ਗ਼ਜ਼ਲ - ਮਹਿੰਦਰ ਸਿੰਘ ਮਾਨ
ਮਹਿੰਗਾਈ ਨੇ ਤੋੜ ਦਿੱਤਾ ਹੈ ਸਭ ਲੋਕਾਂ ਦਾ ਲੱਕ,
ਪਰ ਹਾਕਮ ਦੇ ਕੰਨ ਤੇ ਜੂੰ ਨ੍ਹੀ ਸਰਕੀ ਹਾਲੇ ਤੱਕ।
ਬਾਗੀ ਹੋ ਕੇ ਲੋਕੀਂ ਫਿਰ ਸੜਕਾਂ ਤੇ ਆ ਜਾਂਦੇ ਨੇ,
ਜਦ ਉਹ ਜਾਬਰ ਤੇ ਲੋਟੂਆਂ ਤੋਂ ਜਾਂਦੇ ਨੇ ਅੱਕ।
ਇਹ ਹੱਸਦੇ, ਵੱਸਦੇ ਘਰਾਂ ਦੇ ਵਿੱਚ ਲਾ ਦਿੰਦਾ ਏ ਅੱਗ,
ਭੁੱਲ ਕੇ ਵੀ ਨਾ ਕਰੀਏ ਯਾਰੋ ਇੱਕ, ਦੂਜੇ ਤੇ ਸ਼ੱਕ।
ਰੁੱਖਾਂ ਦਾ ਲੇਖਾ ਤਾਂ ਉਹ ਮਰਦੇ ਦਮ ਤੱਕ ਨ੍ਹੀ ਦੇ ਸਕਦਾ,
ਬੰਦੇ ਦੀ ਜਾਨ ਬਚਾਂਦੇ ਨੇ ਕੁੱਝ ਰੁੱਖਾਂ ਦੇ ਸੱਕ।
ਐਵੇਂ ਨਾ ਇੱਕ, ਦੂਜੇ ਨੂੰ ਚੰਗਾ, ਮਾੜਾ ਕਹੀ ਜਾਉ,
ਇਸ ਦੇਸ਼ ਦੇ ਵਿੱਚ ਰਹਿਣੇ ਦਾ ਹੈ ਸਭ ਨੂੰ ਬਰਾਬਰ ਹੱਕ।
ਮੀਂਹ ਦੀ ਇੱਕ ਕਣੀ ਵੀ ਇਨ੍ਹਾਂ ਲਈ ਹਾਨੀਕਾਰਕ ਹੋਵੇ,
ਜਦ ਖੇਤਾਂ ਵਿੱਚ ਕਿਸਾਨ ਦੀਆਂ ਫਸਲਾਂ ਜਾਵਣ ਪੱਕ।
ਸੂਬੇ ਨੂੰ ਖਾਲੀ ਹੋਣ ਤੋਂ ਰੋਕਣ ਦਾ ਹੈ ਇਹੋ ਹੱਲ,
ਰੁਜ਼ਗਾਰ ਦੇ ਕੇ ਮੁੰਡੇ, ਕੁੜੀਆਂ ਨੂੰ ਲੈ ਹਾਕਮਾ ਡੱਕ।
ਮਹਿੰਦਰ ਸਿੰਘ ਮਾਨ
ਅੰਗਦ ਸਿੰਘ ਐਕਸ ਐੱਮ ਐੱਲ ਏ ਦੀ ਰਿਹਾਇਸ਼ ਦੇ ਸਾਮ੍ਹਣੇ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554