21 ਅਕਤੂਬਰ ਵਿਸ਼ਵ ਆਇਓਡੀਨ ਦਿਵਸ ਤੇ ਵਿਸ਼ੇਸ਼ : ਸਿਹਤ ਲਈ ਜ਼ਰੂਰੀ ਹੈ ਆਇਓਡੀਨ - ਕੰਵਲਜੀਤ ਕੋਰ ਢਿੱਲੋਂ
ਅੱਜ ਦਾ ਆਧੁਨਿਕ ਜੀਵਨ ਬਹੁਤ ਸੰਘਰਸ਼ਮਈ ਹੋ ਗਿਆ ਹੈ। ਸਾਡੇ ਕੋਲ ਆਪਣੇ ਆਪ ਲਈ ਵੀ ਸਮਾਂ ਨਹੀਂ ਹੈ। ਅਸੀਂ ਆਪਣੀ ਜਿੰਦਗੀ ਵਿਚ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਕਈ ਵਾਰ ਆਪਣੀ ਸਿਹਤ ਨਾਲ ਖਿਲਵਾੜ ਕਰ ਲੈਂਦੇ ਹਾਂ। ਸਾਡਾ ਸਰੀਰ ਕੁਦਰਤ ਵੱਲੋਂ ਸਾਨੂੰ ਦਿੱਤਾ ਹੋਇਆ ਇਕ ਅਨਮੋਲ ਤੋਹਫ਼ਾ ਹੈ, ਜਿਸਦੀ ਸੰਭਾਲ ਵੱਲ ਧਿਆਨ ਦੇਣਾ ਅਸੀਂ ਭੁੱਲ ਜਾਂਦੇ ਹਾਂ। ਅਜਿਹੀ ਲਾਪਰਵਾਹੀ ਕਾਰਨ ਸਾਡਾ ਸਰੀਰ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਦੀ ਲਪੇਟ ਵਿਚ ਆ ਜਾਂਦਾ ਹੈ। ਇਸ ਲਈ ਬਿਮਾਰੀ ਚਾਹੇ ਛੋਟੀ ਹੋਵੇ ਜਾਂ ਵੱਡੀ, ਉਸਦਾ ਇਲਾਜ ਸਮੇਂ ਰਹਿੰਦਿਆਂ ਕਰਵਾਉਣਾ ਚਾਹੀਦਾ ਹੈ। ਸਿਆਣਿਆਂ ਨੇ ਕਿਹਾ ਹੈ ਕਿ ਇਲਾਜ ਨਾਲੋਂ ਪ੍ਰਹੇਜ਼ ਚੰਗਾ। ਇਸ ਲਈ ਅਸੀਂ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਆਪਣੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਸਕਦੇ ਹਾਂ। ਸਾਡੇ ਸਰੀਰ ਵਿਚ ਅਨੇਕਾਂ ਹੀ ਤੱਤ ਮੌਜੂਦ ਹਨ, ਜਿੰਨਾਂ ਦੀ ਕਮੀ ਅਤੇ ਬਹੁਤਾਤ ਅਨੇਕਾਂ ਬਿਮਾਰੀਆਂ ਦਾ ਕਾਰਣ ਬਣਦੀ ਹੈ। ਅਜਿਹਾ ਹੀ ਇਕ ਤੱਤ ਹੈ ਆਇਓਡੀਨ। ਸਭ ਤੋਂ ਪਹਿਲਾਂ ਸਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਆਇਓਡੀਨ ਕੀ ਹੈ? ਅਤੇ ਇਸਦੀ ਸਾਡੇ ਸਰੀਰ ਲਈ ਕੀ ਮਹੱਤਤਾ ਹੈ? ਆਇਓਡੀਨ ਇਕ ਖੁਰਾਕੀ ਤੱਤ ਹੈ, ਖ਼ਾਸ ਤੌਰ ਤੇ ਇਹ ਸਾਨੂੰ ਮੱਛੀ, ਆਂਡਿਆਂ, ਦੁੱਧ ਤੋਂ ਬਣੇ ਪਦਾਰਥਾਂ, ਕੁੱਝ ਸ਼ਬਜੀਆਂ ਅਤੇ ਆਇਓਡਾਈਜ਼ਡ ਨਮਕ ਵਿਚੋਂ ਪ੍ਰਾਪਤ ਹੁੰਦਾ ਹੈ। ਆਇਓਡੀਨ ਦੀ ਮਾਤਰਾ ਉਮਰ ਦੇ ਵੱਖ-ਵੱਖ ਪੱਧਰ ਅਨੁਸਾਰ ਨਿਸ਼ਚਿਤ ਹੈ। ਜਿਵੇਂ ਕਿ 1 ਤੋਂ 8 ਸਾਲ ਦੇ ਬੱਚਿਆਂ ਲਈ 90 ਮਾਈਕ੍ਰਰੋਗ੍ਰਾਮ ਆਇਓਡੀਨ, 9 ਤੋਂ 13 ਸਾਲ ਦੇ ਬੱਚਿਆਂ ਲਈ 120 ਮਾਈਕ੍ਰਰੋਗ੍ਰਾਮ ਆਇਓਡੀਨ, ਔਰਤਾਂ ਅਤੇ ਮਰਦਾਂ ਵਿੱਚ ਰੋਜ਼ਾਨਾ 100 ਤੋਂ 150 ਮਾਈਕ੍ਰਰੋਗ੍ਰਾਮ ਆਇਓਡੀਨ ਦੀ ਜ਼ਰੂਰਤ ਹੁੰਦੀ ਹੈ। ਆਇਓਡੀਨ ਦੀ ਸਹੀ ਵਰਤੋਂ ਜਿਥੇ ਸਾਡੇ ਸਰੀਰਕ ਵਿਕਾਸ ਵਿਚ ਯੋਗਦਾਨ ਪਾਉਂਦੀ ਹੈ, ਉਥੇ ਹੀ ਸਾਡੇ ਮਾਨਸਿਕ ਅਤੇ ਬੌਧਿਕ ਵਿਕਾਸ ਵਿੱਚ ਵੀ ਸਹਾਇਤਾ ਕਰਦੀ ਹੈ। ਆਇਓਡੀਨ ਦੀ ਕਮੀ ਜ਼ਿਆਦਾਤਰ ਗਰਭਵਤੀ ਔਰਤਾਂ ਵਿੱਚ ਪਾਈ ਜਾਂਦੀ ਹੈ। ਗਰਭਵਤੀ ਔਰਤ ਦੇ ਸਰੀਰ ਵਿਚ ਆਇਓਡੀਨ ਦੀ ਕਮੀ ਕਈ ਵਾਰ ਗਰਭਪਾਤ ਦਾ ਕਾਰਣ ਵੀ ਬਣ ਸਕਦੀ ਹੈ। ਜੇਕਰ ਆਇਓਡੀਨ ਕਮੀ ਯੁਕਤ ਬੱਚਾ ਪੈਦਾ ਹੋ ਵੀ ਜਾਵੇ ਤਾਂ ਉਸ ਵਿਚ ਜਮਾਂਦਰੂ ਤੌਰ ਤੇ ਭੈਂਗਾਪਣ, ਬੋਲਾਪਣ, ਗੂੰਗਾਪਣ ਆ ਜਾਂਦਾ ਹੈ ਅਤੇ ਬੱਚਾ ਮੰਦਬੁੱਧੀ ਵੀ ਹੋ ਸਕਦਾ ਹੈ। ਆਮ ਤੌਰ ਤੇ ਬੱਚਿਆਂ ਵਿਚ ਆਇਓਡੀਨ ਦੀ ਕਮੀ ਹੋਣ ਨਾਲ ਗਿੱਲ੍ਹੜ ਰੋਗ , ਦਿਮਾਗੀ ਵਿਕਾਸ ਦਾ ਘੱਟ ਹੋਣਾ ਅਤੇ ਸਰੀਰ ਦਾ ਵਿਕਾਸ ਰੁਕ ਜਾਣਾ ਹੈ।
ਅਸੀਂ ਕੁਝ ਗੱਲਾਂ ਦਾ ਧਿਆਨ ਰੱਖਦੇ ਹੋਏ ਉਪਰੋਕਤ ਦੱਸੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਜਿਵੇਂ ਕਿ ਅਸੀਂ ਘਰ ਵਿਚ ਆਇਓਡੀਨ ਯੁਕਤ ਨਮਕ ਦੀ ਹੀ ਵਰਤੋਂ ਕਰੀਏ। ਨਮਕ ਖ਼ਰੀਦ ਦੇ ਸਮੇਂ ਇਹ ਜਾਂਚ ਕਰ ਲੈਣੀ ਚਾਹੀਦੀ ਹੈ ਕਿ ਨਮਕ ਆਇਓਡੀਨ ਯੁਕਤ ਹੈ ਜਾਂ ਨਹੀਂ। ਆਇਓਡੀਨ ਯੁਕਤ ਨਮਕ ਦੀ ਵਰਤੋਂ ਛੇ ਮਹੀਨੇ ਦੇ ਅੰਦਰ-ਅੰਦਰ ਹੋ ਜਾਣੀ ਚਾਹੀਦੀ ਹੈ। ਆਇਓਡੀਨ ਨਮਕ ਨੂੰ ਨਿਸ਼ਚਿਤ ਪੈਕਿੰਗ ਵਿਚ ਹੀ ਰਹਿਣ ਦਿੱਤਾ ਜਾਵੇ ਅਤੇ ਇਸਨੂੰ ਅੱਗ ਤੇ ਸਲ੍ਹਾਬ ਤੋਂ ਦੂਰ ਰੱਖਿਆ ਜਾਵੇ। ਅੱਜ ਵੀ ਬਹੁਤ ਸਾਰੇ ਲੋਕ ਆਇਓਡੀਨ ਦੀ ਮਹੱਤਤਾ ਨੂੰ ਨਾ ਜਾਣਦੇ ਹੋਏ ਇਸਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕਾਂ ਨੂੰ ਜਾਗਰੂਕ ਕਰਨ ਦੇ ਮੱਦੇਨਜ਼ਰ ਹੀ 21 ਅਕਤੂਬਰ ਦਾ ਦਿਨ ਵਿਸ਼ਵ ਭਰ ਵਿਚ ਆਇਓਡੀਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਿਹਤ ਵਿਭਾਗ ਵੱਲੋ ਵੀ ਆਇਓਡੀਨ ਦੀ ਕਮੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਆਇਓਡੀਨ ਯੁਕਤ ਨਮਕ ਦੀ ਹੀ ਵਰਤੋਂ ਕਰਨ ਲਈ ਪ੍ਰੇਰਿਆ ਜਾਂਦਾ ਹੈ। ਇਸ ਸਬੰਧੀ ਸਿਹਤ ਵਿਭਾਗ ਦੁਆਰਾ ਸੈਮੀਨਾਰ ਕਰਵਾਏ ਜਾਂਦੇ ਹਨ, ਤਾਂ ਜੋ ਭਵਿੱਖ ਵਿਚ ਕੋਈ ਔਰਤ ਮੰਦਬੁੱਧੀ ਬੱਚੇ ਨੂੰ ਜਨਮ ਨਾ ਦੇਵੇ ਅਤੇ ਕੋਈ ਵੀ ਬੱਚਾ ਭੈਂਗੇਪਣ ਅਤੇ ਬੋਲੇਪਣ ਦਾ ਸ਼ਿਕਾਰ ਨਾ ਹੋਵੇ।
ਕੰਵਲਜੀਤ ਕੋਰ ਢਿੱਲੋਂ
ਤਰਨ ਤਾਰਨ
ਸੰਪਰਕ 9478793231
Email :- kanwaldhillon16@gmail.com
18 Oct. 2018