ਮਨਜ਼ੂਰਸ਼ੁਦਾ ਤੇ ਗ਼ੈਰ-ਮਨਜ਼ੂਰਸ਼ੁਦਾ ਇਤਿਹਾਸ – ਸਵਰਾਜਬੀਰ
ਵੀਹਵੀਂ ਸਦੀ ਦੇ ਦੂਸਰੇ ਅੱਧ ਵਿਚ ਸਭ ਤੋਂ ਵੱਡੇ ਸ਼ਾਹਕਾਰ ਮੰਨੇ ਜਾਣ ਵਾਲੇ ਗੈਬਰੀਅਲ ਗਾਰਸ਼ੀਆ ਮਾਰਕੁਏਜ਼ ਦੇ ਨਾਵਲ ‘ਇਕ ਸੌ ਸਾਲ ਦਾ ਇਕਲਾਪਾ (One Hundred Years of Solitude)’ ਦੇ 15ਵੇਂ ਚੈਪਟਰ ਵਿਚ ਮਾਕੰਡੋ ਸ਼ਹਿਰ ਵਿਚ ਮਜ਼ਦੂਰ ਹੜਤਾਲ ਕਰਦੇ ਹਨ। ਹਾਲਾਤ ਕਾਫ਼ੀ ਵਿਗੜ ਜਾਂਦੇ ਹਨ। ਐਲਾਨ ਕੀਤਾ ਜਾਂਦਾ ਹੈ ਕਿ ਮਜ਼ਦੂਰ ਇਕ ਥਾਂ ’ਤੇ ਇਕੱਠੇ ਹੋਣ, ਸੂਬੇ ਦਾ ਹਾਕਮ ਉੱਥੇ ਆਏਗਾ ਤੇ ਦੋਵਾਂ ਧਿਰਾਂ (ਕੰਪਨੀ ਤੇ ਮਜ਼ਦੂਰਾਂ) ਵਿਚਕਾਰ ਸੁਲ੍ਹਾ ਕਰਾਏਗਾ। ਲੋਕ ਸਟੇਸ਼ਨ ਸਾਹਮਣੇ ਇਕੱਠੇ ਹੁੰਦੇ ਹਨ, ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਹਾਕਮ ਰੇਲ ਗੱਡੀ ’ਤੇ ਆ ਰਿਹਾ ਹੈ। ਉਨ੍ਹਾਂ ਵਿਚ ਸ਼ਹਿਰ ਦੇ ਬਾਨੀ ਪਰਿਵਾਰ ਦਾ ਫਰਜ਼ੰਦ ਜੋਸ ਅਰਕਾਡੀਓ ਸੈਗੁੰਡੋ (ਸ਼ਹਿਰ ਵਸਾਉਣ ਵਾਲੇ ਜੋਸ ਅਰਕਾਡੀਓ ਬੁਏਂਡੀਆ ਦਾ ਪੜਪੋਤਰਾ) ਤੇ ਮੈਕਸਿਕੋ ਦੇ ਇਨਕਲਾਬ ਵਿਚ ਹਿੱਸਾ ਲੈਣ ਵਾਲਾ ਕਰਨਲ ਬੋਰੈਂਜੋ ਗੈਵੀਲਾਨ ਵੀ ਸ਼ਾਮਲ ਹਨ, ਉਹ ਮਜ਼ਦੂਰ ਯੂਨੀਅਨ ਦੇ ਆਗੂ ਹਨ। ਹਾਕਮ ਤਾਂ ਨਹੀਂ ਆਉਂਦਾ ਪਰ ਉੱਥੇ ਫ਼ੌਜ ਦੀ ਟੁਕੜੀ, ਜਿਸ ਕੋਲ ਮਸ਼ੀਨਗੰਨਾਂ ਹਨ, ਮੌਜੂਦ ਹੈ। ਫ਼ੌਜ ਦਾ ਲੈਫ਼ਟੀਨੈਂਟ ਫ਼ਰਮਾਨ ਪੜ੍ਹ ਕੇ ਸੁਣਾਉਂਦਾ ਹੈ ਜਿਸ ਵਿਚ ਹੜਤਾਲ ਕਰਨ ਵਾਲਿਆਂ ਨੂੰ ‘ਗੁੰਡਿਆਂ ਦਾ ਟੋਲਾ’ ਕਰਾਰ ਦੇ ਦਿੱਤਾ ਗਿਆ ਹੈ ਅਤੇ ਫ਼ੌਜ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਉਨ੍ਹਾਂ ਨੂੰ ਮਾਰਨ ਲਈ ਗੋਲੀ ਚਲਾ ਸਕਦੀ ਹੈ। ਲੋਕਾਂ ਨੂੰ ਉੱਥੋਂ ਜਾਣ ਲਈ ਪੰਜ ਮਿੰਟ ਦਿੱਤੇ ਜਾਂਦੇ ਹਨ ਪਰ ਉਹ ਆਪਣੀ ਥਾਂ ਤੋਂ ਨਹੀਂ ਹਿੱਲਦੇ। ਫ਼ੌਜ ਗੋਲੀ ਚਲਾਉਂਦੀ ਹੈ। ਲੋਥਾਂ ਨੂੰ 125 ਡੱਬਿਆਂ ਵਾਲੀ ਮਾਲ ਗੱਡੀ ਵਿਚ ਲੱਦ ਕੇ ਸਮੁੰਦਰ ਵੱਲ ਲਿਜਾਇਆ ਜਾਂਦਾ ਹੈ। ਜੋਸ ਅਰਕਾਡੀਓ ਸੈਗੁੰਡੋ, ਜੋ ਸਿਰ ’ਤੇ ਸੱਟ ਲੱਗਣ ਕਾਰਨ ਬੇਹੋਸ਼ ਹੋ ਗਿਆ ਸੀ, ਲਾਸ਼ਾਂ ਨਾਲ ਭਰੀ ਗੱਡੀ ਵਿਚ ਮੌਜੂਦ ਹੈ। ਹੋਸ਼ ਆਉਣ ’ਤੇ ਉਹ ਗੱਡੀ ਤੋਂ ਛਾਲ ਮਾਰ ਕੇ ਮਾਕੰਡੋ ਵੱਲ ਵਾਪਸ ਤੁਰ ਪੈਂਦਾ ਹੈ। ਮੋਹਲੇਧਾਰ ਮੀਂਹ ਪੈ ਰਿਹਾ ਸੀ। ਰਸਤੇ ਵਿਚ ਇਕ ਘਰ ਵਿਚ ਜਾ ਕੇ ਉਹ ਸਰੀਰ ਸੁਕਾਉਂਦਾ ਤੇ ਕੌਫੀ ਪੀਂਦਾ ਪੀਂਦਾ ਬੜਬੜਾਉਂਦਾ ਹੈ, ‘‘ਉਹ ਘੱਟੋ ਘੱਟ ਤਿੰਨ ਹਜ਼ਾਰ ਹੋਣਗੇ।’’ ਮੇਜ਼ਬਾਨ ਔਰਤ ਪੁੱਛਦੀ ਹੈ ‘‘ਕੌਣ?’’ ਉਹ ਜਵਾਬ ਦਿੰਦਾ ਹੈ ‘‘ਮਰਨ ਵਾਲੇ, ਉਹ ਲੋਕ, ਜੋ ਸਟੇਸ਼ਨ ਸਾਹਮਣੇ ਇਕੱਠੇ ਹੋਏ ਸਨ।’’ ਮੇਜ਼ਬਾਨ ਔਰਤ ਕਹਿੰਦੀ ਹੈ, ‘‘ਏਥੇ ਕੋਈ ਨਹੀਂ ਮਰਿਆ। ਤੇਰੇ ਕਰਨਲ ਦਾਦੇ ਦੇ ਸਮਿਆਂ ਬਾਅਦ ਮਾਕੰਡੋ ਵਿਚ ਕੁਝ ਨਹੀਂ ਹੋਇਆ।’’ ਜੋਸ ਅਰਕਾਡੀਓ ਸੈਗੁੰਡੋ ਤਿੰਨ ਹੋਰ ਘਰਾਂ ਵਿਚ ਜਾਂਦਾ ਹੈ, ਉੱਥੋਂ ਵੀ ਇਹੀ ਜਵਾਬ ਮਿਲਦਾ ਹੈ। ਬਾਅਦ ਵਿਚ ਉਸ ਨੂੰ ਪਤਾ ਲੱਗਦਾ ਹੈ ਕਿ ਕਤਲੇਆਮ ਤੋਂ ਬਾਅਦ ਜਦੋਂ ਲਾਸ਼ਾਂ ਨਾਲ ਭਰੀ ਗੱਡੀ ਸਟੇਸ਼ਨ ਤੋਂ ਰਵਾਨਾ ਹੋ ਚੁੱਕੀ ਸੀ ਤਾਂ ਰੇਡੀਓ ’ਤੇ ਐਲਾਨ ਹੋਇਆ ਸੀ ਕਿ ਮਜ਼ਦੂਰ ਸ਼ਾਂਤਮਈ ਢੰਗ ਨਾਲ ਘਰਾਂ ਨੂੰ ਪਰਤ ਗਏ ਸਨ।
ਲੇਖਕ ਇਸ ਥਾਂ ’ਤੇ ਇਕ ਹੈਰਾਨ ਕਰ ਦੇਣ ਵਾਲਾ ਪ੍ਰਤੀਕ ਵਰਤਦਾ ਹੈ : ਮਾਕੰਡੋ ਵਿਚ ਲਗਾਤਾਰ ਮੀਂਹ ਪੈਂਦਾ ਰਹਿੰਦਾ ਹੈ। ਨਾਲ ਨਾਲ ਸਰਕਾਰ ਦਾ ਪ੍ਰਚਾਰ ਵਧਦਾ ਹੈ ਕਿ ਰੇਲਵੇ ਸਟੇਸ਼ਨ ਸਾਹਮਣੇ ਕੋਈ ਮੌਤਾਂ ਨਹੀਂ ਹੋਈਆਂ ਅਤੇ ਹੌਲੀ ਹੌਲੀ ਲੋਕ ਇਸ ਗੱਲ ’ਤੇ ਯਕੀਨ ਕਰਨ ਲੱਗ ਪੈਂਦੇ ਹਨ ਕਿ ਕੋਈ ਕਤਲੇਆਮ ਨਹੀਂ ਹੋਇਆ। ਮੀਂਹ ਕਦੇ ਘਟ ਜਾਂਦਾ ਹੈ ਤੇ ਕਦੇ ਤੇਜ਼ ਹੋ ਜਾਂਦਾ ਹੈ। ਚਾਰ ਸਾਲ ਗਿਆਰਾਂ ਮਹੀਨੇ ਦੋ ਦਿਨ ਮੀਂਹ ਪੈਂਦਾ ਰਹਿੰਦਾ ਹੈ। ਲੋਕ ਮੌਤ ਦੀ ਉਡੀਕ ਕਰਦੇ ਹਨ। ਲੇਖਕ ਇਹ ਕਹਿਣਾ ਚਾਹੁੰਦਾ ਹੈ ਕਿ ਹਾਕਮ ਜਮਾਤ ਇਤਿਹਾਸ ਲਿਖਦੀ ਹੈ, ਉਹ ਇਤਿਹਾਸ ਵਿਚੋਂ ਅਜਿਹੀਆਂ ਘਟਨਾਵਾਂ, ਜੋ ਉਸ ਨੂੰ ਨਹੀਂ ਭਾਉਂਦੀਆਂ, ਨੂੰ ਮਨਫ਼ੀ ਕਰ ਦੇਣਾ ਚਾਹੁੰਦੀ ਹੈ ਅਤੇ ਕਈ ਵਾਰ ਕਾਮਯਾਬ ਵੀ ਹੁੰਦੀ ਹੈ। ਨਾਵਲ ਵਿਚ ਇਹ ਗਵਾਹੀ ਵੀ ਮਿਲਦੀ ਹੈ ਕਿ ਕਈ ਲੋਕ ਅਸਲੀਅਤ ਦੱਸਣ ਲਈ ਜਿਊਂਦੇ ਰਹਿੰਦੇ ਹਨ ਜਿਵੇਂ ਇਕ ਛੋਟਾ ਜਿਹਾ ਮੁੰਡਾ ਜਿਸ ਨੂੰ ਜੋਸ ਅਰਕਾਡੀਓ ਸੈਗੁੰਡੋ ਨੇ ਰੇਲਵੇ ਸਟੇਸ਼ਨ ਸਾਹਮਣੇ ਜੁੜੇ ਇਕੱਠ ਦੌਰਾਨ ਉਸ ਦੀ ਮਾਂ ਦੇ ਕਹਿਣ ’ਤੇ ਮੋਢਿਆਂ ’ਤੇ ਚੁੱਕ ਲਿਆ ਸੀ, ਕਈ ਦਹਾਕਿਆਂ ਤਕ ਲੋਕਾਂ ਨੂੰ ਭਿਆਨਕ ਕਤਲੇਆਮ ਦੀ ਕਹਾਣੀ ਸੁਣਾਉਂਦਾ ਰਹਿੰਦਾ ਹੈ ਭਾਵੇਂ ਬਹੁਤੇ ਲੋਕ ਉਸ ਦੀਆਂ ਗੱਲਾਂ ’ਤੇ ਵਿਸ਼ਵਾਸ ਨਹੀਂ ਕਰਦੇ।
ਪੁਰਤਗਾਲੀ ਨਾਵਲਕਾਰ ਜੋਸ ਸਰਗਾਮੋ ਦੇ ਨਾਵਲ ‘ਅੰਨ੍ਹਾਪਣ (Blindness)’ ਵਿਚ ਸ਼ਹਿਰ ਦੇ ਸਾਰੇ ਲੋਕ ਅੰਨ੍ਹੇ ਹੋ ਜਾਂਦੇ ਹਨ, ਆਮ ਲੋਕ, ਡਾਕਟਰ, ਪੁਲੀਸ, ਫ਼ੌਜ, ਹਾਕਮ ਸਭ। ਸਿਰਫ਼ ਮੁੱਖ ਪਾਤਰ ਦੀ ਪਤਨੀ ਅੰਨ੍ਹੀ ਨਹੀਂ ਹੁੰਦੀ ਅਤੇ ਉਹ ਲੋਕਾਂ ਦੇ ਅੰਨ੍ਹੇ ਹੋਣ ਤੋਂ ਬਾਅਦ ਇਕ-ਦੂਜੇ ਪ੍ਰਤੀ ਪਨਪੇ ਖੂੰਖਾਰ ਵਿਵਹਾਰ ਦੀ ਗਵਾਹ ਬਣਦੀ ਹੈ। ਕਿਸੇ ਸ਼ਹਿਰ ਜਾਂ ਭੂਗੋਲਿਕ ਖ਼ਿੱਤੇ ਵਿਚ ਸਾਰੇ ਲੋਕਾਂ ਦਾ ਅੰਨ੍ਹੇ ਹੋ ਜਾਣਾ ਇਕ ਪ੍ਰਤੀਕ ਹੈ: ਕਿਵੇਂ ਲੋਕਾਂ ਨੂੰ ਅੰਨ੍ਹੇ ਬਣਾ ਦਿੱਤਾ ਜਾਂਦਾ ਹੈ ਅਤੇ ਉਹ ਅੰਨ੍ਹੇ ਹੋ ਜਾਂਦੇ ਹਨ, ਉਹ ਅੰਨ੍ਹੇ ਹੋਣਾ ਸਵੀਕਾਰ ਕਰ ਲੈਂਦੇ ਹਨ ਜਿਵੇਂ ਨਾਵਲ ਦਾ ਇਕ ਪਾਤਰ ਤਾਂ ਇੱਥੋਂ ਤਕ ਕਿਆਸ ਕਰਦਾ ਹੈ ਕਿ ਉਹ ਤਾਂ ਖ਼ੁਦ ਅੰਨ੍ਹਾ ਹੋਣਾ ਚਾਹੁੰਦਾ ਸੀ, ਉਸ ਦੇ ਕਹਿਣ ਦਾ ਮਤਲਬ ਹੈ ਕਿ ਉਹ ਆਪਣੀ ਮਰਜ਼ੀ ਨਾਲ ਅੰਨ੍ਹਾ ਹੋਇਆ ਹੈ। ਲੋਕਾਂ ਨੂੰ ਅਸਲੀਅਤ ਤੋਂ ਬੇਗ਼ਾਨੇ ਕਰ ਦਿੱਤਾ ਜਾਂਦਾ ਹੈ ਅਤੇ ਉਹ ਇਸ ਬੇਗ਼ਾਨਗੀ, ਜੋ ਇਕ ਤਰ੍ਹਾਂ ਦਾ ਅੰਨ੍ਹਾਪਣ ਹੈ, ਨੂੰ ਸਵੀਕਾਰ ਕਰ ਲੈਂਦੇ ਹਨ।
ਇਤਿਹਾਸ ਤੋਂ ਬੇਗ਼ਾਨਗੀ ਪੈਦਾ ਕਰਨਾ ਕੋਈ ਨਵਾਂ ਵਰਤਾਰਾ ਨਹੀਂ ਹੈ। ਇਹ ਸਾਰੇ ਦੇਸ਼ਾਂ ਵਿਚ ਵਾਰ ਵਾਰ ਵਾਪਰਿਆ ਹੈ। ਮਿਲਾਨ ਕੁੰਦਰਾ ਦੇ ਨਾਵਲ ‘ਹਾਸਿਆਂ ਅਤੇ ਭੁੱਲਣ-ਭੁਲਾਉਣ ਦੀਆਂ ਕਹਾਣੀਆਂ ਦੀ ਕਿਤਾਬ (Book of Laughter and Forgetting)’ ਦੇ ਇਕ ਦ੍ਰਿਸ਼ ਵਿਚ ਚੈਕੋਸਲੋਵਾਕੀਆ ਵਿਚ ਸੱਤਾ ਵਿਚ ਆਈ ਕਮਿਊਨਿਸਟ ਪਾਰਟੀ ਦੇ ਆਗੂ, ਦੇਸ਼ ਦਾ ਰਾਸ਼ਟਰਪਤੀ ਕਲੀਮੈਂਟ ਗੋਟਵਾਲਡ ਅਤੇ ਵਿਦੇਸ਼ ਮੰਤਰੀ ਵਲਾਦੀਮੀਰ ਕਲੀਮੈਂਟਸ ਇਕੱਠੇ ਬਾਲਕੋਨੀ ਵਿਚ ਖੜ੍ਹੇ ਹਨ, ਉਹ ਲੋਕਾਂ ਦੀ ਭੀੜ ਨੂੰ ਸੰਬੋਧਿਤ ਹੁੰਦੇ ਹਨ। ਬਰਫ਼ ਪੈਣ ਲੱਗਦੀ ਹੈ। ਕਲੀਮੈਂਟਸ ਆਪਣਾ ਟੋਪ ਰਾਸ਼ਟਰਪਤੀ ਗੋਟਵਾਲਡ (ਜਿਸ ਨੇ ਟੋਪ ਨਹੀਂ ਪਾਇਆ ਹੁੰਦਾ) ਨੂੰ ਦੇ ਦਿੰਦਾ ਹੈ, ਇਹ ਘਟਨਾ 21 ਫਰਵਰੀ 1948 ਦੀ ਹੈ, ਫੋਟੋ ਅਖ਼ਬਾਰਾਂ ਵਿਚ ਛਪਦੀ ਅਤੇ ਲੋਕਾਂ ਵਿਚ ਮਕਬੂਲ ਹੁੰਦੀ ਹੈ। ਕੁਝ ਵਰ੍ਹਿਆਂ ਬਾਅਦ ਕਲੀਮੈਂਟਸ ਨੂੰ ਸਰਕਾਰ ਤੇ ਕਮਿਊਨਿਸਟ ਪਾਰਟੀ ’ਚੋਂ ਕੱਢ ਦਿੱਤਾ ਜਾਂਦਾ, ਉਸ ਨੂੰ ਉਸ ਮਸ਼ਹੂਰ ਫੋਟੋ ਤੋਂ ਵੀ ਬਾਹਰ ਕਰ ਦਿੱਤਾ ਜਾਂਦਾ ਹੈ। ਹੁਣ ਲੋਕਾਂ ਸਾਹਮਣੇ ਇਕੱਲੇ ਰਾਸ਼ਟਰਪਤੀ ਗੋਟਵਾਲਡ ਦੀ ਤਸਵੀਰ ਹੈ, ਲੇਖਕ ਵਿਅੰਗ ਕਰਦਾ ਹੈ ਕਿ ਹੁਣ ਫੋਟੋ ਵਿਚ ਗੋਟਵਾਲਡ ਇਕੱਲਾ ਹੈ ਪਰ ਉਸ ਦੇ ਸਿਰ ’ਤੇ ਟੋਪ ਸਾਬਕਾ ਵਿਦੇਸ਼ ਮੰਤਰੀ ਕਲੀਮੈਂਟਸ ਦਾ ਹੈ। ਤਸਵੀਰ ’ਚੋਂ ਕਲੀਮੈਂਟਸ ਨੂੰ ਬਾਹਰ ਕਰ ਕੇ ਅਤੇ ਉਸ ਨੂੰ ਕਈ ਹੋਰ ਤਰੀਕਿਆਂ ਨਾਲ ਵੀ ਲੋਕਾਂ ਦੇ ਚੇਤਿਆਂ ਵਿਚੋਂ ਮਿਟਾਉਣ ਦਾ ਯਤਨ ਕੀਤਾ ਗਿਆ। ਬਾਅਦ ਵਿਚ ਉਸ ਨੂੰ ਫਾਂਸੀ ਦੇ ਦਿੱਤੀ ਗਈ। ਗੋਟਵਾਲਡ ਦਾ ਵਿਰੋਧ ਕਰਨ ਵਾਲਿਆਂ ਨੂੰ ਇਤਿਹਾਸ ਵਿਚੋਂ ਖਾਰਜ ਕਰ ਦਿੱਤਾ ਗਿਆ, ਦੋ ਤਰ੍ਹਾਂ ਦੇ ਇਤਿਹਾਸ ਦਾ ਨਿਰਮਾਣ ਹੋਇਆ: ਮਨਜ਼ੂਰਸ਼ੁਦਾ ਇਤਿਹਾਸ ਤੇ ਗ਼ੈਰ-ਮਨਜ਼ੂਰਸ਼ੁਦਾ ਇਤਿਹਾਸ। 1968 ਤੋਂ ਬਾਅਦ ਇਹ ਵਰਤਾਰਾ ਦੁਬਾਰਾ ਵੱਡੀ ਪੱਧਰ ’ਤੇ ਵਾਪਰਿਆ। 1968 ਵਿਚ ਚੈਕੋਸਲੋਵਾਕੀਆ ਵਿਚ ਜਮਹੂਰੀ ਅੰਦੋਲਨ ਉੱਠਿਆ ਜਿਸ ਨੂੰ ‘ਪਰਾਗ ਬਸੰਤ’ (ਪਰਾਗ-ਚੈਕੋਸਲੋਵਾਕੀਆ ਦੀ ਰਾਜਧਾਨੀ) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਦਬਾਉਣ ਲਈ ਸੋਵੀਅਤ ਯੂਨੀਅਨ ਅਤੇ ਵਾਰਸਾ ਪੈਕਟ ਦੇ ਕਈ ਦੇਸ਼ਾਂ ਨੇ ਉੱਥੇ ਫ਼ੌਜਾਂ ਭੇਜੀਆਂ। ਪਰਾਗ ਬਸੰਤ ਦੌਰਾਨ ਵਾਪਰੀਆਂ ਘਟਨਾਵਾਂ ਤੇ ਉਸ ਨਾਲ ਸਬੰਧਿਤ ਸਾਹਿਤ, ਕਾਰਵਾਈਆਂ ਤੇ ਐਕਸ਼ਨਾਂ ਦੇ ਇਤਿਹਾਸ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਜਮਹੂਰੀਅਤ ਦੇ ਹੱਕ ਵਿਚ ਬੋਲਣ ਵਾਲੇ ਕਮਿਊਨਿਸਟ ਪਾਰਟੀ ਅਕੈਡਮੀ ਦੇ ਤਤਕਾਲੀਨ ਡਾਇਰੈਕਟਰ ਤੇ ਇਤਿਹਾਸਕਾਰ ਮਿਲਾਨ ਹਿਊਬਲ ’ਤੇ ਮੁਕੱਦਮਾ ਚਲਾਇਆ ਗਿਆ ਤੇ ਉਸ ਨੂੰ ਸਾਢੇ ਛੇ ਸਾਲ ਜੇਲ੍ਹ ਦੀ ਸਜ਼ਾ ਦਿੱਤੀ ਗਈ। ਕਈ ਹੋਰ ਸਿਆਸਤਦਾਨਾਂ, ਕਲਾਕਾਰਾਂ, ਇਤਿਹਾਸਕਾਰਾਂ ਤੇ ਸਾਹਿਤਕਾਰਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਜ਼ਾਵਾਂ ਭੁਗਤਣੀਆਂ ਪਈਆਂ।
ਇਹ ਵਰਤਾਰਾ ਕਈ ਦੇਸ਼ਾਂ ਵਿਚ ਵਾਪਰਿਆ, ਨਾਜ਼ੀਆਂ ਨੇ ਲੋਕਾਂ ਸਾਹਮਣੇ ਆਰੀਅਨ ਨਸਲ ਦੀ ਧਾਰਨਾ ਅਤੇ ਇਤਿਹਾਸ ਦੀ ਆਪਣੀ ਬਣਾਈ ਮਿਸਲ/ਬਣਤਰ, ਜਿਸ ਵਿਚ ਦੁਨੀਆ ਵਿਚ ਸਾਰੇ ਵਿਗਾੜਾਂ ਲਈ ਯਹੂਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ, ਲੋਕਾਂ ਦੇ ਸਾਹਮਣੇ ਰੱਖੀ। ਜਰਮਨੀ ਦੇ ਲੋਕਾਂ ਨੇ ਉਸ ਨੂੰ ਸਵੀਕਾਰ ਕਰ ਲਿਆ। ਪਾਕਿਸਤਾਨ ਵਿਚ ਹਿੰਦੂ ਤੇ ਬੁੱਧ ਧਰਮ ਨਾਲ ਸਬੰਧਿਤ ਰਾਜਿਆਂ ਦੇ ਸਮਿਆਂ ਦਾ ਇਤਿਹਾਸ ਨਹੀਂ ਪੜ੍ਹਾਇਆ ਜਾਂਦਾ, ਇਸੇ ਤਰ੍ਹਾਂ ਆਜ਼ਾਦੀ ਸੰਘਰਸ਼ ਨੂੰ ਵਿਗਾੜੇ ਹੋਏ ਇਕਪਾਸੜ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ।
ਸੱਤਾਧਾਰੀ ਧਿਰਾਂ ਲੋਕਾਈ ’ਤੇ ਕਈ ਤਰ੍ਹਾਂ ਦੇ ਤਜਰਬੇ ਕਰਦੀਆਂ ਹਨ। ਹਾਕਮ ਜਮਾਤ ਦੇ ਸ਼ਖ਼ਸ ਵੱਖ ਵੱਖ ਸਮਿਆਂ ’ਤੇ ਲੋਕਾਈ ਸਾਹਮਣੇ ਉਹ ਇਤਿਹਾਸ ਪੇਸ਼ ਕਰਦੇ ਹਨ ਜੋ ਉਨ੍ਹਾਂ ਨੇ ਮਨਜ਼ੂਰ ਕੀਤਾ ਹੁੰਦਾ ਹੈ, ਜੋ ਉਹ ਮਨਜ਼ੂਰ ਨਹੀਂ ਕਰਦੇ, ਉਸ ਨੂੰ ਇਤਿਹਾਸ ਵਿਚੋਂ ਖਾਰਜ (Delete) ਕਰ ਦਿੱਤਾ ਜਾਂਦਾ ਹੈ। ਮਨਜ਼ੂਰਸ਼ੁਦਾ ਇਤਿਹਾਸ ਦਸਤਾਵੇਜ਼ਾਂ ਅਤੇ ਕਿਤਾਬਾਂ ਦਾ ਰੂਪ ਧਾਰਦਾ ਹੈ। ਉਸ ਲਈ ‘ਸਬੂਤ’ ਲੱਭੇ ਜਾਂਦੇ ਹਨ। ਕਈ ਤਰ੍ਹਾਂ ਦੇ ਤੱਥਾਂ ਤੇ ਸੱਚਾਂ ਨੂੰ ਗ਼ੈਰ-ਜ਼ਰੂਰੀ ਕਰਾਰ ਦਿੱਤਾ ਜਾਂਦਾ ਹੈ ਜਾਂ ਇਹ ਮੰਨਿਆ ਜਾਂਦਾ ਹੈ ਕਿ ਅਜਿਹੀਆਂ ਘਟਨਾਵਾਂ ਹੋਈਆਂ ਹੀ ਨਹੀਂ। ਸਰਕਾਰਾਂ ਵਿਉਂਤਬੰਦੀ ਨਾਲ ਇਤਿਹਾਸ ਨੂੰ ਆਪਣੀ ਮਨਮਰਜ਼ੀ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦੀਆਂ ਹਨ। ਚੈਕੋਸਲੋਵਾਕੀਆ ਵਿਚ ਕੀਤੇ ਗਏ ਅਜਿਹੇ ਯਤਨਾਂ ਬਾਰੇ ਲਿਖੇ ਆਪਣੇ ਨਾਵਲਾਂ ਦੇ ਪਾਤਰਾਂ ਬਾਰੇ ਮਿਲਾਨ ਕੁੰਦਰਾ ਲਿਖਦਾ ਹੈ, ‘‘ਮੇਰੇ ਨਾਵਲਾਂ ਦੇ ਪਾਤਰ ਲੋਕ-ਮਨ ਵਿਚੋਂ ਯਾਦਾਂ ਨੂੰ ਮਿਟਾਉਣ/ਭੁਲਾਉਣ ਦੇ ਸੰਗਠਿਤ ਤਰੀਕੇ ਨਾਲ ਕੀਤੇ ਜਾ ਰਹੇ ਯਤਨਾਂ ਦੇ ਮਾਰੂਥਲ ’ਚੋਂ ਲੰਘਦਿਆਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ।’’
