ਅਪਰਾਧੀ-ਸਿਆਸਤਦਾਨ ਦੀ ਘਾੜਤ - ਔਨਿੰਦਿਓ ਚੱਕਰਵਰਤੀ
ਮੇਰੇ ਦਫ਼ਤਰ ਦੀ ਇਮਾਰਤ ਦੇ ਬਾਹਰਵਾਰ ਪੈਂਦੀ ਸੜਕ ਹਰ ਸ਼ਾਮੀਂ ਹਾਕਰਾਂ ਦੀ ਗਲੀ ਦਾ ਰੂਪ ਧਾਰ ਲੈਂਦੀ ਸੀ। ਉਹ ਲੋਕ ਰੇਹੜੀਆਂ-ਫੜ੍ਹੀਆਂ ਲਾ ਕੇ ਸਮੋਸੇ, ਮੋੋਮੋਜ਼, ਕਾਠੀ ਰੋਲ, ਬੰਨ ਆਮਲੇਟ, ਮਸਾਲਾ ਚਾਹ ਵੇਚਦੇ ਹੁੰਦੇ ਸਨ। ਕੁਝ ਹਫ਼ਤਿਆਂ ਬਾਅਦ ਲਗਭਗ ਇਕ ਖ਼ਾਸ ਸਮੇਂ ’ਤੇ ਅਸੀਂ ਆਪਣੇ ਦਫ਼ਤਰ ਦੀਆਂ ਖਿੜਕੀਆਂ ’ਚੋਂ ਹਾਕਰਾਂ ਨੂੰ ਕਾਹਲੀ ਕਾਹਲੀ ਆਪੋ ਆਪਣਾ ਸਾਜ਼ੋ ਸਾਮਾਨ ਸਮੇਟ ਕੇ ਸੜਕ ’ਤੇ ਵਾਹੋ-ਦਾਹੀ ਭੱਜਦਿਆਂ ਦੇਖਦੇ ਸਾਂ। ਇਕ ਨਿਗਾਹ ਤੋਂ ਹੀ ਪਤਾ ਚੱਲ ਜਾਂਦਾ ਸੀ ਕਿ ਅੱਜ ਨਗਰ ਨਿਗਮ ਅਫ਼ਸਰਾਂ ਦਾ ਛਾਪਾ ਪੈ ਗਿਆ ਹੈ।
ਮਿੰਟਾਂ ਦੇ ਅੰਦਰ ਅੰਦਰ ਵੈਨਾਂ ਪਹੁੰਚ ਜਾਂਦੀਆਂ ਜਿਨ੍ਹਾਂ ਨਾਲ ਉਹੀ ਮੁਕਾਮੀ ਪੁਲੀਸਕਰਮੀ ਵੀ ਹੁੰਦੇ ਸਨ ਜੋ ਆਮ ਦਿਨਾਂ ਵਿਚ ਮੁਫ਼ਤ ਦੇ ਪਕੌੜੇ ਖਾ ਕੇ ਉਨ੍ਹਾਂ ਨੂੰ ‘ਪਨਾਹ’ ਦਿੰਦੇ ਸਨ। ਕੁਝ ਕੁ ਹਾਕਰ ਫੜੇ ਵੀ ਜਾਂਦੇ ਸਨ ਜਿਨ੍ਹਾਂ ਨੂੰ ਗਰਮ ਤੇਲ ਸਾਂਭਣ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਸੀ। ਅਫ਼ਸਰ ਖੋਖੇ ਜ਼ਬਤ ਕਰ ਲੈਂਦੇ ਅਤੇ ਉਨ੍ਹਾਂ ਨੂੰ ਵੈਨਾਂ ਵਿਚ ਲੱਦ ਕੇ ਲੈ ਜਾਂਦੇ ਜਿਨ੍ਹਾਂ ਦੇ ਨਾਲ ਸਬਜ਼ੀਆਂ, ਆਟਾ, ਮਸਾਲੇ ਅਤੇ ਤਲਣ ਦੇ ਬਰਤਨ ਵੀ ਚੁੱਕ ਲਏ ਜਾਂਦੇ। ਬਾਬੂ ਲੋਕ ਹਾਕਰਾਂ ਨੂੰ ਝਾੜਨ ਲੱਗ ਪੈਂਦੇ ਤੇ ਉਹ ਲੋਕ ਸਿਰ ਝੁਕਾਈਂ ਸੁਣਦੇ ਰਹਿੰਦੇ।
ਮੇਰੇ ਕੁਝ ਵਾਕਿਫ਼ ਹਾਕਰਾਂ ਤੋਂ ਪਤਾ ਚਲਦਾ ਸੀ ਕਿ ਗੁਪਤਾ ਜੀ ਕਿਵੇਂ ਇਕ ਦੁਕਾਨ ਵਿਚ ਪੈਸਾ ਗੁਆ ਬੈਠੇ ਸਨ ਤੇ ਹੁਣ ਬੰਨ ਆਮਲੇਟ ਵੇਚਦੇ ਹਨ, ਰਾਜੂ ਪਾਸੀ ਦੀ ਇਕ ਲੱਤ ਪੋਲੀਓ ਦੀ ਬਿਮਾਰੀ ਕਰਕੇ ਮਾਰੀ ਗਈ ਸੀ ਪਰ ਉਸ ਦੇ ਮੋਢੇ ਬਹੁਤ ਜ਼ਿਆਦਾ ਮਜ਼ਬੂਤ ਹੋ ਗਏ ਸਨ। ਉਹ ਇਕ ਹੱਥ ਨਾਲ ਹੀ ਆਪਣੀ ਰੇਹੜੀ ਖਿੱਚ ਲੈਂਦਾ ਸੀ ਅਤੇ ਦੂਜੇ ਹੱਥ ਵਿਚ ਕਈ ਕੰਮ ਦੇਣ ਵਾਲੀ ਇਕ ਲਾਠੀ ਹੁੰਦੀ ਸੀ, ਉਸ ਦੀ ਸੁੱਕੀ ਹੋਈ ਲੱਤ ਦੁਆਲੇ ਘੁੰਮ ਜਾਂਦੀ ਸੀ। ਰਾਜੂ ਨਾਲ ਹਰ ਕੋਈ ਤੇਹ ਰੱਖਦਾ ਸੀ। ਪੁਲੀਸ ਵਾਲੇ ਵੀ ਉਸ ਦੇ ਸਾਮਾਨ ਦੇ ਕੁਝ ਨਾ ਕੁਝ ਪੈਸੇ ਦੇ ਕੇ ਜਾਂਦੇ ਸਨ ਅਤੇ ਨਗਰ ਨਿਗਮ ਦੇ ਅਧਿਕਾਰੀ ਉਸ ਨੂੰ ਕੁਝ ਨਹੀਂ ਕਹਿੰਦੇ ਸਨ।
ਹੋਰਨਾਂ ਹਾਕਰਾਂ ਵਾਂਗ ਹੀ ਰਾਜੂ ਸਾਡੇ ਦਫ਼ਤਰ ਤੋਂ ਘੰਟੇ ਭਰ ਦੀ ਦੂਰੀ ’ਤੇ ਬਣੀ ਝੁੱਗੀ-ਝੌਂਪੜੀ ਵਿਚ ਰਹਿੰਦਾ ਸੀ। ਬਿਜਲੀ ਦੇ ਕਿਸੇ ਮਾਹਿਰ ਕਾਰੀਗਰ ਨੇ ਕੋਲੋਂ ਲੰਘਦੀ ਲਾਈਨ ਤੋਂ ਚੋਰੀ ਕੀਤੀ ਬਿਜਲੀ ਦਾ ਪ੍ਰਬੰਧ ਕਰ ਕੇ ਦਿੱਤਾ ਹੋਇਆ ਸੀ। ਪ੍ਰਾਈਵੇਟ ਟੈਂਕਰ ਵਿਚ ਹਰ ਸਵੇਰ ਪਾਣੀ ਆਉਂਦਾ ਸੀ ਅਤੇ ਬਾਲਟੀ ਦੇ ਪੈਸੇ ਲਏ ਜਾਂਦੇ ਸਨ। ਰਾਜੂ ਅਤੇ ਉਸ ਨੂੰ ਪਸੰਦ ਕਰਨ ਵਾਲੇ ਉਸ ਜਿਹੇ ਹਰੇਕ ਬੰਦੇ ਦੀ ਜ਼ਿੰਦਗੀ ਦੀ ਹੋਂਦ ਲਾਕਾਨੂੰਨੀਅਤ ਅਤੇ ਸਰਕਾਰੀ ਬੇਰੁਖ਼ੀ ਵਿਚਕਾਰਲੀ ‘ਨੋ ਮੈਨ’ਜ਼ ਲੈਂਡ’ ਵਿਚ ਗੁਜ਼ਰ ਰਹੀ ਸੀ। ਜੇ ਨੇਮ ਕਾਨੂੰਨ ਪੂਰੀ ਸਖ਼ਤੀ ਨਾਲ ਲਾਗੂ ਕੀਤੇ ਜਾਂਦੇ ਤਾਂ ਰਾਜੂ ਦਾ ਜਿਉਣਾ ਨਾਮੁਮਕਿਨ ਸੀ।
ਦਰਅਸਲ, ਭਾਰਤ ਦੇ ਲੋਕਾਂ ਦਾ ਇਕ ਬਹੁਤ ਵੱਡਾ ਹਿੱਸਾ ਇਸੇ ਤਰ੍ਹਾਂ ਕਾਨੂੰਨ ਦੇ ਹਾਸ਼ੀਏ ’ਤੇ ਜ਼ਿੰਦਾ ਰਹਿੰਦਾ ਹੈ। ਉਹ ਸੰਪਤੀ ਦੇ ਹੱਕ ਅਤੇ ਨਾਗਰਿਕਤਾ ਦੇ ਨੇਮਾਂ ਦੀਆਂ ਚੋਰ ਮੋਰੀਆਂ ’ਚੋਂ ਘਿਸਰ ਕੇ ਸੜਕਾਂ ਕਿਨਾਰੇ ਰੋਜ਼ੀ ਰੋਟੀ ਕਮਾਉਂਦੇ ਹਨ ਜਿੱਥੇ ਅਸੀਂ ਤੁਸੀਂ ਰੁਕਣ ਦੀ ਖੇਚਲ ਵੀ ਨਹੀਂ ਕਰਦੇ, ਸਾਂਝੀ ਜ਼ਮੀਨ ’ਤੇ ਝੌਂਪੜੀ ਬਣਾ ਲੈਂਦੇ ਹਨ, ਕਿਸੇ ਫਲਾਈਓਵਰ ਹੇਠ ਇਕ ਚੁਪੱਟ ਘਰ ਬਣਾ ਲੈਂਦੇ ਹਨ, ਕਦੇ ਉਹ ਬਿਨਾਂ ਟਿਕਟ ਸਫ਼ਰ ਕਰਦੇ ਹਨ ਅਤੇ ਕਦੇ ਬਲੈਕ ਵਿਚ ਰੇਲ ਟਿਕਟ ਖਰੀਦਦੇ ਹਨ। ਉਹ ਪੁਲੀਸ ਦੇ ਡੰਡੇ ਦੇ ਸਾਏ ਹੇਠ ਅਤੇ ਸਰਕਾਰੀ ਬਾਬੂ ਦੀਆਂ ਝਿੜਕਾਂ ਖਾ ਕੇ ਵੱਡੇ ਹੁੰਦੇ ਹਨ। ਨਾਗਰਿਕ ਸਮਾਜ ਦੀਆਂ ਖਾਲੀ ਥਾਵਾਂ ਅੰਦਰ ਜ਼ਿੰਦਗੀ ਬਸਰ ਕਰਨ ਲਈ ਉਹ ਨਮੋਸ਼ੀ ਤੇ ਤਾਬੇਦਾਰੀ ਦੇ ਪੈਂਤੜੇ ਦੀ ਵਰਤੋਂ ਕਰਦੇ ਹਨ।
