ਜਲੰਧਰ ਲੋਕ ਸਭਾ ਉਪ ਚੋਣ: ਇਤਿਹਾਸਕ ਪਰਿਪੇਖ - ਜਗਰੂਪ ਸਿੰਘ ਸੇਖੋਂ*
ਅਗਲੇ ਮਹੀਨੇ ਦੀ 10 ਤਾਰੀਖ਼ ਨੂੰ ਜਲੰਧਰ ਲੋਕ ਸਭਾ ਦੀ ਉਪ ਚੋਣ ਹੋਣ ਜਾ ਰਹੀ ਹੈ। ਇਹ ਸੀਟ ਇਸ ਹਲਕੇ ਦੀ 2009 ਤੋਂ ਨੁਮਾਇੰਦਗੀ ਕਰ ਰਹੇ ਚੌਧਰੀ ਸੰਤੋਖ ਸਿੰਘ ਦੀ ਜਨਵਰੀ 2023 ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਵਿਚ ਲਾਂਘੇ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਹੋਈ ਮੌਤ ਨਾਲ ਖ਼ਾਲੀ ਹੋਈ ਸੀ। ਇਹ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਮਾਰਚ 2022 ਵਿਚ ਸਰਕਾਰ ਬਣਨ ਤੋਂ ਬਾਅਦ ਦੂਜੀ ਉਪ ਚੋਣ ਹੈ। ਪਹਿਲੀ ਉਪ ਚੋਣ ਜੂਨ 2022 ਵਿਚ ਸੰਗਰੂਰ ਲੋਕ ਸਭਾ ਹਲਕੇ ਵਿਚ ਮੌਜੂਦਾ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕ ਸਭਾ ਤੋਂ ਅਸਤੀਫ਼ਾ ਦੇਣ ਕਰਕੇ ਹੋਈ ਸੀ। ਇਸ ਚੋਣ ਦੇ ਨਤੀਜੇ ਬਹੁਤ ਹੈਰਾਨੀਜਨਕ ਸਨ। ਸੰਗਰੂਰ ਲੋਕ ਸਭਾ ਦੇ ਨੌਂ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਰਚ 2022 ਵਿਚ ਵੱਡੇ ਫ਼ਰਕ ਨਾਲ ਜਿੱਤੇ ਸਨ, ਪਰ ਪਾਰਟੀ 2014 ਤੇ 2019 ਵਿਚ ਜਿੱਤੀ ਹੋਈ ਇਹ ਸੀਟ ਹਾਰ ਗਈ। ਇਸ ਉਪ ਚੋਣ ਵਿਚ ਲੋਕਾਂ ਦੀ ਘੱਟ ਦਿਲਚਸਪੀ ਤੇ ਘੱਟ ਹਿੱਸਾ ਲੈਣ ਦੀਆਂ ਕਈ ਕਿਆਸਅਰਾਈਆਂ ਲੱਗੀਆਂ ਹਨ, ਜਿਸ ਨੇ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਲਈ ਕਈ ਸਵਾਲ ਪੈਦਾ ਕੀਤੇ।