ਸੱਚ ਦੀ ਲੋਅ ਘਟਾਈ ਜਾਂਦੀ ਹੈ ਪਰ ਸੱਚ ਨੂੰ ਪੂਰੀ ਤਰ੍ਹਾਂ ਨਾਲ ਖਾਰਜ ਨਹੀਂ ਕੀਤਾ ਜਾ ਸਕਦਾ। ਸਮੇਂ ਬਦਲਦੇ ਹਨ, ਦੱਬੀਆਂ-ਕੁਚਲੀਆਂ ਜਮਾਤਾਂ ਤੇ ਜਾਤਾਂ ਦੇ ਲੋਕ ਆਪਣੇ ਵਿਦਵਾਨ ਤੇ ਚਿੰਤਕ ਪੈਦਾ ਕਰਦੇ ਹਨ। ਉਹ ਹਾਸ਼ੀਏ ’ਤੇ ਧੱਕੇ ਗਏ ਇਤਿਹਾਸ ਨੂੰ ਲੋਕਾਂ ਦੇ ਧਿਆਨ ਦੇ ਕੇਂਦਰ ਵਿਚ ਲਿਆਉਂਦੇ ਹਨ। ਪੰਜਾਬ ਦੇ ਇਤਿਹਾਸ ਵਿਚ ਦੁੱਲਾ ਭੱਟੀ ਜਿਹੇ ਨਾਇਕ ਤੇ ਪੀਰੋ (19ਵੀਂ ਸਦੀ ਦੀ ਦਲਿਤ ਮੁਸਲਮਾਨ ਸ਼ਾਇਰਾ) ਜਿਹੀ ਨਾਇਕਾ ਦਾ ਨਿਰਮਾਣ ਏਦਾਂ ਹੀ ਹੋਇਆ, ਉਨ੍ਹਾਂ ਦੀ ਮੌਤ ਤੋਂ ਬਹੁਤ ਚਿਰ ਬਾਅਦ। ਅਮਰੀਕਾ ਵਿਚ ਹੋਵਾਰਡ ਜ਼ਿਨ ਨੇ ‘ਅਮਰੀਕਾ ਦਾ ਲੋਕ-ਇਤਿਹਾਸ’ ਲਿਖਿਆ ਜਿਸ ਵਿਚ ਗ਼ੁਲਾਮੀ ਤੇ ਨਸਲਵਾਦ ਵਿਰੁੱਧ ਲੜਨ ਵਾਲੇ ਲੋਕ-ਸਮੂਹਾਂ ਅਤੇ ਨਾਇਕਾਂ ਨੂੰ ਨਵੀਂ ਰੌਸ਼ਨੀ ਵਿਚ ਪੇਸ਼ ਕੀਤਾ ਗਿਆ। ਉਰੂਗੁਏ ਦੇ ਏਦੂਆਰਦੋ ਗਾਲੇਆਨੋ ਨੇ ‘ਲਾਤੀਨੀ ਅਮਰੀਕਾ ਦੀਆਂ ਜ਼ਖ਼ਮੀ ਰਗਾਂ (Open Veins of Latin America)’ ਲਿਖ ਕੇ ਲਾਤੀਨੀ ਅਮਰੀਕਾ ਦੇ ਇਤਿਹਾਸ ਨੂੰ ਅਵਾਮੀ ਦ੍ਰਿਸ਼ਟੀਕੋਣ ਦੀ ਨਜ਼ਰ ਤੋਂ ਪੇਸ਼ ਕੀਤਾ। ਉਸ ਨੇ ਲਾਤੀਨੀ ਅਮਰੀਕਾ ਦੇ ਲੋਕਾਂ ਦੀ ਸਦੀਆਂ ਤੋਂ ਹੋ ਰਹੀ ਲੁੱਟ ਤੇ ਜਬਰ ਨੂੰ ਚਿਤਰਿਆ। ਇਸ ਦੇ ਨਾਲ ਨਾਲ ਇਹ ਵੀ ਸੱਚ ਹੈ ਕਿ ਸੱਤਾ ਦੇ ਆਤੰਕ ਵਿਚ ਘਿਰੇ ਹੋਏ ਲੋਕ ਬਹੁਤ ਵਾਰ ਸਮਾਜ ਵਿਚ ਆਪਣੀ ਪਛਾਣ ਹਾਕਮ ਧਿਰ ਦੇ ਸਾਥੀਆਂ ਤੇ ਸਹਿਯੋਗੀਆਂ ਵਜੋਂ ਕਰਨਾ ਚਾਹੁੰਦੇ ਹਨ, ਉਹ ਸੱਤਾਧਾਰੀਆਂ ਦੁਆਰਾ ਪੇਸ਼ ਕੀਤੇ ਜਾ ਰਹੇ ਤੱਥਾਂ ਦੇ ਵਿਗਾੜੇ ਗਏ ਰੂਪ ਨੂੰ ਸਵੀਕਾਰ ਕਰ ਲੈਂਦੇ ਹਨ।
