ਕੀ ਇਤਿਹਾਸ ਨਾਲ ਖਿਲਵਾੜ ਜ਼ਰੂਰੀ ਹੈ? - ਗੁਰਮੀਤ ਸਿੰਘ ਪਲਾਹੀ
ਅਮਰੀਕਾ ਦੇ ਸਾਸ਼ਕਾਂ ਅਨੁਸਾਰ ਅਮਰੀਕਾ ਦਾ ਇਤਿਹਾਸ ਕੋਈ ਵੀ ਹੋਵੇ ਪਰ ਉਥੇ ਦੇ ਕਾਲੇ ਲੋਕਾਂ ਦਾ ਇਤਿਹਾਸ ਵੱਖਰਾ ਹੋਏਗਾ। ਅਮਰੀਕਾ ਦੇ ਕਾਲੇ ਲੋਕਾਂ ਦੇ ਵਿਚਾਰਾਂ ਦੀ ਤਰਜ਼ਮਾਨੀ ਕਰਨ ਵਾਲੀ ਕਾਲੀ ਕਵਿੱਤਰੀ ਮਾਇਆ ਐਂਜਲੋ ਕਾਲੇ ਲੋਕਾਂ ਦੀ ਗੁਲਾਮੀ ਦਾ ਦਰਦ ਬਿਆਨਦੀ ਉਹਨਾ ਦਾ ਇਤਿਹਾਸ ਵਰਨਣ ਕਰਦੀ ਹੈ, "ਇਤਿਹਾਸ ਚਾਹੇ ਜਿੰਨਾ ਵੀ ਦਰਦ ਭਰਿਆ ਹੋਵੇ, ਦੁਬਾਰਾ ਨਹੀਂ ਜੀਆ ਜਾ ਸਕਦਾ ਹੈ। ਹੌਸਲੇ ਦੇ ਨਾਲ ਜੇਕਰ ਉਸ ਦਾ ਸਾਹਮਣਾ ਕੀਤਾ ਜਾਏ ਤਾ ਉਸਨੂੰ ਦੁਬਾਰਾ ਜੀਣ ਦੀ ਜ਼ਰੂਰਤ ਨਹੀਂ ਹੈ"।
ਕੀ ਆਰ.ਐਸ.ਐਸ. ਦੀ ਮਾਨਸਿਕਤਾ ਵਾਲੇ ਲੋਕ ਇਹਨਾ ਸਤਰਾਂ ਦੇ ਅਰਥ ਸਮਝ ਸਕਦੇ ਹਨ? ਜੇਕਰ ਉਹ ਸਮਝ ਸਕਦੇ ਤਾ ਕਦੇ ਇਸ ਤੱਥ ਨੂੰ ਅੱਖੋਂ-ਪਰੋਖੇ ਨਹੀਂ ਕਰ ਸਕਣਗੇ ਕਿ ਨੱਥੂ ਰਾਮ ਗੋਡਸੇ ਨੇ ਮੋਹਨ ਦਾਸ ਕਰਮਚੰਦ ਗਾਂਧੀ ਦਾ ਕਤਲ ਕੀਤਾ ਸੀ। ਕੀ ਇਸ ਨੂੰ ਭੁਲਾਇਆ ਜਾ ਸਕਦਾ ਹੈ? ਕੀ ਗੁਜਰਾਤ ਦੇ ਦੰਗਿਆਂ ਦਾ ਜ਼ਿਕਰ ਇਤਿਹਾਸ ਵਿਚੋਂ ਬਾਹਰ ਕੀਤਾ ਜਾ ਸਕਦਾ ਹੈ?
ਐਨ.ਸੀ.ਈ.ਆਰ.ਟੀ. ਦੇ ਅਧਿਕਾਰੀਆਂ ਵਲੋਂ ਉਪਰੋਕਤ ਤੱਥਾਂ ਨੂੰ ਗਿਆਰਵੀ ਤੇ ਬਾਹਰਵੀ ਦੀਆਂ ਕਿਤਾਬਾਂ ਵਿਚੋਂ ਹਾਕਮਾਂ ਦੇ ਇਸ਼ਾਰੇ 'ਤੇ ਬਾਹਰ ਕੱਢ ਦਿੱਤਾ ਗਿਆ ਹੈ। ਮੁਗਲ ਬਾਦਸ਼ਾਹਾਂ ਦੇ ਇਤਿਹਾਸ ਨੂੰ ਵੀ ਹੁਣ ਘੱਟ ਪੜ੍ਹਾਇਆ ਜਾਏਗਾ। ਕਿਹਾ ਜਾ ਰਿਹਾ ਹੈ ਕਿ ਭਾਰੀ ਭਰਕਮ ਪੜ੍ਹਾਉਣਾ ਬੱਚਿਆਂ ਉਤੇ ਵੱਡਾ ਬੋਝ ਹੈ।
ਇਹ ਨਹੀਂ ਕਿ ਮੌਜੂਦਾ ਦੌਰ ਵਿੱਚ ਮੋਦੀ ਪ੍ਰਸ਼ਾਸ਼ਨ ਵਲੋਂ ਹੀ ਇਹ ਕੰਮ ਕੀਤਾ ਜਾ ਰਿਹਾ ਹੈ, ਅਸਲ ਵਿੱਚ ਕਾਂਗਰਸ ਦੇ ਦੌਰ ਵਿੱਚ ਵੀ ਇਸ ਕਿਸਮ ਦਾ ਖਿਲਵਾੜ ਕੀਤਾ ਗਿਆ। ਹੁਣ ਜਿਵੇਂ ਕਿ ਹਾਕਮ ਹਿੰਦੂਤਵੀ ਅਜੰਡਾ ਜਾਰੀ ਕਰਨ ਲਈ ਹਿੰਦੂਆਂ ਨੂੰ ਖੁਸ਼ ਕਰਨ ਲਈ ਇਹ ਕਾਰਵਾਈ ਕਰ ਰਹੇ ਹਨ, ਕਾਂਗਰਸੀ ਹਾਕਮਾਂ ਵਲੋਂ ਮੁਸਲਮਾਨਾਂ ਨੂੰ ਖੁਸ਼ ਕਰਨ ਲਈ, ਉਹਨਾ ਦੀਆਂ ਵੋਟਾਂ ਹਥਿਆਉਣ ਲਈ ਇਹ ਕੰਮ ਕੀਤਾ ਗਿਆ, ਉਹਨਾ ਮੁਗਲ ਹਾਕਮਾਂ ਦੀਆਂ ਬੁਰਾਈਆਂ ਨੂੰ ਵੀ ਚੰਗਿਆਈਆਂ ਦੱਸਿਆ। ਕੀ ਇਹ ਇਤਿਹਾਸ ਨਾਲ ਖਿਲਵਾੜ ਨਹੀਂ ਸੀ?
ਇਹ ਠੀਕ ਹੈ ਕਿ ਇਤਿਹਾਸ ਦੀਆਂ ਕਿਤਾਬਾਂ 'ਚ ਸੁਧਾਰ ਜ਼ਰੂਰੀ ਹੈ, ਲੇਕਿਨ ਇਹਨਾ ਕੋਸ਼ਿਸ਼ਾਂ ਦਾ ਮਕਸਦ ਇਹ ਨਹੀਂ ਹੋਣਾ ਚਾਹੀਦਾ ਕਿ ਜੋ ਕੁਝ ਵਰਤਮਾਨ 'ਚ ਹਿੰਦੂਤਵੀ ਸਾਸ਼ਕਾਂ ਨੂੰ ਨਾਪਸੰਦ ਹੈ, ਉਹਨਾ ਨੂੰ ਕਿਤਾਬਾਂ ਵਿਚੋਂ ਬਾਹਰ ਕੱਢ ਦਿੱਤਾ ਜਾਵੇ। ਇਸਦਾ ਬੱਚਿਆਂ ਉਤੇ ਅਸਰ ਆਖ਼ਰ ਕੀ ਹੋਵੇਗਾ?
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਢੰਗ ਨਾਲ ਇਤਿਹਾਸ ਲਿਖਵਾਇਆ, ਕੈਪਸੂਲ ਤਿਆਰ ਕਰਵਾ ਕੇ ਜ਼ਮੀਨ 'ਚ ਦੱਬਿਆ ਤਾਂ ਕਿ ਸਦੀਆਂ ਬਾਅਦ ਵੀ ਇੰਦਰਾ ਗਾਂਧੀ ਵਲੋਂ ਸਿਰਜਿਆ ਇਤਿਹਾਸ ਉਸ ਮੌਕੇ ਲੋਕਾਂ ਦੀਆਂ ਨਜ਼ਰਾਂ 'ਚ ਆਵੇ। ਪਰ ਸਮੇਂ ਨੇ ਅਜਿਹਾ ਝੰਜੋੜਾ ਦਿੱਤਾ ਕਿ ਐਮਰਜੈਂਸੀ ਤੋਂ ਬਾਅਦ ਲੋਕਾਂ 'ਚ ਉਬਾਲ ਆਇਆ। ਸਰਕਾਰ ਬਦਲੀ, ਲੋਕਾਂ ਨੇ ਆਪਣੀ ਮਰਜ਼ੀ ਦੀ ਸਰਕਾਰ ਬਣਾਈ। ਇਹ ਗੱਲ ਵੱਖਰੀ ਹੈ ਕਿ ਇਹ ਸਰਕਾਰ ਵੀ ਲੋਕਾਂ ਦੇ ਹਿੱਤਾਂ ਅਨੁਸਾਰ ਨਹੀਂ ਸੀ।
ਮੋਦੀ ਸਾਸ਼ਨ ਨੇ ਆਪਣੀਆਂ ਨੀਤੀਆਂ ਲਾਗੂ ਕਰਨ ਦਾ ਯਤਨ ਕੀਤਾ, ਅੰਗਰੇਜ਼ ਸਾਸ਼ਕਾਂ ਵਾਂਗਰ ਕਾਲੇ ਕਾਨੂੰਨ ਪਾਸ ਕੀਤੇ। ਦੇਸ਼ ਦੇ ਆਮ ਲੋਕਾਂ ਦੇ ਅਰਥਚਾਰੇ ਨੂੰ ਭੰਨਣ ਵਾਲੇ ਤਿੰਨ ਖੇਤੀ ਕਾਨੂੰਨ ਪਾਸ ਕਰ ਦਿੱਤੇ। ਪਰ ਲੋਕ ਰੋਹ ਅੱਗੇ ਉਹ ਕਿਧਰੇ ਵੀ ਟਿੱਕ ਨਾ ਸਕੇ। ਜਿਵੇਂ ਆਖਦੇ ਸਨ ਕਿ ਅੰਗਰੇਜ਼ਾਂ ਦੇ ਰਾਜ 'ਚ ਸੂਰਜ ਨਹੀਂ ਛੁਪਦਾ, ਪਰ ਲੋਕਾਂ ਨੇ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ, ਆਜ਼ਾਦੀ ਪ੍ਰਾਪਤ ਕੀਤੀ ਭਾਵੇਂ ਕਿ ਗੋਰੇ ਹਾਕਮਾਂ ਦੀ ਥਾਂ ਕਾਲੇ ਹਾਕਮਾਂ ਨੇ ਆਕੇ ਲੋਕਾਂ ਨੂੰ ਗੁੰਮਰਾਹ ਕਰਦਿਆਂ, ਆਪਣੀ ਕੁਰਸੀ ਪੱਕੀ ਕਰਨ ਲਈ, ਕਦੇ ਗਰੀਬੀ ਹਟਾਓ ਦੇ ਨਾਹਰੇ ਲਾਏ, ਕਦੇ ਦੇਸ਼ ਨੂੰ ਵਿਦੇਸ਼ੀ ਤਾਕਤਾਂ ਤੋਂ ਖ਼ਤਰੇ ਦੀ ਗੱਲ ਕੀਤੀ ਅਤੇ ਆਪਣਾ ਰਾਜਭਾਗ ਪੱਕਾ ਕਰਨ ਅਤੇ ਵੋਟਾਂ ਵਟੋਰਨ ਲਈ ਪ੍ਰਪੰਚ ਰਚੇ। ।