹ ਹਾਸ਼ੀਏ ’ਤੇ ਹੀ ਨਹੀਂ ਗਈਆਂ ਸਗੋਂ ਮੌਨ/ਬੋਲਹੀਣ ਵੀ ਹੋ ਗਈਆਂ। ਬੇਜ਼ਮੀਨੇ/ਛੋਟੇ ਕਿਸਾਨ, ਸ਼ਿਲਪੀ-ਕਿਰਤੀ ਆਵਾਜ਼ ਦਬਣ ਦੇ ਨਾਲ ਨਾਲ ਸੱਤਾ ਸੰਰਚਨਾਵਾਂ ਵਿੱਚੋਂ ਵੀ ਬਾਹਰ ਹੋ ਗਏ। ਇਨ੍ਹਾਂ ਨੇ ਧਨਾਢ ਕਿਸਾਨੀ ਦੀ ਅਗਵਾਈ ਵਿੱਚ ਪੰਜਾਬ ਦੇ ਸੱਤਾ ਸੰਘਰਸ਼ਾਂ ਦਾ ਸਾਥ ਦਿੱਤਾ ਪਰ ਇਸ ਧਨਾਢ ਕਿਸਾਨੀ ਨੇ ਇਨ੍ਹਾਂ ਨੂੰ ਆਪਣੇ ਹਿੱਤਾਂ ਲਈ ਵਰਤਿਆ ਤੇ ਬਾਅਦ ਵਿੱਚ ਇਨ੍ਹਾਂ ਦੀ ਬਾਂਹ ਨਹੀਂ ਫੜੀ।
ਪੰਜਾਬੀ ਸੱਭਿਆਚਾਰ ਦਾ ਇੱਕ ਹੋਰ ਸਬਾਲਟਰਨ ਜਿਊੜਾ ਫ਼ੌਜੀ ਜਾਂ ਸਿਪਾਹੀ ਹੈ। 1857 ਦੇ ਗਦਰ ਤੋਂ ਬਾਅਦ ਹਾਰੀ ਹੋਈ ਸਿੱਖ ਸਰਦਾਰੀ ਬਰਤਾਨਵੀ ਭਾਰਤੀ ਫ਼ੌਜ ਵਿੱਚ ਭਰਤੀ ਹੋਈ। ਇਨ੍ਹਾਂ ਬਹੁਤੀਆਂ ਜੰਗਾਂ ਉੱਤਰ-ਪੱਛਮੀ ਸਰਹੱਦ ’ਤੇ ਲੜੀਆਂ। ਦੂਜੀ ਅੰਗਰੇਜ਼-ਅਫ਼ਗ਼ਾਨ ਜੰਗ ਵਿੱਚ ਪਸ਼ਤੋ ਦੰਦਕਥਾ ‘ਮਾਈਵੰਡ ਦੀ ਮਾਲਾਲਈ’ ਦਾ ਜ਼ਿਕਰ ਰੁਡਯਾਰਡ ਕਿਪਲਿੰਗ ਆਪਣੇ ਨਾਵਲ ‘ਕਿਮ’ ’ਚ ਵੀ ਕਰਦਾ ਹੈ। ਗਦਰੀਆਂ ਵੱਲੋਂ ਦਿੱਲੀ ਕਬਜ਼ੇ ਵਿਰੁੱਧ ਅਤੇ ਮਗਰੋਂ ਉੱਤਰ-ਪੱਛਮੀ ਸੂਬੇ ਵਿੱਚ ਚਿਤਰਾਲ, ਤਿਰਾਹ ਅਤੇ ਮਾਲਾਕੰਦ ਦੀਆਂ ਮੁਹਿੰਮਾਂ ’ਚ ਵੀ ਪੰਜਾਬੀਆਂ ਨੇ ਜਾਨਾਂ ਵਾਰੀਆਂ। ਬਰਤਾਨਵੀ ਬਸਤੀਵਾਦੀ ਜੰਗਾਂ ਅਤੇ ਝੜਪਾਂ ’ਚ ਵੀ ਹੇਠਲੇ ਮੱਧਲੇ ਰੈਂਕਾਂ ਦੇ ਫ਼ੌਜੀਆਂ ਦਾ ਸਬਾਲਟਰਨ ਪਰਿਪੇਖ ਬੜਾ ਮਹੱਤਵਪੂਰਨ ਹੈ। ਪਹਿਲੀ ਅਤੇ ਦੂਜੀ ਆਲਮੀ ਜੰਗ ਵਿੱਚ ਬਰਤਾਨਵੀ ਸਾਸ਼ਨ ਨੇ ਪੰਜਾਬ, ਖ਼ਾਸਕਰ ਰਾਵਲਪਿੰਡੀ ਅਤੇ ਲਾਹੌਰ ਡਿਵੀਜ਼ਨ ਵਿੱਚੋਂ ਵੱਡੀ ਪੱਧਰ ’ਤੇ ਭਰਤੀ ਕੀਤੀ। ਰਿਆਸਤੀ ਰਜਵਾੜਿਆਂ ਖ਼ਾਸਕਰ ਪਟਿਆਲਾ ਅਤੇ ਸਥਾਨਕ ਸਫ਼ੈਦਪੋਸ਼ਾਂ, ਜ਼ਿਮੀਦਾਰਾਂ ਅਤੇ ਜ਼ੈਲਦਾਰਾਂ ਨੇ ਇਸ ਭਰਤੀ ’ਚ ਆਮ ਪੇਂਡੂਆਂ ਨੂੰ ਬੜੇ ਵੱਡੇ ਪੈਮਾਨੇ ’ਤੇ ਆਕਰਸ਼ਿਤ ਕੀਤਾ। ਪਟਿਆਲਾ ਰਿਆਸਤ ਦੇ ਗਾਇਕ ਸ਼ੈਲਾ ਨੇ ਆਪਣੇ ਗਾਣਿਆਂ ਰਾਹੀਂ ਲੋਕਾਂ ਨੂੰ ਫ਼ੌਜ ’ਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ :
‘ਹੋ ਜਾ ਫੌਜ ’ਚ ਭਰਤੀ ਬਣ ਜਾ ਰੰਗਰੂਟ
ਖਾਣ ਨੂੰ ਮਿਲੇਗੀ ਡਬਲ ਰੋਟੀ ਤੇ ਫਰੂਟ
ਪਾਣ ਨੂੰ ਮਿਲੇਗੀ ਵਰਦੀ, ਪੇਟੀ ਤੇ ਬੂਟ
ਪਹਿਲੀ ਆਲਮੀ ਜੰਗ ਤੋਂ ਪਹਿਲਾਂ ਵੀ ਪੰਜਾਬੀ ਫ਼ੌਜੀਆਂ ਨੇ ਬਰਤਾਨਵੀ ਕਮਾਨ ਹੇਠ ਕਈ ਜੰਗਾਂ ਲੜੀਆਂ ਜਿਵੇਂ ਦੂਜੀ ਅੰਗਰੇਜ਼-ਅਫ਼ਗ਼ਾਨ ਜੰਗ, ਅੰਗਰੇਜ਼-ਮਿਸਰ ਜੰਗ, ਦੂਜੀ ਅਫ਼ੀਮ ਜੰਗ, ਚੀਨ ਦਾ ਬੌਕਸਰ ਵਿਦਰੋਹ ਦਬਾਉਣਾ ਅਤੇ ਉੱਤਰੀ-ਪੱਛਮੀ ਸਰਹੱਦੀ ਸੂਬੇ ਵਿੱਚ ਕਈ ਲੜਾਈਆਂ ਤੇ ਭੇੜ (ਸਾਰਾਗੜ੍ਹੀ ਇਨ੍ਹਾਂ ’ਚੋਂ ਇੱਕ ਹੈ)।
ਪਹਿਲੀ ਆਲਮੀ ਜੰਗ ਸਰਬ (ਸਰਬੀਆ ਦੇ ਛੇ ਨਾਗਰਿਕਾਂ) ਵੱਲੋਂ ਆਸਟਰੋ-ਹੰਗੇਰੀਅਨ ਸ਼ਹਿਜ਼ਾਦੇ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਜਿਸ ਵਿੱਚ ਪੰਜਾਬੀ ਫ਼ੌਜੀ ਬਰਤਾਨਵੀ ਰਹਿਨੁਮਾਈ ਹੇਠ ਅਨਦ ਦੀ ਜੰਗ ਲੜੇ। ਬੈਲਜੀਅਮ ’ਤੇ ਜਰਮਨੀ ਦੇ ਹਮਲੇ ਬਾਅਦ ਬ੍ਰਿਟੇਨ ਤੇ ਫਰਾਂਸ ਨੇ ਜਰਮਨੀ ਖ਼ਿਲਾਫ਼ ਸਾਂਝਾ ਮੁਹਾਜ਼ ਖੋਲ੍ਹਿਆ ਤਾਂ ਪੰਜਾਬੀ ਸਿਪਾਹੀਆਂ ਨੇ ਆਪਣੀ ਜਾਨਾਂ ਹੂਲਵੀਂ ਜੰਗ ਲੜੀ। ਪੱਛਮੀ ਮੁਹਾਜ਼ ’ਤੇ ਬਰਤਾਨਵੀ ਫ਼ੌਜ ’ਚ ਭਰਤੀ ਪੰਜਾਬੀ ਫ਼ੌਜੀਆਂ ਨੇ ਕਈ ਜੰਗਾਂ ਜਿਵੇਂ ਗੈਲੀਪੋਲੀ, ਕੁਤ-ਅਲ-ਅਮਰਾ, ਬਗਦਾਦ ਲੜੀਆਂ। ਵਰਦੁਨ ਦੀ ਲੜਾਈ ਵੀ ਬੜੀ ਮਹਤੱਵਪੂਰਨ ਸੀ। ਕਈ ਵਰ੍ਹੇ ਚੱਲੀ ਦੂਜੀ ਆਲਮੀ ਜੰਗ ਵਿੱਚ 25 ਲੱਖ ਭਾਰਤੀ ਫ਼ੌਜੀਆਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ 24 ਹਜ਼ਾਰ ਫ਼ੌਜੀ ਮਾਰੇ ਗਏ ਅਤੇ 64 