ਪਰਿਵਾਰਕ ਅਣਬਣ ਬੱਚਿਆਂ ਲਈ ਘਾਤਕ - ਗੁਰਮੀਤ ਸਿੰਘ ਪਲਾਹੀ

 ਘਰ ਦੇ ਵੱਡਿਆਂ ਦੀ ਆਪਸੀ ਅਣਬਣ ਦੇ ਕਾਰਨ ਬਣੇ ਪ੍ਰੇਸ਼ਾਨ ਕਰਨ ਵਾਲੇ ਪਰਿਵਾਰਕ ਵਾਤਾਰਵਨ ਵਿੱਚ ਬੱਚੇ ਸੁੱਖ ਦਾ ਸਾਹ ਨਹੀਂ ਲੈ ਸਕਦੇ। ਬੱਚਿਆਂ ਨੂੰ ਆਪਣਾ ਵਰਤਮਾਨ ਇੰਨਾ  ਉਲਝਣ ਭਰਿਆ ਲੱਗਣ ਲਗਦਾ ਹੈ ਕਿ ਉਹਨਾ ਦਾ ਮਨ ਆਉਣ ਵਾਲੇ ਸਮੇਂ 'ਚ ਜੋ ਆਸ਼ਾਵਾਂ ਉਹਨਾ ਦੇ ਮਨ 'ਚ ਉਗਮਣੀਆਂ  ਹਨ, ਉਹਨਾ ਤੋਂ ਵੀ ਵਿਰਵਾ ਹੋ ਜਾਂਦਾ ਹੈ। ਉਹ ਇਕੱਲੇਪਨ ਦੇ ਆਦੀ ਹੋ ਜਾਂਦੇ ਹਨ।

              ਇਹਨਾ ਦਿਨਾਂ 'ਚ ਅਮਰੀਕਾ ਦੀ ਵਿਸਕੋਨਸਿਨ ਮੈਡੀਸਨ ਯੂਨੀਵਰਸਿਟੀ ਨੇ ਇੱਕ ਖੋਜ ਛਾਪੀ ਹੈ। ਇਸ ਖੋਜ ਅਨੁਸਾਰ ਜਿਹੜੇ ਬੱਚੇ ਅਸਥਿਰ ਪਰਿਵਾਰਾਂ ਵਿੱਚ ਵੱਡੇ ਹੁੰਦੇ ਹਨ, ਉਹਨਾ ਦੇ ਸੁਭਾਅ ਅਤੇ ਵਰਤਾਓ ਵਿੱਚ ਚਿੰਤਾ, ਤਨਾਅ ਦਿਸਦਾ ਹੈ। ਉਹਨਾ 'ਚ ਆਤਮ ਨਿਰਭਰਤਾ 'ਚ ਕਮੀ ਆ ਜਾਂਦੀ ਹੈ। ਖੋਜ ਇਹ ਵੀ ਕਹਿੰਦੀ ਹੈ ਕਿ ਬੱਚਿਆਂ ਦੇ ਵਿਕਾਸ ਵਿੱਚ, ਮਾਂ-ਪਿਓ ਦੇ ਉਦਾਸ ਰਹਿਣ ਦਾ ਅਸਰ ਪੈਂਦਾ ਹੈ। ਉਦਾਸ ਮਾਂ-ਪਿਓ ਨਾਲ ਰਹਿਣਾ, ਅਸਥਿਰ ਅਤੇ ਘਰੇਲੂ ਰੌਲੇ-ਰੱਪੇ ਵਾਲੇ ਮਾਹੌਲ ਵਿੱਚ ਜੀਊਣਾ, ਪਰਿਵਾਰ ਵਿੱਚ ਅਣਬਣ ਵੇਖਣਾ, ਇਹ ਸਭ ਕੁਝ ਉਹਨਾ ਦੀ ਪੜ੍ਹਾਈ ਉਤੇ ਅਸਰ ਤਾਂ  ਪਾਉਂਦਾ ਹੀ ਹੈ, ਉਸ ਵਿੱਚ ਮਾਨਵੀ ਗੁਣ ਵੀ ਮਨਫ਼ੀ ਹੋ ਜਾਂਦੇ ਹਨ। ਕਿੰਨਾ ਦੁਖਾਂਤ ਹੈ ਇਹ ਕਿ ਬੱਚੇ ਇੱਕ ਅਧੂਰੇ ਵਿਅਕਤੀਤਵ ਦੇ ਰੂਪ 'ਚ ਵੱਡੇ ਹੁੰਦੇ ਹਨ। ਇਹ ਉਹਨਾ ਵਿੱਚ ਨਾਂਹ-ਪੱਖੀ ਸੋਚ ਦੀ ਬਹੁਤਾਤ ਪੈਦਾ ਕਰਦਾ ਹੈ।

