ਕਰਨਾਟਕ ਚੋਣ ਦੰਗਲ ਦੇ ਸਿਆਸੀ ਦਾਅ-ਪੇਚ - ਰਾਧਿਕਾ ਰਾਮਾਸੇਸ਼ਨ*
ਚੋਣ ਰੁਝਾਨਾਂ ਦੀ ਪੇਸ਼ੀਨਗੋਈ ਸੌਖੀ ਹੁੰਦੀ ਹੈ, ਪਰ ਚੋਣ ਨਤੀਜਿਆਂ ਦੀ ਭਵਿੱਖਬਾਣੀ ਬਹੁਤ ਔਖੀ ਹੁੰਦੀ ਹੈ। ਕਿਸੇ ਹੋਰ ਸੂਬੇ ਦੀ ਤਰ੍ਹਾਂ ਇਹ ਗੱਲ ਕਰਨਾਟਕ ’ਤੇ ਵੀ ਸਹੀ ਢੁੱਕਦੀ ਹੈ। ਦਸੰਬਰ 2022 ਵਿਚ ਉੱਠਿਆ ਇਕ ਮੁੱਦਾ ਪੁਰਜ਼ੋਰ ਢੰਗ ਨਾਲ ਮੁੜ ਉੱਭਰਿਆ ਹੈ ਜੋ ਜ਼ਾਹਰਾ ਤੌਰ ’ਤੇ ਭਾਜਪਾ ਨੂੰ ਰਾਸ ਨਹੀਂ ਆਵੇਗਾ। 2018 ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਅਤੇ ਜਨਤਾ ਦਲ (ਸੈਕੂਲਰ) ਨੇ ਮਿਲ ਕੇ ਸਰਕਾਰ ਬਣਾਈ ਸੀ ਪਰ ਥੋੜ੍ਹੇ ਸਮੇਂ ਬਾਅਦ ਹੀ ਵਿਧਾਇਕਾਂ ਦੀਆਂ ਥੋਕ ਵਿਚ ਦਲਬਦਲੀਆਂ ਕਰਾਉਣ ਤੋਂ ਬਾਅਦ ਭਾਜਪਾ ਜੁਲਾਈ 2019 ਵਿਚ ਕਰਨਾਟਕ ਦੀ ਸੱਤਾ ’ਤੇ ਕਾਬਜ਼ ਹੋ ਗਈ। ਉਦੋਂ ਤੋਂ ਪਾਰਟੀ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਵਿਚ ਦਲਬਦਲੂ ਵਿਧਾਇਕਾਂ ਦੀਆਂ ਮੰਗਾਂ ਅੱਗੇ ਲਿਫਣ, ਦੋ ਮੁੱਖ ਮੰਤਰੀ ਬਦਲ ਦੇਣ ਜਿਨ੍ਹਾਂ ’ਚੋਂ ਕਿਸੇ ਨੂੰ ਵੀ ਆਪਣੀਆਂ ਜੜ੍ਹਾਂ ਜਮਾਉਣ ਦੀ ਆਗਿਆ ਨਹੀਂ ਦਿੱਤੀ ਗਈ, ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਸੂਬੇ ਅੰਦਰ ਫ਼ਿਰਕੂ ਸਦਭਾਵਨਾ ਦਾ ਮਾਹੌਲ ਖ਼ਰਾਬ ਹੋਣ ਜਿਹੇ ਮਾਮਲੇ ਸ਼ਾਮਲ ਹਨ। ਭਾਜਪਾ ਅਸੈਂਬਲੀ ਚੋਣਾਂ ਨੂੰ ਕੇਂਦਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ‘ਪ੍ਰਾਪਤੀਆਂ’ ਉੱਤੇ ਕੌਮੀ ਰਾਇਸ਼ੁਮਾਰੀ ਦਾ ਰੂਪ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਜਵਾਬ ਵਿਚ ਚੋਣ ਪ੍ਰਚਾਰ ਵਿਚ ਇਕ ਅਜਿਹਾ ਖੇਤਰੀ ਮੁੱਦਾ ਪ੍ਰਵੇਸ਼ ਕਰ ਗਿਆ ਹੈ ਜੋ ‘ਕੰਨੜਿਗਾ ਆਤਮ ਸਨਮਾਨ’ ਨੂੰ ਛੂਹ ਗਿਆ ਹੈ।