ਹਜ਼ਾਰ ਜ਼ਖ਼ਮੀ ਹੋਏ। ਭਾਰਤੀ ਫ਼ੌਜ ਵਿੱਚ ਬਹੁਤ ਵੱਡੀ ਤਾਦਾਦ ਪੰਜਾਬੀਆਂ (ਸਿੱਖ, ਮੁਸਲਮਾਨ ਅਤੇ ਹਿੰਦੂ) ਦੀ ਸੀ। ਅੱਜ ਵੀ ਪੰਜਾਬੀ ਜ਼ਿਆਦਾਤਰ ਭਾਰਤੀ ਫ਼ੌਜ, ਨੀਮ-ਫ਼ੌਜੀ ਬਲਾਂ ਅਤੇ ਪੁਲੀਸ ਮਹਿਕਮਿਆਂ ’ਚ ਭਰਤੀ ਹੁੰਦੇ ਹਨ। ਪੰਜਾਬੀ ਦੀ ਅਫ਼ਸਰ ਕਾਡਰ ’ਚ ਕਮਿਸ਼ਨਿੰਗ ਲਗਾਤਾਰ ਘਟ ਰਹੀ ਹੈ ਪਰ ਹੇਠਲੇ ਰੈਕਾਂ ’ਚ ਪੰਜਾਬੀਆਂ ਦੀ ਹਾਜ਼ਰੀ ਸੰਤੁਸ਼ਟੀਜਨਕ ਹੈ। ਜਿਵੇਂ ਕਿ ਦੇਖਿਆ ਗਿਆ ਹੈ ਕਿ ਇਨ੍ਹਾਂ ਹੇਠਲੇ ਕਰਮਚਾਰੀਆਂ ਦੀ ਕੋਈ ਆਵਾਜ਼ ਨਹੀਂ, ਇਸੇ ਕਰਕੇ ਇਹ ਕੋਈ ਠੋਸ ਅਤੇ ਦ੍ਰਿੜ੍ਹ ਧਿਰ ਬਣਦੇ ਦਿਖਾਈ ਨਹੀਂ ਦਿੰਦੇ। ਸੇਵਾਮੁਕਤ ਹੋਣ ਮਗਰੋਂ ਇਨ੍ਹਾਂ ਨੂੰ ਕੋਈ ਨਵਾਂ ਰੁਜ਼ਗਾਰ ਭਾਲਣ ’ਚ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੀਵਨ ਦੇ ਤੀਹਵਿਆਂ ਅਤੇ ਚਾਲੀਆਂ ਸਾਲਾਂ ਵਿਚ ਰਿਟਾਇਰ ਹੋਣ ਮਗਰੋਂ ਜਾਂ ਤਾਂ ਇਨ੍ਹਾਂ ਨੂੰ ਬਿਲਕੁਲ ਰੁਜ਼ਗਾਰ ਨਹੀਂ ਮਿਲਦਾ ਜਾਂ ਫਿਰ ਘੱਟ ਉਜਰਤ ਵਾਲਾ ਰੁਜ਼ਗਾਰ ਮਿਲਦਾ ਹੈ। ਪੈਨਸ਼ਨ ਦਾ ਪੈਸਾ ਬਹੁਤ ਘੱਟ ਹੋਣ ਅਤੇ ਲਗਾਤਾਰ ਮਹਿੰਗਾਈ ਵਧਣ ਨਾਲ ਇਹ ਫ਼ੌਜੀ ਤਬਕਾ ਨਿੱਤ ਜੀਵਨ ਦੀ ਮੁਸ਼ਕਿਲਾਂ, ਤੰਗੀਆਂ ਅਤੇ ਥੁੜ੍ਹਾਂ ਦੇ ਦਰਪੇਸ਼ ਸਬਾਲਟਰਨਿਟੀ ਦੀ ਸਟੀਕ ਉਦਾਹਰਣ ਹੈ। ਇਸ ਤਬਕੇ ਦੀ ਆਵਾਜ਼ ਨਾ ਕਦੇ ਪਹਿਲਾਂ ਸੁਣੀ ਗਈ ਸੀ ਤੇ ਨਾ ਹੁਣ ਸੁਣੀ ਜਾ ਰਹੀ ਹੈ।
ਪੰਜਾਬੀ ਸੱਭਿਆਚਾਰ ਦਾ ਮੁੱਖ ਤੱਤ ਪੰਜਾਬੀ ਭਾਸ਼ਾ ਦੀ ਸਥਿਤੀ ਵੀ ਸਬਾਲਟਰਨਿਟੀ ਦੀ ਹੈ। ਪੰਜਾਬੀ ਬੋਲੀ ਦੇ ਇਤਿਹਾਸਕ ਸੰਦਰਭ ਵੱਲ ਦੇਖੀਏ ਤਾਂ ਪੰਜਾਬੀ ਪਚਵਿੰਜਾ ਸੌ ਸਾਲ ਪੁਰਾਣੀ ਹੈ। ਨਾਥਾਂ ਯੋਗੀਆਂ ਦੇ ਸਾਹਿਤ ਤੋਂ ਲੈ ਕੇ ਬਾਬਾ ਫ਼ਰੀਦ ਦੀ ਬਾਣੀ ਤੋਂ ਹੁੰਦਿਆਂ ਇਹ ਗੁਰੂ ਨਾਨਕ ਦੇਵ ਜੀ ਤੱਕ ਆਉਂਦਿਆਂ ਆਪਣਾ ਸਰੂਪ ਸਿਰਜਣ ਲੱਗਦੀ ਹੈ। ਇਸ ਕਾਲ ਦੌਰਾਨ ਇਹ ਸਿਰਫ਼ ਆਮ/ਸਾਧਾਰਨ ਲੋਕਾਂ ਦੀ ਭਾਸ਼ਾ ਰਹੀ। ਸੱਤਾ ਦੀ ਭਾਸ਼ਾ ਨਹੀਂ ਬਣ ਸਕੀ। ਸਿੱਖ ਰਾਜ ਸਮੇਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸ਼ਾਸਕੀ ਤੇ ਪ੍ਰਬੰਧਕੀ ਕੰਮਕਾਜਾਂ ਦੀ ਭਾਸ਼ਾ ਫ਼ਾਰਸੀ ਸੀ, ਪਰ ਉਸ ਦੇ ਰਾਜ ’ਚ ਮਾਲੀਆ ਉਗਰਾਹੁਣ ਵਾਲੇ ਵਿਭਾਗ ਦੀ ਜ਼ਿੰਮੇਵਾਰੀ ਸੀ ਕਿ ਉਹ ਹਰ ਪਿੰਡ ’ਚ ‘ਕਾਇਦਾ-ਏ-ਨੂਰ’ ਸਭ ਆਮ ਲੋਕਾਂ ਨੂੰ ਮੁਹੱਈਆ ਕਰਵਾਉਣ ਤਾਂ ਕਿ ਲੋਕ ਪੰਜਾਬੀ ਜ਼ੁਬਾਨ ਪੜ੍ਹ ਲਿਖ ਸਕਣ। ਖ਼ਾਲਸਾ ਰਾਜ ’ਚ ਪੰਜਾਬੀ ਪੜ੍ਹਨ ਵਾਲਿਆਂ ਦਾ ਸਿੱਖਿਆ ਦੀ ਦਰ ਬੜੀ ਉੱਚੀ ਸੀ। 1849 ’ਚ ਅੰਗਰੇਜ਼ਾਂ ਨੇ ਪੰਜਾਬ ’ਤੇ ਕਬਜ਼ਾ ਕੀਤਾ ਤਾਂ ਹਥਿਆਰਾਂ ਦੇ ਨਾਲ ਨਾਲ ‘ਕਾਇਦਾ-ਏ-ਨੂਰ’ ਵੀ ਜ਼ਬਤ ਕੀਤਾ ਤਾਂ ਜੋ ਲੋਕ ਭਾਸ਼ਾ ਦੇ ਜਾਣਕਾਰ ਹੋਣ ਨਾਲ ਰਾਜਨੀਤਕ ਤੌਰ ’ਤੇ ਜਾਗਰੂਕ ਨਾ ਹੋ ਸਕਣ।
ਭਾਸ਼ਾ ਸਬੰਧੀ ਮਸਲਿਆਂ ਅਤੇ ਇਸ ਨਾਲ ਜੁੜੀ ਰਾਜਨੀਤੀ ਦੀ ਸ਼ੁਰੂਆਤ ਅੰਗਰੇਜ਼ਾਂ ਦੀ ਆਮਦ ਨਾਲ ਹੋਈ। ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਦੀ ਕਾਰਜਕਾਰੀ ਕੌਂਸਿਲ ਦੇ ਕਾਨੂੰਨ ਮੈਂਬਰ ਲਾਰਡ ਟੀ.ਬੀ. ਮੈਕਾਲੇ ਨੂੰ ਫਰਵਰੀ 1835 ’ਚ ਕਮੇਟੀ ਆਫ ਪਬਲਿਕ ਇੰਸਟਰੱਕਸ਼ਨ ਦਾ ਪ੍ਰਧਾਨ ਥਾਪਿਆ। ਮਾਰਚ ’ਚ ਉਸ ਨੇ ‘The Minutes of Education’ ਰਿਪੋਰਟ ਸੌਂਪੀ ਜਿਸ ’ਚ ਕਿਹਾ ਗਿਆ ਕਿ ਭਾਰਤ ’ਚ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਹੋਵੇ ਅਤੇ ਜੇਕਰ ਸੰਸਕ੍ਰਿਤ ਕਾਲਜ, ਕਲਕੱਤਾ ਤੇ ਬਨਾਰਸ ਅਤੇ ਮੁਹੰਮਦੀਆ ਕਾਲਜ, ਦਿੱਲੀ ਆਪਣੀ ਸਿੱਖਿਆ ਦਾ ਮਾਧਿਅਮ ਸੰਸਕ੍ਰਿਤ ਅਤੇ ਅਰਬੀ ਫ਼ਾਰਸੀ ਰੱਖਣਾ ਚਾਹੁੰਦੇ ਹਨ ਤਾਂ ਇਨ੍ਹਾਂ ਨੂੰ ਦਿੱਤੀ ਜਾਣ ਵਾਲੀ ਸਰਕਾਰੀ ਅਨੁਦਾਨ ਰਾਸ਼ੀ ਬੰਦ ਕਰ ਦਿੱਤੀ ਜਾਵੇ। ਲਾਰਡ ਮੈਕਾਲੇ ਦੀ ਇਸ ਰਿਪੋਰਟ ਨਾਲ ਨਾ ਸਿਰਫ਼ ਸੰਸਕ੍ਰਿਤ, ਅਰਬੀ, ਫ਼ਾਰਸੀ ਦਾ ਹੀ ਸਗੋਂ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਸਮੇਤ ਪੰਜਾਬੀ ਦਾ ਵੀ ਬਹੁਤ ਨੁਕਸਾਨ ਹੋਇਆ। ਪੰਜਾਬ ’ਚ ਅੰਗਰੇਜ਼ਾਂ ਦਾ ਰਾਜ ਆਉਣ ਤੋਂ ਬਾਅਦ ਫ਼ਾਰਸੀ ਦੇ ਨਾਲ ਨਾਲ ਅੰਗਰੇਜ਼ੀ ਦਾ ਦਬਦਬਾ ਵੀ ਕਾਇਮ ਹੋ ਗਿਆ।
ਪੰਜਾਬ ’ਚ ਅੰਗਰੇਜ਼ਾਂ ਦੇ ਰਾਜ ’ਚ ਇਸਾਈ ਮੱਤ ਦੇ ਵਧ ਰਹੇ ਪ੍ਰਭਾਵ ਨੂੰ ਠੱਲ੍ਹ ਪਾਉਣ ਵਾਸਤੇ ਆਰੀਆ ਸਮਾਜ, ਸਿੰਘ ਸਭਾ ਲਹਿਰ ਅਤੇ ਸਰ ਸਈਅਦ ਅਹਿਮਦ ਦੀ ਅਲੀਗੜ੍ਹ ਮੁਸਲਿਮ ਮੂਵਮੈਂਟ ਕਾਰਨ ਜਦੋਂ ਭਾਸ਼ਾਵਾਂ ਦਾ ਵੀ ਫ਼ਿਰਕੂਕਰਨ ਹੋਣ ਲੱਗਾ ਤਾਂ ਪੰਜਾਬੀ (ਗੁਰਮੁਖੀ ਲਿਪੀ) ਨੂੰ ਸਿੱਖਾਂ ਦੀ ਭਾਸ਼ਾ ਆਖ ਦਿੱਤਾ ਗਿਆ। ਉਸ ਸਮੇਂ ਲਾਲਾ ਬਿਹਾਰੀ ਲਾਲ ਨੂਰ ਜਿਹੇ ਬੁੱਧੀਜੀਵੀਆਂ ਦਾ ਕਹਿਣਾ ਸੀ ਕਿ ਸਿੱਖਿਆ ਦਾ ਮਾਧਿਅਮ ਪੰਜਾਬੀ ਹੀ ਹੋਣਾ ਚਾਹੀਦਾ ਹੈ। ਬਾਬੂ ਰਜਬ ਅਲੀ, ਫ਼ਿਰੋਜ਼ਦੀਨ ਸ਼ਰਫ਼, ਉਸਤਾਦ ਚਿਰਾਗ਼ਦੀਨ ਦਾਮਨ ਅਤੇ ਧਨੀ ਰਾਮ ਚਾਤ੍ਰਿਕ ਜਿਹੇ ਕਵੀ ਪੰਜਾਬੀ ਦੇ ਹੱਕ ’ਚ ਆਪਣੀਆਂ ਕਵਿਤਾਵਾਂ ਰਾਹੀਂ ਹਾਅ ਦਾ ਨਾਅਰਾ ਮਾਰਦੇ ਰਹੇ। 1902 ’ਚ ਭਾਈ ਵੀਰ ਸਿੰਘ ਪੰਜਾਬੀ ਭਾਸ਼ਾ ਬਾਰੇ ਆਪਣੇ ਲੇਖ ’ਚ ਲਿਖਦੇ ਨੇ ਕਿ ‘ਹਾਲਾਤ ਬੜੇ ਮਾੜੇ ਨੇ। ਘਰਾਂ ’ਚ ਪੰਜਾਬੀ ’ਚ ਗੱਲ ਨਹੀਂ ਕੀਤੀ ਜਾਂਦੀ’।