ਮਹਾਨ ਵਿਚਾਰਕ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ - ਜਗਰੂਪ ਸਿੰਘ
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ 14 ਅਪਰੈਲ 1891 ਨੂੰ ਮਹਾਰਾਸ਼ਟਰ ਦੇ ਇੱਕ ਅਖੌਤੀ ਅਛੂਤ ਪਰਿਵਾਰ ਵਿਚ ਹੋਇਆ। ਉਨ੍ਹੀਂ ਦਿਨੀਂ ਦੇਸ਼ ਵਿੱਚ ਛੂਤ-ਛਾਤ ਦਾ ਭਾਰੀ ਬੋਲਬਾਲਾ ਸੀ, ਜਿਸ ਕਰਕੇ ਬਾਲਕ ਭੀਮ ਰਾਓ ਨੂੰ ਮੁੱਢਲੀ ਸਿੱਖਿਆ ਹਾਸਲ ਕਰਨ ਵੇਲੇ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਉਹ ਉਚੇਰੀ ਸਿੱਖਿਆ ਹਾਸਲ ਕਰਨ ਵਿਚ ਕਾਮਯਾਬ ਹੋਏ ਅਤੇ ਉਨ੍ਹਾਂ ਦੀ ਇਸ ਕਾਮਯਾਬੀ ਲਈ ਦਿਆਲੂ ਸਹਿ-ਧਰਮੀਆਂ, ਖਾਸਕਰ ਮਹਾਰਾਜਾ ਬੜੌਦਾ ਸਿਆਜੀ ਰਾਓ ਗਾਇਕਵਾੜ ਤੇ ਮਹਾਰਾਜਾ ਕੋਹਲਾਪੁਰ ਸ਼ਾਹੂ ਜੀ ਮਹਾਰਾਜ ਦਾ ਯੋਗਦਾਨ ਰਿਹਾ। ਬਾਬਾ ਸਾਹਿਬ ਨੇ ਐਮਏ, ਪੀਐਚਡੀ (ਕੋਲੰਬੀਆ), ਡੀਐਸਸੀ (ਲੰਡਨ), ਐਲਐਲਬੀ (ਕੋਲੰਬੀਆ), ਡੀਲਿੱਟ (ਉਸਮਾਨੀਆ), ਬਾਰ-ਐਟ-ਲਾਅ (ਲੰਡਨ) ਆਦਿ ਉੱਚ ਡਿਗਰੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਆਪਣਾ ਵਿੱਦਿਅਕ ਗਿਆਨ ਨਿੱਜੀ ਹਿੱਤ ਤੋਂ ਉੱਪਰ ਉੱਠ ਕੇ ਦੇਸ਼ ਦੇ ਸਮਾਜਿਕ ਅਤੇ ਸਿਆਸੀ ਖੇਤਰ ਵਿੱਚ ਜਨ-ਹਿਤ ਲੇਖੇ ਲਾਇਆ।
ਮਹਾਰਾਜਾ ਬੜੌਦਾ ਦੀ ਨੌਕਰੀ ਦੌਰਾਨ ਹੁੰਦੇ ਜਾਤੀ ਭੇਦ-ਭਾਵ ਨੇ ਉਨ੍ਹਾਂ ਨੂੰ ਨੌਕਰੀ ਛੱਡ ਕੇ ਵਕਾਲਤ ਕਰਨ ਲਈ ਮਜਬੂਰ ਕਰ ਦਿੱਤਾ ਸੀ। ਬੰਬਈ ਵਿਖੇ ਵਕਾਲਤ ਦੌਰਾਨ ਹੀ ਉਹ ਮਹਾਰਾਸ਼ਟਰ ਵਿੱਚ ਹੋ ਰਹੇ ਜਾਤੀ ਭੇਦਭਾਵ ਦੇ ਵਿਰੁੱਧ ਡਟ ਗਏ ਸਨ। ਵਿਦਵਾਨ ਚਿੰਤਕ ਨੇ ਸਮਾਜਿਕ ਬੁਰਾਈਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਨ੍ਹਾਂ ਨੂੰ ਯੋਜਨਾਬਧ ਤਰੀਕੇ ਨਾਲ ਨਜਿੱਠਣ ਦਾ ਮਨ ਬਣਾਇਆ ਹੋਵੇਗਾ। ਉਨ੍ਹਾਂ ਨੇ ਸਮੁੱਚੇ ਸਮਾਜ, ਖਾਸ ਕਰਕੇ ਦੱਬੇ ਕੁਚਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪ੍ਰਾਚੀਨ ਧਾਰਮਿਕ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ। ਉੱਚ ਪਾਏ ਦੇ ਸਮਾਜ ਸ਼ਾਸਤਰੀ ਹੋਣ ਕਰਕੇ ਉਹ ਮਹਿਸੂਸ ਕਰਦੇ ਸਨ ਕਿ ਜਾਤ-ਪਾਤ ਅਧਾਰਿਤ ਵਿਕਤਰੇ ਦੇ ਖਾਤਮੇ ਲਈ ਇਸ ਬਿਮਾਰੀ ਦੀ ਜੜ੍ਹ ਨੂੰ ਸਮਝਣਾ ਹੋਵੇਗਾ। ਅਜਿਹੇ ਵਿਕਤਰੇ ਨੂੰ ਬੜਾਵਾ ਦਿੰਦੀ ਬ੍ਰਾਹਮਣਵਾਦੀ/ਮਨੂੰਵਾਦੀ ਵਿਚਾਰਧਾਰਾ ਨੂੰ ਉਨ੍ਹਾਂ ਨੇ ਬੌਧਿਕ ਪੱਧਰ ’ਤੇ ਵੰਗਾਰਿਆ। ਉਨ੍ਹਾਂ ਦੀ ਮਹਾਰਾਸ਼ਟਰ ਸਰਕਾਰ ਵੱਲੋਂ ਛਾਪੀ ਗਈ ਕਿਤਾਬ ‘ਡਾ. ਬਾਬਾ ਸਾਹਿਬ ਅੰਬੇਡਕਰ ਦੀਆਂ ਲਿਖਤਾਂ ਤੇ ਤਕਰੀਰਾਂ’ (DR BABASAHEB AMBEDKAR WRITINGS AND SPEECHES VO। 7, EDUCATION DEPARTMENT, GOVERNMENT OF MAHARASHTRA, 1990) ਜੋ ਉਸ ਵਕਤ ਦੀ ਬ੍ਰਹਮਣਵਾਦੀ ਸੋਚ ਅਤੇ ਅਜੋਕੇ ਸਮਾਜ ਵਿਚ ਸ਼ੂਦਰ ਕਹੇ ਜਾਂਦੇ ਲੋਕਾਂ ਦੇ ਮੂਲ ਬਾਰੇ ਖੋਜ ਪੱਤਰ ਹੈ ਅਤੇ ਇਸ ਖੋਜ ਦੇ ਦੂਸਰੇ ਭਾਗ ਵਿਚ ਉਹ ਵੱਖ-ਵੱਖ ਪ੍ਰਾਚੀਨ ਗ੍ਰੰਥਾਂ ਦੇ ਹਵਾਲਿਆਂ ਨੂੰ ਇਤਿਹਾਸ ਦੀ ਕਸਵੱਟੀ ’ਤੇ ਪਰਖਦਿਆਂ ਨਤੀਜਾ ਕੱਢਦੇ ਹਨ ਕਿ ਭਾਰਤ ਵਿਚ ਛੂਤ-ਛਾਤ ਦਾ ਆਰੰਭ 600 ਈਸਵੀ ਵਿੱਚ ਹੋਇਆ। ਉਨ੍ਹਾਂ ਇਸ ਕਿਤਾਬ ਵਿਚ ਇਸ ਗੱਲ ਦਾ ਪੂਰਾ ਵੇਰਵਾ ਦਿੱਤਾ ਹੈ ਕਿ ਕਿਵੇਂ ਛੂਤ-ਛਾਤ ਨੂੰ ਵਿਵਸਥਾ ਵਿਚ ਸ਼ਾਮਲ ਕਰਨ ਲਈ ਸਾਜ਼ਿਸ਼ ਤਹਿਤ ਪ੍ਰਾਚੀਨ ਗ੍ਰੰਥਾਂ ਤੱਕ ਵਿਚ ਤਬਦੀਲੀਆਂ ਕਰ ਦਿੱਤੀਆਂ ਗਈਆਂ। ਇਸ ਦੀ ਪੁਸ਼ਟੀ ਸ਼ਸ਼ੀ ਥਰੂਰ ਆਪਣੀ ਕਿਤਾਬ ‘ਵ੍ਹਾਏ ਆਈ ਐਮ ਏ ਹਿੰਦੂ’ (Why I Am A Hindu) (2017) ਵਿੱਚ ਕਰਦੇ ਹਨ ਅਤੇ ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਮਹਾਨ ਵਿਧਾਨ-ਸਿਰਜਕ ਕਹਿਕੇ ਵਡਿਆਉਂਦੇ ਹਨ। ਅਜੋਕੇ ਵਿਦਵਾਨਾਂ ਦੀਆਂ ਇਨ੍ਹਾਂ ਮਨੌਤੀਆ ਤੋਂ ਵੀ ਇਹੋ ਅਰਥ ਕੱਢਿਆ ਜਾ ਸਕਦਾ ਹੈ ਕਿ ਉੱਚੀ-ਨੀਵੀਂ ਜਾਤ ਅਤੇ ਛੂਤ-ਛਾਤ ਦੇ ਸੰਕਲਪ ਨੂੰ ਧਾਰਮਿਕ ਮਾਨਤਾ ਮੂਲ ਰੂਪ ਵਿਚ ਮੁੱਢਲੇ ਤੌਰ ’ਤੇ ਨਹੀਂ ਸੀ ਅਤੇ ਧਰਮ ਵਿੱਚ ਇਹ ਵਿਗਾੜ ਮਨੂੰਵਾਦੀਆਂ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਹੌਲੀ ਹੌਲੀ ਧਰਾਤਲ ਪੱਧਰ ’ਤੇ ਕਾਇਮ ਕਰ ਦਿੱਤਾ ਸੀ। ਅਜਿਹੇ ਤੱਥ ਸਾਹਮਣੇ ਲਿਆਉਣਾ ਡਾ. ਬਾਬਾ ਸਾਹਿਬ ਅੰਬੇਡਕਰ ਦੇ ਬੌਧਿਕ ਪੱਧਰ ਨੂੰ ਦਰਸਾਉਂਦਾ ਹੈ ।
ਜਿਉਂ ਜਿਉਂ ਉਹ ਜਵਾਨ ਹੋ ਰਹੇ ਸਨ, ਤਿਉਂ ਤਿਉਂ ਦੇਸ਼ ਦੀ ਅਜ਼ਾਦੀ ਦਾ ਸੰਗਰਾਮ ਵੀ ਮਘ ਰਿਹਾ ਸੀ। ਇਸ ਦੌਰਾਨ ਬਾਬਾ ਸਾਹਿਬ ਅਤੇ ਮਹਾਤਮਾ ਗਾਂਧੀ ਦੇ ਆਪਸੀ ਮੱਤਭੇਦ ਉੱਭਰ ਕੇ ਸਾਹਮਣੇ ਆ ਗਏ ਸਨ। ਮਹਾਤਮਾ ਗਾਂਧੀ ਦਾ ਵਿਚਾਰ ਸੀ ਕਿ ਜਾਤ-ਪਾਤ ਦੀ ਸਮੱਸਿਆ ਧਾਰਮਿਕ ਤਰੀਕੇ ਨਾਲ ਹੱਲ ਕਰ ਲਈ ਜਾਵੇਗੀ, ਜਦ ਕਿ ਡਾ. ਸਾਹਿਬ ਦੀ ਦਲੀਲ ਸੀ ਕਿ ਸਦੀਆਂ ਦੇ ਸ਼ੋਸ਼ਣ ਤੇ ਭਾਰੀ ਵਿਤਕਰੇ ਤੋਂ ਨਜਾਤ ਲਈ ਸੰਵਿਧਾਨਿਕ ਸੁਰੱਖਿਆ ਦੀ ਲੋੜ ਹੈ, ਕਿਉਂਕਿ ਮੂਲ ਰੂਪ ਵਿਚ ਇਹ ਸਿਆਸੀ ਸਮੱਸਿਆ ਸੀ ਨਾ ਕਿ ਧਾਰਮਿਕ। ਧਾਰਮਿਕ ਰੰਗ ਤਾਂ ਇਸ ਨੂੰ ਜਾਣ ਬੁੱਝ ਕੇ ਸਿਆਸੀ ਹਿਤਾਂ ਦੀ ਪੂਰਤੀ ਲਈ ਦਿੱਤਾ ਗਿਆ ਸੀ। ਇਹ ਵੀ ਇਤਿਹਾਸਕ ਤੱਥ ਹੈ ਕਿ ਅਖੌਤੀ ਨੀਵੀਆਂ ਜਾਤਾਂ ਨੂੰ ਅੰਗਰੇਜ਼ ਹਕੂਮਤ ਵੱਲੋਂ ਦਿੱਤੇ ‘ਦੂਹਰੇ ਵੋਟ ਦੇ ਹੱਕ’ ਨੂੰ ਲੈ ਕੇ ਦੋਹਾਂ ਲੀਡਰਾਂ ਵਿੱਚ ਮੱਤ-ਭੇਦ ਦੀ ਵਜ੍ਹਾ ਕਰ ਕੇ ਹੀ ਮਹਾਤਮਾ ਗਾਂਧੀ ਨੇ ਯਰਵੜਾ ਜੇਲ੍ਹ, ਪੂਨਾ (ਹੁਣ ਪੁਣੇ) ਵਿਖੇ, ਇਸ ਹੱਕ ਦੇ ਵਿਰੁੱਧ ਮਰਨ-ਵਰਤ ਰੱਖ ਲਿਆ ਸੀ, ਜਿਸ ਦਾ ਅੰਤ 24 ਸਤੰਬਰ 1932 ਨੂੰ ਹੋਏ ਸਮਝੌਤੇ ਤਹਿਤ ਹੋਇਆ ਜਿਸ ਨੂੰ ‘ਪੂਨਾ-ਪੈਕਟ’ ਕਰਕੇ ਜਾਣਿਆ ਜਾਂਦਾ ਹੈ। ਇਸੇ ਪੈਕਟ ਤਹਿਤ ਹੀ ਅਨੁਸੂਚਿਤ ਜਾਤੀਆਂ ਅਤੇ ਜਨ-ਜਾਤੀਆਂ ਨੂੰ ਕਾਨੂੰਨ ਸਿਰਜਦੀ ਪਾਰਲੀਮੈਂਟ ਅਤੇ ਅਸੰਬਲੀਆਂ ਵਿਚ ਰਾਖਵੇਂਕਰਨ ਦੀ ਵਿਵਸਥਾ ਹੋਈ, ਵਿਦਿਅਕ ਅਦਾਰਿਆਂ ਅਤੇ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਪ੍ਰਾਪਤ ਹੋਇਆ। ਡਾ. ਸਾਹਿਬ ਦੀ ਇਸ ਪ੍ਰਾਪਤੀ ਕਰਕੇ ਅਨੁਸੂਚਿਤ ਜਾਤੀਆਂ ਅਤੇ ਜਨ-ਜਾਤੀਆਂ ਦੇ ਜੀਵਨ ਵਿੱਚ ਦਿਖਾਈ ਦਿੰਦਾ ਸੁਧਾਰ ਅਤੇ ਪੁੰਗਰਦੀ ਚੇਤਨਤਾ ਸਾਫ਼ ਦਿਖਾਈ ਦੇ ਰਹੀ ਹੈ। ਇਹ ਉਨ੍ਹਾਂ ਦੇ ਬੌਧਿਕ ਇਖਲਾਕ ਦੀ ਜਿੱਤ ਸੀ ।
ਉਨ੍ਹਾਂ ਦੀਆਂ ਲਿਖਤਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਆਜ਼ਾਦੀ ਵੇਲੇ ਦੀ ਦੇਸ਼-ਵੰਡ ਦੇ ਵਿਰੋਧੀ ਸਨ। ਆਪਣੀਆਂ ਲਿਖਤਾਂ ਦੇ ਖੰਡ-8 ਵਿਚ ਉਨ੍ਹਾਂ ਦੇ ਅਜਿਹੇ ਵਿਚਾਰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਤਜਵੀਜ਼ਾਂ ਦੇ ਮੌਲਿਕ ਹੋਣ ਦਾ ਦਾਅਵਾ ਨਹੀਂ ਕਰਦੇ, ਬਲਕਿ ਸਾਫ਼ ਕਹਿੰਦੇ ਹਨ ਕਿ ਇਹ ਤਿੰਨ ਸੋਮਿਆਂ ਤੋਂ ਪ੍ਰਾਪਤ ਕੀਤੀਆਂ ਹਨ। (1) ਆਇਰਿਸ਼ ਏਕਤਾ ਕਾਨਫਰੰਸ, (2) ਹੋਮ ਰੂਲ ਸੋਧ ਕਾਨੂੰਨ ਅਤੇ (3) ਗਵਰਨਮੈਂਟ ਆਫ ਆਇਰਲੈਂਡ ਐਕਟ, 1920। ਉਹ ਸਮਝਦੇ ਸਨ ਕਿ ਉਨ੍ਹਾਂ ਦੀਆਂ ਤਜ਼ਵੀਜਾਂ ਵੱਖ ਵੱਖ ਸੋਮਿਆਂ ਦੀ ਸਿਆਣਪ ’ਤੇ ਅਧਾਰਿਤ ਸਨ। ਉਨ੍ਹਾਂ ਦੀ ਨਜ਼ਰ ਵਿਚ ਮੁਸਲਮਾਨਾਂ ਨੂੰ ਇਹ ਕਹਿਣਾ, ਕਿ ਜੇਕਰ ਤੁਸੀਂ ਭਾਰਤ ਦਾ ਹਿੱਸਾ ਬਣ ਕੇ ਰਹਿਣਾ ਚਹੁੰਦੇ ਹੋ ਤਦ ਤੁਸੀਂ ਕਦੇ ਬਾਹਰ ਨਹੀਂ ਜਾ ਸਕਦੇ ਜਾਂ ਜੇ ਤੁਸੀਂ ਭਾਰਤ ਤੋਂ ਬਾਹਰ ਜਾਣਾ ਚਹੁੰਦੇ ਹੋ ਤਾਂ ਫਿਰ ਵਾਪਿਸ ਨਹੀਂ ਆ ਸਕਦੇ, ਗਲਤ ਸੀ।
ਦੇਸ਼ ਆਜ਼ਾਦ ਹੋਇਆ। ਉਨ੍ਹਾਂ ਨੂੰ ਸੰਵਿਧਾਨ ਘੜਨੀ ਅਸੈਂਬਲੀ ਦੇ ਚੇਅਰਮੈਨ ਵੱਲੋਂ ਸੰਵਿਧਾਨ ਦਾ ਖਰੜਾ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਉਹ ਭਾਰਤ ਦੇ ਸੰਵਿਧਾਨ ਨਿਰਮਾਤਾ ਕਰਕੇ ਜਾਣੇ ਜਾਂਦੇ ਹਨ। ਅਸੈਂਬਲੀ ਦੀਆਂ ਬਹਿਸਾਂ ਦੌਰਾਨ ਉਨ੍ਹਾਂ ਮਹਿਸੂਸ ਕੀਤਾ ਕਿ ਸਮਾਜ ਦੇ ਕੁਝ ਤਬਕੇ ਚਹੁੰਦੇ ਸਨ ਕਿ ਸਮਾਜਿਕ ਸਥਿਤੀ ਜਿਉਂ ਦੀ ਤਿਉਂ ਬਣੀ ਰਹੇ। ਉਨ੍ਹਾਂ ਦਲੀਲ ਦਿੱਤੀ, ‘‘ਵਾਸਤਵਿਕਤਾ (ਜ਼ਮੀਨੀ ਹਕੀਕਤ) ਅਕਸਰ ਨਾਬਰਾਬਰੀਆਂ ਨਾਲ ਭਰਪੂਰ ਹੁੰਦੀ ਹੈ ਅਤੇ ਇਸ ਨੂੰ ਆਦਰਸ਼ ਰੂਪ ਦੇਣਾ ਬਹੁਤ ਹੀ ਖੁਦਗਰਜ਼ ਚੀਜ਼ ਹੈ। ਜਦੋਂ ਕਿਸੇ ਮਨੁੱਖ ਨੂੰ ਚੀਜ਼ਾਂ ਜਿਵੇਂ ਹਨ ਉਵੇਂ ਹੀ ਰਹਿਣ ਵਿੱਚ ਨਿੱਜੀ ਫਾਇਦਾ ਦਿਸਦਾ ਹੈ, ਸਿਰਫ ਉਦੋਂ ਹੀ ਉਹ ਵਾਸਤਵਿਕ ਨੂੰ ਆਦਰਸ਼ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਅਜਿਹੇ ਆਦਰਸ਼ ਨੂੰ ਵਾਸਤਵਿਕ ਰੂਪ ਦੇਣ ਵਾਲਾ ਮੁਜਰਮ ਤੋਂ ਘੱਟ ਨਹੀਂ। ਇਸ ਦਾ ਮਤਲਬ ਨਾ-ਬਰਾਬਰੀ ਨੂੰ ਇਹ ਕਹਿ ਕੇ ਸਥਾਈ ਬਣਾਉਣਾ ਹੈ ਕਿ ਜੋ ਵੀ ਇੱਕ ਵਾਰੀ ਨਿਸ਼ਚਿਤ ਹੋ ਗਿਆ ਉਹ ਸਦਾ ਲਈ ਨਿਸ਼ਚਿਤ ਹੋ ਗਿਆ ਹੈ। ਅਜਿਹਾ ਨਜ਼ਰੀਆ ਸਮੁੱਚੀ ਨੈਤਿਕਤਾ ਦੇ ਬਰਖਿਲਾਫ਼ ਹੈ। ਸਮਾਜਿਕ ਜ਼ਮੀਰ ਵਾਲੇ ਕਿਸੇ ਵੀ ਸਮਾਜ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ।’’
