ਅਪ੍ਰੈਲ ਫੂਲ ਪਰੰਪਰਾ ਕਿ ਇਤਿਹਾਸ - ਸੁਖਪਾਲ ਸਿੰਘ ਗਿੱਲ
ਹਰ ਦਿਨ ਮਹੀਨਾ ਅਤੇ ਸਾਲ ਆਪਣੀ ਬੁੱਕਲ ਦੇ ਵਿੱਚ ਬਹੁਤ ਕੁਝ ਸਾਂਭ ਲੈਂਦਾ ਹੈ । ਅਪੈ੍ਰਲ ਫੂਲ ਵੀ ਇਸੇ ਲੜੀ ਤਹਿਤ ਆਉਂਦਾ ਹੈ ਪਰ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਜਿਹਾ ਲੱਗਦਾ ਹੈ ਕਿ ਇਹ ਪਰੰਪਰਾ ਬਣੀ ਕਿ ਇਤਿਹਾਸ ਦੀ ਲੜੀ ਹੈ । ਇਤਿਹਾਸ ਮਨੁੱਖਾ ਦੇ ਭੂਤਕਾਲ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ ਜਦੋਂ ਕਿ ਪਰੰਪਰਾ ਇੱਕ ਵਿਸ਼ਵਾਸ਼ ਹੁੰਦਾ ਹੈ ਜੋ ਸਮਾਜ ਵਿੱਚ ਬੀਤੇ ਸਮੇਂ ਵਿਸ਼ੇਸ਼ ਮਹੱਤਵ ਨਾਲ ਚੱਲਿਆ ਹੁੰਦਾ ਹੈ । ਹਾਂ ਇੱਕ ਗੱਲ ਜ਼ਰੂਰ ਹੈ ਕਿ ਅਪੈ੍ਰਲ ਫੂਲ ਦੇ ਪਿਛੋਕੜ ਨੇ ਮੂਰਖ ਦੀ ਪਰਿਭਾਸ਼ਾ ਉਜ਼ਾਗਰ ਕਰ ਦਿੱਤੀ ਸੀ । ਪਰ ਵਿਸ਼ਵਵਿਆਪੀ ਅਤੇ ਸਦੀਵੀ ਸੱਚ ਇਹ ਹੈ :-
" ਮੂਰਖ ਹੋਵੈ ਸੋ ਸੁਣੈ ਮੂਰਖ ਕਾ ਕਹਣਾ ।।
ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ।। "
ਪਹਿਲੀ ਅਪੈ੍ਰਲ ਨੂੰ ਵੱਖ ਵੱਖ ਖੇਤਰਾਂ ਖਿਤਿਆਂ ਵਿੱਚ ਆਪਣੀ ਆਪਣੀ ਪਛਾਣ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਨੂੰ ਆਲਮੀ ਪੱਧਰ ਤੇ ਅਪੈ੍ਰਲ ਫੂਲ ਡੇ ਵਜੋਂ ਮਨਾਇਆ ਜਾਂਦਾ ਹੈ । ਇਸ ਤੋਂ ਸਪਸ਼ਟ ਹੈ ਕਿ ਇਸਦਾ ਪਿਛੋਕੜ ਪੱਛਮੀ ਸਮਾਜ ਵਿੱਚ ਹੈ । ਪੰਜਾਬੀ ਵਿੱਚ ਮੂਰਖ ਦਿਨ ਕਹਿਣਾ ਸ਼ਰਮ ਦਾ ਵਿਸ਼ਾ ਬਣ ਜਾਂਦਾ ਹੈ । ਕੁਝ ਕੁ ਦੇਸ਼ਾਂ ਵਿੱਚ ਇਸ ਦਿਨ ਛੁੱਟੀ ਵੀ ਹੁੰਦੀ ਹੈ । ਇੱਕ ਰੀਤੀ ਰਿਵਾਜ਼ ਅਨੁਸਾਰ ਆਲੇ ਦੁਆਲੇ ਦੇ ਲੋਕਾਂ ਨੂੰ ਮਜ਼ਾਕ ਕਰ ਸਕਦੇ ਹਾਂ ਜਾਂ ਮੂਰਖ ਬਣਾ ਸਕਦੇ ਹਾਂ । ਪਰ ਇਹ ਸਹਿਣਸ਼ੀਲਤਾ ਦੇ ਅਧੀਨ ਹੈ । ਮਜ਼ਾਕ ਕਰਨਾ ਸਮਾਜਿਕ ਅਤੇ ਆਰਥਿਕ ਨੁਕਸਾਨ ਰਹਿਤ ਹੁੰਦਾ ਹੈ । ਇਸ ਨੂੰ ਸਮਾਜਿਕ ਮਾਨਤਾ ਤਾਂ ਹੈ ਪਰ ਅੱਜ ਦੇ ਅਸ਼ਹਿਣਸ਼ੀਲ ਯੁੱਗ ਵਿੱਚ ਇਹ ਕਲੇਸ਼ ਦੀ ਜੜ੍ਹ ਵੀ ਹੋ ਨਿਬੜਦਾ ਹੈ । ਮੂਰਖ ਨੂੰ ਉਸਦੀ ਮੂਰਖਤਾ ਤੋਂ ਜਾਣੂ ਕਰਾਉਣ ਲਈ ਪ੍ਰਤੀਕਰਮ ਚੰਗਾ ਮਾਹੌਲ ਨਹੀਂ ਸਿਰਜਦਾ ।
