ਮਾਇਆਵਤੀ ਆਤਮਘਾਤੀ ਰਾਹੇ - ਚੰਦ ਫਤਹਿਪੁਰੀ
ਇਸ ਸਮੇਂ ਜਦੋਂ ਭਾਜਪਾ ਵਿਰੋਧੀ ਸਮੁੱਚੀਆਂ ਧਿਰਾਂ ਤਾਨਾਸ਼ਾਹੀ ਸ਼ਾਸਕਾਂ ਨੂੰ ਹਰਾਉਣ ਲਈ ਸਾਂਝਾ ਮੋਰਚਾ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੀਆਂ ਹੋਈਆਂ ਹਨ, ਉਸ ਸਮੇਂ ਬਸਪਾ ਆਗੂ ਮਾਇਆਵਤੀ ਭਾਜਪਾ ਅੱਗੇ ਸਮਰਪਣ ਕਰਨ ਲਈ ਕਾਂਸ਼ੀ ਰਾਮ ਦੀ ਵਿਚਾਰਧਾਰਾ ਨੂੰ ਵੀ ਤਿਲਾਂਜਲੀ ਦੇਣ ਦੇ ਰਾਹ ਪੈ ਚੁੱਕੀ ਹੈ। ਇਸ ਵਿੱਚ ਮਾਇਆਵਤੀ ਦੀਆਂ ਕਿਹੜੀਆਂ ਨਿੱਜੀ ਕਮਜ਼ੋਰੀਆਂ ਹਨ ਕਿ ਉਹ ਆਪਣੀ ਕੱਟੜ ਵਿਰੋਧੀ ਭਾਜਪਾ ਦੀ ਵਿਚਾਰਧਾਰਾ ਤੱਕ ਨੂੰ ਅਪਣਾਉਣ ਲਈ ਮਜਬੂਰ ਹੋ ਗਈ ਹੈ, ਇਹ ਤਾਂ ਉਹ ਜਾਣਦੀ ਹੈ, ਪਰ ਜਿਹੜਾ ਰਾਹ ਉਸ ਨੇ ਚੁਣ ਲਿਆ, ਉਹ ਉਸ ਲਈ ਵੀ ਆਤਮਘਾਤੀ ਹੈ ਤੇ ਬਸਪਾ ਲਈ ਵੀ।
ਵੈਸੇ ਤਾਂ ਮਾਇਆਵਤੀ ਦਾ ਨਿਘਾਰ ਉਸ ਦਿਨ ਹੀ ਸ਼ੁਰੂ ਹੋ ਗਿਆ ਸੀ, ਜਦੋਂ ਯੂ ਪੀ ਦੀਆਂ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਸ ਨੇ ਭਾਜਪਾ ਨੂੰ ਜਿਤਾਉਣ ਲਈ ਮੈਦਾਨ ਹੀ ਖਾਲੀ ਛੱਡੀ ਰੱਖਿਆ ਸੀ। ਇਸੇ ਦਾ ਨਤੀਜਾ ਸੀ ਕਿ ਚਾਰ ਵਾਰ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰ ਲੈਣ ਵਾਲੀ ਮਾਇਆਵਤੀ ਦੀ ਬਸਪਾ ਇਨ੍ਹਾਂ ਚੋਣਾਂ ਵਿੱਚ ਸਿਰਫ਼ ਇੱਕ ਸੀਟ ਉੱਤੇ ਜਿੱਤ ਪ੍ਰਾਪਤ ਕਰ ਸਕੀ ਸੀ।