ਭਾਰਤੀ ਸਟੇਟ ਨੂੰ ਦੇਸ਼ ਦੇ ਰਾਜੂ ਪਾਸੀ ਨਹੀਂ ਦਿਸਦੇ ਪਰ ਸਰਕਾਰ ਦਾ ਮਾਮਲਾ ਥੋੜ੍ਹਾ ਵੱਖਰਾ ਹੈ ਕਿਉਂਕਿ ਉਸ ਦੇ ਰਾਜ ਕਰਨ ਦਾ ਪੱਟਾ ਹਰ ਪੰਜ ਸਾਲਾਂ ਬਾਅਦ ਨਵਿਆਉਣਾ ਪੈਂਦਾ ਹੈ। ਸਰਕਾਰ ਨੂੰ ਬਸ ਇੰਨਾ ਧਰਵਾਸ ਹੁੰਦਾ ਹੈ ਕਿ ਇਹ ਬੇਸ਼ਕਲ ਤੇ ਬੇਢਬੇ ਲੋਕ ਉਦੋਂ ਗਿਣਤੀ ਵਿਚ ਆਉਂਦੇ ਹਨ ਜਦੋਂ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਹਨ। ਇਸ ਲਈ ਸ਼ਾਸਨ ਦੀ ਰਾਜਨੀਤੀ ਨੂੰ ਇਨ੍ਹਾਂ ਮਹਿਰੂਮਾਂ ਦੀਆਂ ਗ਼ੈਰਕਾਨੂੰਨੀਆਂ ਕਾਰਵਾਈਆਂ ਦਾ ਕੋਈ ਓਹੜ-ਪੋਹੜ ਕਰਨਾ ਪੈਂਦਾ ਹੈ। ਬਹਰਹਾਲ, ਇਹ ਹੰਗਾਮੀ ਹੱਲ ਹੁੰਦੇ ਹਨ ਕਿਉਂਕਿ ਮਿਸਾਲ ਦੇ ਤੌਰ ’ਤੇ ਅਣਅਧਿਕਾਰਤ ਕਾਲੋਨੀਆਂ ਨੂੰ ਅਧਿਕਾਰਤ ਕਰਨ, ਸਰਕਾਰੀ ਜ਼ਮੀਨ ’ਤੇ ਵਸਦੇ ਕਾਬਜ਼ ਲੋਕਾਂ ਨੂੰ ਕਾਨੂੰਨੀ ਮਾਨਤਾ ਦੇਣ, ਕਿਸੇ ਖ਼ਾਸ ਸ਼ਹਿਰ ਵਿਚ ਗੈਰ-ਲਾਇਸੈਂਸੀ ਛੋਟੇ ਵਪਾਰੀਆਂ ਦੇ ਜੁਰਮਾਨਿਆਂ ਵਿਚ ਛੋਟ ਦੇਣ ਦੇ ਇਨ੍ਹਾਂ ਹੱਲਾਂ ਨੂੰ ਸੰਵਿਧਾਨ ਸਰਬਵਿਆਪੀ ਨਹੀਂ ਬਣਾ ਸਕਦਾ।
ਉਂਝ, ਇਹੋ ਜਿਹੀ ਕੋਈ ਵੀ ਰਿਆਇਤ ਨਾਗਰਿਕ ਸਮਾਜ ਦੇ ਹਾਸ਼ੀਏ ’ਤੇ ਵਸਦੇ ਲੋਕਾਂ ਨੂੰ ਸਮੂਹਿਕ ਐਕਸ਼ਨ ਰਾਹੀਂ ਮਿਲਦੀ ਹੈ। ਇਹੀ ਉਹ ਗੁੱਝੀ ਸਮੂਹਿਕਤਾ ਹੁੰਦੀ ਹੈ ਜਿਸ ’ਤੇ ਸਟੇਟ ਦੀ ਕਦੇ ਨਜ਼ਰ ਨਹੀਂ ਪੈਂਦੀ। ਆਮ ਤੌਰ ’ਤੇ ਇਹ ਕਿਸੇ ਮੁਕਾਮੀ ਧੜਵੈਲ ਜਾਂ ਬਾਹੂਬਲੀ ਦੀ ਨਿਗਰਾਨੀ ਹੇਠ ਜਥੇਬੰਦ ਹੁੰਦੀ ਹੈ। ਉਹ ਬਸਤੀ ਦੇ ਅੰਦਰੋਂ ਉੱਠਦੇ ਹਨ ਜਿਨ੍ਹਾਂ ਨੂੰ ਬੇਤਹਾਸ਼ਾ ਕੁੱਟਮਾਰ ਜਾਂ ਕਿਸੇ ਜ਼ਾਲਮ ਦੀ ਹੱਤਿਆ ਦੀ ਦਰਸ਼ਨੀ ਹਿੰਸਾ ਦੇ ਕੁਝ ਕਿੱਸਿਆਂ ਤੋਂ ਊਰਜਾ ਮਿਲਦੀ ਹੈ। ਇਹੀ ਬਾਹੂਬਲੀ ਅਧਿਕਾਰੀਆਂ ਨਾਲ ਗੱਲਬਾਤ ਵਿਚ ਝੁੱਗੀ-ਝੌਂਪੜੀ ਵਾਲਿਆਂ ਦੀ ਨੁਮਾਇੰਦਗੀ ਕਰਦੇ ਹਨ, ਅਣਅਧਿਕਾਰਤ ਜਲ ਟੈਂਕਰਾਂ ਤੱਕ ਲੋਕਾਂ ਦੀ ਰਸਾਈ ਕਰਾਉਂਦੇ ਹਨ ਜਾਂ ਪੁਲੀਸ ਵੱਲੋਂ ਜ਼ਬਤ ਕੀਤਾ ਹੋਇਆ ਸਾਜ਼ੋ ਸਾਮਾਨ ਬਿਨਾਂ ਜੁਰਮਾਨਾ ਭਰਿਆਂ ਛੁਡਵਾਉਂਦੇ ਹਨ ਜਾਂ ਠੇਕੇਦਾਰਾਂ ਤੋਂ ਮਜ਼ਦੂਰਾਂ ਦੇ ਕੀਤੇ ਕੰਮਾਂ ਦੇ ਪੈਸੇ ਦਿਵਾਉਂਦੇ ਹਨ। ਇਸ ਤਰ੍ਹਾਂ ਉਹ ਇਸ ‘ਸਿਆਸੀ ਸਮਾਜ’ ਦੇ ਅਸਲ ਆਗੂ ਬਣ ਜਾਂਦੇ ਹਨ।
ਇਸੇ ਵਕਤ ਉਹ ਆਪਣੇ ਮਾਤਹਿਤ ਲੋਕਾਂ ਤੋਂ ਵਸੂਲੀ ਵੀ ਕਰਦੇ ਹਨ। ਬਾਹੂਬਲੀ ਬਿਜਲੀ ਦੇ ਕੁਨੈਕਸ਼ਨ, ਪਾਣੀ ਸਪਲਾਈ ’ਤੇ ਕੰਟਰੋਲ ਕਰਦੇ ਹਨ, ਆਪਣਾ ਕਰਿਆਨਾ ਸਟੋਰ ਚਲਾਉਂਦੇ ਹਨ, ਪਰਵਾਸੀ ਮਜ਼ਦੂਰਾਂ ਲਈ ਝੌਂਪੜੀਆਂ ਕਿਰਾਏ ’ਤੇ ਦਿੰਦੇ ਹਨ। ਉਹ ਸਿਵਿਲ ਤੇ ਅਪਰਾਧਿਕ ਦੋਵੇਂ ਤਰ੍ਹਾਂ ਦਾ ਰੁਜ਼ਗਾਰ ਵੀ ਦਿੰਦੇ ਹਨ। ਥੁੜਾਂ ਮਾਰੇ ਲੋਕ ਬਾਹੂਬਲੀਆਂ ਦੇ ਰਹਿਮੋ ਕਰਮ ’ਤੇ ਆ ਜਾਂਦੇ ਹਨ ਅਤੇ ਉਸ ਨਾਲ ਬੱਝ ਜਾਂਦੇ ਹਨ। ਜਲਦੀ ਹੀ ਇਹ ਬਾਹੂਬਲੀ ਸਿਆਸਤ ਵਿਚ ਦਾਖ਼ਲ ਹੋ ਕੇ ਮੁਕਾਮੀ ਚੋਣਾਂ ਲੜ ਕੇ ਨਗਰ ਕੌਂਸਲਰ ਬਣ ਜਾਂਦੇ ਹਨ।