ਇਸ ਲੋਕ ਸਭਾ ਹਲਕੇ ਵਿਚ ਪੰਜਾਬ ਦੇ ਹੋਰ ਲੋਕ ਸਭਾ ਹਲਕਿਆਂ ਵਾਂਗ 9 ਵਿਧਾਨ ਸਭਾ ਹਲਕੇ ਹਨ ਜਿਨ੍ਹਾਂ ਵਿਚ 4 ਰਿਜ਼ਰਵ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੇ 5 ਹਲਕਿਆਂ ਵਿਚ ਜਿੱਤ ਪ੍ਰਾਪਤ ਕੀਤੀ ਤੇ 4 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ। ਇਹ ਉਹ ਵਿਧਾਨ ਸਭਾ ਹਲਕੇ ਹਨ ਜਿੱਥੇ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਫਸਵੀਂ ਟੱਕਰ ਦਿੱਤੀ। ਇਸ ਤੋਂ ਇਲਾਵਾ ਇੱਥੇ ਦਲਿਤ ਭਾਈਚਾਰੇ ਦੀ ਆਬਾਦੀ ਕੁੱਲ ਆਬਾਦੀ ਦੇ ਤੀਸਰੇ ਹਿੱਸੇ ਤੋਂ ਕਾਫ਼ੀ ਜ਼ਿਆਦਾ ਹੈ। ਇਹ ਲੋਕ ਸਭਾ ਹਲਕਾ ਦੂਸਰੇ ਲੋਕ ਸਭਾ ਹਲਕਿਆਂ ਨਾਲੋਂ ਜ਼ਿਆਦਾ ਸ਼ਹਿਰੀ ਹੈ ਤੇ ਵੋਟਰ ਜ਼ਿਆਦਾ ਰਾਜਨੀਤਕ ਤੌਰ ’ਤੇ ਚੇਤਨ ਹਨ।
ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ 17 ਵਾਰ ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿਚ ਜਲੰਧਰ ਲੋਕ ਸਭਾ ਹਲਕੇ ਵਿਚ ਕਾਂਗਰਸ ਪਾਰਟੀ ਨੇ 13 ਵਾਰ ਸਫਲਤਾ ਪ੍ਰਾਪਤ ਕੀਤੀ ਹੈ ਜਦੋਂਕਿ ਅਕਾਲੀ ਦਲ ਤੇ ਜਨਤਾ ਦਲ ਨੇ ਇਹ ਸੀਟ 2-2 ਵਾਰੀ ਜਿੱਤੀ ਹੈ। ਕਾਂਗਰਸ ਨੇ ਪੰਜਾਬ ਵਿਚ 1951-52 ਵਿਚ ਹੋਈਆਂ ਚੋਣਾਂ ਵਿਚ ਕੁੱਲ 15 ਸੀਟਾਂ ਵਿਚੋਂ 14 ਸੀਟਾਂ ਤੇ ਕੁੱਲ ਪਈਆਂ ਵੋਟਾਂ ਦਾ 55.33% ਹਾਸਿਲ ਕੀਤਾ ਅਤੇ ਇਕ ਸੀਟ (ਫਿਰੋਜ਼ਪੁਰ) ਅਕਾਲੀ ਦਲ ਦੇ ਹਿੱਸੇ ਆਈ ਸੀ। ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਅਮਰ ਨਾਥ ਨੇ ਆਪਣੇ ਨੇੜਲੇ ਵਿਰੋਧੀ ਅਕਾਲੀ ਦਲ ਦੇ ਅਜੀਤ ਸਿੰਘ ਨੂੰ ਵੱਡੇ ਫ਼ਰਕ ਨਾਲ ਹਰਾਇਆ। ਇਸ ਚੋਣ ਵਿਚ ਕਾਂਗਰਸੀ ਉਮੀਦਵਾਰ ਨੂੰ 100163 ਵੋਟਾਂ ਤੋਂ ਅਕਾਲੀ ਉਮੀਦਵਾਰ ਨੂੰ 65645 ਵੋਟਾਂ ਮਿਲੀਆਂ।
ਇਸ ਪਿੱਛੋਂ 1957, 1962, 1967 ਤੋਂ 1971 ਵਿਚ ਕਾਂਗਰਸ ਦੇ ਮੰਨੇ ਪ੍ਰਮੰਨੇ ਤੇ ਪੜ੍ਹੇ-ਲਿਖੇ ਸਿਆਸਤਦਾਨ ਸਵਰਨ ਸਿੰਘ ਨੇ ਇਸ ਹਲਕੇ ਦੀ ਨੁਮਾਇੰਦਗੀ ਕੀਤੀ। ਦੱਸਣਾ ਬਣਦਾ ਹੈ ਕਿ ਕਾਂਗਰਸ ਨੇ 1957 ਵਿਚ ਪੰਜਾਬ ਦੀਆਂ ਕੁੱਲ 17 ਵਿੱਚੋਂ 16 ਸੀਟਾਂ ਜਿੱਤੀਆਂ ਤੇ ਇਸਦਾ ਵੋਟ ਸ਼ੇਅਰ ਵੀ ਕਰੀਬ 54% ਰਿਹਾ। ਜਲੰਧਰ ਤੋਂ ਸਵਰਨ ਸਿੰਘ ਨੇ ਸ਼ੈਡਿਊਲਡ ਕਾਸਟ ਫੈਡਰੇਸ਼ਨ/ਰਿਪਬਲਿਕਨ ਪਾਰਟੀ ਆਫ਼ ਇੰਡੀਆ ਦੇ ਉਮੀਦਵਾਰ ਚੰਨਣ ਰਾਮ ਨੂੰ ਕਰੀਬ ਇਕ ਲੱਖ ਵੋਟਾਂ ਦੇ ਫ਼ਰਕ ਨਾਲ ਹਰਾਇਆ। 1962 ਵਿਚ ਕਾਂਗਰਸ ਨੂੰ ਪੰਜਾਬ ਦੀਆਂ ਕੁੱਲ 22 ਸੀਟਾਂ ਵਿਚੋਂ ਕੇਵਲ 14 ’ਤੇ ਹੀ ਜਿੱਤ ਪ੍ਰਾਪਤ ਹੋਈ ਤੇ ਇਸਦਾ ਵੋਟ ਪ੍ਰਤੀਸ਼ਤ ਘਟ ਕੇ 41 ਪ੍ਰਤੀਸ਼ਤ ਰਹਿ ਗਿਆ। ਜਲੰਧਰ ਸੀਟ ਤੋਂ ਸਵਰਨ ਸਿੰਘ ਨੇ ਸਵਤੰਤਰਤਾ ਪਾਰਟੀ ਦੇ ਕਰਤਾਰ ਸਿੰਘ ਨੂੰ ਤਕਰੀਬਨ 70,000 ਵੋਟਾਂ ਦੇ ਫ਼ਰਕ ਨਾਲ ਹਰਾਇਆ। 1967 ਦੀਆਂ ਚੋਣਾਂ ਤੋਂ ਪਹਿਲਾਂ ਮੌਜੂਦਾ ਪੰਜਾਬੀ ਸੂਬਾ ਹੋਂਦ ਵਿਚ ਆਉਣ ਤੋਂ ਬਾਅਦ ਅਕਾਲੀ ਦਲ ਤੇ ਹੋਰ ਪਾਰਟੀਆਂ ਨੇ ਕਾਂਗਰਸ ਨੂੰ ਚੋਣਾਂ ਵਿਚ ਟੱਕਰ ਦੇਣੀ ਸ਼ੁਰੂ ਕਰ ਦਿੱਤੀ। 1967 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਆਪਣੀ ਸਰਕਾਰ ਨਹੀਂ ਬਣਾ ਸਕੀ ਤੇ ਪਾਰਟੀ 13 ਲੋਕ ਸਭਾ ਸੀਟਾਂ ਵਿਚੋਂ ਕੇਵਲ 9 ਹੀ ਜਿੱਤ ਸਕੀ। ਭਾਵੇਂ ਇਸ ਨਵੇਂ ਉੱਭਰੇ ਰਾਜਨੀਤਕ ਵਰਤਾਰੇ ਦਾ ਅਸਰ ਜਲੰਧਰ ਪਾਰਲੀਮੈਂਟ ਸੀਟ ਦੇ ਨਤੀਜੇ ’ਤੇ ਵੀ ਪਿਆ ਪਰ ਕਾਂਗਰਸ ਪਾਰਟੀ ਦੇ ਉਮੀਦਵਾਰ ਸਵਰਨ ਸਿੰਘ ਫਸਵੇਂ ਮੁਕਾਬਲੇ ਵਿੱਚ ਵਿਰੋਧੀ ਧਿਰ ਸਵਤੰਤਰਤਾ ਪਾਰਟੀ ਦੇ ਸਾਂਝੇ ਉਮੀਦਵਾਰ ਸੰਤ ਪ੍ਰਕਾਸ਼ ਸਿੰਘ ਤੋਂ 31,000 ਵੋਟਾਂ ਦੇ ਫ਼ਰਕ ਨਾਲ ਜਿੱਤ ਗਏ। 