21.04.2023 ਨੂੰ ਜਨਮ ਦਿਨ ਤੇ ਵਿਸ਼ੇਸ਼ - 'ਪੰਜਾਬੀ ਦਾ ਪਹਿਲਾ ਪ੍ਰੋਫੈਸਰ' - ਮੇਜਰ ਸਿੰਘ ਬੁਢਲਾਡਾ
ਪੰਜਾਬੀ ਦਾ 'ਪਹਿਲਾ ਪ੍ਰੋਫੈਸਰ' ਹੋਣ ਦਾ ਵੱਡਾ ਮਾਣ ਮਿਲਿਆ,
'72 ਕਿਤਾਬਾਂ' ਦਾ ਲੇਖਕ ਪ੍ਰੋਫੈਸਰ 'ਦਿੱਤ ਸਿੰਘ' ਲੋਕੋ।
ਪਿਤਾ ਸੰਤ 'ਦਿਵਾਨ ਸਿੰਘ' ਘਰ, ਮਾਤਾ 'ਰਾਮ ਕੌਰ' ਦੀ ਕੁੱਖੋਂ
ਜਨਮ ਹੋਇਆ 'ਇੱਕੀ ਅਪ੍ਰੈਲ ਅਠਾਰਾਂ ਸੋ ਪੰਜਾਹ' ਵਿੱਚ ਲੋਕੋ।
ਜੀਵਨ ਸਾਥੀ ਬਿਸ਼ਨ ਕੌਰ,ਪਿੰਡ ਨੰਦਗੜ੍ਹ ਕਲੌੜ, ਫ਼ਤਹਿਗੜ੍ਹ ਸਾਹਿਬ,
ਬਲਦੇਵ ਸਿੰਘ, ਵਿਦਿਆਵੰਤੀ ਕੌਰ ਸੀ ਧੀ ਤੇ ਪੁੱਤ ਲੋਕੋ।
ਉਸ ਵਕਤ ਐਨੀਆਂ ਕਿਤਾਬਾਂ ਲਿਖਕੇ ਰਿਕਾਰਡ ਕਾਇਮ ਕਰਨਾ,
ਇਹ ਵੀ ਕੋਈ ਛੋਟੀ ਨਹੀਂ ਸੀ ਜਿੱਤ ਲੋਕੋ।
ਪ੍ਰਸਿੱਧ ਕਵੀ,ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖ਼ਬਾਰ ਦੇ ਬਾਨੀ,
ਜਿਸ ਦੇ ਅੰਦਰੋਂ ਜੁੜੇ ਸੀ 'ਸਿੱਖੀ' ਨਾਲ ਹਿੱਤ ਲੋਕੋ।
'ਆਰੀਆ ਸਮਾਜੀ' ਸਵਾਮੀ 'ਦਯਾਨੰਦ' ਨਾਲ ਦੋ ਵਾਰ ਬਹਿਸ ਹੋਈ,
ਦੋਨੋਂ ਵਾਰ ਹਰਾਕੇ ਕਰਿਆ ਸਵਾਮੀ 'ਦਯਾ ਨੰਦ' ਚਿੱਤ ਲੋਕੋ।
'ਸਤਾਈ ਸੋ ਏਕੜ' ਦਾ ਮਾਲਕ ਬਾਬਾ ਖੇਮ ਸਿੰਘ 'ਬੇਦੀ' ,
ਅੰਮ੍ਰਿਤਸਰ ਦਰਬਾਰ ਸਾਹਿਬ ਹਰ ਮੰਦਾ ਕੰਮ ਕਰਦਾ ਨਿੱਤ ਲੋਕੋ।
ਗੁਰੂ 'ਨਾਨਕ' ਦੀ ਤੇਰਵੀਂ ਵੰਸ਼ ਵਿਚੋਂ ਦੱਸਕੇ ਬਣ ਬੈਠਾ ਗੁਰੂ,
ਅੰਗਰੇਜ਼ਾਂ ਦੇ ਥਾਪੜੇ ਕਰਕੇ ਸਮਝਦਾ ਸਭ ਨੂੰ ਟਿੱਚ ਲੋਕੋ।
ਪ੍ਰੋ. ਦਿੱਤ ਸਿੰਘ ਨੇ ਨਾ ਕਿਸੇ ਭੋਰਾ ਪ੍ਰਵਾਹ ਕੀਤੀ,
'ਬੇਦੀ' ਦੇ ਥੱਲਿਓਂ ਬਾਹਰ ਮਾਰੀ ਸੀ 'ਗੱਦੀ' ਖਿੱਚ ਲੋਕੋ।
ਸਿੱਖੀ ਦੇ ਠੇਕੇਦਾਰਾਂ ਨੇ ਭੋਰਾ ਨਾ ਪਾਈ ਕਦਰ ਇਹਦੀ,
ਸ਼ਾਇਦ ਇਹਦੀ 'ਜ਼ਾਤ' ਨਿਗਾਹ ਵਿੱਚ ਬੈਠੀ ਨਾ ਫਿੱਟ ਲੋਕੋ।
ਨਹੀਂ ਤਾਂ ਇਹਦੇ ਨਾਮ ਤੇ ਅਨੇਕਾਂ ਸਕੂਲ ਕਾਲਜ ਬਣਵਾਏ ਹੁੰਦੇ।
'ਮੇਜਰ' ਜੇ ਪ੍ਰੋਫੈਸਰ ਦਿੱਤ ਸਿੰਘ 'ਰਵਿਦਾਸੀਆ' ਵਿੱਚੋਂ ਨਾ ਆਏ ਹੁੰਦੇ।
ਲੇਖਕ - ਮੇਜਰ ਸਿੰਘ ਬੁਢਲਾਡਾ
94176 42327