ਹੁਣ ਰਿਆਸਤ ਦਾ ਉਨ੍ਹਾਂ ਨਾਲ ਰਿਸ਼ਤਾ ਬਦਲ ਜਾਂਦਾ ਹੈ। ਮੁਕਾਮੀ ਜਥੇਬੰਦਕ ਸਿਆਸਤ ’ਤੇ ਉਨ੍ਹਾਂ ਦੇ ਪ੍ਰਭਾਵ, ਮੁਕਾਮੀ ਅਪਰਾਧ ਅਤੇ ਰੋਜ਼ਮਰ੍ਹਾ ਦੀ ਹਿੰਸਾ ’ਤੇ ਉਨ੍ਹਾਂ ਦੇ ਕੰਟਰੋਲ ਕਰਕੇ ਉਨ੍ਹਾਂ ਦੀ ਹੈਸੀਅਤ ਅਹਿਮੀਅਤ ਅਖਤਿਆਰ ਕਰ ਜਾਂਦੀ ਹੈ। ਮੁਕਾਮੀ ਪੁਲੀਸ ਉਨ੍ਹਾਂ ਨਾਲ ਅਣਸੁਖਾਵਾਂ ਗੱਠਜੋੜ ਬਣਾ ਲੈਂਦੀ ਹੈ ਅਤੇ ਉਸ ਦੀ ਅਪਰਾਧਿਕ ਕਮਾਈ ’ਚੋਂ ਹਿੱਸਾ ਵੰਡਾਉਣ ਲੱਗਦੀ ਹੈ ਜਿਸ ਦੇ ਬਦਲੇ ਵਿਚ ਉਸ ਨੂੰ ਕਾਨੂੰਨੀ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ ਉਸ ਦੀਆਂ ਗ਼ੈਰਕਾਨੂੰਨੀ ਸਰਗਰਮੀਆਂ ਪ੍ਰਤੀ ਅੱਖਾਂ ਮੀਟ ਕੇ ਰੱਖਦੀ ਹੈ। ਬਾਹੂਬਲੀ ਲੋਕਾਂ ਦੇ ਕੰਮ ਵੀ ਕਰਾਉਂਦੇ ਹਨ, ਸ਼ਰਾਬ ਪੀ ਕੇ ਪਤਨੀ ਨੂੰ ਕੁੱਟਣ ਵਾਲੇ ਨੂੰ ‘ਸੋਧ’ ਦਿੰਦੇ ਹਨ ਅਤੇ ਕਈ ਵਾਰ ਛੋਟਾ ਮੋਟਾ ਅਪਰਾਧ ਕਰਨ ਵਾਲੇ ਕਿਸੇ ਲੜਕੇ ਨੂੰ ਪੁਲੀਸ ਹਿਰਾਸਤ ’ਚੋਂ ਛੁਡਵਾ ਲਿਆਉਂਦੇ ਹਨ। ਇਸ ਤਰ੍ਹਾਂ ਅਪਰਾਧ, ਹਿੰਸਾ, ਸਰਪ੍ਰਸਤੀ, ਸਿਆਸਤ, ਸੱਤਾ ਤੇ ਸ਼ਾਸਕੀ ਮਨੋਦਸ਼ਾ ਦਾ ਜਾਲ ਫੈਲਦਾ ਹੀ ਜਾਂਦਾ ਹੈ ਅਤੇ ਉਹ ਸਟੇਟ ਤੇ ਮਹਿਰੂਮਾਂ ਵਿਚਕਾਰ ਸਬੱਬੀਂ ਤੇ ਮਾੜਚੂ ਜਿਹਾ ਰਿਸ਼ਤਾ ਜੋੜ ਦਿੰਦੇ ਹਨ।