1971 ਦੀਆਂ ਚੋਣਾਂ ਵਿਚ ਵੀ ਕਾਂਗਰਸ ਉਮੀਦਵਾਰ ਨੇ ਵਿਰੋਧੀ ਅਕਾਲੀ ਉਮੀਦਵਾਰ ਇਕਬਾਲ ਸਿੰਘ ਢਿੱਲੋਂ ਨੂੰ 93,000 ਵੋਟਾਂ ਤੋਂ ਵੱਧ ਫ਼ਰਕ ਨਾਲ ਹਰਾਇਆ। ਇਹ ਚੋਣਾਂ ਕਾਂਗਰਸ ਨੇ ਪੰਜਾਬ ਵਿਚ ਸੀਪੀਆਈ ਨਾਲ ਗੱਠਜੋੜ ਕਰਕੇ ਲੜੀਆਂ ਸਨ। ਐਮਰਜੈਂਸੀ ਬਾਅਦ 1977 ਵਿਚ ਹੋਈਆਂ ਚੋਣਾਂ ਵਿਚ ਕਾਂਗਰਸ ਪਾਰਟੀ ਪੰਜਾਬ ਵਿਚ ਸਾਰੀਆਂ 13 ਸੀਟਾਂ ਹਾਰ ਗਈ। ਜਲੰਧਰ ਤੋਂ ਅਕਾਲੀ ਉਮੀਦਵਾਰ ਇਕਬਾਲ ਸਿੰਘ ਨੇ ਕਾਂਗਰਸ ਦੇ ਸਵਰਨ ਸਿੰਘ ਨੂੰ ਕੋਈ 1 ਲੱਖ 18 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ। 1978 ਵਿਚ ਕਾਂਗਰਸ ਪਾਰਟੀ ਵਿਚ ਪਾੜ ਪੈ ਗਈ ਤੇ ਇਸ ਦੇ ਇਕ ਧੜੇ ਦੇ ਮੁਖੀ ਸਵਰਨ ਸਿੰਘ ਬਣੇ। ਇਸ ਤੋਂ ਬਾਅਦ ਉਨ੍ਹਾਂ ਦਾ ਰਾਜਨੀਤੀ ਵਿਚ ਅਸਰ ਘਟਣਾ ਸ਼ੁਰੂ ਹੋ ਗਿਆ।
1980 ਵਿਚ ਕਾਂਗਰਸ ਪਾਰਟੀ ਨੇ ਦੇਸ਼ ਤੇ ਪੰਜਾਬ ਵਿਚ ਫਿਰ ਸੱਤਾ ਵਿਚ ਵਾਪਸੀ ਕੀਤੀ ਤੇ ਲੋਕ ਸਭਾ ਦੀਆਂ 13 ਵਿਚੋਂ 12 ਸੀਟਾਂ (ਸਿਵਾਏ ਤਰਨ-ਤਾਰਨ ਹਲਕੇ) ’ਤੇ ਜਿੱਤ ਪ੍ਰਾਪਤ ਕੀਤੀ ਤੇ ਪੰਜਾਬ ਵਿਚ ਕੁੱਲ ਪਈਆਂ ਵੋਟਾਂ ਵਿਚੋਂ 52.45% ਪ੍ਰਾਪਤ ਕੀਤੀਆਂ ਜੋ ਅੱਜ ਤੱਕ ਦਾ ਰਿਕਾਰਡ ਹੈ। ਜਲੰਧਰ ਹਲਕੇ ਦੇ ਪਾਰਟੀ ਉਮੀਦਵਾਰ ਰਜਿਦੰਰ ਸਿੰਘ ਸਪੈਰੋ ਨੇ ਜਨਤਾ ਪਾਰਟੀ ਦੇ ਸਰੂਪ ਸਿੰਘ ਨੂੰ ਕੋਈ 72,000 ਤੋਂ ਵੱਧ ਵੋਟਾਂ ਨਾਲ ਹਰਾਇਆ। ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿਚ ਅੱਤਵਾਦ ਆਪਣੇ ਪੈਰ ਪਸਾਰ ਰਿਹਾ ਸੀ। 1985 ਵਿਚ ਵੀ ਇਸ ਹਲਕੇ ਦੀ ਚੋਣ ਕਾਂਗਰਸੀ ਉਮੀਦਵਾਰ ਰਜਿੰਦਰ ਸਿੰਘ ਸਪੈਰੋ ਨੇ ਜਿੱਤੀ।
ਅੱਠਵੇਂ ਦਹਾਕੇ ਦੇ ਮੱਧ ਤੋਂ ਬਾਅਦ ਤੇ ਖ਼ਾਸ ਕਰਕੇ ਸੁਰਜੀਤ ਸਿੰਘ ਬਰਨਾਲਾ ਸਰਕਾਰ ਦੀ ਬਰਤਰਫ਼ੀ (ਮਈ 1987) ਤੋਂ ਬਾਅਦ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋਣੇ ਸ਼ੁਰੂ ਹੋ ਗਏ। ਸਰਕਾਰੀ ਤੇ ਗ਼ੈਰ-ਸਰਕਾਰੀ ਅਤਿਵਾਦ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ। ਅਜਿਹੇ ਹਾਲਾਤ ਵਿਚ 1989 ਵਿਚ ਹੋਈਆਂ ਨੌਵੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪੰਜਾਬ ਵਿਚ ਸਿਰਫ਼ 2 ਸੀਟਾਂ (ਗੁਰਦਾਸਪੁਰ ਤੇ ਹੁਸ਼ਿਆਰਪੁਰ) ਹੀ ਜਿੱਤ ਸਕੀ। ਜਲੰਧਰ ਤੋਂ ਇਸਦੇ ਉਮੀਦਵਾਰ ਰਜਿੰਦਰ ਸਿੰਘ ਸਪੈਰੋ ਜਨਤਾ ਦਲ ਦੇ ਇੰਦਰ ਕੁਮਾਰ ਗੁਜਰਾਲ, ਜੋ ਬਾਅਦ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਪਾਸੋਂ ਕੋਈ 80,000 ਵੋਟਾਂ ਨਾਲ ਹਾਰ ਗਏ। ਇਹ ਲੋਕ ਸਭਾ ਆਪਣੀ ਮਿਆਦ ਪੂਰੀ ਨਾ ਕਰ ਸਕੀ ਤੇ 1991 ਵਿਚ ਦੁਬਾਰਾ ਦੇਸ਼ ਵਿਚ ਚੋਣਾਂ ਹੋਈਆਂ, ਪਰ ਪੰਜਾਬ ਵਿਚ ਅਖ਼ੀਰਲੇ ਸਮੇਂ ’ਤੇ ਇਹ ਚੋਣਾਂ ਮੁਲਤਵੀਆਂ ਕਰ ਦਿੱਤੀਆਂ। 1992 ਵਿਚ ਲੋਕ ਸਭਾ ਦੇ ਨਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਅੱਜ ਤੱਕ ਦਾ ਸਭ ਤੋਂ ਘੱਟ ਮਤਦਾਨ 23.8% ਹੋਇਆ। ਕਾਂਗਰਸ ਨੇ 13 ਵਿਚੋਂ 12 ਸੀਟਾਂ ਜਿੱਤੀਆਂ ਤੇ ਇਕ ਸੀਟ (ਫਿਰੋਜ਼ਪੁਰ) ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਈ। ਜਲੰਧਰ ਪਾਰਲੀਮੈਂਟ ਸੀਟ ਤੋਂ ਕਾਂਗਰਸ ਦੇ ਮਿਸਟਰ ਯੱਸ ਨੇ ਕੇਵਲ 160168 ਵੋਟਾਂ ਲੈ ਕੇ ਪਹਿਲੀ ਵਾਰ ਬੀਜੇਪੀ ਦੇ ਉਮੀਦਵਾਰ ਜੁਗਲ ਕਿਸ਼ੋਰ ਨੂੰ 1 ਲੱਖ 14 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ। 1996 ਵਿਚ ਹੋਈਆਂ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰ ਉਮਰਾਓ ਸਿੰਘ ਅਕਾਲੀ ਦਲ ਦੇ ਦਰਬਾਰਾ ਸਿੰਘ ਕੋਲੋਂ ਕਰੀਬ 18,000 ਦੇ ਵੋਟਾਂ ਨਾਲ ਹਾਰ ਗਏ। ਇਹ ਪਾਰਲੀਮੈਂਟ ਵੀ ਆਪਣਾ ਸਮਾਂ ਪੂਰਾ ਨਹੀਂ ਕਰ ਸਕੀ। 