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਪੰਜਾਬ ’ਚ ਪੰਜਾਬੀ ਭਾਸ਼ਾ ਨੂੰ ਅਹਿਮੀਅਤ ਨਹੀਂ ਮਿਲੀ। ਪਟਿਆਲਾ ਰਾਜਸ਼ਾਹੀ ’ਚ 1920 ’ਚ ਪੰਜਾਬੀ ਭਾਸ਼ਾ ਲਾਗੂ ਹੋ ਗਈ ਅਤੇ ਅੱਜ ਦਾ ਪੰਜਾਬ ਦਾ ਭਾਸ਼ਾ ਵਿਭਾਗ ਪਟਿਆਲਾ ਸਟੇਟ ਤੋਂ ਹੀ ਆਇਆ ਹੈ। ਪੰਜਾਬ ’ਚ ਮੁੱਖ ਮੰਤਰੀ ਭੀਮ ਸੈਨ ਸੱਚਰ ਦੇ ਦੋ-ਭਾਸ਼ਾਈ ਫਾਰਮੂਲੇ ਨੇ ਪੰਜਾਬੀ ਨੂੰ ਵੱਡੀ ਢਾਹ ਲਾਈ। ਪੰਜਾਬੀ ਸੂਬੇ ਦੇ ਮੋਰਚੇ ਤੋਂ ਬਾਅਦ ਜਦੋਂ ਪੰਜਾਬ ਤਿੰਨ ਭਾਗਾਂ ’ਚ ਵੰਡਿਆ ਗਿਆ ਤਾਂ 1966 ’ਚ ਪੰਜਾਬ ਰਾਜ ਭਾਸ਼ਾ ਐਕਟ ਅਧੀਨ ਪੰਜਾਬੀ ਲਾਗੂ ਹੋਈ, ਪਰ ਅੱਜ 55 ਸਾਲ ਬਾਅਦ ਵੀ ਪ੍ਰਸ਼ਾਸਕੀ ਤੇ ਪ੍ਰਬੰਧਕੀ ਕਾਰਜਾਂ ’ਚ ਪੰਜਾਬੀ ਲਾਗੂ ਹੋਣ ਦੀ ਸਥਿਤੀ ਬੜੀ ਨਾਜ਼ੁਕ ਤੇ ਗੰਭੀਰ ਹੈ। ਪੰਜਾਬ ਦੇ ਵੀਹ ਹਜ਼ਾਰ ਸਕੂਲਾਂ ’ਚ ਪੰਜਾਬੀ ਦੀ ਪੜ੍ਹਾਈ ਦਾ ਮਿਆਰ ਬਹੁਤ ਨੀਵਾਂ ਹੈ। ਪੰਜਾਬ ’ਚ ਪ੍ਰਾਈਵੇਟ ਸਕੂਲਾਂ ਦੇ ਹੱਦੋਂ ਵੱਧ ਵਿਕਾਸ ਨੇ ਅੰਗਰੇਜ਼ੀ ਮਾਧਿਅਮ ’ਚ ਬੱਚਿਆਂ ਨੂੰ ਪੜ੍ਹਾਉਣ ਦੀ ਮਨੋਗ੍ਰੰਥੀ ਨੂੰ ਮਾਪਿਆਂ ਦੇ ਮਨਾਂ ’ਚ ਇਸ ਕਦਰ ਬਿਠਾ ਦਿੱਤਾ ਹੈ ਕਿ ਪੰਜਾਬੀ ਨੂੰ ਪੇਡੂਆਂ ਦੀ ਭਾਸ਼ਾ ਗਰਦਾਨ ਦਿੱਤਾ ਗਿਆ। ਇਨ੍ਹਾਂ ਸਕੂਲਾਂ ’ਚ ਪੰਜਾਬੀ ਬੋਲਣ ਤੱਕ ਦੀ ਮਨਾਹੀ ਹੈ ਅਤੇ ਜੇ ਕੋਈ ਬੋਲਦਾ ਹੈ ਤਾਂ ਉਸ ਬੱਚੇ ਨੂੰ ਹੇਅ ਭਾਵਨਾ ਨਾਲ ਤਾਂ ਵਿਵਹਾਰ ਕੀਤਾ ਹੀ ਜਾਂਦਾ ਸਗੋਂ ਜੁਰਮਾਨਾ ਵੀ ਲਾਇਆ ਜਾਂਦਾ ਹੈ। ਅਜਿਹੀ ਸੋਚ ਕਾਰਨ ਪੰਜਾਬੀ ਹਾਸ਼ੀਆਗਤ ਗ਼ਰੀਬ ਪੇਂਡੂਆਂ ਤੇ ਦਲਿਤਾਂ ਦੀ ਭਾਸ਼ਾ ਬਣ ਕੇ ਰਹਿ ਗਈ ਹੈ। ਪ੍ਰਾਈਵੇੇਟ ਨਿੱਜੀ ਸਕੂਲਾਂ ’ਚ ਪੜ੍ਹੇ ਬੱਚੇ ਤਿੰਨੋਂ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਪਹਿਲੀ ਜਮਾਤ ਤੋਂ ਪੜ੍ਹਨ ਕਾਰਨ ਕਿਸੇ ਵੀ ਭਾਸ਼ਾ ’ਚ ਨਿਪੁੰਨ ਨਹੀਂ ਹੁੰਦੇ। ਉਨ੍ਹਾਂ ਦੀ ਵਿਆਕਰਣ ਸਮਝ ਊਣੀ ਹੋਣ ਕਾਰਣ ਲਿਖਣ ਅਤੇ ਬੋਲਣ ਯੋਗਤਾ ਅਵਿਗਸੀ ਰਹਿ ਜਾਂਦੀ ਹੈ। ਅੱਜ ਪੰਜਾਬ ਦੇ ਵੀਹ ਹਜ਼ਾਰ ਸਕੂਲਾਂ ’ਚ 32 ਲੱਖ ਬੱਚੇ ਪੜ੍ਹਦੇ ਹਨ, ਪਰ ਹਰ ਬੱਚਾ ਗਿਆਨ ਦੀਆਂ ਮੂਲ ਨਿਪੁੰਨਤਾਵਾਂ ’ਚ ਊਣਾ ਹੈ।
