ਪੱਤਰਕਾਰਾਂ ਨੂੰ ਡਰਾਉਣਾ-ਧਮਕਾਉਣਾ ਬਣ ਚੁੱਕਿਆ ਹੈ ਆਮ ਵਰਤਾਰਾ - ਡਾ. ਗੁਰਵਿੰਦਰ ਸਿੰਘ

ਪੰਜਾਬੀ ਨਿਊਜ਼ ਆਨ ਲਾਈਨ ਦੇ ਪੱਤਰਕਾਰ ਸੁਖਨੈਬ ਸਿੱਧੂ ਖ਼ਿਲਾਫ਼ ਪੁਲਿਸ ਥਾਣਾ ਨਥਾਣਾ ਵਿਖੇ ਭੜਕਾਹਟ ਪੈਦਾ ਕਰਨ, ਦੋ ਫ਼ਿਰਕਿਆਂ ਵਿਚ ਨਫ਼ਰਤ ਪੈਦਾ ਕਰਨ ਅਤੇ ਦੇਸ਼ ਦੀ ਅਖੰਡਤਾ ਨੂੰ ਖ਼ਤਰਾ ਪੈਦਾ ਕਰਨ ਜਿਹੀਆਂ ਸੰਗੀਨ ਧਾਰਾਵਾਂ ਲਾ ਕੇ ਪਰਚਾ ਦਰਜ ਕੀਤਾ ਗਿਆ ਸੀ, ਜਿਸ ਅਧਾਰ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵੀ ਸੱਚ ਹੈ ਕਿ ਕਿਸੇ ਸਮੇਂ ਸੁਖਨੈਬ ਸਿੱਧੂ ਅੱਜ ਕੱਲ ਆਪ ਸਰਕਾਰ ਦੇ ਮੀਡੀਆ ਇੰਚਾਰਜ ਬਲਤੇਜ ਪਨੂੰ ਦਾ ਅਤਿ ਨਜ਼ਦੀਕੀ ਰਿਹਾ। ਸੁਖਨੈਬ ਸਿੱਧੂ ਨੇ ਪਨੂੰ ਦੀ ਗ੍ਰਿਫ਼ਤਾਰੀ 'ਤੇ ਹਾਅ ਦਾ ਨਾਅਰਾ ਵੀ ਮਾਰਿਆ ਸੀ। ਇਹ ਵੀ ਚਰਚਾ ਹੈ ਕਿ  ਸੁਖਨੈਬ ਸਿੱਧੂ ਦੀ ਗ੍ਰਿਫਤਾਰੀ ਦਾ ਮਾਮਲਾ 'ਪੰਜਾਬ ਦੀ ਵੱਡੀ ਸਿਆਸੀ ਧਿਰ' ਨਾਲ ਸੰਬੰਧਿਤ 'ਹਾਈ ਪ੍ਰੋਫਾਈਲ' ਦੱਸਿਆ ਜਾ ਰਿਹਾ ਹੈ। ਸੁਖਨੈਬ ਸਿੱਧੂ ਦੀਆਂ ਮੌਜੂਦਾ ਸਮੇਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਲਾ, ਸਭਿਆਚਾਰ ਅਤੇ ਭਾਸ਼ਾ ਸਲਾਹਕਾਰ ਦੀਪਕ ਬਾਲੀ ਹੋਰਾਂ ਨਾਲ ਵੀ ਤਸਵੀਰਾਂ ਦਿਖਾਈ ਦਿੰਦੀਆਂ ਹਨ। ਦੀਪਕ ਬਾਲੀ ਸਮੇਤ ਸਭਨਾਂ ਨੂੰ ਅਜਿਹੀਆਂ ਗ੍ਰਿਫ਼ਤਾਰੀਆਂ ਦਾ, ਸਿਆਸੀ ਦਾਇਰਿਆਂ ਤੋਂ ਉਪਰ ਉਠ ਕੇ ਸਿਰਫ ਵਿਰੋਧ ਹੀ ਨਹੀਂ ਕਰਨਾ ਚਾਹੀਦਾ, ਬਲਕਿ ਸਰਕਾਰ ਨੂੰ ਇਸ ਦੇ ਨਤੀਜਿਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਸੁਖਨੈਬ ਸਿੱਧੂ 'ਤੇ ਇਹ ਦੋਸ਼ ਲਾਉਣਾ ਕਿ ਸਰਕਾਰ ਲਈ ਭੜਕਾਹਟ ਪੈਦਾ ਕਰ ਰਿਹਾ ਸੀ, ਦੇਸ਼ ਦੀ ਅਖੰਡਤਾ ਲਈ ਖਤਰਾ ਸੀ, ਇਹ  ਪੰਜਾਬ ਸਰਕਾਰ ਦੇ ਘੜੇ-ਘੜਾਏ ਬਿਰਤਾਂਤ ਹਨ, ਜੋ ਹੋਰਨਾਂ ਦੇ ਵਿਰੁੱਧ ਵੀ ਸਰਕਾਰ ਵਰਤ ਰਹੀ ਹੈ। ਇੱਥੋਂ ਤਕ ਕਿ ਸੁਪਰੀਮ ਕੋਰਟ ਵੀ ਪੱਤਰਕਾਰ ਖ਼ਿਲਾਫ਼ ਸਰਕਾਰੀ ਕਾਰਵਾਈਆਂ ਲਈ ਝਾੜ-ਝੰਬ ਕਰ ਰਹੀ ਹੈ। ਬੀਬੀਸੀ ਪੰਜਾਬੀ ਦਾ twitter account ਬੰਦ ਕਰਨਾ, ਇਸ ਤੋਂ ਇਲਾਵਾ ਸਿੱਖ ਸਿਆਸਤ ਦੇ ਭਾਈ ਪਰਮਜੀਤ ਸਿੰਘ ਦੇ ਘਰੇ ਛਾਪੇਮਾਰੀ ਕਰਨੀ ਅਤੇ ਕਈ ਹੋਰਨਾਂ ਪੱਤਰਕਾਰਾਂ ਨੂੰ ਡਰਾਉਣਾ ਧਮਕਾਉਣਾ ਆਮ ਵਰਤਾਰਾ ਬਣ ਚੁੱਕਿਆ ਹੈ। ਅਜਿਹੀ ਹਰ ਕਾਰਵਾਈ ਦਾ ਵਿਰੋਧ ਕਰਦੇ ਹਾਂ, ਜੋ ਲੋਕਾਂ ਦੀ ਆਵਾਜ਼ ਦਬਾ ਰਹੀ ਹੈ।

 ਸਰਕਾਰੀ ਧੱਕੇਸ਼ਾਹੀਆਂ ਖਿਲਾਫ਼ ਬੋਲਣ ਤੋਂ ਜਿਹੜੇ ਅੱਜ ਗੁਰੇਜ਼ ਕਰ ਰਹੇ ਹਨ, ਕੱਲ ਉਹ ਆਪਣੀ ਵਾਰੀ ਲਈ ਤਿਆਰ ਰਹਿਣ। ਪੱਤਰਕਾਰ ਸੁਖਨੈਬ ਸਿੰਘ ਸਿੱਧੂ ਨੇ ਪੁਲਿਸ ਹਿਰਾਸਤ ਵਿੱਚੋਂ ਰਿਹਾਅ ਹੋ ਕੇ ਉਸ ਦੇ ਹੱਕ ਵਿਚ 'ਹਾਅ ਦਾ ਨਾਹਰਾ' ਮਾਰਨ ਅਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ ਹੈ। ਸੁਖਨੈਬ ਸਿੱਧੂ ਨੇ ਜੇਲ੍ਹ ਵਿਚੋਂ ਬਾਹਰ ਆਉਂਦਿਆਂ ਹੀ ਇਹ ਦੱਸਿਆ ਕਿ ਉਸ ਖਿਲਾਫ ਕੇਸ ਅਮਰੀਕਾ ਦੇ ਗੁਰਦੁਆਰੇ ਵਿਚ ਰਿਕਾਰਡ ਕੀਤੀ ਇਕ ਵੀਡੀਓ ਚਲਾਉਣ ਦਾ ਬਣਿਆ ਹੈ। ਇਸ ਵਿਚ ਮੁਖ ਮੰਤਰੀ ਭਗਵੰਤ ਮਾਨ ਦੀ ਸਾਬਕਾ ਪਤਨੀ ਅਤੇ ਬੱਚਿਆਂ ਦੇ ਮਾਮਲੇ ਵਿੱਚ ਟਿੱਪਣੀਆਂ ਕੀਤੀਆਂ ਗਈਆਂ ਸਨ। ਵੀਡੀਓ ਚਲਾਉਣ ਨੂੰ ਹੀ ਸੁਖਨੈਬ ਸਿੱਧੂ ਦੇ ਖਿਲਾਫ ਵਰਤਿਆ ਗਿਆ। ਹਾਲਾਕਿ ਸੁਖਨੈਬ ਸਿੱਧੂ ਦਾ ਸਾਰਾ ਬਿਰਤਾਂਤ ਵਿਰੋਧ ਕਰਨ ਵਾਲਿਆਂ ਦੇ ਉਲਟ ਅਤੇ ਭਗਵੰਤ ਮਾਨ ਦੀ ਸਾਬਕਾ ਪਤਨੀ ਅਤੇ ਬੱਚਿਆਂ ਨਾਲ ਹਮਦਰਦੀ ਭਰਿਆ ਸੀ, ਪਰ ਫਿਰ ਵੀ ਸਰਕਾਰ ਨੂੰ ਤਰਸ ਨਹੀਂ ਆਇਆ ਅਤੇ ਉਸ ਦੇ ਸੁਖਨੈਬ ਸਿੱਧੂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਇਹ ਸੱਚ ਹੈ ਕਿ ਅਮਰੀਕਾ ਦੀ ਕਿਸੇ ਵੀ ਗੁਰਦੁਆਰਾ ਕਮੇਟੀ ਨੇ ਭਗਵੰਤ ਮਾਨ ਦੀ ਸਾਬਕਾ ਪਤਨੀ ਤੇ ਬੱਚਿਆਂ ਖਿਲਾਫ ਨਾ ਮਤਾ ਪਾਇਆ, ਨਾ ਹੀ ਕਿਸੇ ਗੁਰਦੁਆਰੇ ਨੇ ਬਾਈਕਾਟ ਕੀਤਾ ਹੈ, ਇਕ ਬੁਲਾਰੇ ਨੇ ਗੱਲਬਾਤ ਕੀਤੀ ਜੋ ਕਿ ਨਿੰਦਣਯੋਗ ਹੈ। ਇਥੋਂ ਤੱਕ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਇਸ ਦੀ ਨਿਖੇਧੀ ਕੀਤੀ ਹੈ। ਇਕ ਬੁਲਾਰੇ ਦੀ ਗੱਲਬਾਤ ਨੂੰ ਅਧਾਰ ਬਣਾ ਕੇ ਸਰਕਾਰ ਦਾ ਵਿਰੋਧ ਕਰ ਰਹੇ ਸਭਨਾਂ ਨੂੰ ਨੂੰ ਭੰਡਿਆ ਜਾ ਰਿਹਾ ਹੈ।

ਇਸ ਦੇ ਬਦਲ ਵਿਚ ਪੰਜਾਬ ਅੰਦਰ ਸਿੱਖ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਹਨ, ਉਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਪੁਲਿਸ ਵੱਲੋਂ ਥਾਣਿਆਂ ਵਿੱਚ ਸੱਦਿਆ ਜਾ ਰਿਹਾ ਹੈ ਅਤੇ ਜ਼ਲੀਲ ਕੀਤਾ ਜਾ ਰਿਹਾ ਹੈ, ਸਿੱਖ ਪਰਿਵਾਰਾਂ ਦੀਆਂ ਬੱਚੀਆਂ ਇਸ ਵੇਲੇ ਪੰਜਾਬ ਅੰਦਰ ਸਰਕਾਰੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੀਆਂ ਹਨ। ਉਸ ਦੀ ਕੋਈ ਗੱਲ ਨਹੀਂ ਕਰ ਰਿਹਾ। ਅਸੀਂ ਸੁਖਨੈਬ ਸਿੱਧੂ ਨਾਲ ਧੱਕੇਸ਼ਾਹੀ ਦਾ ਵਿਰੋਧ ਕਰਦੇ ਹਾਂ, ਕਿਉਕਿ ਚਾਹੇ ਕੋਈ ਪੱਤਰਕਾਰ ਹੋਵੇ ਜਾਂ ਕੋਈ ਮਨੁੱਖੀ ਅਧਿਕਾਰ ਕਾਰਕੁੰਨ, ਜਿਸ ਨਾਲ ਵੀ ਸਰਕਾਰੀ ਧੱਕੇਸ਼ਾਹੀ ਹੁੰਦੀ ਹੈ, ਉਸ ਦੇ ਹੱਕ 'ਚ ਖੜਨਾ ਫਰਜ਼ ਬਣਦਾ ਹੈ, ਬੇਸ਼ੱਕ ਸਾਡੇ ਵਿਚਾਰ ਉਸਦੇ ਨਾਲ ਸਹਿਮਤ ਹੋ ਜਾਂ ਨਹੀਂ।

 ਦੂਜੇ ਪਾਸੇ ਸਰਕਾਰ ਦੇ ਗਲਤ ਕੰਮਾਂ ਦੀ ਖੁੱਲ੍ਹ ਕੇ ਅਲੋਚਨਾ ਨਾ ਕਰਨ ਵਾਲਿਆਂ ਨੂੰ ਅਸੀਂ ਇਹ ਸੁਨੇਹਾ ਵੀ ਦਿੰਦੇ ਹਾਂ ਕਿ ਸਰਕਾਰ ਦੇ ਜਿੰਨੇ ਮਰਜ਼ੀ ਹਿਤੈਸ਼ੀ ਬਣਨ ਦੀ ਕੋਸ਼ਿਸ਼ ਕਰੋ, ਆਖਰ ਸਰਕਾਰੀ ਧੱਕੇਸ਼ਾਹੀ ਦਾ ਕਿਸੇ-ਨਾ-ਕਿਸੇ ਸਮੇਂ ਤੁਸੀਂ ਵੀ ਸ਼ਿਕਾਰ ਹੋਵੇਗੇ। ਇਸ ਤੋਂ ਬਾਕੀਆਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪ੍ਰਸਿੱਧ ਪੱਤਰਕਾਰ ਸ਼ਿਵ ਇੰਦਰ ਹੁਰਾਂ ਨੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਸਬੰਧੀ ਇੱਕ ਇੰਟਰਵਿਉ ਵੀਡੀਓ ਚਲਾਈ ਸੀ, ਜਿਸ ਕਾਰਨ ਉਨ੍ਹਾਂ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ। ਇਹ ਵੀਡੀਓ ਅੰਮ੍ਰਿਤਪਾਲ ਦੀ ਹੱਕ ਵਿਚ ਨਹੀਂ ਸੀ, ਸਿਰਫ ਸਰਕਾਰ ਦੀ ਅਲੋਚਨਾ ਸੀ। ਕਹਿਣ ਦਾ ਭਾਵ ਇਹ ਹੈ ਕਿ ਹੁਣ ਮਾਮਲਾ ਅੰਮ੍ਰਿਤਪਾਲ ਸਿੰਘ ਤਕ ਸੀਮਤ ਨਹੀਂ ਹੈ, ਇਕ ਵੱਡਾ ਸਰਕਾਰ ਪੱਖੀ ਅਤੇ ਪੰਜਾਬ ਵਿਰੁੱਧ ਬਿਰਤਾਂਤ ਸਿਰਜਿਆ ਜਾ ਚੁੱਕਾ ਹੈ। ਇਸ ਜਾਲ ਵਿੱਚ ਫਸਣ ਤੋਂ ਬਚਣ ਦੀ ਲੋੜ ਹੈ। 'ਜੋਕਾਂ ਦੀ ਥਾਂ ਲੋਕਾਂ ਦਾ' ਸਾਥ ਦਿੱਤਾ ਜਾਣਾ ਬਣਦਾ ਹੈ।


(ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁੱਢਲੀ ਐਬਟਸਫੋਰਡ)