ਖਿੰਡਾਵਾਂ ਤੇ ਭਟਕਣ ਦੇ ਦੌਰ 'ਚ ਸਫ਼ਲਤਾ ਦਾ ਸਫ਼ਰ - ਡਾ. ਗੁਰਤੇਜ ਸਿੰਘ
ਜ਼ਿੰਦਗੀ ਇੱਕ ਸਫ਼ਰ ਹੈ ਹਰ ਜੀਵਿਤ ਮਨੁੱਖ ਇਸ ਦਾ ਹਿੱਸਾ ਹੈ। ਇਸ ਦਾ ਆਗਾਜ਼ ਜਨਮ ਦੇ ਨਾਲ ਹੁੰਦਾ ਹੈ ਅਤੇ ਅੱਖਾਂ ਮੀਟਣ ਤੱਕ ਪ੍ਰਤੱਖ ਰੂਪ 'ਚ ਸੰਸਾਰ ਅੰਦਰ ਨਸ਼ਰ ਹੁੰਦਾ ਹੈ। ਸਫ਼ਰ ਅਤੇ ਟਹਿਲਣ ਵਿੱਚ ਇੰਨਾ ਕੁ ਹੀ ਫ਼ਰਕ ਹੈ, ਸਫ਼ਰ ਸਮੇ ਮਨੁੱਖ ਪੁਖ਼ਤਾ ਤਿਆਰੀ ਕਰਕੇ ਘਰੋਂ ਨਿੱਕਲਦਾ ਹੈ, ਟਹਿਲ਼ਣ ਸਮੇ ਇਹ ਸਭ ਜ਼ਰੂਰੀ ਨਹੀਂ ਹੁੰਦਾ। ਚਹਿਲ਼ ਕਦਮੀ ਕਦਮਾਂ ਨੂੰ ਤਾਂ ਚਾਹੇ ਤੰਦਰੁਸਤ ਬਣਾਉਣ ਦੇ ਸਮਰੱਥ ਹੁੰਦੀ ਹੀ ਹੈ, ਬਲਕਿ ਰਾਤ ਦਾ ਖਾਣਾ ਖਾ ਕੇ 100 ਕਦਮ ਚੱਲਣਾ ਪਾਚਨ ਤੰਤਰ ਨੂੰ ਵੀ ਸੁਧਾਰਦਾ ਹੈ ਪਰ ਵੱਖ ਵੱਖ ਜਗ੍ਹਾਵਾਂ ਦੀ ਯਾਤਰਾ ਮਨੁੱਖ ਦੇ ਗਿਆਨ ਨੂੰ ਅਸਮਾਨ ਦੀ ਉੱਚਾਈ ਦਿੰਦੀ ਹੈ, ਹੋਰਨਾਂ ਸੱਭਿਅਤਾਵਾਂ ਨੂੰ ਪਰਿਸਪਰ ਨੇੜਤਾ ਦਿੰਦੀ ਹੈ। ਦੋਵਾਂ ਹਾਲਾਤਾਂ ਵਿੱਚ ਸਰੀਰ ਅਤੇ ਮਨ ਨੂੰ ਉਸ ਦੀ ਲੋੜੀਂਦੀ ਖ਼ੁਰਾਕ ਮਿਲਦੀ ਹੈ ਜੋ ਤੰਦਰੁਸਤ ਜੀਵਨ ਦਾ ਸਬੱਬ ਹੋ ਨਿੱਬੜਦੀ ਹੈ। ਜੀਵਨ ਅਗਾਂਹਵਧੂ ਸੋਚ ਦਾ ਨਾਮ ਹੈ ਪਿੱਛਖਿੱਚੂ ਸੋਚ ਦੇ ਲੋਕ ਇਸ ਨਾਂਅ ਨਾਲ ਅਕਸਰ ਹੀ ਨਿਆਂ ਨਹੀਂ ਕਰ ਪਾਉਂਦੇ ਜਿਸ ਦਾ ਨਤੀਜਾ ਜੀਵਨ ਅਤੇ ਸੰਸਾਰ ਪ੍ਰਤੀ ਉਦਾਸੀਨਤਾ ਤੇ ਆਖ਼ਰ ਖ਼ੁਦਕੁਸ਼ੀ। ਸਫ਼ਰ ਦੌਰਾਨ ਮਨੁੱਖ ਨੂੰ ਮੰਜ਼ਿਲ 'ਤੇ ਪੁੱਜਣ ਦਾ ਚਾਅ ਤੇ ਭੈਅ ਹੁੰਦਾ ਹੈ ਜਿਸ ਕਰਕੇ ਉਹ ਓਪਰੇ ਰਾਹਾਂ ਦੀ ਨਵੀਨਤਾ ਨੂੰ ਨਹੀਂ ਮਾਣਦਾ ਹੈ ਤੇ ਮੰਜ਼ਿਲ 'ਤੇ ਪੁੱਜ ਕੇ ਇਨ੍ਹਾਂ ਰਾਹਾਂ ਨੂੰ ਯਾਦ ਕਰਕੇ ਭਾਵੁਕ ਹੁੰਦਾ ਹੈ। ਖਿੰਡਾਵਾਂ ਅਤੇ ਭਟਕਣ ਜਦੋਂ ਸਫ਼ਰ ਦੀ ਨੀਰਸਤਾ ਦਾ ਸਬੱਬ ਬਣ ਜਾਣ ਤਾਂ ਹਸੀਨ ਵਾਦੀਆਂ ਵੀ ਉਜਾੜ ਜਾਪਦੀਆਂ ਹਨ।
ਜ਼ਿੰਦਗੀ 'ਚ ਅੱਗੇ ਵਧਣ ਲਈ ਕਈ ਵਾਰ ਆਸ-ਪਾਸ ਪਰ ਸਾਡੇ ਨਾਲ ਹੀ ਸਬੰਧਿਤ ਵਰਤਾਰਿਆਂ ਪ੍ਰਤੀ ਮੌਨ ਧਾਰਨਾ, ਅਣਗੌਲ੍ਹਿਆ ਕਰਨਾ ਲਾਜ਼ਮੀ ਹੋ ਜਾਂਦਾ ਹੈ, ਭਟਕਣ ਲੱਗਦਿਆਂ, ਧਿਆਨ ਭਟਕਦਿਆਂ ਹੀ ਰਸਤਾ ਹਾਸ਼ੀਏ 'ਚ ਤਬਦੀਲ ਹੋ ਜਾਂਦਾ ਹੈ। ਮੁੱਖ ਧਾਰਾ 'ਚ ਪਰਤਦੇ-ਪਰਤਦੇ ਬੜੀ ਦੇਰ ਹੋ ਜਾਂਦੀ ਹੈ।
ਪਿੱਛਲੱਗ ਲੋਕ ਅਜਿਹੇ ਵਰਤਾਰਿਆਂ ਦੇ ਅਕਸਰ ਸ਼ਿਕਾਰ ਹੋ ਜਾਂਦੇ ਹਨ ਤੇ ਸਫ਼ਰ ਦੀ ਰੌਚਕਤਾ ਦੇ ਖ਼ਾਤਮੇ ਦਾ ਸਬੱਬ ਹੋ ਨਿੱਬੜਦੇ ਹਨ। ਆਪਣਾ ਕਾਰਜ ਛੱਡ ਜੋ ਆਪਣੇ ਆਪ ਨੂੰ ਗਿਆਨ ਗੁਰੂ ਹੋਣ ਦਾ ਭਰਮ ਪਾਲ ਬੈਠਦੇ ਹਨ ਅਤੇ ਉਸ ਰਸਤੇ 'ਤੇ ਸਿਰਫ਼ ਟਹਿਲ਼ਣ ਆਏ ਲੋਕਾਂ ਨੂੰ ਆਪਣਾ ਹਮਸਫ਼ਰ ਸਮਝਣ ਦੀ ਭੁੱਲ ਕਰਦੇ ਹਨ, ਉਨ੍ਹਾਂ ਦਾ ਹਸ਼ਰ ਮਾੜਾ ਹੋਣੋ ਕੋਈ ਤਾਕਤ ਰੋਕ ਹੀ ਨਹੀ ਸਕਦੀ।
ਸਫ਼ਰ ਹਮੇਸ਼ਾਂ ਚੁਕੰਨੇ ਹੋ ਕੇ ਕੀਤੇ ਜਾਦੇ ਹਨ, ਕਰਨੇ ਲਾਜ਼ਮੀ ਵੀ ਹਨ ਤੇ ਅਜਿਹੇ ਸਮੇ ਚੌਕਸ ਰਹਿਣਾ ਜ਼ਰੂਰੀ ਹੁੰਦਾ ਹੈ। ਜਦ ਤੁਹਾਡੇ ਹਾਲਾਤ ਸੁਖ਼ਦ ਨਾਂ ਹੋਣ ਉੱਪਰੋਂ ਕੀਮਤੀ ਸਮਾਨ ਕੋਲ ਹੋਵੇ ਤਾਂ ਹਰ ਪਲ ਜਾਗ਼ਰੂਕ ਰਹਿਣਾ ਹੀ ਸਮਝਦਾਰ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ। ਉਹ ਹਰ ਕੰਮ, ਆਹਾਰ-ਵਿਹਾਰ, ਲੋਕ-ਲਾਜ, ਆਦਤ ਆਦਿ ਦਾ ਤਿਆਗ ਲਾਜ਼ਮੀ ਹੈ ਜੋ ਸਾਨੂੰ ਸਾਡੇ ਰਸਤੇ ਤੋਂ ਭਟਕਣ ਲਈ ਮਜਬੂਰ ਕਰਦੇ ਹਨ। ਇਹ ਕੰਮ ਸੌਖਾ ਨਹੀਂ ਹੈ ਪਰ ਨਾਮੁਮਕਿਨ ਤਾਂ ਹਰਗਿਜ਼ ਨਹੀ ਹੈ। ਭਟਕਣ ਅਤੇ ਖਿੰਡਾਵਾਂ ਤਰੱਕੀ ਦੇ ਰਾਹ 'ਚ ਅੜਿੱਕਾ ਹਨ, ਇਨ੍ਹਾਂ ਦੇ ਕਾਰਕਾਂ ਜਿਵੇਂ ਕਿ ਪੁਰਾਣੇ ਤੇ ਘਟੀਆ ਵਿਚਾਰ, ਅਸੰਤੁਲਿਤ ਆਹਾਰ ਵਿਹਾਰ, ਅਨੁਸ਼ਾਸ਼ਨਹੀਣਤਾ ਆਦਿ ਦਾ ਤਿਆਗ ਲਾਜ਼ਮੀ ਹੈ। ਇਹ ਤਿਆਗ ਸਫ਼ਲ ਲੋਕਾਂ ਦੇ ਜੀਵਨ ਦਾ ਅਹਿਮ ਅੰਗ ਹੁੰਦਾ ਹੈ। ਨਿਰੰਤਰ ਵਿਕਾਸ ਹਿਤ ਪੱਤਝੜ ਦੌਰਾਨ ਦਰੱਖਤ ਆਪਣੇ ਮਹੱਤਵਪੂਰਨ ਅੰਗ ਪੁਰਾਣੇ ਪੱਤਿਆਂ ਦਾ ਤਿਆਗ ਕਰਦੇ ਹਨ ਤੇ ਨਵੀਨਤਾ ਨਾਲ ਅਸਮਾਨ ਵੱਲ ਰੁਖ਼ ਕਰਦੇ ਹਨ। ਕਣਕ ਦੇ ਨਾਜ਼ੁਕ ਪੌਦੇ ਤੋਂ ਸਵਾਦੀ ਪਕਵਾਨ ਬਣਨ ਲਈ ਧੁੱਪਾਂ ਛਾਵਾਂ, ਹੱਡ ਚੀਰਵੀਂ ਸਰਦੀ ਤੇ ਸਰੀਰ ਜਲਾਉਣ ਸਮਰੱਥ ਗਰਮੀ ਦਾ ਸਹਿਣ ਪੈਂਦਾ ਹੈ। ਮੌਕੇ ਦਾ ਸਹੀ ਇਸਤੇਮਾਲ ਹੀ ਸਫ਼ਲਤਾ ਦਾ ਸਬੱਬ ਹੋ ਨਿੱਬੜਦਾ ਹੈ। ਜੋ ਲੋਕ ਅਸਫ਼ਲ ਹੁੰਦੇ ਹਨ, ਕਈਆਂ ਨੂੰ ਮੌਕਾ ਨਹੀਂ ਮਿਲਦਾ। ਅਕਸਰ ਕਈਆਂ ਨੇ ਮਿਲੇ ਅਵਸਰ ਦਾ ਠੋਸ ਰਣਨੀਤੀ ਨਾਲ ਫਾਇਦਾ ਹੀ ਨਹੀਂ ਉਠਾਇਆ ਹੁੰਦਾ।
