ਗ਼ਜ਼ਲ - ਮਹਿੰਦਰ ਸਿੰਘ ਮਾਨ



ਨਸ਼ਿਆਂ ਵਿੱਚ ਫਸਿਆਂ ਦੀ ਜੇ ਨਾ ਕੀਤੀ ਸਭ ਨੇ ਗੱਲ,
ਤਾਂ ਫਿਰ ਉਹ ਹਰ ਰੋਜ਼ ਹੀ ਜਾਣਗੇ ਮੌਤ ਕੁਲਹਿਣੀ ਵੱਲ।
ਵੋਟਾਂ ਲੈਣ ਲਈ ਵਾਅਦਿਆਂ ਦੀ ਝੜੀ ਜਿਹੜੇ ਲਾਣ,
ਜਿੱਤਣ ਪਿੱਛੋਂ ਉਹ ਲੋਕਾਂ ਤੋਂ ਫਿਰਨ ਬਚਾਂਦੇ ਖੱਲ।
ਬੇਰੁਜ਼ਗਾਰਾਂ ਨੂੰ ਸਰਕਾਰੇ ਇੱਥੇ ਦੇਹ ਰੁਜ਼ਗਾਰ,
ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣ ਦਾ ਹੈ ਇਹੋ ਹੱਲ।
ਝਗੜੇ ਕਰਕੇ ਆਪਣਾ ਸਮਾਂ ਨਾ ਕਰੋ ਯਾਰੋ ਬਰਬਾਦ,
ਰਲ ਕੇ ਬਹਿ ਕੇ ਕਰ ਲਉ ਆਪਣੇ ਸਾਰੇ ਮਸਲੇ ਹੱਲ।
ਰਿਸ਼ਵਤ ਲੈਣ ਤੋਂ ਹੱਟਣ ਕਿੱਦਾਂ ਯਾਰੋ ਰਿਸ਼ਵਤਖੋਰ,
ਜਦ ਉੱਤੇ ਤੋਂ ਥੱਲੇ ਤੱਕ ਹੈ ਸਭ ਦੀ ਇੱਕੋ ਗੱਲ।
ਉਹ ਖਾਲੀ ਹੋ ਕੇ ਬਹਿ ਗਏ ਨੇ, ਕੁੱਝ ਵੀ ਰਿਹਾ ਨਾ ਕੋਲ,
ਮਾਪੇ ਹੁਣ ਪਛਤਾਣ ਬੜਾ ਪੁੱਤਰ ਨੂੰ ਬਾਹਰ ਘੱਲ।
ਆਪਣੀ ਇੱਜ਼ਤ ਜੱਗ 'ਚ ਬਣਾ ਲਉ ਕਰਕੇ ਚੰਗੇ ਕੰਮ,
ਨਾ ਜਾਣੇ ਮੌਤ ਆ ਜਾਵੇ ਕਦ ਚੱਲ ਤੁਹਾਡੇ ਵੱਲ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554