ਸਿਵਿਲ ਅਤੇ ਸਿਆਸੀ ਸਮਾਜ ਵਿਚਕਾਰ ਇਸ ਖੱਪੇ ਕਰਕੇ ਹੀ ਅਪਰਾਧੀ-ਸਿਆਸਤਦਾਨ ਪੈਦਾ ਹੁੰਦਾ ਹੈ ਜੋ ਇਕੋ ਸਮੇਂ ਫਰਾਖਦਿਲੀ ਤੇ ਬੇਕਿਰਕੀ, ਲੋਕ ਵਿਖਾਵੇ ਤੇ ਡਰ ਦੋਵੇਂ ਤਰੀਕਿਆਂ ਰਾਹੀਂ ਕੰਮ ਕਰਦਾ ਹੈ। ਉਪਰ-ਥੱਲੇ ਦੋਵੇਂ ਥਾਈਂ ਉਸ ਦੀ ਭਾਰੀ ਮੰਗ ਹੁੰਦੀ ਹੈ। ਗ਼ਰੀਬਾਂ ਮਹਿਰੂਮਾਂ ਤੇ ‘ਨਾਂ ਦੇ ਹੀ ਨਾਗਰਿਕਾਂ’ ਲਈ ਉਹ ਸਰਕਾਰੀ ਭਲਾਈ ਦੀ ਟਿਕਟ ਹੁੰਦਾ ਹੈੇ। ਸਭਿਆ ਸਮਾਜ ਜਾਂ ਮੰਡੀ ਅਤੇ ਰਾਸ਼ਟਰੀ ਰਾਜ ਦੇ ਬਾਕਾਇਦਾ ਰੂਪ ਦੇ ਅੰਦਰੋਂ ਸੱਤਾ ਚਲਾਉਣ ਵਾਲਿਆਂ ਲਈ ਕਿਸੇ ਚੁਣਾਵੀ ਗੱਠਜੋੜ ਦੇ ਸਰੋਤ ਵਜੋਂ ਬਾਹੂਬਲੀ ਵੋਟਾਂ ਦੀ ਇਕ ਖ਼ਾਸ ਖੇਪ ਦੀ ‘ਗਾਰੰਟੀ’ ਹੁੰਦਾ ਹੈ।
ਇਸ ਸਭ ਕੁਝ ਦੇ ਬਾਵਜੂਦ ਇਨ੍ਹਾਂ ਬਾਹੂਬਲੀਆਂ ਦੀ ਅਉਧ ਸੀਮਤ ਹੁੰਦੀ ਹੈ। ਉਹ ਸਰਕਾਰਾਂ ਅਤੇ ਰਾਜਕੀ ਸੱਤਾ ਦੀ ਡਿਓਢੀ ’ਤੇ ਬੈਠੇ ਬੰਦਿਆਂ ਨਾਲ ਗੰਢ-ਤੁੱਪ ਕਰ ਕੇ ਬਚੇ ਰਹਿੰਦੇ ਹਨ। ਜੇ ਇਹ ਰਿਸ਼ਤਾ ਜ਼ਿਆਦਾ ਕਰੀਬੀ ਹੋ ਜਾਵੇ ਤਾਂ ਅਜਿਹੀ ਸਰਕਾਰ ਬਦਲ ਜਾਣ ’ਤੇ ਬਾਹੂਬਲੀ ਦਾ ਵੀ ਪਤਨ ਹੋ ਜਾਂਦਾ ਹੈ। ਪਰ ਕਿਸੇ ਸਿਆਸੀ ਕਾਰਜਕਾਲ ਦਾ ਖਾਤਮਾ ਹੋਣ ’ਤੇ ਕਿਸੇ ਬਾਹੂਬਲੀ ਦਾ ਪਤਨ ਸ਼ਾਸਨ ਦੀ ਰਸਮੀ ਪ੍ਰਣਾਲੀ ਤੋਂ ਬਾਹਰਵਾਰ ਹੁੰਦਾ ਹੈ ਕਿਉਂਕਿ ਉਹ ਰਸਮੀ ਪ੍ਰਣਾਲੀ ਤੋਂ ਬਾਹਰ ਰਹਿੰਦਾ ਹੁੰਦਾ ਹੈ। ਅਤੀਕ ਅਹਿਮਦ ਅਤੇ ਉਸ ਦੀ ਹੱਤਿਆ ਇਸ ਸਿਆਸੀ ਪ੍ਰਕਿਰਿਆ ਦੇ ਅਜਿਹੇ ਬਹੁਤ ਸਾਰੇ ਲੱਛਣਾਂ ਦੀ ਇਕ ਕੜੀ ਮਾਤਰ ਹਨ।