ਵਹੁਟੀ, ਰੋਟੀ 'ਤੇ ਸੋਟੀ - ਰਵਿੰਦਰ ਸਿੰਘ ਕੁੰਦਰਾ
ਏਅਰਪੋਰਟ 'ਤੇ ਜਹਾਜ਼ ਚੜ੍ਹਨ ਲਈ, ਇੱਕ ਜੋੜਾ ਜੋ ਆਇਆ,
ਅਜੀਬ ਕਿਸਮ ਦੀ ਇੱਕ ਕਹਾਣੀ ਦਾ, ਰੱਬ ਸਬੱਬ ਬਣਾਇਆ।
ਚੈੱਕ ਇਨ 'ਤੇ ਸਕਿਉਰਿਟੀ ਤੋਂ ਅੱਗੇ, ਉਹ ਵੱਲ ਉਸ ਗੇਟ ਦੇ ਚੱਲੇ,
ਜਿੱਥੋਂ ਜਹਾਜ਼ ਚੱਲਣਾ ਸੀ ਉਨ੍ਹਾਂ ਦਾ, ਉਨ੍ਹਾਂ ਦੀ ਮੰਜ਼ਿਲ ਵੱਲੇ।
ਬਜ਼ੁਰਗ ਪਤੀ ਦੀ ਰੰਗਲੀ ਸੋਟੀ, ਟੱਕ ਟੱਕ ਕਰਦੀ ਜਾਵੇ,
ਜਿਸ ਦੇ ਬਰਾਬਰ ਪਤਨੀ ਸੈਂਡਲ, ਫਿਟਕ ਫਿਟਕ ਖੜਕਾਵੇ।
ਪਤੀ ਜੀ ਹੌਲੀ ਹੌਲੀ ਚੱਲਦੇ, ਕਦਮ ਚੁੱਕਣ ਕੁੱਝ ਸਹਿਜੇ,
ਪਰ ਨੌਜਵਾਨ ਪਤਨੀ ਦੇ, ਕੁੱਝ ਛੋਹਲ਼ੇ ਲੱਗਣ ਲਹਿਜੇ।
ਏਨੇ ਨੂੰ ਏਅਰਪੋਰਟ ਦੀ ਬੱਘੀ, ਆ ਰੁਕੀ ਉਨ੍ਹਾਂ ਲਾਗੇ,
ਡਰਾਈਵਰ ਨੇ ਲਿਫਟ ਦੇਣ ਦੀ, ਪੇਸ਼ਕਸ਼ ਕੀਤੀ ਆਕੇ।
ਪਤੀ ਨੇ ਝੱਟ ਹਾਂ ਕਰ ਦਿੱਤੀ, 'ਤੇ ਸ਼ੁਕਰ ਰੱਬ ਦਾ ਕੀਤਾ,
ਪਰ ਪਤਨੀ ਨੇ ਹਤਕ ਸਮਝ ਕੇ, ਚੜ੍ਹਨਾ ਮਨਜ਼ੂਰ ਨਾ ਕੀਤਾ।
ਬੱਘੀ ਦੀ ਰਫ਼ਤਾਰ ਸੀ ਤਿੱਖੀ, ਜਾਵੇ ਅੱਗੇ ਤੋਂ ਅੱਗੇ,
ਪਤਨੀ ਨੱਠ ਨੱਠ ਹੋਈ ਫਾਵੀਂ, ਸਾਹ ਨਾਲ ਸਾਹ ਨਾ ਲੱਗੇ।
ਪਤੀ ਨੂੰ ਗੇਟ ਦੇ ਉੱਤੇ ਜਾਕੇ, ਬੱਘੀ ਨੇ ਝੱਟ ਲਾਹਿਆ,
ਪਤਨੀ ਰਹਿ ਗਈ ਅੱਧਵਾਟੇ, ਸਫ਼ਰ ਨਾ ਗਿਆ ਮੁਕਾਇਆ।
ਉੱਤਰ ਬੱਘੀਉਂ ਪਤੀ ਨੇ ਤੱਕਿਆ, ਸੋਟੀ ਉਸ ਦੀ ਗੁੰਮ ਸੀ,
ਫਿਕਰ ਵਿੱਚ ਘਬਰਾਇਆ ਬੰਦਾ, ਹੋ ਗਿਆ ਗੁੰਮ ਸੁੰਮ ਸੀ।
ਘਬਰਾਹਟ ਵਿੱਚ ਉਹ ਮੁੜਿਆ ਪਿੱਛੇ, ਜਿਧਰੋਂ ਬੱਘੀ ਸੀ ਆਈ,
ਸੋਚਿਆ ਕਿਤੇ ਉਹ ਡਿਗ ਪਈ ਹੋਵੇ, ਜਾਂ ਹੋਵੇ ਕਿਸੇ ਹਥਿਆਈ।
ਏਨੇ ਨੂੰ ਪਤਨੀ ਵੀ ਮਿਲ ਪਈ, ਸਾਹੋ ਸਾਹੀ ਹੋਈ,
ਕਹਿੰਦੀ ਤੈਥੋਂ ਟਿਕ ਨਹੀਂ ਹੁੰਦਾ, ਕਰਦੈਂ ਡੰਗਾ ਡੋਈ?
ਪਤੀ ਕਹੇ ਮੇਰੀ ਸੋਟੀ ਗੁੰਮ ਗਈ, ਲੱਭਣ ਤੁਰਿਆ ਹਾਂ ਮੈਂ,
ਤੈਨੂੰ ਤਾਂ ਨਹੀਂ ਕਿਸੇ ਫੜਾਈ , ਜਾਂ ਕਿਤੇ ਦੇਖੀ ਹੋਵੇ ਤੈਂ?
ਸੁਣ ਕੇ ਵਹੁਟੀ ਨੂੰ ਚੜ੍ਹਿਆ ਗੁੱਸਾ, ਲੱਗੀ ਉੱਚਾ ਬੋਲਣ,
ਚੰਦਰੇ ਵਕਤੀਂ ਤੇਰੇ ਲੜ ਮੈਂ, ਲੱਗ ਪਈ ਜ਼ਿੰਦਗੀ ਰੋਲਣ।
ਸਵੇਰ ਦੀ ਭੁੱਖਣ ਭਾਣੀ ਤੇਰੇ, ਕਰਦੀ ਅੱਗੇ ਤੱਗੇ,
ਖੜ੍ਹੀ ਲੱਤੇ ਮੈਂ ਘੁੰਮਦੀ ਰਹੀ ਹਾਂ, ਤੇਰੇ ਖੱਬੇ ਸੱਜੇ।
ਨਾ ਕੋਈ ਸਰਿਆ ਚਾਹ ਨਾ ਪਾਣੀ, ਨਾ ਕੋਈ ਇੱਕ ਅੱਧ ਰੋਟੀ,
ਉੱਪਰੋਂ ਤੂੰ ਗਵਾ ਬੈਠਾ ਹੈਂ, ਆਪਣੀ ਰੰਗਲੀ ਸੋਟੀ।
ਗੁੱਸੇ ਵਿੱਚ ਫਿਰ ਮਰਦ ਵੀ ਆਇਆ, ਸੁਣ ਉਹ ਮੇਰੀ ਵਹੁਟੀ!
ਤੈਨੂੰ ਖਾਣ ਨੂੰ ਕੁੱਛ ਨਹੀਂ ਮਿਲਣਾ, ਜੇ ਲੱਭੀ ਨਾ ਮੇਰੀ ਸੋਟੀ!