1998 ਵਿਚ ਹੋਈਆਂ ਚੋਣਾਂ ਵਿਚ ਵੀ ਕਾਂਗਰਸ ਦੀ ਹਾਰ ਹੋਈ ਤੇ ਉਮਰਾਓ ਸਿੰਘ ਜਨਤਾ ਦਲ ਦੇ ਉਮੀਦਵਾਰ ਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਕੋਲੋਂ ਕੋਈ 1,50,000 ਵੋਟਾਂ ਦੇ ਫ਼ਰਕ ਨਾਲ ਹਾਰ ਗਏ। ਇਨ੍ਹਾਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ 26% ਵੋਟਾਂ ਪ੍ਰਾਪਤ ਕਰਨ ਦੇ ਬਾਵਜੂਦ ਪੰਜਾਬ ਵਿਚ ਕੋਈ ਸੀਟ ਨਹੀਂ ਮਿਲੀ। ਇਹ ਪਾਰਲੀਮੈਂਟ ਵੀ ਆਪਣਾ ਕਾਰਜਕਾਲ ਪੂਰਾ ਨਾ ਕਰ ਸਕੀ ਤੇ ਅਗਲੇ ਸਾਲ ਭਾਵ 1999 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਨੇ 2,67,209 ਵੋਟਾਂ ਲੈ ਕੇ ਅਕਾਲੀ ਦਲ ਦੀ ਪ੍ਰਭਜੋਤ ਕੌਰ ਨੂੰ ਤਕਰੀਬਨ 35,000 ਵੋਟਾਂ ਦੇ ਫ਼ਰਕ ਨਾਲ ਹਰਾਇਆ। 2004 ਦੀਆਂ ਚੋਣਾਂ ਵੀ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੇ ਅਕਾਲੀ-ਬੀਜੇਪੀ ਦੇ ਸਾਂਝੇ ਉਮੀਦਵਾਰ ਨਰੇਸ਼ ਗੁਜਰਾਲ ਤੋਂ 33,000 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਜਿੱਤ ਲਈ। ਇਨ੍ਹਾਂ ਚੋਣਾਂ ਵਿਚ ਕਾਂਗਰਸ ਸਿਰਫ਼ 2 ਸੀਟਾਂ ਹੀ ਜਿੱਤ ਸਕੀ ਸੀ। ਦੂਸਰੀ ਸੀਟ ਪਟਿਆਲਾ ਤੋਂ ਪਰਨੀਤ ਕੌਰ ਨੇ ਜਿੱਤੀ।
2008 ਤੋਂ ਬਾਅਦ ਨਵੀਂ ਹਲਕਾਬੰਦੀ ਨੇ ਪੰਜਾਬ ਦੇ ਰਾਜਨੀਤਕ ਤਾਣੇ-ਬਾਣੇ ਨੂੰ ਬਹੁਤ ਪ੍ਰਭਾਵਿਤ ਕੀਤਾ। ਲੋਕ ਸਭਾ ਦੀਆਂ ਰਿਜ਼ਰਵ ਸੀਟਾਂ 3 ਤੋਂ 4 ਹੋ ਗਈਆਂ ਤੇ ਜਲੰਧਰ ਪਾਰਲੀਮੈਂਟ ਸੀਟ ਰਿਜ਼ਰਵ ਹੋ ਗਈ। ਇਸਦੇ ਨਾਲ ਹੀ ਵਿਧਾਨ ਸਭਾ ਦੀਆਂ ਰਿਜ਼ਰਵ ਸੀਟਾਂ ਦੀ ਗਿਣਤੀ 29 ਤੋਂ 35 ਹੋ ਗਈ। ਮਾਝੇ ਤੇ ਦੁਆਬੇ ਦੀਆਂ 2-2 ਵਿਧਾਨ ਸਭਾ ਸੀਟਾਂ ਘਟ ਕੇ ਮਾਲਵੇ ਦੀਆਂ ਕੁੱਲ ਸੀਟਾਂ 65 ਤੋਂ 69 ਹੋ ਗਈਆਂ। ਇਸ ਵੇਲੇ ਮਾਝੇ ਤੇ ਦੁਆਬੇ ਵਿਚ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ ਕ੍ਰਮਵਾਰ 25 ਤੇ 23 ਹੈ।