ਪੰਜਾਬੀ ਬੋਲੀ ਦੇ ਇਤਿਹਾਸ ’ਤੇ ਝਾਤੀ ਮਾਰਿਆਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੀ ਭੂਗੋਲਿਕਤਾ ’ਚ ਆਏ ਬਦਲਾਵਾਂ ਕਾਰਨ ਇਸ ਦਾ ਖਿੱਤਾ ਸੁੰਗੜਿਆ ਹੈ ਅਤੇ ਪੰਜਾਬੀ ਬੋਲਣ ਤੇ ਪੰਜਾਬੀ ਨੂੰ ਗੁਰਮੁਖੀ ’ਚ ਪੜ੍ਹ ਲਿਖ ਸਕਣ ਵਾਲਿਆਂ ਦੀ ਗਿਣਤੀ ਘਟੀ ਹੈ।
ਭਾਵੇਂ ਲਹਿੰਦੇ ਪੰਜਾਬ ’ਚ ਠੇਠ ਪੰਜਾਬੀ ਬੋਲਣ ਵਾਲੇ ਤਾਂ ਪਹਿਲਾਂ ਹੀ ਵੱਡੀ ਗਿਣਤੀ ’ਚ ਸਨ ਪਰ ਹੁਣ ਉਨ੍ਹਾਂ ਵੱਲੋਂ ਪੰਜਾਬੀ ਨੂੰ ਸ਼ਾਹਮੁਖੀ ਲਿਪੀ ’ਚ ਲਿਖਣ ਪੜ੍ਹਨ ਵਾਲਿਆਂ ਦੀ ਗਿਣਤੀ ’ਚ ਵੱਡਾ ਵਾਧਾ ਹੋਇਆ ਹੈ। ਚੜ੍ਹਦੇ ਪੰਜਾਬ ਜਾਂ ਇਸ ਤੋਂ ਬਾਹਰ ਵੱਸਦੇ ਪੰਜਾਬੀਆਂ ’ਚ ਪੰਜਾਬੀ ਬੋਲਣ ਵਾਲੇ ਹੀ ਨਹੀਂ ਘਟੇ ਸਗੋਂ ਪੰਜਾਬੀ ਨੂੰ ਗੁਰਮੁਖੀ ’ਚ ਪੜ੍ਹਨ ਵਾਲਿਆਂ ਦੀ ਗਿਣਤੀ ’ਚ ਵੱਡੀ ਕਮੀ ਆਈ ਹੈ। ਇਸ ਨਾਲ ਪੰਜਾਬੀ ਦਾ ਬੋਲਚਾਲ ਦੀ ਭਾਸ਼ਾ ਤੱਕ ਹੀ ਰਹਿ ਜਾਣ ਦਾ ਖ਼ਤਰਾ ਵਧਿਆ ਹੈ।
ਵਰਤਮਾਨ ਦੌਰ ਵਿੱਚ ਪੰਜਾਬ ’ਚ ਸੱਭ ਤੋਂ ਵੱਡੀ ਸਬਾਲਟਰਨ ਹੋਂਦ ਵਿਦਿਆਰਥੀਆਂ ਦੀ ਹੈ ਕਿਉਂਕਿ ਇਨ੍ਹਾਂ ਦੀ ਪੀੜਾ ਨੂੰ ਕੋਈ ਬੋਲ ਨਹੀਂ ਮਿਲ ਰਹੇ। ਜੇਕਰ ਕਿਤੇ ਕੋਈ ਬੋਲ ਵੀ ਰਿਹਾ ਹੈ ਤਾਂ ਕੋਈ ਉਸ ਨੂੰ ਸੁਣ ਨਹੀਂ ਰਿਹਾ। ਸਰਕਾਰਾਂ ਨੇ ਸਿੱਖਿਆ ਤੋਂ ਆਪਣਾ ਹੱਥ ਪਿਛਾਂਹ ਖਿੱਚ ਲਿਆ ਹੈ। ਇਸ ਨੂੰ ਖ਼ਰੀਦਣ ਵੇਚਣ ਵਾਲੀ ਵਸਤ ਬਣਾ ਕੇ ਰੱਖ ਦਿੱਤਾ ਹੈ। ਇਉਂ ਨਾਬਰਾਬਰੀ ਵਾਲਾ ਸਮਾਜ ਨੂੰ ਹੀ ਨਹੀਂ ਬਣਦਾ ਸਗੋਂ ਸਮਾਜਿਕ ਤੌਰ ’ਤੇ ਪਾੜੇ ਵੀ ਪੈਦਾ ਹੁੰਦੇ ਹਨ। ਇਸ ਲਈ ਵਿਦਿਅਕ ਲਿਆਕਤ ਸਿਰ ’ਤੇ ਸਾਰੀ ਦੁਨੀਆ ਵਿੱਚ ਆਪਣੀ ਧਾਂਕ ਜਮਾਉਣ ਦੇ ਸਮਰੱਥ ਹਜ਼ਾਰਾਂ ਹੋਣਹਾਰ ਅਧਿਆਪਕ ਅਤੇ ਵਿਦਿਆਰਥੀ ਪੰਜਾਬ ਵਿੱਚੋਂ ਇਨ੍ਹਾਂ ਹਾਲਾਤ ਕਾਰਨ ਵਿਦੇਸ਼ਾਂ ਨੂੰ ਪਰਵਾਸ ਕਰ ਰਹੇ ਹਨ। ਡਾਕਟਰੀ ਅਤੇ ਇੰਜਨੀਅਰਿੰਗ ਆਦਿ ਦੀਆਂ ਡਿਗਰੀਆਂ ਹਾਸਲ ਕਰਨ ਮਗਰੋਂ ਵੀ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਦੀ ਮਾਰ ਸਹਿਣੀ ਪੈ ਰਹੀ ਹੈ। ਇਸ ਦੀ ਪੀੜ ਮਾਪੇ ਆਰਥਿਕ ਤੌਰ ’ਤੇ ਤਣਾਅਗ੍ਰਸਤ ਹੋਣ ਦੇ ਰੂਪ ਵਿੱਚ ਹੰਢਾਉਂਦੇ ਹਨ, ਅਤੇ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲਦੇ ਨਿਰਾਸ਼ਾ ਦੀ ਰਸਾਤਲ ’ਚ ਗ਼ਰਕ ਹੋ ਰਹੇ ਹਨ। ਇਸੇ ਕਾਰਨ ਨਸ਼ਿਆਂ ਦੇ ਆਦੀ ਹੋ ਰਹੇ ਹਨ। ਕਿਸਾਨਾਂ ਵਾਂਗ ਵਿਦਿਆਰਥੀ ਵੀ ਕਈ ਤਰ੍ਹਾਂ ਦੇ ਮਾਨਸਿਕ ਦਬਾਵਾਂ ਕਾਰਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਸਥਿਤੀ ਦੇ ਪੀੜਾਦਾਇਕ ਬੋਲ ਅੱਜ ਕੋਈ ਨਹੀਂ ਸੁਣ ਰਿਹਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਸਾਹਿਬਾਨ ਦਾ ਅਜਿਹਾ ਇਨਕਲਾਬੀ ਉਪਰਾਲਾ ਹੈ ਜਿਸ ਵਿੱਚ ਮੱਧਕਾਲ ਦੀਆਂ ਸਾਰੀਆਂ ਸਬਾਲਟਰਨ ਧਿਰਾਂ ਦੇ ਬੋਲਾਂ ਨੂੰ ਬਾਣੀ ਰਾਹੀਂ ਇੱਕ ਮੰਚ ’ਤੇ ਲਿਆ ਕੇ ਸਮਕਾਲੀ ਸੱਤਾ ਵਿਰੁੱਧ ਇਨ੍ਹਾਂ ਨੂੰ ਪ੍ਰਮੁੱਖਤਾ ਦਿੱਤੀ। ਸੈਂਕੜੇ ਸਾਲ ਪਹਿਲਾਂ ਇਨ੍ਹਾਂ ਯਤਨਾਂ ਦੇ ਬਾਵਜੂਦ ਅੱਜ ਵੀ ਪੰਜਾਬ ਦੀਆਂ ਸਬਾਲਟਰਨ ਧਿਰਾਂ ਜਿਵੇਂ ਦਲਿਤਾਂ, ਖੇਤ ਮਜ਼ਦੂਰਾਂ, ਔਰਤਾਂ, ਘੱਟ ਉਜਰਤ ਮਜ਼ਦੂਰਾਂ, ਛੋਟੇ ਕਿਸਾਨਾਂ ਦੀ ਚੁੱਪ ਨੂੰ ਬੋਲ ਦੇਣ ਦਾ ਹੀਲਾ ਸਾਡੇ ਸਮਿਆਂ ਵਿੱਚ ਵੱਡਾ ਸਵਾਲ ਹੈ।
ਸੰਪਰਕ : 82839-48811