              ਪਤੀ-ਪਤਨੀ 'ਚ ਝਗੜਾ ਬੱਚੇ ਦੇ ਮਨ 'ਚ ਡਰ ਪੈਦਾ ਕਰਦਾ ਹੈ। ਕਈ ਸ਼ੰਕੇ ਉਹਦੇ ਬਾਲ ਮਨ 'ਚ ਇਕੱਠੇ ਹੁੰਦੇ ਜਾਂਦੇ ਹਨ। ਪਤੀ-ਪਤਨੀ ਵਿਚਲਾ ਤਣਾਅ  ਵਾਲਾ ਮਾਹੌਲ ਬੱਚੇ ਦੇ ਸੁਭਾਅ ਨੂੰ ਖੰਡਿਤ ਕਰਦਾ ਹੈ। ਅਸੁਰੱਖਿਆ ਦੀ ਭਾਵਨਾ ਉਹਨਾ 'ਚ ਵਧਦੀ ਹੈ। ਘਰ ਵਿੱਚ ਕਿਹੋ ਜਿਹੇ ਵੀ ਹਾਲਾਤ ਹੋਣ, ਵੱਡਿਆਂ ਦਾ ਆਪਸੀ ਲੜਾਈ-ਝਗੜਾ ਹੋਵੇ, ਪਰ ਬੱਚਿਆਂ ਲਈ ਘਰ 'ਚ ਚੰਗਾ ਮਾਹੌਲ ਜ਼ਰੂਰੀ ਹੈ। ਨਹੀਂ ਤਾਂ ਬੱਚਿਆਂ ਦੇ ਮਨ 'ਚ ਨਿਰਾਸ਼ਾ ਭਰ ਜਾਂਦੀ ਹੈ। ਕਈ ਹਾਲਤਾਂ ਵਿੱਚ ਤਾਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ।

              ਵੱਡਿਆਂ ਜਾਂ ਮਾਂ-ਪਿਓ ਦੇ ਝਗੜੇ ਕਾਰਨ ਉਹਨਾ ਦੇ ਮਨ 'ਚ ਆਉਣ ਵਾਲੇ ਸਮੇਂ ਨੂੰ ਲੈ ਕੇ ਉਲਝਣਾਂ ਪੈਦਾ ਹੋ ਜਾਂਦੀਆਂ ਹਨ। ਅੱਜ ਦੇ ਬੱਚੇ ਇਸਦਾ ਹੱਲ ਕਈ ਵੇਰ ਇਲੈਕਟ੍ਰਾਨਿਕ ਉਪਕਰਨਾਂ 'ਚ ਲੱਭਣ ਲਗਦੇ ਹਨ।  ਉਹ ਇਸ ਹੱਦ ਤੱਕ ਇਹਨਾ ਉਪਕਰਨਾਂ, ਮੋਬਾਇਲ, ਟੈਬਲਟ ਆਦਿ 'ਚ ਉਲਝ ਜਾਂਦੇ ਹਨ ਕਿ ਉਪਰੋਂ ਭਾਵੇਂ ਉਹਨਾ ਦਾ ਗੁੱਸਾ ਅਤੇ ਚਿੰਤਾ ਸ਼ਾਂਤ ਦਿਸਦੀ ਹੈ, ਪਰ ਅੰਦਰੋਂ ਉਹਨਾ ਦਾ ਹੌਸਲਾ ਟੁੱਟ ਜਾਂਦਾ ਹੈ। ਕਈ ਮਾਮਲੇ ਤਾਂ ਇਹੋ ਜਿਹੇ ਹਾਲਾਤ ਪੈਦਾ ਕਰ ਦਿੰਦੇ ਹਨ ਕਿ ਬੱਚੇ ਖੁਦਕੁਸ਼ੀ ਦਾ ਰਾਹ ਤੱਕ ਫੜ ਲੈਂਦੇ ਹਨ ਜਾਂ ਘਰ ਛੱਡ ਜਾਂਦੇ ਹਨ ਅਤੇ ਬਹੁਤੀ ਵੇਰ ਅਪਰਾਧਿਕ  ਦੁਨੀਆ 'ਚ ਜਾ ਫਸਦੇ  ਹਨ।

              ਵਿਆਹੇ ਜੋੜਿਆਂ ਵਿੱਚ ਆਪਸੀ ਤਕਰਾਰ ਅਤੇ ਲੜਾਈ,ਝਗੜਾ ਵਿਆਹ ਦੇ ਕਈ ਸਾਲਾਂ ਬਾਅਦ ਤੱਕ ਬਣਿਆ ਰਹਿੰਦਾ ਹੈ, ਕਿਉਂਕਿ ਬਹੁਤੀ ਵੇਰ ਵਿਚਾਰਾਂ ਦਾ ਵਖਰੇਵਾਂ ਅਤੇ ਕਈ ਵੇਰ "ਈਗੋ" ਵਾਲੀ ਸਥਿਤੀ ਇਸ ਝਗੜੇ ਦਾ ਕਾਰਨ ਬਣਦੀ ਹੈ। ਘਰ ਟੁੱਟ ਜਾਂਦੇ ਹਨ ਜਾਂ ਘਰ ਲੜਾਈ ਦਾ ਅਖਾੜਾ ਬਣੇ ਰਹਿੰਦੇ ਹਨ।

              ਨਸ਼ਿਆਂ ਦੇ ਆਦੀ ਨੌਜਵਾਨ, ਘਰ 'ਚ ਕਲੇਸ਼ ਦਾ ਵੱਡਾ ਕਾਰਨ ਬਣਦੇ ਹਨ, ਲੜਕੀਆਂ ਆਪਣੇ ਸਾਥੀ ਨਾਲ ਆਖ਼ਰ ਤੱਕ ਨਿਭਾਉਣ ਦਾ ਯਤਨ ਕਰਦੀਆਂ ਆਪਣੀਆਂ ਖੁਸ਼ੀਆਂ, ਸੁਪਨਿਆਂ ਤੱਕ ਨੂੰ ਕੁਰਬਾਨ ਕਰ ਦਿੰਦੀਆਂ ਹਨ, ਪਰ ਮਰਦ ਪ੍ਰਧਾਨ ਸਮਾਜ 'ਚ ਮਰਦਾਂ ਦੀ ਹੈਂਕੜ ਬਾਜੀ, ਰੰਘੜਊਪੁਣਾ ਘਰ ਦਾ ਮਾਹੌਲ ਖਰਾਬ ਕਰੀ ਰੱਖਦਾ ਹੈ। ਵਿਸ਼ਵਾਸ਼ ਦੀਆਂ ਤੰਦਾਂ ਜਦੋਂ ਟੁੱਟਦੀਆਂ ਹਨ, ਜੀਵਨ ਨਰਕ ਬਣ ਜਾਂਦਾ ਹੈ। ਦਰਅਸਲ, ਵਰ੍ਹਿਆਂ ਦੇ ਵਰ੍ਹੇ ਇਕੱਠੇ ਰਹਿਣ ਦੇ ਬਾਅਦ ਵੀ ਵਿਆਹ ਸਬੰਧ 'ਚ ਵਿਖੇੜਾ ਅਤੇ ਟੁੱਟ-ਭੱਜ ਅੱਜ ਦੇ ਸਮੇਂ ਦਾ ਸੱਚ ਹੈ। ਇਸੇ ਕਰਕੇ ਤਲਾਕ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਵਰ੍ਹੇ ਭਾਰਤੀ ਸੰਸਦ 'ਚ ਪੇਸ਼ ਕੀਤੇ ਅੰਕੜਿਆਂ ਮੁਤਾਬਕ ਦੇਸ਼ ਦੀਆਂ ਵੱਖੋ-ਵੱਖਰੀਆਂ ਅਦਾਲਤਾਂ 'ਚ ਲਗਭਗ 11.4 ਲੱਖ ਮਾਮਲੇ ਸੁਣਵਾਈ ਦੀ ਉਡੀਕ 'ਚ ਪਏ ਹਨ।  14 ਦੇਸ਼ਾਂ 'ਚ 26 ਸੂਬੇ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਹਨ, ਜਿਥੇ 715 ਪਰਿਵਾਰਕ ਅਦਾਲਤਾਂ ਹਨ, ਪਰ ਵਰ੍ਹਿਆਂ ਤੱਕ ਵੀ ਕੇਸਾਂ ਦਾ ਨਿਪਟਾਰਾ ਨਹੀਂ ਹੋ ਰਿਹਾ। ਜਿਸਦਾ ਖਮਿਆਜ਼ਾ ਵੀ ਆਮ ਤੌਰ 'ਤੇ ਬੱਚਿਆਂ ਦਾ ਬਚਪਨ ਭੁਗਤ ਰਿਹਾ ਹੈ। ਜੇਕਰ ਦੇਸ਼ 'ਚ ਸੁਵਿਧਾ ਜਾਂ ਯਤਨ ਇਸ ਕਿਸਮ ਦੇ ਹੋਣ ਕਿ ਇਹਨਾ ਪਰਿਵਾਰਕ ਅਦਾਲਤਾਂ 'ਚ ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾਂ ਨੂੰ ਸਮਝਾਉਣ ਨਾਲ ਹੱਲ ਹੋਵੇ ਤਾਂ ਇਹ ਵਿਵਹਾਰਿਕ ਵੀ ਹੋ ਸਕਦਾ ਹੈ ਅਤੇ ਪਰਿਵਾਰਕ ਹਿੱਤ ਖ਼ਾਸ ਕਰਕੇ ਬੱਚਿਆਂ ਦੇ ਹਿੱਤ 'ਚ ਵੀ ਹੋ ਸਕਦਾ ਹੈ। ਭਾਰਤ ਅੱਜ ਦੁਨੀਆਂ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ ਅਤੇ ਭਾਰਤ ਹੀ ਸਭ ਤੋਂ ਵੱਧ ਅਦਾਲਤੀ ਲੰਬਿਤ ਮਾਮਲਿਆਂ ਵਾਲਾ ਦੇਸ਼ ਹੈ। ਕੁਲ ਮਿਲਾਕੇ ਭਾਰਤ ਦੀਆਂ ਅਦਾਲਤਾਂ ਵਿੱਚ 4.70 ਕਰੋੜ ਮਾਮਲੇ ਅਦਾਲਤਾਂ 'ਚ ਲਟਕਦੇ ਹਨ। ਇਹਨਾਂ ਵਿਚੋਂ 6.50 ਲੱਖ ਤੋਂ ਵੀ ਜ਼ਿਆਦਾ ਵਿਆਹ ਸਬੰਧੀ ਮਾਮਲੇ ਹਨ। ਇਹਨਾਂ ਮਾਮਲਿਆਂ 'ਚ ਮਾਮੂਲੀ ਮਨ-ਮਟਾਅ ਵਾਲੀਆਂ ਹਾਲਤਾਂ ਕਈ ਵੇਰ ਲੰਬੀ ਕਾਨੂੰਨੀ ਲੜਾਈ ਦਾ ਕਾਰਨ ਬਣ ਜਾਂਦੀਆਂ ਹਨ। ਇਹ ਇੱਕ-ਦੂਜੇ ਪ੍ਰਤੀ ਇਲਜ਼ਾਮਬਾਜੀ ਬੱਚਿਆਂ ਦੀ ਮਨੋਸਥਿਤੀ ਵਿਗਾੜਨ 'ਚ ਸਹਾਈ ਹੁੰਦੀ ਹੈ। ਜੇਕਰ ਮਾਪੇ, ਲੜਾਈ ਝਗੜੇ ਦੇ ਬਾਵਜੂਦ ਇੱਕ-ਦੂਜੇ ਨਾਲ ਸਮਝਦਾਰੀ ਨਾਲ ਪੇਸ਼ ਆਉਣ ਤਾਂ ਬੱਚੇ ਉਸੇ ਅਨੁਸਾਰ ਖੁਦ ਨੂੰ ਵਿਕਸਤ ਕਰਦੇ ਹਨ।