ਇਸ ਹਲਕਾਬੰਦੀ ਤੋਂ ਬਾਅਦ 2009 ਵਿਚ ਹੋਈ ਲੋਕ ਸਭਾ ਚੋਣ ਵਿਚ ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਅਕਾਲੀ ਦਲ-ਬੀਜੇਪੀ ਗੱਠਜੋੜ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ 37,000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। 2014 ਦੀਆਂ ਚੋਣਾਂ ਵਿਚ ਇਹ ਮੁਕਾਬਲਾ ਤਿਕੋਣਾ ਹੋ ਗਿਆ ਜਦੋਂ ਪੰਜਾਬ ਵਿਚ ਨਵੀਂ ਉੱਭਰ ਰਹੀ ਆਮ ਆਦਮੀ ਪਾਰਟੀ ਨੇ 4 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਤੇ ਕੁੱਲ ਪਈਆਂ ਵੋਟਾਂ ਦਾ 24.4% ਹਾਸਿਲ ਕੀਤਾ। ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੌਧਰੀ ਨੇ ਆਪਣੇ ਨੇੜਲੇ ਵਿਰੋਧੀ ਅਕਾਲੀ ਦਲ-ਬੀਜੇਪੀ ਦੇ ਪਵਨ ਕੁਮਾਰ ਟੀਨੂੰ ਨੂੰ ਕੋਈ 71,000 ਵੋਟਾਂ ਦੇ ਫ਼ਰਕ ਨਾਲ ਹਰਾਇਆ। ਆਮ ਆਦਮੀ ਪਾਰਟੀ ਦੀ ਉਮੀਦਵਾਰ ਜਯੋਤੀ ਮਾਨ ਨੂੰ 2,56,000 ਦੇ ਕਰੀਬ ਵੋਟਾਂ ਮਿਲੀਆਂ।
ਆਮ ਆਦਮੀ ਪਾਰਟੀ ਦੀ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਨਿਰਾਸ਼ਾਜਨਕ ਕਾਰਗੁਜ਼ਾਰੀ ਦਾ ਅਸਰ 2019 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਦਿਖਾਈ ਦਿੱਤਾ। ਪਾਰਟੀ ਕੇਵਲ ਸੰਗਰੂਰ ਸੀਟ ਹੀ ਜਿੱਤ ਸਕੀ। ਇਨ੍ਹਾਂ ਚੋਣਾਂ ਵਿਚ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਜਸਟਿਸ ਜੋਰਾ ਸਿੰਘ ਕੇਵਲ 25,467 ਵੋਟਾਂ ਹੀ ਲੈ ਸਕੇ। ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਨੇ ਦੂਜੀ ਵਾਰ 3,80,479 ਵੋਟਾਂ ਲੈ ਕੇ ਅਕਾਲੀ ਦਲ-ਬੀਜੇਪੀ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ ਤਕਰੀਬਨ 20,000 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਬਲਵਿੰਦਰ ਕੁਮਾਰ 2,04,783 ਵੋਟਾਂ ਲੈ ਕੇ ਤੀਸਰੇ ਸਥਾਨ ’ਤੇ ਰਿਹਾ।
ਇਹ ਉਪ ਚੋਣ ਹਰ ਰਾਜਨੀਤਕ ਦਲ ਤੇ ਖ਼ਾਸਕਰ ਰਾਜ ਕਰ ਰਹੀ ਧਿਰ ਲਈ ਵੱਡੀ ਚੁਣੌਤੀ ਹੈ। ਸੰਗਰੂਰ ਦੀ ਜ਼ਿਮਨੀ ਚੋਣ ਵਿਚ ‘ਆਪ’ ਦੀ ਹਾਰ ਹੋਈ ਸੀ। ਇਸਦੇ ਨਾਲ ਹੀ ਪਹਿਲਾਂ ਦੀਆਂ ਚੋਣਾਂ ਦੇ ਉਲਟ ਹੁਣ ਮੁਕਾਬਲਾ ਬਹੁਧਿਰੀ ਹੈ। ਇਸ ਚੋਣ ਦਾ ਨਤੀਜਾ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਵੀ ਇਕ ਸੁਨੇਹਾ ਦੇਵੇਗਾ। ਬੀਜੇਪੀ ਲਈ ਵੀ ਇਹ ਪਰਖ ਦੀ ਘੜੀ ਹੈ। ਉਹ ਆਪਣਾ ਸਾਰਾ ਜ਼ੋਰ ਲਾ ਕੇ ਪੰਜਾਬ ਦੀ ਸੰਭਾਵਿਤ ਰਾਜਨੀਤੀ ਦੀ ਦਿਸ਼ਾ ਬਦਲਣ ਦੀ ਕੋਸ਼ਿਸ਼ ਕਰੇਗੀ। ਅਕਾਲੀ-ਦਲ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਇਨ੍ਹਾਂ ਚੋਣਾਂ ਵਿਚ ਮੁੱਦਿਆਂ ਦੀ ਭਾਲ ਕਰੇਗਾ। ਰਾਜ ਕਰਦੀ ਧਿਰ ਆਪਣੀ ਪਿਛਲੇ ਇਕ ਸਾਲ ਦੀ ਕਾਰਗੁਜ਼ਾਰੀ ’ਤੇ ਜ਼ੋਰ ਦੇਵੇਗੀ ਤੇ ਵਿਰੋਧੀ ਪਾਰਟੀਆਂ ਆਪਣੇ-ਆਪਣੇ ਤਰੀਕੇ ਨਾਲ ਸਰਕਾਰ ਦੀਆਂ ਅਸਫਲਤਾਵਾਂ ਅਤੇ ਅਮਨ ਕਾਨੂੰਨ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਨਗੀਆਂ। ਪੰਜਾਬ ਤੇ ਖ਼ਾਸ ਕਰਕੇ ਦੁਆਬੇ ਦੇ ਲੋਕ ਬਹੁਤ ਜਾਗਰੂਕ ਤੇ ਸਮਝਦਾਰ ਹਨ। ਉਨ੍ਹਾਂ ਦੁਆਰਾ ਦਿੱਤਾ ਹੋਇਆ ਫ਼ਤਵਾ ਹੀ ਸਾਨੂੰ ਪੰਜਾਬ ਦੇ ਮੁੱਦਿਆਂ ’ਤੇ ਉਨ੍ਹਾਂ ਦੀ ਰਾਏ ਜਾਨਣ ਦਾ ਮੌਕਾ ਦੇਵੇਗਾ।
* ਸਾਬਕਾ ਅਧਿਆਪਕ, ਰਾਜਨੀਤੀ ਸ਼ਾਸਤਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ : 94170-75563