ਪਰ ਇਤਿਹਾਸ ਦੇ ਪੰਨਿਆਂ 'ਚ ਉਹ ਲੋਕ ਹੀ ਦਰਜ਼ ਹੋਏ, ਜਿਹਨਾ ਸੰਘਰਸ਼ ਲੜੇ, ਵਿਤਕਰਿਆਂ ਵਿਰੁੱਧ ਆਵਾਜ਼ ਉਠਾਈ, ਆਪਣੇ ਹੱਕਾ ਲਈ ਲੜੇ। ਇਹ ਵੱਖਰੀ ਗੱਲ ਹੈ ਕਿ ਸਾਸ਼ਕ ਆਪਣੀ ਮਰਜ਼ੀ ਨਾਲ ਇਤਿਹਾਸ ਨਾਲ ਖਿਲਵਾੜ ਕਰਦੇ, ਆਪਣੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ, ਨੀਤੀਆਂ ਦੀ ਗੱਲ ਕਰਦੇ ਰਹੇ।
ਅੱਜ ਵੀ ਭਾਵੇਂ ਸਰਕਾਰ ਵਿਰੋਧੀ ਆਵਾਜ਼ ਨੂੰ ਦਬਾਉਣ ਦਾ ਯਤਨ ਹੁੰਦਾ ਹੈ। ਪੱਤਰਕਾਰਾਂ, ਲੇਖਕਾਂ, ਚਿੰਤਕਾਂ, ਸੰਘਰਸ਼ੀ ਲੋਕਾਂ ਉਤੇ ਲਗਾਤਾਰ ਹਮਲੇ ਹੁੰਦੇ ਹਨ, ਉਹਨਾ ਨੂੰ ਕਈ ਹਾਲਤਾਂ 'ਚ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ। ਪਰ ਵਿਦਰੋਹੀ ਆਵਾਜ਼, ਚੇਤੰਨ ਆਵਾਜ਼, ਲੋਕ ਅਵਾਜ਼, ਲੋਕ ਸੰਘਰਸ਼ ਹੀ ਲੋਕ ਇਤਿਹਾਸ ਬਣਦਾ ਹੈ, ਜਿਸਨੂੰ ਕੋਈ ਵੀ ਹਾਕਮ ਧਿਰ ਲੋਕ ਮਨਾਂ 'ਚੋਂ ਵਿਸਾਰ ਨਹੀਂ ਸਕਦੀ। ਭਗਤ ਸਿੰਘ ਨੂੰ ਕਿਉਂ ਲੋਕ ਯਾਦ ਕਰਦੇ ਹਨ? ਦੁਲਾ ਭੱਟੀ ਕਿਉਂ ਲੋਕ ਮਨਾਂ 'ਚ ਵਸਦਾ ਹੈ। ਕੀ ਅੰਗਰੇਜ਼ ਹਾਕਮ ਜਾਂ ਹੋਰ ਮੌਕੇ ਦੇ ਹਾਕਮ ਇਹਨਾ ਆਵਾਜ਼ਾਂ ਨੂੰ ਬੰਦ ਕਰ ਸਕੇ? ਕਦਾਚਿਤ ਵੀ ਨਹੀਂ, ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ। ਅੱਜ ਵੀ ਸਰਕਾਰੀ ਗੋਦ ਲਿਆ "ਗੋਦੀ ਮੀਡੀਆ" ਕੀ ਦਿੱਲੀ ਦੀਆਂ ਸਰਹੱਦਾਂ ਉਤੇ ਲੜੇ ਕਿਸਾਨ ਸੰਘਰਸ਼ ਨੂੰ ਪੁੱਠੀ ਗੇੜੀ ਦੇ ਸਕਿਆ? ਕੀ ਦੇਸ਼ ਦੇ ਸੰਘਰਸ਼ੀ ਲੋਕਾਂ ਨੂੰ ਇੱਕ-ਦੂਜੇ ਤੋਂ ਦੂਰ ਕਰ ਸਕਿਆ? ਕੀ ਲੋਕਾਂ ਦਾ ਇਹ ਸੰਘਰਸ਼ "ਲੋਕ ਇਤਿਹਾਸ" ਨਹੀਂ ਬਣ ਗਿਆ, ਜੋ ਦੇਸ਼ ਦੀਆਂ ਬਰੂਹਾਂ ਟੱਪਕੇ ਵਿਸ਼ਵ ਪੱਧਰੀ ਮਹੱਤਵ ਪੈਦਾ ਨਹੀਂ ਕਰ ਗਿਆ? ਦੇਸ਼ ਦੇ ਹਾਕਮ ਲੱਖ ਕਹਿਣ ਕਿ ਕਿਸਾਨਾਂ ਦਾ ਇਹ ਸੰਘਰਸ਼ "ਦੇਸ਼ ਵਿਰੋਧੀ" ਸੀ, ਪਰ ਇਸਨੂੰ ਕੌਣ ਮੰਨੇਗਾ? ਗੁਜਰਾਤ 'ਚ 2002 'ਚ ਦੰਗੇ ਹੋਏ ਸਨ, ਉਸ ਵੇਲੇ ਸੂਬੇ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਸਨ। ਇਹਨਾ ਦੰਗਿਆਂ ਨੂੰ ਪਾਠ ਪੁਸਤਕਾਂ ਜਾਂ ਇਤਿਹਾਸ ਵਿਚੋਂ ਗਾਇਬ ਕਰਨ ਦਾ ਯਤਨ ਹੋਇਆ। ਪਰ ਬੀਬੀਸੀ ਵਲੋਂ ਇਸ ਸੱਚ ਨੂੰ ਬਿਆਨਦੀ ਇੱਕ ਡਾਕੂਮੈਂਟਰੀ ਬਣੀ, ਜਿਸ ਉਤੇ ਮੋਦੀ ਸਰਕਾਰ ਨੇ ਪਾਬੰਦੀ ਲਗਾ ਦਿੱਤੀ। ਕੀ ਇਹ ਸੱਚ ਨੂੰ ਝੁਠਲਾਉਣ ਦਾ ਯਤਨ ਨਹੀਂ। ਕੀ ਵਿਦਿਆਰਥੀ ਜਾਂ ਆਮ ਲੋਕ ਇੰਟਰਨੈਟ ਦੇ ਰਾਹੀਂ ਇਸ ਘਟਨਾ ਬਾਰੇ ਜਾਣਕੇ, ਇਤਿਹਾਸ ਨਾਲ ਖਿਲਵਾੜ ਕਰਨ ਵਾਲੇ ਹਾਕਮਾਂ ਨੂੰ ਝੂਠੇ ਨਹੀਂ ਆਖਣਗੇ?
ਅੱਜ ਜਦੋਂ ਗਾਂਧੀ ਜੀ ਦੇ ਕਾਤਲ ਨੱਥੂ ਰਾਮ ਗੋਡਸੇ ਵਾਲੇ ਬਿਰਤਾਂਤ ਨੂੰ ਪਾਠ ਪੁਸਤਕਾਂ ਵਿਚੋਂ ਕੱਢਿਆ ਜਾ ਰਿਹਾ ਹੈ। ਤਾਂ ਕੀ ਅੱਜ ਦੇ ਦੌਰ ਦੇ ਪੇਸ਼ ਕੀਤੇ ਜਾ ਰਹੇ ਮਹਾਂਨਾਇਕ ਮੌਕੇ ਦੇ ਗ੍ਰਹਿ ਮੰਤਰੀ ਵੱਲਬ ਭਾਈ ਪਟੇਲ ਵਲੋਂ ਆਰ.ਐਸ.ਐਸ. ਉਤੇ ਪਾਬੰਦੀ ਲਾਉਣ ਦੇ ਬਿਰਤਾਂਤ ਨੂੰ ਇਤਿਹਾਸ ਦੇ ਪੰਨਿਆਂ ਵਿਚੋਂ ਮਨਫੀ ਕੀਤਾ ਜਾ ਸਕਦਾ ਹੈ। ਹਾਕਮ ਪੂਰਾ ਟਿੱਲ ਲਾ ਲੈਣ, ਜਿਹੜੀਆਂ ਘਟਨਾਵਾਂ ਵਾਪਰਦੀਆਂ ਹਨ, ਜਿਹੜੇ ਸੰਘਰਸ਼ ਉਗਮਦੇ ਹਨ, ਉਹਨਾ ਨੂੰ ਵੱਖਰਾ ਰੰਗ ਦਿੱਤੇ ਜਾਣਾ ਲੋਕ ਪ੍ਰਵਾਨ ਨਹੀਂ ਕਰਦੇ।
ਦੇਸ਼ ਉਤੇ ਭਾਵੇਂ ਸੁਨਿਹਰੀ ਕਾਲ ਸਮੇਂ ਪ੍ਰਸਾਸ਼ਕਾਂ ਨੇ ਰਾਜ ਕੀਤਾ, ਜਾਂ ਪ੍ਰਾਚੀਨ ਕਾਲ ਸਮੇਂ ਤੱਕੜੇ ਖੂੰਖਾਰ ਲੋਕਾਂ ਨੇ, ਗਰੀਬ, ਗੁਰਬੇ ਕੰਮਜ਼ੋਰ ਲੋਕਾਂ ਨੂੰ ਲਿਤਾੜਿਆ। ਕੌਣ ਭੁਲ ਸਕਦਾ ਹੈ ਕਿ ਤਾਕਤਵਰਾਂ ਨੇ ਗਰੀਬ ਲੋਕਾਂ ਦੇ ਕੰਨਾਂ 'ਚ ਸਿੱਕੇ ਭਰਿਆ, ਅਛੂਤ ਕਹਿਕੇ ਆਪਣੇ-ਆਪ ਤੋਂ ਦੂਰ ਕੀਤਾ, ਕਾਲੇ ਲੋਕਾਂ ਨਾਲ ਗੁਲਾਮਾਂ ਵਰਗਾ ਵਿਵਹਾਰ ਕੀਤਾ। ਮੁਗਲ ਹਾਕਮਾਂ ਅਤਿ ਦੇ ਅਤਿਆਚਾਰ ਕੀਤੇ। ਅੰਗਰੇਜ਼ ਹਾਕਮਾਂ ਮਲਮਲ ਬਣਾਉਣ ਵਾਲੇ ਕਾਰੀਗਰਾਂ ਦੇ ਹੱਥ, ਉਂਗਲਾਂ ਕੱਟੀਆਂ ਅਤੇ ਸਮੇਂ-ਸਮੇਂ 'ਤੇ ਦੁਨੀਆ ਭਰ ਦੇ ਦੇਸ਼ਾਂ 'ਚ ਅਤਿਆਚਾਰਾਂ ਦੀ ਇੱਕ ਵੱਖਰੀ ਦਾਸਤਾਨ ਹੈ।