ਬੀਤੀ 5 ਅਪ੍ਰੈਲ ਨੂੰ ਮਾਇਆਵਤੀ ਨੇ ਤਿੰਨ ਟਵੀਟ ਕੀਤੇ ਸਨ। ਇਨ੍ਹਾਂ ਟਵੀਟਾਂ ਰਾਹੀਂ ਉਸ ਨੇ ਨੱਬੇ ਦੇ ਦਹਾਕੇ ਵਿੱਚ ਬਸਪਾ ਦੇ ਨਾਅਰਿਆਂ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਇਹ ਨਾਅਰੇ ਤਾਂ ਸਮਾਜਵਾਦੀ ਪਾਰਟੀ ਨੇ ਬਸਪਾ ਨੂੰ ਬਦਨਾਮ ਕਰਨ ਲਈ ਘੜੇ ਸਨ। 1992 ਵਿੱਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ 1993 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਸਮਾਜਵਾਦੀ ਪਾਰਟੀ ਤੇ ਬਸਪਾ ਨੇ ਗੱਠਜੋੜ ਕਰਕੇ ਲੜੀਆਂ ਤੇ ਜਿੱਤੀਆਂ ਸਨ। ਉਸ ਸਮੇਂ ਇਹ ਨਾਅਰਾ ਲਾਇਆ ਜਾਂਦਾ ਸੀ, ‘ਮਿਲੇ ਮੁਲਾਇਮ ਤੇ ਕਾਂਸ਼ੀ ਰਾਮ, ਹਵਾ ਮੇਂ ਉੜ ਗਏ ਜੈ ਸ੍ਰੀ ਰਾਮ।’ ਹੁਣ ਮਾਇਆਵਤੀ ਕਹਿ ਰਹੀ ਹੈ ਕਿ ਇਹ ਨਾਅਰਾ ਬਸਪਾ ਨੇ ਨਹੀਂ ਸਮਾਜਵਾਦੀ ਪਾਰਟੀ ਨੇ ਬਸਪਾ ਨੂੰ ਬਦਨਾਮ ਕਰਨ ਲਈ ਘੜਿਆ ਸੀ। ਆਪਣੇ ਤੀਜੇ ਟਵੀਟ ਵਿੱਚ ਤਾਂ ਉਸ ਨੇ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਉਹ ਹੁਣ ਭਾਜਪਾ ਦੀ ਤਨਖਾਹ ਉੱਤੇ ਕੰਮ ਕਰ ਰਹੀ ਹੈ। ਉਸ ਨੇ ਕਿਹਾ ਹੈ ਕਿ ਅਯੁੱਧਿਆ, ਸ੍ਰੀ ਰਾਮ ਮੰਦਰ ਤੇ ਅੱਪਰ ਕਾਸਟ ਸਮਾਜ ਨਾਲ ਸੰਬੰਧਤ ਜਿਨ੍ਹਾਂ ਨਾਅਰਿਆਂ ਨੂੰ ਪ੍ਰਚੱਲਤ ਕੀਤਾ ਗਿਆ ਸੀ, ਉਹ ਬਸਪਾ ਨੂੰ ਬਦਨਾਮ ਕਰਨ ਦੀ ਸਮਾਜਵਾਦੀ ਪਾਰਟੀ ਦੀ ਸੋਚੀ-ਸਮਝੀ ਸਾਜ਼ਿਸ਼ ਸੀ। ਸਪਾ ਦੀਆਂ ਇਨ੍ਹਾਂ ਹਰਕਤਾਂ ਤੋਂ ਦਲਿਤਾਂ, ਪਛੜਿਆਂ ਤੇ ਮੁਸਲਿਮ ਸਮਾਜ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਕਾਂਸ਼ੀ ਰਾਮ ਵੱਲੋਂ ਘੜੇ ਗਏ ਨਾਅਰੇ, ਜੋ ਸਮੁੱਚੇ ਦੇਸ਼ ਵਿੱਚ ਬਸਪਾ ਨੂੰ ਚਾਹੁੰਣ ਵਾਲਿਆਂ ਵਿੱਚ ਬੇਹੱਦ ਮਕਬੂਲ ਹੋਏ, ਕੀ ਮਾਇਆਵਤੀ ਦੇ ਕਹੇ ਬਹੁਜਨ ਤਿਆਗ ਦੇਣਗੇ। ਇਹ ਨਾਅਰੇ ਸਨ, ‘ਤਿਲਕ, ਤਰਾਜੂ ਔਰ ਤਲਵਾਰ, ਇਨਕੋ ਮਾਰੋ ਜੂਤੇ ਚਾਰ’, ‘ਵੋਟ ਹਮਾਰਾ, ਰਾਜ ਤੁਮਹਾਰਾ, ਨਹੀਂ ਚਲੇਗਾ, ਨਹੀਂ ਚਲੇਗਾ’ ‘ਵੋਟ ਸੇ ਲੇਂਗੇ ਸੀ ਐੱਮ, ਪੀ ਐੱਮ, ਆਰਕਸ਼ਨ ਸੇ ਲੇਂਗੇ ਐੱਸ ਪੀ, ਡੀ ਐੱਮ।’ ਇਨ੍ਹਾਂ ਨਾਅਰਿਆਂ ਨੇ ਹੀ ਸਦੀਆਂ ਤੋਂ ਦੱਬੇ-ਕੁਚਲੇ ਬਹੁਜਨਾਂ ਵਿੱਚ ਬਸਪਾ ਦੀ ਰਾਜਨੀਤੀ ਨੂੰ ਅੱਗੇ ਵਧਾਇਆ ਸੀ।
ਕੋਈ ਸ਼ੱਕ ਨਹੀਂ ਕਿ ਇਨ੍ਹਾਂ ਨਾਅਰਿਆਂ ਵਿੱਚ ਜਾਤੀਵਾਦੀ ਪਹੁੰਚ ਦਾ ਖੁੱਲ੍ਹਾ ਪ੍ਰਗਟਾਵਾ ਹੈ, ਪਰ ਇਨ੍ਹਾਂ ਦੇ ਸਿਰ ਉੱਤੇ ਹੀ ਬਸਪਾ ਰਾਜਗੱਦੀ ਤੱਕ ਪੁੱਜੀ ਸੀ। ਮਾਇਆਵਤੀ ਲਈ ਭਾਜਪਾ ਦੁਸ਼ਮਣ ਕਦੇ ਨਹੀਂ ਰਹੀ। ਉਹ ਤਿੰਨ ਵਾਰੀ ਮੁੱਖ ਮੰਤਰੀ ਭਾਜਪਾ ਦੀ ਹਮੈਤ ਨਾਲ ਬਣੀ ਸੀ, ਭਾਵੇਂ ਕਿ ਤਿੰਨੇ ਵਾਰੀ ਉਸ ਦੀ ਸਰਕਾਰ ਵੀ ਭਾਜਪਾ ਨੇ ਡੇਗੀ ਸੀ। ਸੱਤਾ ਲਈ ਉਹ ਹਮੇਸ਼ਾ ਰੰਗ ਬਦਲਦੀ ਰਹੀ ਹੈ। ‘ਹਾਥੀ ਨਹੀਂ ਗਣੇਸ਼ ਹੈ, ਬ੍ਰਹਮਾ ਵਿਸ਼ਣੂ ਮਹੇਸ਼ ਹੈ’, ‘ਬ੍ਰਾਹਮਣ ਸੰਖ ਬਜਾਏਗਾ, ਹਾਥੀ ਦਿੱਲੀ ਜਾਏਗਾ’, ਨਾਅਰੇ ਵੀ ਲੋੜ ਪੂਰਤੀ ਲਈ ਉਸੇ ਦੀ ਰਹਿਨੁਮਾਈ ਹੇਠ ਘੜੇ ਗਏ ਸਨ।
ਇਸ ਸਮੇਂ ਹਾਲਾਤ ਵੱਖਰੇ ਹਨ। ਮਾਇਆਵਤੀ ਦੀ ਪਾਰਟੀ ਜਿਨ੍ਹਾਂ ਨਿਵਾਣਾਂ ਨੂੰ ਛੂਹ ਚੁੱਕੀ ਹੈ, ਉਥੋਂ ਉਠ ਕੇ ਸੱਤਾ ਤੱਕ ਪਹੁੰਚਣਾ ਅਸੰਭਵ ਹੈ। ਇਸ ਲਈ ਮਾਇਆਵਤੀ ਵੱਲੋਂ ਇਕਦਮ ਹਿੰਦੂਤਵੀ ਵਿਚਾਰਧਾਰਾ ਨੂੰ ਅਪਣਾਉਣ ਦਾ ਇੱਕੋ ਕਾਰਨ ਹੋ ਸਕਦਾ ਹੈ ਕਿ ਇਸ ਸਮੇਂ ਕੋਈ ਹੋਰ ਆਪਣੀ ਲੋੜ ਲਈ ਉਸ ਦੀ ਵਰਤੋਂ ਕਰ ਰਿਹਾ ਹੈ। ਸਿੱਧਾ ਕਿਹਾ ਜਾਵੇ ਤਾਂ ਮਾਇਆਵਤੀ ਅੱਜ ਭਾਜਪਾ ਦੀ ਲੋੜ ਮੁਤਾਬਕ ਰਾਜਨੀਤੀ ਕਰ ਰਹੀ ਹੈ। ਉਤਰ ਪ੍ਰਦੇਸ਼ ਤੇ ਬਿਹਾਰ ਆਦਿ ਰਾਜਾਂ ਵਿੱਚ ਭਾਜਪਾ ਦੀ ਲੋੜ ਹੈ ਕਿ ਉਹ ਵਿਰੋਧੀਆਂ ਨੂੰ ਹਿੰਦੂ ਵਿਰੋਧੀ ਸਾਬਤ ਕਰੇ। ਇਹ ਕੰਮ ਉਹ ਮਾਇਆਵਤੀ ਰਾਹੀਂ ਕਰ ਰਹੀ ਹੈ। ਮਾਇਆਵਤੀ ਨੂੰ ਇਸ ਦਾ ਕੋਈ ਸਿਆਸੀ ਲਾਭ ਹੋਣ ਵਾਲਾ ਨਹੀਂ। ਉਸ ਨਾਲ ਜੁੜਿਆ ਰਹਿੰਦਾ-ਖੂੰਹਦਾ ਮੁਸਲਿਮ ਵੋਟ ਉਸ ਤੋਂ ਪੱਕਾ ਕਿਨਾਰਾ ਕਰ ਲਵੇਗਾ। ਉਸ ਦਾ ਸਭ ਤੋਂ ਭਰੋਸੇਮੰਦ ਜਾਟਵ ਵੋਟ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲ ਚਲਾ ਗਿਆ ਸੀ, ਉਹ ਉੱਧਰ ਪੱਕਾ ਹੋ ਜਾਵੇਗਾ। ਇਹੋ ਭਾਜਪਾ ਚਾਹੁੰਦੀ ਹੈ। ਸਪੱਸ਼ਟ ਹੈ ਕਿ ਮਾਇਆਵਤੀ ਆਪਣੇ ਪੈਰ ਕੁਹਾੜੀ ਨਹੀਂ, ਸਗੋਂ ਕੁਹਾੜੀ ਉੱਤੇ ਪੈਰ ਮਾਰ ਰਹੀ ਹੈ। ਮਾਇਆਵਤੀ ਵੱਲੋਂ ਅਖਤਿਆਰ ਕੀਤੇ ਇਸ ਪੈਂਤੜੇ ਤੋਂ ਬਾਅਦ ਬਸਪਾ ਵਿੱਚ ਟੁੱਟ-ਭੱਜ ਹੋਣਾ ਸੁਭਾਵਕ ਹੈ। ਉਸ ਦੇ ਸਪਾ ਨਾਲ ਸਮਝੌਤੇ ਕਾਰਨ ਜਿੱਤੇ ਦਸ ਸਾਂਸਦ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਘਬਰਾਹਟ ਵਿੱਚ ਹਨ। ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਉਹ ਨਵਾਂ ਟਿਕਾਣਾ ਲੱਭਣ ਦੀ ਕੋਸ਼ਿਸ਼ ਕਰਨਗੇ। ਹਕੀਕਤ ਇਹ ਹੈ ਕਿ ਜਿਸ ਬਹੁਜਨ ਅੰਦੋਲਨ ਨੂੰ ਖੜ੍ਹਾ ਕਰਕੇ ਕਾਂਸ਼ੀ ਰਾਮ ਨੇ ਦਲਿਤਾਂ ਤੇ ਗਰੀਬ ਤਬਕਿਆਂ ਵਿੱਚ ਸਿਆਸੀ ਚੇਤਨਾ ਪੈਦਾ ਕੀਤੀ ਸੀ, ਉਹ ਅੱਜ ਗਹਿਰੇ ਸੰਕਟ ਵਿੱਚ ਪੁੱਜ ਚੁੱਕਾ ਹੈ।