ਇਸ ਮੁੱਦੇ ਦਾ ਉਥਾਨ 30 ਦਸੰਬਰ 2022 ਨੂੰ ਉਦੋਂ ਹੋਇਆ ਸੀ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਂਡਿਆ ਜ਼ਿਲ੍ਹੇ ਦੇ ਪਿੰਡ ਗਜ਼ਲਗੇਰੇ ਵਿਚ 260 ਕਰੋੜ ਰੁਪਏ ਦੀ ਲਾਗਤ ਨਾਲ ਇਕ ਡੇਅਰੀ ਪਲਾਂਟ ਦਾ ਉਦਘਾਟਨ ਕਰਨ ਆਏ ਸਨ। ਬਤੌਰ ਸਹਿਕਾਰਤਾ ਮੰਤਰੀ ਉਨ੍ਹਾਂ ਦੁੱਧ ਸਹਿਕਾਰਤਾ ਖੇਤਰ ਵਿਚ ਕਰਨਾਟਕ ਵੱਲੋਂ ਪੁੱਟੀਆਂ ਪੁਲਾਘਾਂ ਦੀ ਸ਼ਲਾਘਾ ਕੀਤੀ ਅਤੇ ਆਖਿਆ: ‘‘ਮੈਂ ਇਕ ਅਜਿਹੇ ਸੂਬੇ (ਗੁਜਰਾਤ) ਤੋਂ ਹਾਂ ਜਿੱਥੇ ਚਿੱਟੀ ਕ੍ਰਾਂਤੀ ਨੇ ਕਿਸਾਨਾਂ ਦੀ ਕਿਸਮਤ ਬਦਲ ਦਿੱਤੀ ਹੈ... ਮੈਂ ਕਿਸਾਨਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਮੁਲ ਅਤੇ ਨੰਦਿਨੀ ਇਸ ਤਰ੍ਹਾਂ ਮਿਲ ਕੇ ਕੰਮ ਕਰ ਸਕਦੇ ਹਨ ਕਿ ਤਿੰਨ ਸਾਲਾਂ ਦੇ ਅੰਦਰ ਭਾਰਤ ਦਾ ਕੋਈ ਅਜਿਹਾ ਪਿੰਡ ਨਹੀਂ ਹੋਵੇਗਾ ਜਿੱਥੇ ਇਨ੍ਹਾਂ ਦੀ ਪ੍ਰਾਇਮਰੀ ਡੇਅਰੀ ਨਾ ਹੋਵੇ। ਮੈਂ ਕਰਨਾਟਕ ਮਿਲਕ ਫੈਡਰੇਸ਼ਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਤਕਨੀਕੀ ਤੇ ਸਹਿਕਾਰੀ ਮਦਦ ਅਤੇ ਅਮੁਲ ਦਾ ਕੰਮਕਾਜੀ ਗਿਆਨ ਉਪਲਬਧ ਰਹੇਗਾ... ਅਤੇ ਗੁਜਰਾਤ ਤੇ ਕਰਨਾਟਕ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਕੰਮ ਕਰਨਗੇ।’’ ਨੰਦਿਨੀ ਕਰਨਾਟਕ ਮਿਲਕ ਫੈੱਡ ਦਾ ਮਸ਼ਹੂਰ ਬ੍ਰਾਂਡ ਹੈ ਜੋ ਸਫ਼ਲਤਾ ਸਹਿਤ ਚੱਲ ਰਿਹਾ ਹੈ।
ਫਿਲਮ ਸਟਾਰ ਡਾ. ਰਾਜਕੁਮਾਰ, ਉਪੇਂਦਰ ਅਤੇ ਪੁਨੀਤ ਰਾਜਕੁਮਾਰ ਵੱਖ ਵੱਖ ਸਮਿਆਂ ’ਚ ਨੰਦਿਨੀ ਦੇ ਬ੍ਰਾਂਡ ਅੰਬੈਸਡਰ ਰਹੇ ਹਨ। ਉਪਰ ਵਿਰੋਧੀ ਧਿਰ ਦੇ ਆਗੂਆਂ ਖ਼ਾਸਕਰ ਸਾਬਕਾ ਮੁੱਖ ਮੰਤਰੀ ਸਿੱਧਾਰਮੱਈਆ ਅਤੇ ਐਚਡੀ ਕੁਮਾਰਾਸਵਾਮੀ ਨੇ ਫੌਰੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਅਮਿਤ ਸ਼ਾਹ ਦੇ ਬਿਆਨ ਨੂੰ ਕੰਨੜਿਗਾ ਲੋਕਾਂ ਦੇ ਆਤਮ ਸਨਮਾਨ ’ਤੇ ਚੋਟ ਕਰਾਰ ਦਿੱਤਾ। ਚਹੁੰ ਪਾਸੀਂ ਆਲੋਚਨਾ ਵਿਚ ਘਿਰੀ ਭਾਜਪਾ ਦੇ ਸੂਬਾਈ ਆਗੂਆਂ ਨੂੰ ਇਹ ਸਫ਼ਾਈ ਦੇਣੀ ਪਈ ਕਿ ਅਮੁਲ, ਨੰਦਿਨੀ ਦੇ ਰਲੇਵੇਂ ਦੀ ਕੋਈ ਤਜਵੀਜ਼ ਨਹੀਂ ਹੈ ਜਿਵੇਂ ਕਿ ਕਾਂਗਰਸ ਅਤੇ ਜਨਤਾ ਦਲ (ਐੱਸ) ਦੇ ਆਗੂਆਂ ਵੱਲੋਂ ਕਿਆਫੇ ਲਗਾਏ ਜਾ ਰਹੇ ਹਨ। ਹਾਲਾਂਕਿ ਡੇਅਰੀ ਧੰਦਾ ਬਹੁਤਾ ਲਾਹੇਵੰਦ ਨਹੀਂ ਰਿਹਾ ਪਰ ਕਰਨਾਟਕ ਇਸ ਮਾਮਲੇ ’ਤੇ ਬਹੁਤ ਸੰਵੇਦਨਸ਼ੀਲ ਰਿਹਾ ਹੈ ਅਤੇ ਆਪਣੇ ਰੋਲ ਮਾਡਲਾਂ ’ਤੇ ਆਪਣਾ ਹੱਕ ਜਤਾਉਂਦਾ ਹੈ।
ਇਸ ਵਿਵਾਦ ਨੇ ਭਾਜਪਾ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ ਕਿਉਂਕਿ ਦੱਖਣੀ ਮੱਧ ਕਰਨਾਟਕ ਦਾ ਪੁਰਾਣਾ ਮੈਸੂਰ ਖੇਤਰ ਪਸ਼ੂ ਪਾਲਣ ਦਾ ਧੁਰਾ ਮੰਨਿਆ ਜਾਂਦਾ ਹੈ। ਇਹੀ ਉਹ ਖੇਤਰ ਹੈ ਜਿਸ ’ਤੇ ਪਿਛਲੇ ਕੁਝ ਸਾਲਾਂ ਤੋਂ ਭਾਜਪਾ ਨੇ ਅੱਖਾਂ ਗੱਡੀਆਂ ਹੋਈਆਂ ਹਨ ਕਿਉਂਕਿ ਇਹ ਰਵਾਇਤੀ ਤੌਰ ’ਤੇ ਜਨਤਾ ਦਲ ਐੱਸ ਅਤੇ ਕਾਂਗਰਸ ਦਾ ਗੜ੍ਹ ਬਣਿਆ ਰਿਹਾ ਹੈ ਅਤੇ ਭਾਜਪਾ ਇਸ ਖੇਤਰ ਵਿਚ ਪੈਰ ਨਹੀਂ ਜਮਾ ਸਕੀ ਸੀ। ਇਸ ਖੇਤਰ ਵਿਚ ਰਹਿੰਦੇ ਦੋ ਪ੍ਰਮੁੱਖ ਭਾਈਚਾਰਿਆਂ ’ਚੋਂ ਇਕ ਵੋਕਾਲਿਗਾ ਭਾਜਪਾ ਦਾ ਹਮਾਇਤੀ ਨਹੀਂ ਹੈ ਕਿਉਂਕਿ ਇਸ ਦੇ ਮੁਕਾਬਲੇ ’ਤੇ ਲਿੰਗਾਇਤ ਭਾਈਚਾਰੇ ਵਿਚ ਭਾਜਪਾ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ। ਪੁਰਾਣੇ ਮੈਸੂਰ ਖੇਤਰ ਵਿਚ ਮੈਸੂਰ, ਮਾਂਡਿਆ, ਚਾਮਰਾਜਨਗਰ, ਹਾਸਨ ਅਤੇ ਰਾਮਨਗਰ ਖੇਤਰ ਪੈਂਦੇ ਹਨ। ਹਾਸਨ ਜਨਤਾ ਦਲ (ਐੱਸ) ਦੇ ਬਾਨੀ ਤੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦਾ ਗੜ੍ਹ ਰਿਹਾ ਹੈ ਜਦੋਂਕਿ ਰਾਮਨਗਰ ਵਿਚ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਦਾ ਭਰਵਾਂ ਅਸਰ ਹੈ। ਭਾਜਪਾ ਨੇ ਹਰੇਕ ਜ਼ਿਲ੍ਹੇ ’ਚੋਂ ਚਾਰ-ਚਾਰ ਸੀਟਾਂ ਜਿੱਤਣ ਦਾ ਟੀਚਾ ਮਿੱਥਿਆ ਸੀ। ਇਸ ਦਾ ਖ਼ਿਆਲ ਸੀ ਕਿ ਜੇ ਇਸ ਨੇ ਸਮਾਪਤੀ ਰੇਖਾ ਪਾਰ ਕਰ ਕੇ ਆਪਣਾ ਬਹੁਮਤ ਹਾਸਲ ਕਰਨਾ ਹੈ ਤਾਂ ਪੁਰਾਣੇ ਮੈਸੂਰ ਖੇਤਰ ਵਿਚ ਸੰਨ੍ਹ ਲਾਉਣੀ ਜ਼ਰੂਰੀ ਹੈ।
ਹਾਲਾਂਕਿ ਭਾਜਪਾ ਦੇ ਆਗੂ ਆਖਦੇ ਹਨ ਕਿ ਸ਼ੁਰੂ ਤੋਂ ਅੰਤ ਤੱਕ ‘ਵਿਕਾਸ’ ਹੀ ਉਨ੍ਹਾਂ ਦਾ ਇਕਮਾਤਰ ਚੋਣ ਮੁੱਦਾ ਹੈ ਪਰ ਮੌਜੂਦਾ ਮੁੱਖ ਮੰਤਰੀ ਬੀਐੱਸ ਬੋਮਈ ਦਾ ਕਾਰਜਕਾਲ ਧਰਮ ਨਾਲ ਜੁੜੇ ਮੁੱਦਿਆਂ ਕਰਕੇ ਬਹੁਤਾ ਜਾਣਿਆ ਜਾਂਦਾ ਹੈ ਅਤੇ ਇਹੀ ਉਹ ਮੁੱਦੇ ਹਨ ਜਿਨ੍ਹਾਂ ਦੇ ਆਧਾਰ ’ਤੇ ਪਾਰਟੀ ਉੱਤਰੀ ਤੇ ਤਟੀ ਕਰਨਾਟਕ ਅਤੇ ਸ਼ਿਮੋਗਾ ਅਤੇ ਚਿਕਮਗਲੂਰ ਆਦਿ ਖੇਤਰਾਂ ਵਿਚ ਕਾਫ਼ੀ ਲਾਹਾ ਲੈਂਦੀ ਰਹੀ ਹੈ। ਭਾਜਪਾ ਨੂੰ ਭ੍ਰਿਸ਼ਟਾਚਾਰ ਦੇ ਸੰਗੀਨ ਦੋਸ਼ਾਂ ਨਾਲ ਜੂਝਣਾ ਪੈ ਰਿਹਾ ਹੈ ਪਰ ਇਸ ਨੇ ਗਊ ਹੱਤਿਆ, ਧਰਮ ਪਰਿਵਰਤਨ ਅਤੇ ਅੰਤਰ-ਧਰਮ ਵਿਆਹ ਕਰਾਉਣ ਖਿਲਾਫ਼ ਕਾਨੂੰਨ ਪਾਸ ਕਰ ਕੇ ਅਤੇ ਸਕੂਲਾਂ ਤੇ ਕਾਲਜਾਂ ਵਿਚ ਹਿਜਾਬ ਪਹਿਨਣ ਵਾਲੀਆਂ ਮੁਸਲਿਮ ਮੁਟਿਆਰਾਂ ਖਿਲਾਫ਼ ਆਰਐੱਸਐੱਸ ਦੀ ਮੁਹਿੰਮ ਦੀ ਹਮਾਇਤ ਕਰ ਕੇ ਆਪਣੇ ਹਿੰਦੁਤਵੀ ਆਧਾਰ ਨੂੰ ਖ਼ੁਸ਼ ਕਰ ਰੱਖਿਆ ਹੈ। ਇਸੇ ਸੰਦਰਭ ਵਿਚ ਇਸ ਨੇ ਯੋਗੀ ਆਦਿੱਤਿਆਨਾਥ ਦੀ ਤਰਜ਼ ’ਤੇ ਕਾਨੂੰਨੀ ਪਾਬੰਦੀਆਂ ਨੂੰ ਨਾ ਮੰਨਣ ਵਾਲੇ ਘੱਟਗਿਣਤੀ ਲੋਕਾਂ ਦੀਆਂ ਸੰਪਤੀਆਂ ਢਾਹੁਣ ਦੀ ਚਿਤਾਵਨੀ ਵੀ ਦਿੱਤੀ ਸੀ। ਭਾਜਪਾ ਅਕਸਰ ਕਾਂਗਰਸ ਅਤੇ ਜਨਤਾ ਦਲ (ਐੱਸ) ’ਤੇ ‘ਮੁਸਲਿਮ ਤੁਸ਼ਟੀਕਰਨ’ ਦਾ ਦੋਸ਼ ਲਾਉਂਦੀ ਰਹਿੰਦੀ ਹੈ ਅਤੇ ਇਸੇ ਸਹਿਮ ਕਰਕੇ ਇਹ ਦੋਵੇਂ ਪਾਰਟੀਆਂ ਹਿੰਦੁਤਵੀ ਮੁਹਿੰਮ ਦਾ ਖੁੱਲ੍ਹ ਕੇ ਵਿਰੋਧ ਕਰਨ ਦਾ ਸਾਹਸ ਨਹੀਂ ਜੁਟਾ ਸਕੀਆਂ।
ਭਾਜਪਾ ਇਸ ਸਮੇਂ ਸ਼ਸ਼ੋਪੰਜ ਵਿਚ ਪਈ ਹੋਈ ਹੈ ਅਤੇ ਇਸ ਦੇ ਕਈ ਕਾਰਨ ਹਨ ਜਿਨ੍ਹਾਂ ਵਿਚ ਇਕ ਇਹ ਹੈ ਕਿ ਯੇਡੀਯੁਰੱਪਾ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਤਿਆਗ ਦੇਣ ਤੋਂ ਬਾਅਦ ਵੀ ਲਿੰਗਾਇਤ ਭਾਈਚਾਰਾ ਬੋਮਈ ਨੂੰ ਕਿਸ ਹੱਦ ਤੱਕ ਹਮਾਇਤ ਦੇ ਪਾਵੇਗਾ ਅਤੇ ਵੋਕਾਲਿਗਾ, ਪੱਛੜੀਆਂ ਸ਼੍ਰੇਣੀਆਂ ਤੇ ਦਲਿਤਾਂ ’ਚੋਂ ਹਮਾਇਤ ਜੁਟਾਉਣ ਦੀ ਭਾਜਪਾ ਦੀ ਕਾਬਲੀਅਤ, ਇਸ ਦੇ ਫ਼ਿਰਕੂ ਪੱਤੇ ਦੀ ਕਾਰਗਰਤਾ ਅਤੇ ਡਬਲ ਇੰਜਣ ਸਰਕਾਰ ਦੇ ਬਿਰਤਾਂਤ ਦੀ ਭਰੋਸੇਯੋਗਤਾ ਕਿੰਨੀ ਕੁ ਹੈ।
ਜੇ ਭਾਜਪਾ ਹਾਲੇ ਤੱਕ ਯੇਡੀਯੁਰੱਪਾ ਦੇ ਪਰਛਾਵੇਂ ਹੇਠੋਂ ਨਿਕਲਣ ਵਿਚ ਨਾਕਾਮ ਰਹੀ ਹੈ ਤਾਂ ਦੂਜੇ ਬੰਨੇ ਕਾਂਗਰਸ ਦੇ ਦੋ ਪ੍ਰਮੁੱਖ ਆਗੂ ਸਿੱਧਾਰਮੱਈਆ ਅਤੇ ਸ਼ਿਵਕੁਮਾਰ ਮੁੱਖ ਮੰਤਰੀ ਦੇ ਅਹੁਦੇ ਲਈ ਜ਼ੋਰ ਅਜ਼ਮਾਈ ਕਰਦੇ ਨਜ਼ਰ ਆ ਰਹੇ ਹਨ। ਪਾਰਟੀ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ ਤੋਂ ਇਹ ਕਸ਼ਮਕਸ਼ ਜੱਗ ਜ਼ਾਹਰ ਹੋ ਗਈ ਹੈ। ਸ਼ਿਵਕੁਮਾਰ ਨੂੰ ਆਪਣੀ ਪਹਿਲੀ ਸੀਟ ਕਨਕਪੁਰਾ ਤੋਂ ਟਿਕਟ ਮਿਲ ਗਈ ਹੈ ਜਦੋਂਕਿ ਸਿੱਧਾਰਮੱਈਆ ਨੂੰ ਵਰੁਨਾ ਸੀਟ ਦਿੱਤੀ ਗਈ ਹੈ ਜਿੱਥੋਂ ਉਨ੍ਹਾਂ ਦੇ ਪੁੱਤਰ ਯਤਿੰਦਰ ਨੇ 2018 ਵਿਚ ਜਿੱਤ ਦਰਜ ਕੀਤੀ ਸੀ। ਇਸ ਦੌਰਾਨ, ਸਿੱਧਾਰਮੱਈਆ ਦਾ ਕੱਦ ਘਟ ਗਿਆ ਹੈ। ਸਿੱਧਾਰਮੱਈਆ ਦੇ ਪ੍ਰਸ਼ੰਸਕ ਉਨ੍ਹਾਂ ਨੂੰ ‘ਜਨ ਆਗੂ’ ਕਹਿੰਦੇ ਰਹਿੰਦੇ ਹਨ ਪਰ ਪਿਛਲੀ ਵਾਰ ਉਹ ਬਦਾਮੀ ਹਲਕੇ ਤੋਂ ਮਾਮੂਲੀ ਫ਼ਰਕ ਨਾਲ ਜਿੱਤ ਸਕੇ ਸਨ ਅਤੇ ਚਾਮੁੰਡੇਸ਼ਵਰੀ ਦੀ ਦੂਜੀ ਸੀਟ ਤੋਂ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਦੋਵੇਂ ਸੀਟਾਂ ’ਤੇ ਕਾਂਗਰਸ ਵਰਕਰਾਂ ਨੇ ਸਾਫ਼ ਦਰਸਾ ਦਿੱਤਾ ਸੀ ਕਿ ਉਹ ਸਿੱਧਾਰਮੱਈਆ ਨੂੰ ਬਹੁਤਾ ਨਹੀਂ ਚਾਹੁੰਦੇ। ਸ਼ਿਵਕੁਮਾਰ ਵੋਕਾਲਿਗਾ ਜਾਤੀ ਨਾਲ ਸਬੰਧ ਰੱਖਦੇ ਹਨ ਜਦੋਂਕਿ ਸਿੱਧਾਰਮੱਈਆ ਪੱਛੜੀ ਸ਼੍ਰੇਣੀ ਕੁਰਬਾ ਤੋਂ ਆਉਂਦੇ ਹਨ। ਕਾਂਗਰਸ ਦੀ ਇਹ ਤਰਕੀਬ ਹੈ ਕਿ ਉਸ ਨੂੰ ਇਨ੍ਹਾਂ ਦੋਵਾਂ ਜਾਤੀਆਂ ਦੀ ਭਰਵੀਂ ਹਮਾਇਤ ਹਾਸਲ ਹੋ ਸਕੇ। ਪਾਰਟੀ ਦੀ ਸਫ਼ਲਤਾ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਇਹ ਆਪਣੀਆਂ ਅੰਦਰੂਨੀ ਔਕੜਾਂ ਨਾਲ ਕਿੱਥੋਂ ਤੱਕ ਸਿੱਝ ਪਾਉਂਦੀ ਹੈ।
ਜਿੱਥੋਂ ਤੱਕ, ਚੁਣਾਵੀ ਘੋਲ ਦੇ ਤੀਜੇ ਖਿਡਾਰੀ ਜਨਤਾ ਦਲ (ਸੈਕੁਲਰ) ਦਾ ਸਵਾਲ ਹੈ ਤਾਂ ਇਸ ਅੰਦਰ ਵੀ ਕੁਮਾਰਾਸਵਾਮੀ ਅਤੇ ਉਨ੍ਹਾਂ ਦੇ ਭਰਾ ਐਚਡੀ ਰੇਵੰਨਾ ਵਿਚਕਾਰ ਵਿਰਾਸਤ ਦਾ ਯੁੱਧ ਚੱਲ ਰਿਹਾ ਹੈ।
* ਲੇਖਕਾ ਸੀਨੀਅਰ ਪੱਤਰਕਾਰ ਹੈ।