ਪਰ ਇਸਦੇ ਬਰੋਬਰ ਇੱਕ ਵੱਖਰੀ ਦਾਸਤਾਨ "ਵਿਰੋਧੀ ਸੁਰਾਂ" ਦੀ ਵੀ ਹੈ। " ਰਾਜੇ ਸੀਹ ਮੁਕਦਮ ਕੁਤੇ" ਆਖਣ ਵਾਲੇ ਨਾਨਕ ਪੈਦਾ ਹੋਏ। ਲੋਕਾਂ ਲਈ ਸ਼ਹੀਦੀ ਦੇਣ ਵਾਲੇ ਨਾਇਕਾਂ ਦੀ ਕੀ ਇਤਿਹਾਸ ਵਿੱਚ ਕੋਈ ਘਾਟ ਹੈ? ਹਾਕਮਾਂ ਨੂੰ ਪੁੱਛੇ ਕਿ ਕੀ ਅੱਜ ਔਰੰਗਜੇਬ ਨੂੰ ਲੋਕ ਅਤਿਆਚਾਰੀ ਦੇ ਤੌਰ 'ਤੇ ਯਾਦ ਨਹੀਂ ਕਰਦੇ? ਨਾ ਲੋਕਾਂ ਨੂੰ ਡਾਇਰ, ਉਡਵਾਇਰ ਭੁਲ ਸਕਦਾ ਹੈ ਨਾ ਊਧਮ ਸਿੰਘ ਸੁਨਾਮ। ਪਰ ਸੁਨਿਹਰੀ ਅੱਖਰ ਕਿਸਦੇ ਹਿੱਸੇ ਹਨ?
ਭਾਰਤ ਦਾ ਇਤਿਹਾਸ ਦਰਦ ਭਰਿਆ ਹੈ। ਦੇਸ਼ ਦੇ ਰਾਜ ਨੇਤਾ ਸਿਰਫ਼ ਆਪਣੀ ਹੀ ਦੁਨੀਆ 'ਚ ਵਿਚਰਦੇ ਹਨ, ਉਹਨਾ ਨੂੰ ਲੋਕਾਂ ਦੇ ਦੁੱਖ-ਦਰਦ ਦੀ ਪ੍ਰਵਾਹ ਨਹੀਂ ਹੈ। ਲੱਖ ਉਹ ਇਹ ਗੀਤ ਗਾਉਣ ਲਈ ਲੋਕਾਂ ਨੂੰ ਉਤਸ਼ਾਹਤ ਕਰਦੇ ਰਹਿਣ "ਸਾਰੇ ਜਾਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ" ਪਰ ਪਿਆਰਾ ਦੇਸ਼ ਹਿੰਦੋਸਤਾਨ ਹੁਣ ਕਿਸ ਪਾਸਿਓਂ ਅੱਛਾ ਰਹਿ ਗਿਆ ਹੈ। ਦੇਸ਼ ਦਾ ਅਰਥਚਾਰਾ ਗਾਇਬ, ਦੇਸ਼ 'ਚ ਗਰੀਬੀ, ਭ੍ਰਿਸ਼ਟਾਚਾਰ ਦਾ ਬੋਲਬਾਲਾ, ਦੇਸ਼ 'ਚ ਅਮੀਰੀ-ਗਰੀਬੀ ਦਾ ਫ਼ਰਕ ਸਿਖਰਾਂ 'ਤੇ, ਦੇਸ਼ 'ਚ ਭੁੱਖਮਰੀ, ਬੀਮਾਰੀ ਕਿਥੇ ਨਹੀਂ? ਜਦੋਂ ਇਸ ਵੇਲੇ ਦਾ ਲੋਕ ਇਤਿਹਾਸ ਲਿਖਿਆ ਜਾਏਗਾ, ਕੀ ਲੋਕਾਂ ਦਾ ਹਾਲ-ਚਾਲ, ਲੋਕਾਂ ਦੇ ਹਾਲਾਤ, ਲਿਖੇ ਨਹੀਂ ਜਾਣਗੇ। ਦੁਨੀਆ ਦੀ ਪ੍ਰਸਿੱਧ ਯੂਨੀਵਰਸਿਟੀ ਨਲੰਦਾ ਦੀ ਲਾਇਬ੍ਰੇਰੀ ਜਿਥੇ ਲੱਖਾਂ ਦੀ ਗਿਣਤੀ 'ਚ ਕਿਤਾਬਾਂ ਸਨ, ਮੌਕੇ ਦੇ ਹਾਕਮ ਨੇ ਜਲਾ ਦਿੱਤੀ, ਇਹ ਇੰਨੀਆਂ ਕਿਤਾਬਾਂ ਸਨ ਕਿ ਇਹਨਾ ਨੂੰ ਜਲਣ ਲਈ ਤਿੰਨ ਮਹੀਨੇ ਲੱਗੇ। ਮਿਸਰ ਵਿੱਚ ਅਲੇਗਜੈਂਡਰੀਆ ਲਾਇਬ੍ਰੇਰੀ, ਜਿਥੇ ਕੁੱਲ ਲੱਖ ਕਿਤਾਬਾਂ ਸਨ, ਗਿਆਨ ਦੇ ਦੁਸ਼ਮਣਾਂ ਨੇ ਸਾੜ ਦਿੱਤੀਆਂ ਸਨ। ਦੁਨੀਆ ਦੇ ਇਤਿਹਾਸ ਵਿੱਚ ਗਿਆਨ ਪੁਸਤਕਾਂ ਨੂੰ ਜਾਲਣ ਦੀਆਂ ਅਨੇਕਾਂ ਉਦਾਹਰਨਾਂ ਹਨ। ਪਰ ਕੀ ਵਿਚਾਰਾਂ ਨੂੰ, ਗਿਆਨ ਨੂੰ ਕਦੇ ਦਬਾਇਆ ਜਾ ਸਕਿਆ ਹੈ?
ਅਸਲ ਵਿੱਚ ਹਾਕਮਾਂ ਨੂੰ ਵਿਚਾਰਾਂ, ਪੁਸਤਕਾਂ, ਵਿਦਿਆਰਥੀਆਂ ਤੋਂ ਦਿੱਕਤ ਹੁੰਦੀ ਹੈ। ਉਹ ਪੁਸਤਕਾਂ 'ਚ ਵਿਦਿਆਰਥੀਆਂ ਨੂੰ ਉਹ ਪਰੋਸਣਾ ਚਾਹੁੰਦੇ ਹਨ, ਜੋ ਉਹ ਚਾਹੁੰਦੇ ਹਨ। ਹਾਕਮ ਆਪਣੇ ਵਿਚਾਰਾਂ ਤੋਂ ਉਲਟ ਕੁਝ ਵੀ ਬਰਦਾਸ਼ਤ ਨਹੀਂ ਕਰਦੇ। ਡਿਕਟੇਟਰਾਨਾ ਸੋਚ ਵਾਲੇ ਹਾਕਮ ਤਾਂ ਕਰੂਰਤਾ ਨਾਲ ਲੋਕਾਂ ਨਾਲ ਪੇਸ਼ ਆਉਂਦੇ ਹਨ। ਸਿਰਫ ਤੇ ਸਿਰਫ "ਨਾਇਕ" ਬਣਕੇ ਉਭਰਨਾ ਹੀ ਉਹਨਾ ਦੀ ਪਹਿਲ ਹੈ!
-ਗੁਰਮੀਤ ਸਿੰਘ ਪਲਾਹੀ
-9815802070