ਵਿਧਾਨ ਘੜਨੀ ਦੌਰਾਨ ਹੀ ਬੁੱਧੀਜੀਵੀ ਸ਼੍ਰੇਣੀ ਬਾਰੇ ਬਾਬਾ ਸਾਹਿਬ ਨੇ ਕਿਹਾ, ‘‘ਹਰ ਦੇਸ਼ ਵਿੱਚ ਬੁੱਧੀਜੀਵੀ ਸ਼੍ਰੇਣੀ, ਭਾਵੇਂ ਰਾਜ-ਪ੍ਰਬੰਧ ਚਲਾਉਣ ਵਾਲੀ ਨਾ ਵੀ ਹੋਵੇ, ਸਭ ਤੋਂ ਵੱਧ ਪ੍ਰਭਾਵਸ਼ਾਲੀ ਹੁੰਦੀ ਹੈ। ਬੁੱਧੀਜੀਵੀ ਸ਼੍ਰੇਣੀ ਉਹ ਸ਼੍ਰੇਣੀ ਹੁੰਦੀ ਹੈ ਜੋ ਦੂਰਦ੍ਰਿਸ਼ਟੀ ਤੋਂ ਕੰਮ ਲੈਂਦੀ ਹੈ, ਇਹੋ ਸ਼੍ਰੇਣੀ ਸਲਾਹ-ਮਸ਼ਵਰਾ ਦੇ ਸਕਦੀ ਹੈ ਅਤੇ ਅਗਵਾਈ ਕਰ ਸਕਦੀ ਹੈ। ਕਿਸੇ ਵੀ ਦੇਸ਼ ਵਿੱਚ ਜਨ-ਸਮੂਹ ਅਕਲਮੰਦ ਵਿਚਾਰ ਅਤੇ ਵਿਹਾਰ ਵਾਲਾ ਜੀਵਨ ਬਤੀਤ ਨਹੀਂ ਕਰਦਾ। ਇਹ ਜ਼ਿਆਦਾਤਰ ਨਕਲੀਆ ਹੁੰਦਾ ਹੈ ਅਤੇ ਬੁੱਧੀਜੀਵੀ ਸ਼੍ਰੇਣੀ ਦੀ ਨਕਲ ਕਰਦਾ ਹੈ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੈ ਕਿ ਦੇਸ਼ ਦੀ ਸਮੁੱਚੀ ਹੋਣੀ ਦੇਸ਼ ਦੀ ਬੁੱਧੀਜੀਵੀ ਸ਼੍ਰੇਣੀ ’ਤੇ ਨਿਰਭਰ ਕਰਦੀ ਹੈ। ਜੇ ਬੁੱਧੀਜੀਵੀ ਸ਼੍ਰੇਣੀ ਇਮਾਨਦਾਰ, ਸਵਾਧੀਨ (ਸੁਤੰਤਰ) ਅਤੇ ਨਿਰਲੇਪ (ਨਿਰਪੱਖ) ਹੋਵੇ, ਤਦ ਸੰਕਟ ਖੜ੍ਹਾ ਹੋਣ ’ਤੇ ਇਸ ਸ਼੍ਰੇਣੀ ’ਤੇ ਪਹਿਲਕਦਮੀ ਅਤੇ ਢੁਕਵੀਂ ਅਗਵਾਈ ਲਈ ਭਰੋਸਾ ਕੀਤਾ ਜਾ ਸਕਦਾ ਹੈ। ਇਹ ਸੱਚ ਹੈ ਕਿ ਬੁੱਧੀ ਆਪਣੇ ਆਪ ‘ਚ ਕੋਈ ਨੈਤਿਕਤਾ ਯਾ ਉੱਤਮ ਗੁਣ ਨਹੀਂ ਹੈ। ਇਹ ਸਿਰਫ ਇੱਕ ਜ਼ਰੀਆ ਹੈ ਅਤੇ ਜ਼ਰੀਏ ਦਾ ਇਸਤੇਮਾਲ ਬੁੱਧੀਜੀਵੀ ਵਿਅਕਤੀ ਦੇ ਟੀਚਿਆਂ ’ਤੇ ਨਿਰਭਰ ਕਰਦਾ ਹੈ। ਬੁੱਧੀਜੀਵੀ ਮਨੁੱਖ ਇੱਕ ਅੱਛਾ ਇਨਸਾਨ ਹੋ ਸਕਦਾ ਹੈ ਪ੍ਰੰਤੂ ਉਹ ਸੌਖੇ ਹੀ ਮਾੜਾ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਬੁੱਧੀਜੀਵੀ ਸ਼੍ਰੇਣੀ ਉੱਚੀ ਆਤਮਾ ਵਾਲੇ ਮਨੁੱਖਾਂ ਦੀ ਟੋਲੀ, ਮੱਦਦ ਲਈ ਤਿਆਰ ਅਤੇ ਕੁਰਾਹੇ ਪਈ ਮਨੁੱਖਤਾ ਨੂੰ ਰਿਹਾਅ-ਮੁਕਤੀ ਦਿਵਾ ਸਕਦੀ ਹੈ ਜਾਂ ਇਹ ਸੌਖੇ ਹੀ ਧੋਖੇਬਾਜ਼ਾਂ ਦੀ ਢਾਣੀ, ਉਸ ਛੋਟੀ ਟੋਲੀ (cotrie) ਜਿਸ ਤੋਂ ਇਹ ਤਾਕਤ ਲੈਂਦੀ ਹੈ, ਦੀ ਵਕਾਲਤ ਕਰਦੀ ਜੁੰਡਲੀ ਬਣ ਸਕਦੀ ਹੈ।’’