              ਭਾਰਤੀ ਸਭਿਆਚਾਰ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਜ਼ੁੰਮੇਵਾਰੀ ਟੱਬਰ ਦੀਆਂ ਤਿੰਨ ਪੀੜ੍ਹੀਆਂ ਤੱਕ ਜੁੜੀ ਹੋਈ ਹੈ ਅਤੇ ਪ੍ਰਭਾਵਤ ਵੀ ਤਿੰਨ ਪੀੜ੍ਹੀਆਂ ਨੂੰ ਕਰਦੀ ਹੈ।ਰਿਸ਼ਤਿਆਂ ਵਿੱਚ ਜਦੋਂ ਕੁੜੱਤਣ ਆਉਂਦੀ ਹੈ, ਪਰਿਵਾਰ ਟੁੱਟਦੇ ਹਨ, ਆਪਸੀ ਮੇਲਜੋਲ ਅਤੇ ਜਜ਼ਬਾਤੀ ਸਬੰਧ ਪ੍ਰਭਾਵਤ ਹੁੰਦਾ ਹੈ। ਇਹ ਵੇਖਣ 'ਚ ਆ ਰਿਹਾ ਹੈ ਕਿ ਦੇਸ਼ ਦੇ ਹਰ ਖਿੱਤੇ, ਹਰ ਵਰਗ ਵਿੱਚ ਪਰਿਵਾਰਕ ਝਗੜੇ ਵੱਧ ਰਹੇ ਹਨ। ਸਿੱਟਾ ਤਾਂ ਸਾਫ਼ ਹੈ, ਬੱਚੇ ਦਾ ਭਵਿੱਖ ਦਾਅ 'ਤੇ ਲੱਗ ਜਾਂਦਾ ਹੈ। ਪੁਰਾਣੇ ਸਮਿਆਂ 'ਚ ਦਾਦਾ-ਦਾਦੀ, ਨਾਨਾ-ਨਾਨੀ ਬੱਚਿਆਂ ਦਾ ਪਾਲਣ-ਪੋਸ਼ਣ ਕਰਨ 'ਚ ਹੱਥ ਵਧਾਉਂਦੇ ਸਨ, ਬੱਚੇ ਜਜ਼ਬਾਤੀ ਤੌਰ 'ਤੇ ਇਹਨਾ ਨਾਲ ਹੀ ਨਹੀਂ, ਮਾਸੀ, ਭੂਆ, ਤਾਈ, ਚਾਚੀ,ਚਾਚੇ, ਆਦਿ ਰਿਸ਼ਤਿਆਂ ਨਾਲ ਜੁੜੇ ਰਹਿੰਦੇ ਸਨ, ਅਪਣੱਤ ਵੱਧਦੀ ਸੀ।