ਸਫ਼ਰ ਦੌਰਾਨ ਜਿਆਦਾ ਸਮਾਨ ਝੰਜਟ ਹੀ ਸਹੇੜਦਾ ਹੈ ਜਿਸ ਦੀ ਸਾਂਭ ਸੰਭਾਲ ਹਮੇਸ਼ਾਂ ਧਿਆਨ ਭਟਕਾਉਂਦੀ ਹੈ। ਇਸ ਨਾਜ਼ੁਕ ਦੌਰ 'ਚ ਹਰ ਕਿਸੇ ਤੋਂ ਮਦਦ ਦੀ ਉਮੀਦ ਨਾਂ ਰੱਖ ਕੇ ਇਕੱਲੇ ਸੋਚ ਵਿਚਾਰ ਕੇ ਸਾਹਸ ਨਾਲ ਤੁਰਨ ਦੀ ਆਦਤ ਪਾਉ, ਤੇਜ਼ ਚੱਲੋਗੇ। ਯਾਤਰਾ ਦੌਰਾਨ ਜਿਆਦਾ ਸਮਾਨ ਅਤੇ ਭੀੜ੍ਹ ਦੇ ਝੰਜਟ ਤੋਂ ਮੁਕਤ ਰਹੋਗੇ। ਅੰਗਰੇਜ਼ ਚੰਦ ਕੱਪੜ੍ਹਿਆਂ 'ਚ ਵਿਸ਼ਵ ਘੁੰਮ ਲੈਦੇ ਹਨ ਤੇ ਅਸੀ ਭੂਆ ਕੋਲ ਜਾਂਦੇ ਸਮੇਂ ਵੀ ਸਮਾਨ ਦੇ ਝੋਲ੍ਹੇ ਭਰ ਤੁਰਦੇ ਹਾਂ।
ਉਦੇਸ਼ ਹੌਂਸਲੇ ਨਾਲ ਮਿੱਥੇ ਜਾਂਦੇ ਹਨ, ਉੱਥੇ ਤੱਕ ਪਹੁੰਚਣ ਲਈ ਦ੍ਰਿੜ ਇੱਛਾ ਸ਼ਕਤੀ ਆਪਣਾ ਕਾਰਜ ਕਰਦੀ ਹੈ, ਜਦਕਿ ਇੱਛਾ ਦੀ ਪੂਰਤੀ ਹਿਤ ਸਿਰਫ ਕਾਮਨਾ ਕੀਤੀ ਜਾਂਦੀ ਹੈ ਜੋ ਅਧੂਰੀਆਂ ਸੱਧਰਾ ਦਾ ਸਬੱਬ ਹੋ ਨਿੱਬੜਦੀ ਹੈ। ਸੰਘਰਸ਼ ਸਮੇ ਇਨਸਾਨ ਧਰਤੀ ਨਾਲ ਜੁੜਿਆ ਹੁੰਦਾ ਹੈ ਤੇ ਸਫ਼ਲਤਾ ਉਸਨੂੰ ਅਸਮਾਨ ਦੇ ਸਫ਼ਰ 'ਤੇ ਲੈ ਜਾਂਦੀ ਹੈ। ਸੰਘਰਸ਼ ਇਨਸਾਨ ਦੀ ਖ਼ੁਦ ਨਾਲ ਜੰਗ ਹੁੰਦੀ ਹੈ ਤੇ ਇਸ 'ਚ ਜਿੱਤ ਹਾਰ ਉਸ ਦੁਆਰਾ ਕੀਤੇ ਕਰਮ 'ਤੇ ਨਿਰਭਰ ਹੁੰਦੀ ਹੈ। ਜੋ ਲੋਕ ਰੋਜ਼ਾਨਾ ਖ਼ੁਦ ਨੂੰ ਬੀਤੇ ਕੱਲ੍ਹ ਤੋਂ ਬਿਹਤਰ ਬਣਾਉਣ ਦੀ ਕੋਸ਼ਿਸ਼ 'ਚ ਜੁਟਦੇ ਹਨ ਉਨ੍ਹਾਂ ਦੇ ਸਫ਼ਰ ਦੀ ਕਾਮਯਾਬੀ ਨਿਸ਼ਚਿਤ ਮੰਨੀ ਜਾ ਸਕਦੀ ਹੈ ਜੋ ਲੋਕ ਸਵੈਪੜਚੋਲ ਦਾ ਪੱਲਾ ਨਹੀ ਫੜਦੇ ਉਨ੍ਹਾਂ ਦਾ ਭਟਕਣਾ ਤੈਅ ਹੀ ਹੁੰਦਾ ਹੈ। ਜ਼ਿੰਦਗੀ 'ਚ ਉੱਚੇ ਮੁਕਾਮ ਹਾਸਿਲ ਕਰਨ ਲਈ ਵਾਧੂ ਜ਼ੋਰ ਲਗਾਉਣ ਦੀ ਲੋੜ ਨਹੀ ਹੁੰਦੀ, ਬਲਕਿ ਸਹੀ ਦਿਸ਼ਾ ਵਿੱਚ ਨਿਰੰਤਰ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ। ਇਹੀ ਲਗਾਤਾਰਤਾ ਧੀਮੀ ਗਤੀ ਵਾਲੇ ਕੱਛੂ ਦੇ ਮਿੱਥੀ ਮੰਜ਼ਿਲ 'ਤੇ ਪੁੱਜਣ ਦਾ ਸਬੱਬ ਹੋ ਨਿੱਬੜਦੀ ਹੈ। ਸਫ਼ਲਤਾ ਸਫ਼ਲ ਲੋਕਾਂ ਦੁਆਰਾ ਚੁੱਕੇ ਵੱਡੇ ਜੋਖ਼ਮਾਂ, ਤਿਆਗ, ਸੰਘਰਸ਼ ਅਤੇ ਲੋਕਾਂ ਦੇ ਦਿੱਤੇ ਮਿਹਣਿਆਂ ਦਾ ਸੰਖੇਪ ਰੂਪ ਹੁੰਦੀ ਹੈ।
ਬਹੁਤ ਵਾਰ ਕਿਸੇ ਨੂੰ ਸਮਝਾਉਣ ਨਾਲੋਂ ਖੁਦ ਨੂੰ ਸਮਝਾਉਣ ਨਾਲ ਮੁਸ਼ਕਿਲਾਂ ਦੇ ਬਿਹਤਰ ਹੱਲ ਭਾਂਵੇ ਨਾ ਹੋਣ ਪਰ ਅੰਦਰੂਨੀ ਅਸ਼ਾਂਤੀ ਦਾ ਤੂਫਾਨ ਜ਼ਰੂਰ ਠੱਲ੍ਹ ਜਾਂਦਾ ਹੈ। ਖੁਦ ਨਾਲ ਬੈਠਣ ਦੀ ਆਦਤ ਸਵੈਤਸਦੀਕ ਦੇ ਰਾਹ ਤੋਰਦੀ ਹੈ ਤੇ ਰਾਤੀਂ ਸੌਣ ਤੋਂ ਪਹਿਲਾਂ ਬੀਤੇ ਦਿਨ ਦਾ ਕੀਤਾ ਗਿਆ ਵਿਸ਼ਲੇਸ਼ਣ ਤਜ਼ਰਬਾ ਬਣ ਕੇ ਮੁਸ਼ਕਿਲਾਂ ਦੇ ਹੱਲ 'ਚ ਸਹਾਈ ਸਿੱਧ ਹੁੰਦਾ ਹੈ। ਉਪਦੇਸ਼ਕ ਦੀ ਜਗ੍ਹਾ ਉਦਾਹਰਨ ਬਣੋ, ਸਿਰਫ ਸੋਚਣ, ਬੋਲਣ ਦੀ ਥਾਂ ਮਿੱਥੇ ਨਿਸ਼ਾਨੇ ਦਾ ਜੇਤੂ ਬਣਨ ਦੀ ਸਾਰਥਿਕ ਕੋਸ਼ਿਸ਼ ਕਰੋ। ਸੰਸਾਰ ਨੇ ਸਦਾ ਸਿਰਫ ਨਤੀਜਿਆਂ ਨੂੰ ਕਬੂਲਿਆ ਤੇ ਸਲਾਹਿਆ ਹੈ, ਸਫ਼ਰ ਦੌਰਾਨ ਆਈਆਂ ਅੜਚਣਾਂ ਤੇ ਕੋਸ਼ਿਸ਼ਾਂ ਨੂੰ ਤਾਂ ਹਰਗਿਜ਼ ਨਹੀ। ਸੀਮਤ ਸਾਧਨਾਂ ਦੇ ਬਾਵਜੂਦ ਜਿਸ ਕੋਲ ਚੁਣੌਤੀਆਂ ਨੂੰ ਸਵੀਕਾਰਨ ਦੀ ਸਮਰੱਥਾ ਹੈ, ਜੋਖ਼ਮ ਉਠਾਉਣ ਦਾ ਬਲ ਹੈ, ਨਿਰੰਤਰ ਮਿਹਨਤ ਕਰਨ ਦਾ ਨਿਸ਼ਚਾ ਹੈ। ਭਵਿੱਖ ਦੀ ਕੈਨਵਸ 'ਤੇ ਉਹ ਮਨੁੱਖ ਆਪਣੀ ਜਿੱਤ ਦੇ ਨਿਸ਼ਾਨ ਜ਼ਰੂਰ ਉਕੇਰਦਾ ਹੈ।
ਸਫ਼ਰ ਦੌਰਾਨ ਸੰਜਮ ਲਾਜ਼ਮੀ ਹੈ, ਚੰਗਾ ਕੰਮ ਕਰਦੇ ਦੇਖ ਕੰਮਚੋਰ ਲੋਕ ਜਲਨ ਮਹਿਸੂਸ ਕਰਦੇ ਹਨ ਤੇ ਕੁਝ ਲੋਕ ਧਿਆਨ ਭਟਕਾਉਣ ਲਈ ਸਦਾ ਤਤਪਰ ਰਹਿੰਦੇ ਹਨ। ਉਨ੍ਹਾਂ ਦੇ ਭੜਕਾਊ ਬੋਲ ਗੁੱਸੇ ਨੂੰ ਚਰਮ ਸੀਮਾ 'ਤੇ ਪਹੁੰਚਾੳਣ ਦੇ ਸਮਰੱਥ ਹੁੰਦੇ ਹਨ। ਸਵੈ ਅਨੁਸ਼ਾਸ਼ਿਤ ਸੂਝਵਾਨ ਮਨੁੱਖ ਆਪਣੇ ਗੁੱਸੇ ਨੂੰ ਵੀ ਪੂੰਜੀ ਦੀ ਤਰਾਂ ਸਾਂਭਦੇ, ਵਿਉਂਤਦੇ ਤੇ ਖਰਚਦੇ ਹਨ। ਇਸ ਖਜ਼ਾਨੇ ਦੀ ਚਾਬੀ ਉਨ੍ਹਾਂ ਦੇ ਕੰਨਾਂ ਦੀ ਬਜਾਇ ਦਿਮਾਗ ਕੋਲ ਹੁੰਦੀ ਹੈ। ਵੈਸੇ ਵੀ ਦਿਮਾਗ 'ਚ ਅਗਰ ਕੁਝ ਭਰਨਾ ਹੀ ਹੈ ਤਾਂ ਸਕਾਰਤਮਕ ਨਜ਼ਰੀਏ ਨਾਲ ਲਬਰੇਜ਼ ਵਿਚਾਰ ਕਿਉਂ ਨਾ ਭਰੇ ਜਾਣ, ਜੋ ਦੁਨੀਆਂ ਨੂੰ ਹੋਰ ਚੰਗੇਰੀ ਬਣਾਉਣ, ਕਿਸੇ ਲਈ ਪ੍ਰੇਰਣਾ ਦਾ ਸ੍ਰੋਤ ਤੇ ਮਾਰਗ ਦਰਸ਼ਨ ਦਾ ਸਬੱਬ ਬਣਨ। ਹਰ ਮੰਜ਼ਿਲ ਦਾ ਕੋਈ ਨਾਇਕ ਜ਼ਰੂਰ ਹੁੰਦਾ ਹੈ ਜਿਸ ਤੋਂ ਪ੍ਰੇਰਣਾ ਲੈ ਕੇ ਸਫ਼ਰ ਨੂੰ ਮੁਕੰਮਲ ਕਰਨਾ ਹੁੰਦਾ ਹੈ। ਹਰ ਸਮਿਆਂ ਵਿੱਚ ਜਵਾਨੀ ਦਾ ਕੋਈ ਨਾ ਕੋਈ ਨਾਇਕ ਜ਼ਰੂਰ ਰਿਹਾ ਹੁੰਦਾ ਹੈ ਜਿਸ ਦਾ ਪ੍ਰਭਾਵ ਨੌਜਵਾਨੀ ਦੀ ਦਸ਼ਾ ਤੇ ਦਿਸ਼ਾ ਮਿੱਥਦਾ ਹੈ। ਜਿਸ ਜਵਾਨੀ ਦਾ ਨਾਇਕ ਸੁੱਘੜ, ਦੂਰਦਰਸ਼ੀ, ਤੇ ਚੁਣੌਤੀਆਂ ਸਵੀਕਾਰਨ ਵਾਲੇ ਗੁਣਾਂ ਨਾਲ ਲਬਰੇਜ਼ ਹੋਵੇ, ਉਹ ਇਤਿਹਾਸ ਦੇ ਸਫ਼ਿਆ 'ਚ ਵਰਨਣਯੋਗ ਬਣ ਉੱਭਰੀ ਹੈ। ਸੰਸਾਰ 'ਚ ਹੁਨਰ, ਮਿਹਨਤ ਤੇ ਚੰਗੇ ਵਿਵਹਾਰ ਨੇ ਆਪਣਾ ਲੋਹਾ ਸਦਾ ਮਨਵਾਇਆ ਹੈ। ਇਹ ਕਾਰਜ ਚਾਹੇ ਹੌਲ਼ੀ-ਹੌਲ਼ੀ ਵਾਪਰਦਾ ਹੈ ਪਰ ਇਸ ਦਾ ਪ੍ਰਭਾਵ ਸਥਾਈ ਹੁੰਦਾ ਹੈ। ਭਟਕਣਾ ਮਨੁੱਖੀ ਸੁਭਾਅ ਹੈ ਜਿਸ ਤੋਂ ਸ਼ਾਇਦ ਹੀ ਕੋਈ ਇਨਸਾਨ ਬਚ ਸਕਿਆ ਹੋਵੇ, ਜ਼ਿੰਦਗੀ ਦੇ ਕਿਸੇ ਮੋੜ 'ਤੇ ਭਟਕਣ ਦਾ ਕੋਈ ਸਬੱਬ ਸਾਰਿਆਂ ਨਾਲ ਲਾਜ਼ਮੀ ਜੁੜਦਾ ਹੈ। ਖਿੰਡਾਵਾਂ ਮਨ ਦੀ ਇਕਾਗ਼ਰਤਾ ਖਿੰਡਾਉਣ ਲਈ ਅਹਿਮ ਕਾਰਕ ਹੋ ਨਿੱਬੜਦੀਆਂ ਹਨ। ਇਹ ਹਰ ਦੌਰ 'ਚ ਮੌਜੂਦ ਹੁੰਦੀਆਂ ਹਨ ਤੇ ਹਰ ਮਨੁੱਖ ਇਨ੍ਹਾਂ ਦੇ ਸੰਪਰਕ ਵਿੱਚ ਲਾਜ਼ਮੀ ਆਉਂਦਾ ਹੈ। ਉਸ ਵੇਲੇ ਜ਼ਰੂਰਤ ਇਹ ਹੁੰਦੀ ਹੈ ਕਿ ਆਪਣੇ ਨਿਸ਼ਾਨੇ, ਹਾਲ਼ਾਤਾਂ ਨੂੰ ਸਨਮੁੱਖ ਰੱਖ ਕੇ ਆਪਣੀ ਮੰਜ਼ਿਲ ਵੱਲ ਵਧਦੇ ਜਾਣ ਦੀ, ਪੜ੍ਹਾਵਾਂ ਨੂੰ ਆਖ਼ਰੀ ਮੰਜ਼ਿਲ ਸਮਝਣ ਦੀ ਗ਼ੁਸਤਾਖ਼ੀ ਨਹੀ ਕਰਨੀ ਚਾਹੀਦੀ। ਬਲਕਿ ਪੜ੍ਹਾਅ ਅਤੇ ਮੰਜ਼ਿਲ ਦੇ ਫ਼ਰਕ ਨੂੰ ਉੱਚੀ ਅਵਸਥਾ ਦੇ ਪ੍ਰਭਾਵ ਅਤੇ ਜੀਵਨ ਜਾਚ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਡਾ. ਗੁਰਤੇਜ ਸਿੰਘ
ਪਿੰਡ ਤੇ ਡਾਕ. ਚੱਕ ਬਖਤੂ
ਤਹਿ.ਤੇ ਜ਼ਿਲ੍ਹਾ ਬਠਿੰਡਾ-151101
ਸੰਪਰਕ : 95173-96001
Email: gurtejsingh72783@gmail.com