ਆ ਰਲ ਪਹਿਲਾਂ ਸੋਟੀ ਲੱਭੀਏ, ਫੇਰ ਸੋਚਾਂਗੇ ਰੋਟੀ,
ਨਹੀਂ ਤਾਂ ਉਸ ਦੇ ਬਾਝੋਂ ਹੋਸੀ, ਮੇਰੀ ਵਾਟ ਸਭ ਖੋਟੀ।
ਏਨੇ ਨੂੰ ਇੱਕ ਹੋਰ ਯਾਤਰੀ, ਪਿੱਛੋਂ ਤੁਰਦਾ ਆਇਆ,
ਜੋੜੇ ਦੇ ਝਗੜੇ ਨੂੰ ਸੁਣ ਕੇ, ਸਮਝ ਕੁੱਛ ਉਸਨੂੰ ਆਇਆ।
ਹੱਥ ਵਿੱਚ ਫੜੀ ਇੱਕ ਰੰਗਲੀ ਸੋਟੀ, ਉਸ ਬੰਦੇ ਅੱਗੇ ਕੀਤੀ,
ਕਿਹਾ ਇਹ ਮੈਨੂੰ ਰਸਤਿਉਂ ਲੱਭੀ, ਮੈਂ ਸੀ ਇਹ ਚੁੱਕ ਲੀਤੀ।
ਤੁਹਾਡੀ ਹੈ ਤਾਂ ਤੁਸੀਂ ਰੱਖ ਲਓ, ਝਗੜਾ ਆਪਣਾ ਮੁਕਾਓ,
ਹੱਸਦੇ ਵਸਦੇ ਫੜੋ ਫਲਾਈਟ, ਟਿਕਾਣੇ ਆਪਣੇ ਜਾਓ।
ਰੰਗਲੀ ਆਪਣੀ ਸੋਟੀ ਦੇਖ ਕੇ, ਸਰਦਾਰ ਜੀ ਮੁਸਕਰਾਏ,
ਦੋਨਾਂ ਜੀਆਂ ਦੇ ਤਾਂ ਫਿਰ ਜਾਕੇ, ਸਾਹਾਂ ਵਿੱਚ ਸਾਹ ਆਏ।
ਧੰਨਵਾਦ ਕਰ ਉਸ ਯਾਤਰੀ ਦਾ, ਉਹ ਤੁਰੇ ਗੇਟ ਦੇ ਵੱਲੇ,
ਬੈਠ ਬੈਂਚ 'ਤੇ ਜਾਕੇ ਉੱਥੇ, ਅੰਤ ਹੋ ਗਏ ਨਿਚੱਲੇ।
ਹੌਲ਼ੀ ਹੌਲ਼ੀ ਫਿਰ ਪਤਨੀ ਨੇ, ਬੈਗ ਜਦ ਆਪਣਾ ਖੋਲ੍ਹਿਆ,
ਘਰ ਤੋਂ ਲਿਆਂਦੇ ਪਰੌਂਠਿਆ ਵਾਲਾ, ਬੰਡਲ ਉਸ ਫਰੋਲਿਆ।
ਦੇਸੀ ਘਿਓ ਵਿੱਚ ਤਲ਼ੇ ਪਰੌਂਠੇ, ਮਹਿਕਾਂ ਛੱਡਣ ਹਰ ਪਾਸੇ,
ਦੋਨੋਂ ਚਿਹਰੇ ਖਿੜੇ ਕੁੱਛ ਏਦਾਂ, ਰੋਕਿਆਂ ਰੁਕਣ ਨਾ ਹਾਸੇ।
ਆਚਾਰ ਨਾਲ ਫਿਰ ਮੂਲੀ ਵਾਲੇ, ਉਨ੍ਹਾਂ ਰੱਜ ਪਰੌਂਠੇ ਖਾਧੇ,
ਮੁਸਕੜੀਆਂ ਵਿੱਚ ਇੱਕ ਦੂਜੇ ਵੱਲ, ਤੀਰ ਪਿਆਰ ਦੇ ਸਾਧੇ।
ਰੋਟੀ ਖਾ ਵਹੁਟੀ ਹੁਣ ਖੁਸ਼ ਸੀ, ਨਾਲੇ ਮਿਲ ਗਈ ਸੀ ਸੋਟੀ,
ਅਰਦਾਸ ਪਤੀ ਨੇ ਮਨ ਵਿੱਚ ਕੀਤੀ, ਰੱਬਾ! ਵਾਟ ਨਾ ਹੋਵੇ ਖੋਟੀ।
ਹੁਣ ਵਾਟ ਨਾ ਹੋਵੇ ਖੋਟੀ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