ਸਾਡੇ ਦੇਸ਼ ਵਿਚ ਵੀ ਹੁਣ ਅਜਿਹਾ ਵਰਤਾਰਾ ਵਾਪਰ ਰਿਹਾ ਹੈ। ਇਤਿਹਾਸ ਦੀਆਂ ਕਿਤਾਬਾਂ ਵਿਚੋਂ ਮੁਸਲਿਮ ਸੁਲਤਾਨਾਂ, ਮੁਗ਼ਲ ਬਾਦਸ਼ਾਹਾਂ, ਸਨਅਤੀ ਇਨਕਲਾਬ, ਅਜੋਕੇ ਵਿਸ਼ਵ-ਪ੍ਰਬੰਧ ਵਿਚ ਅਮਰੀਕਾ ਦੀ ਸਰਦਾਰੀ/ ਪ੍ਰਭੂਸੱਤਾ, ਜਮਹੂਰੀਅਤ ਨੂੰ ਚੁਣੌਤੀਆਂ ਅਤੇ ਜਮਹੂਰੀਅਤ ਤੇ ਵੰਨ-ਸੁਵੰਨਤਾ ਜਿਹੇ ਵਿਸ਼ਿਆਂ ਨਾਲ ਸਬੰਧਿਤ ਚੈਪਟਰ ਖਾਰਜ ਕਰ ਦਿੱਤੇ ਗਏ ਹਨ। ਕੇਂਦਰੀ ਸਰਕਾਰ ਦੇ ਅਦਾਰੇ ਐੱਨਸੀਈਆਰਟੀ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਵਿਦਿਆਰਥੀਆਂ ’ਤੇ ਬੋਝ ਘਟਾਉਣ ਲਈ ਕੀਤੀਆਂ ਗਈਆਂ ਹਨ ਪਰ ਤਬਦੀਲੀਆਂ ਦੀ ਦਿਸ਼ਾ ਪ੍ਰਤੱਖ ਦਿਖਾਈ ਦਿੰਦੀ ਹੈ। ਕਈ ਚੈਪਟਰਾਂ ਵਿਚੋਂ ਕਈ ਪੈਰੇ ਉਡਾ ਦਿੱਤੇ ਗਏ ਹਨ, ਉਦਾਹਰਨ ਦੇ ਤੌਰ ’ਤੇ ਮਹਾਤਮਾ ਗਾਂਧੀ ਦੀ ਮੌਤ ਤੋਂ ਬਾਅਦ ਰਾਸ਼ਟਰੀ ਸਵੈਮਸੇਵਕ ਸੰਘ ’ਤੇ ਲੱਗੀ ਪਾਬੰਦੀ ਬਾਰੇ ਹਵਾਲੇ ਨੂੰ ਕਿਤਾਬ ਵਿਚੋਂ ਖਾਰਜ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਮਾਜ ਵਿਚ ਮੌਜੂਦ ਵਰਣ-ਆਸ਼ਰਮ ਅਤੇ ਜਾਤੀਵਾਦ ਬਾਰੇ ਸਮੱਗਰੀ ਨੂੰ ਹਟਾ ਦਿੱਤਾ ਗਿਆ ਹੈ।
ਇਤਿਹਾਸ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਲਿਖਿਆ ਜਾ ਰਿਹਾ ਹੈ। ਇਹ ਦ੍ਰਿਸ਼ਟੀਕੋਣ ਸੱਤਾਧਾਰੀ ਪਾਰਟੀ ਦਾ ਦ੍ਰਿਸ਼ਟੀਕੋਣ ਹੈ ਪਰ ਪ੍ਰਮੁੱਖ ਮਸਲਾ ਇਹ ਹੈ ਕਿ ਵੱਡੀ ਗਿਣਤੀ ਵਿਚ ਲੋਕ ਇਸ ਦ੍ਰਿਸ਼ਟੀਕੋਣ ਨੂੰ ਸਵੀਕਾਰ ਕਰਨ ਲਈ ਤਿਆਰ ਹਨ। ਮਿਲਾਨ ਕੁੰਦਰਾ ਦਾ ਮਸ਼ਹੂਰ ਕਥਨ ਹੈ, ‘‘ਮਨੁੱਖ ਦੀ ਸੱਤਾ ਵਿਰੁੱਧ ਲੜਾਈ ਯਾਦ ਰੱਖਣ ਦੀ ਤਾਕਤ ਦੀ ਭੁੱਲਣ-ਭੁਲਾਉਣ ਦੇ ਵਰਤਾਰੇ (ਅਸਿਮ੍ਰਿਤੀ) ਵਿਰੁੱਧ ਲੜਾਈ ਹੈ।’’ ਪ੍ਰਸ਼ਨ ਇਹ ਹੈ ਕਿ ਕੀ ਲੋਕ ਇਹ ਲੜਾਈ ਲੜਨ ਲਈ ਤਿਆਰ ਹਨ ਜਾਂ ਉਹ ਇਤਿਹਾਸ ਵਿਚ ਪਾਏ ਜਾ ਰਹੇ ਖੱਪਿਆਂ ਅਤੇ ਵਿਗਾੜਾਂ ਨੂੰ ਸਵੀਕਾਰ ਕਰ ਲੈਣਗੇ।