ਉਹ ਅਜ਼ਾਦ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਸਮਾਜ ਸੁਧਾਰ ਲਈ ਉਨ੍ਹਾਂ ਵੱਲੋਂ ਪਾਰਲੀਮੈਂਟ ਵਿੱਚ ਪੇਸ਼ ਕਿਤੇ ਗਏ ਹਿੰਦੂ ਕੋਡ ਬਿਲ ’ਤੇ ਬਹਿਸ ਦੌਰਾਨ ਉਨ੍ਹਾਂ ਕਿਹਾ, ‘‘…ਕਿ ਕੁਝ ਭੀ ਸਥਿਰ, ਸਦੀਵੀ ਅਤੇ ਸਨਾਤਨ ਨਹੀਂ, ਕਿ ਹਰ ਚੀਜ਼ ਬਦਲ ਰਹੀ ਹੈ, ਕਿ ਵਿਅਕਤੀਆਂ ਅਤੇ ਸਮਾਜ ਦੇ ਜੀਵਨ ‘ਚ ਬਦਲਾਅ ਕੁਦਰਤੀ ਨਿਯਮ ਹੈ...। ਸਥਿਰਤਾ ਚਾਹੀਦੀ ਹੈ ਪਰ ਬਦਲਾਅ ਨੂੰ ਦਾਅ ਤੇ ਲਾ ਕੇ ਨਹੀਂ ਜਦਕਿ ਬਦਲਾਅ ਬਹੁਤ ਹੀ ਜ਼ਰੂਰੀ ਹੋਵੇ। ਸਮਝੌਤਾ (adjustment) ਚਾਹੀਦਾ ਹੈ ਪਰ ਸਮਾਜਿਕ ਨਿਆਂ ਦੀ ਕੁਰਬਾਨੀ ਦੇ ਕੇ ਨਹੀਂ...। ਕਮ ਸੇ ਕਮ ਭਾਰਤ ਵਿਚ ਸਮਾਜ ਸੁਧਾਰ ਦੇ ਰਸਤੇ ਵਿਚ, ਸਵਰਗ ਨੂੰ ਜਾਣ ਦੇ ਰਸਤੇ ਵਾਂਗ, ਬਹੁਤ ਜ਼ੋਖਮਾਂ ਖਿਲਰੀਆਂ ਹੋਈਆਂ ਹਨ...। ਜਾਤ ਦਾ ਦਾਨਵ ਤੁਹਾਡੇ ਰਾਹ ਵਿਚ ਆ ਖੜ੍ਹਾ ਹੁੰਦਾ ਹੈ। ਜਦ ਤੱਕ ਇਸ ਦਾਨਵ ਨੂੰ ਮਾਰ ਨਹੀਂ ਲੈਂਦੇ ਤੁਸੀਂ ਸਿਆਸੀ ਸੁਧਾਰ ਨਹੀਂ ਕਰ ਸਕਦੇ, ਤੁਸੀਂ ਆਰਥਿਕ ਸੁਧਾਰ ਨਹੀਂ ਕਰ ਸਕਦੇ।’’ ਉਨ੍ਹਾਂ ਦੀ (ਭਾਰਤ ਦੀ ਪਹਿਲੀ) ਸਰਕਾਰ ਕੋਲ ਬਹੁਮਤ ਹੁੰਦੇ ਹੋਏ ਭੀ ਹਿੰਦੂ ਕੋਡ ਬਿਲ ਪਾਸ ਨਾ ਹੋ ਸਕਿਆ ਅਤੇ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ। ਇਹ ਉਨ੍ਹਾਂ ਦਾ ਇਖਲਾਕ ਸੀ।