ਇਸਦੀ ਸ਼ੁਰੂਆਤ ਕਿਹਾ ਜਾਂਦਾ ਹੈ ਕਿ ਇੱਕ ਦਿਨ ਇੰਗਲੈਂਡ ਦੇ ਰਾਜਾ ਨੇ ਇੱਕ ਮਹਾਰਾਣੀ ਐਨੀ ਨਾਲ ਮੰਗਣੀ ਦਾ ਸੁਝਾਅ ਰੱਖਿਆ ਉਹਨਾਂ ਵੱਲੋਂ ਪਰਚਾਰਿਆ ਗਿਆ ਕਿ ਇਹ ਮੰਗਣੀ 32 ਮਾਰਚ 1381 ਨੂੰ ਹੋਵੇਗੀ । ਲੋਕਾਂ ਵੱਲੋਂ ਜਸ਼ਨ ਮਨਾਏ ਗਏ ਪਰ ਬਾਅਦ ਵਿੱਚ ਸੁਝਿਆ ਕਿ 32 ਮਾਰਚ ਨਹੀਂ ਹੁੰਦੀ । ਇਸ ਬਾਰੇ ਹੋਰ ਵੀ ਤਰ੍ਹਾਂ ਤਰ੍ਹਾਂ ਦੀਆਂ ਧਾਰਨਾਵਾਂ , ਖੋਜਾਂ ਹੋਈਆਂ । ਪਰ ਹਰੇਕ ਆਪਣੇ ਸੁਭਾਅ ਅਨੁਸਾਰ ਮਨਾਉਂਦਾ ਹੈ । ਵਿੱਤੀ ਅਦਾਰੇ ਇਸ ਦਿਨ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ । ਇਸ ਤੋਂ ਇਲਾਵਾ ਹੋਰ ਕਈ ਕੰਮਾ ਤੋਂ ਇਲਾਵਾ ਸਕੂਲਾਂ ਵਿੱਚ ਦਾਖਲਿਆ ਦਾ ਦੌਰ ਚੱਲਦਾ ਹੈ ।
ਮੂਰਖ ਦਿਵਸ ਪਿੱਛੇ ਮੂਰਖ ਬਣਾਉਣਾ ਇੱਕ ਕਲਾ ਹੈ ਜਦ ਕੇ ਮੂਰਖ ਬਣਨਾ ਅਣਸੋਝੀ ਹੈ । ਹਰੇਕ ਸਾਲ ਇਹ ਵਰਤਾਰਾ ਚੱਲਦਾ ਰਹਿੰਦਾ ਹੈ । ਕਹਾਵਤ ਹੈ ਇੱਕ ਅਕਬਰ ਨੇ ਬੀਰਬਲ ਨੂੰ ਕਿਹਾ ਕਿ ਚਾਰ ਮੂਰਖ ਲੱਭੋ । ਬੀਰਬਲ ਆਪਣੇ ਨਾਲ ਇੱਕ ਮੂਰਖ ਲੈ ਕੇ ਆਇਆ ਰਾਜੇ ਨੂੰ ਦੱਸਿਆ ਕਿ ਇਹ ਵਿਅਕਤੀ ਘੋੜੇ ਉੱਤੇ ਬਹਿ ਕੇ ਪੱਠਿਆਂ ਦੀ ਪੰਡ ਲਈ ਜਾ ਰਿਹਾ ਸੀ । ਮੈਂ ਪੁੱਛਿਆ ਉੱਤਰ ਮਿਲਿਆ , " ਕਿ ਘੋੜਾ ਬਿਮਾਰ ਹੈ ਇਸ ਤੇ ਭਾਰ ਨਹੀਂ ਪਾਉਣਾ " ਅਕਬਰ ਨੇ ਪੁੱਛਿਆ ਦੂਜਾ ਮੂਰਖ < ਉੱਤਰ ਮਿਲਿਆ " ਮਹਾਰਾਜ ਮੈਂ ਹਾਂ ਜੋ ਮੂਰਖ ਲੱਭਣ ਤੁਰਿਆ ਹਾਂ " ਤੀਜੇ ਮੂਰਖ ਬਾਰੇ ਬੀਰਬਲ ਨੇ ਕਿਹਾ ਬਾਦਸ਼ਾਹ ਤੁਸੀਂ ਹੋਂ । ਜੋ ਰੂਝੇਂਵਿਆਂ ਦੇ ਬਾਵਯੂਦ ਵੀ ਸਿਆਣਿਆਂ ਦੀ ਥਾਂ ਮੂਰਖ ਲੱਭਦੇ ਹੋ । ਚੌਥਾ ਮੂਰਖ ਬਾਦਸ਼ਾਹ ਸਲਾਮ ਜੋ ਇਹ ਕਹਾਣੀ ਪੜ੍ਹ ਰਿਹਾ ਹੈ । ਅਪੈ੍ਰਲ ਫੂਲ ਜਾ ਮੂਰਖ ਦਿਵਸ ਹੋਵੇ ਪਰ ਇਸ ਦਿਨ ਤੇ ਮੂਰਖ ਬਣਨ ਤੋਂ ਸਬਕ ਲੈਣਾ ਚਾਹੀਦਾ ਹੈ ।
ਸੁਖਪਾਲ ਸਿੰਘ ਗਿੱਲ
(ਅਬਿਆਣਾ ਕਲਾਂ)
98781—11445