ਭਾਰਤ ਦਾ ਇਹ ਮਹਾਨ ਚਿੰਤਕ ਸਮਾਜ ਨੂੰ ਨਵੀਂ ਨਰੋਈ ਸੇਧ ਦੇ ਕੇ ਸਮੇਂ ਦਾ ਹਾਣੀ ਬਣਾਉਣਾ ਲੋਚਦਾ ਸੀ। ਇਸੇ ਸੇਧ ਦੇ ਟੀਚੇ ਨੂੰ ਮੁੱਖ ਰਖਦੇ ਉਨ੍ਹਾਂ ਨੇ ਰਾਨਾਡੇ (Ranade) ਦੇ ਜਨਮ ਦਿਨ ਮਨਾਉਣ ਮੌਕੇ ਸਾਡੇ ਸਮਾਜ ਵਿੱਚ ਨਾਇਕ ਅਤੇ ਨਾਇਕ-ਪੂਜਾ ਦੇ ਦੂਰ-ਗਾਮੀ ਪ੍ਰਭਾਵਾਂ ਬਾਰੇ ਚੌਕਸ ਕਰਦੇ ਹੋਏ ਕਿਹਾ, ‘‘ਆਪਣੇ ਨਾਇਕ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਕੇ ਉਸ ਦੀ ਪੂਜਾ ਕਰਨਾ ਇੱਕ ਗੱਲ ਹੈ। ਨਾਇਕ ਦੇ ਆਖੇ ਲੱਗਣਾ ਨਾਇਕ-ਪੂਜਾ ਦੀ ਬਿਲਕੁਲ ਵੱਖਰੀ ਭਾਂਤ ਹੈ। ਪਹਿਲੀ ਵਿਚ ਕੁਝ ਗਲਤ ਨਹੀਂ ਹੈ ਜਦਕਿ ਦੂਸਰੀ ਬਿਨਾ ਸ਼ੱਕ ਬਹੁਤ ਘਾਤਕ ਚੀਜ਼ ਹੈ। ਪਹਿਲੀ ਮਾਣ-ਇੱਜ਼ਤ ਦੇ ਅਨੁਕੂਲ ਹੈ, ਪ੍ਰੰਤੂ ਦੂਸਰੀ ਹੀਣਤਾ, ਖੋਟੇਪਣ ਦੀ ਨਿਸ਼ਾਨੀ ਹੈ। ਪਹਿਲੀ ਕਿਸੇ ਤੋਂ ਸੋਚਣ ਦੀ ਸਮਝ ਨਹੀਂ ਖੋਹ ਲੈਂਦੀ, ਸੁਤੰਤਰ ਕੰਮ ਕਰਨ ਦੀ ਸ਼ਕਤੀ ਨਹੀਂ ਖੋਹ ਲੈਂਦੀ। ਦੂਸਰੀ ਮਨੁੱਖ ਨੂੰ ਪੂਰਾ ਉੱਲੂ ਬਣਾਉਂਦੀ ਹੈ। ਪਹਿਲੀ ਸਟੇਟ/ਰਿਆਸਤ ਨੂੰ ਕਿਸੇ ਸੰਕਟ ਵਿਚ ਨਹੀਂ ਉਲਝਾਉਂਦੀ, ਬਾਅਦ ਵਾਲੀ ਸਟੇਟ/ਰਿਆਸਤ ਨੂੰ ਖਤਰੇ ਦਾ ਪ੍ਰਤੱਖ ਸੋਮਾ ਹੈ।’’
ਭਾਰਤ ਸਰਕਾਰ ਨੇ 31 ਮਾਰਚ, 1990 ਨੂੰ ਬਾਬਾ ਸਾਹਿਬ ਅੰਬੇਡਕਰ ਨੂੰ ਮਰਨ ਉਪਰੰਤ ਭਾਰਤ ਦੇ ਸਰਵੋਤਮ ਸਤਿਕਾਰ ‘ਭਾਰਤ-ਰਤਨ’ ਨਾਲ ਨਿਵਾਜਿਆ। ਆਓ, ਉਨ੍ਹਾਂ ਦੇ ਆ ਰਹੇ 132ਵੇਂ ਜਨਮ ਦਿਹਾੜੇ ਨੂੰ ਉਨ੍ਹਾਂ ਦੀਆਂ ਲਿਖਤਾਂ ਦੀ ਤਲਵਾਰ ਨਾਲ ‘ਅਗਿਆਨਤਾ ਦਾ ਕੇਕ ਕੱਟ’ ਕੇ ਮਨਾਈਏ ਅਤੇ ਪ੍ਰਣ ਕਰੀਏ ਕਿ ਉਨ੍ਹਾਂ ਦੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾ ਕੇ ਸਮਾਜ ਦੀ ਸਾਰਥਿਕਤਾ ਵਿੱਚ ਹੋਰ ਵਾਧਾ ਕਰਾਂਗੇ ਤਾਂ ਕਿ ਭਾਈਚਾਰਕ ਸਾਂਝ, ਬਰਾਬਰੀ ਅਤੇ ਹਰ ਇੱਕ ਲਈ ਇਨਸਾਫ ਜਿਹੇ ਆਦਰਸ਼ਾਂ ਦੀ ਪੂਰਤੀ ਹੋ ਸਕੇ।
* ਆਈਆਰਐਸ (ਰਿਟਾ)
ਸੰਪਰਕ : 98888-28406