    ਪਿਛਲੇ ਦਿਨੀ ਦਿੱਲੀ ਹਾਈ ਕੋਰਟ ਨੇ ਇਕ ਪਰਿਵਾਰਕ ਝਗੜੇ ਦਾ ਫ਼ੈਸਲਾ ਦੇਣ ਵੇਲੇ ਲਿਖਿਆ, "ਇਸ 'ਚ ਦੋ ਰਾਵਾਂ ਨਹੀਂ ਕਿ ਬੱਚੇ ਦਾ ਪਾਲਣ -ਪੋਸ਼ਣ ਇੱਕ ਖੁਸ਼ਹਾਲ ਪਰਿਵਾਰ ਵਿੱਚ ਹੀ ਹੋਵੇ ਤਾਂ ਉਹਨਾਂ ਦੇ ਭਾਵਨਤਮਕ ਰੂਪ ਵਿੱਚ ਮਜ਼ਬੂਤ ਹੋਣ ਅਤੇ ਪੜ੍ਹਾਈ 'ਚ ਉਹਨਾਂ ਦਾ ਪ੍ਰਦਰਸ਼ਨ ਬਿਹਤਰ ਹੋਣ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ।"

              ਇਹ ਗੱਲ ਅਸਲੋਂ ਸੱਚ ਹੈ ਕਿ ਮਾਪੇ,  ਜਿਸ ਸਮਝਦਾਰੀ ਨਾਲ ਆਪਸ ਵਿੱਚ ਪੇਸ਼ ਆਉਂਦੇ ਹਨ, ਬੱਚੇ ਉਸੇ ਅਨੁਸਾਰ ਖ਼ੁਦ ਨੂੰ ਵਿਕਸਤ ਕਰਦੇ ਹਨ।

              ਅੱਜ ਸਿਰੇ ਦੇ ਉਪਭੋਗਤਾਵਾਦੀ ਦੀ ਸਮੇਂ 'ਚ, ਜਿਥੇ ਕਦਰਾਂ-ਕੀਮਤਾਂ ਛੱਡ ਕੇ ਅੱਗੇ ਵੱਧਣ ਦੀ ਹੋੜ ਲੱਗੀ ਹੋਈ ਹੈ, ਮਨੁੱਖ ਵਿੱਚ ਸਹਿਜਤਾ ਖ਼ਤਮ ਹੋ ਰਹੀ ਹੈ। ਫਜ਼ੂਲ ਕਿਸਮ ਦੇ ਦਬਾਅ ਅਧੀਨ ਵਿਖਾਵੇ ਭਰੀ ਜਿੰਦਗੀ ਜੀਊਂਦਾ, ਆਪਣੇ ਤੋਂ ਉੱਪਰ ਜੀਊਣ ਦੀ ਲਾਲਸਾ ਨਾਲ ਉਤਪੋਤ ਕਈ ਵੇਰ ਕੁਝ ਇਹੋ ਜਿਹਾ ਕਰ ਬੈਠਦਾ ਹੈ,  ਜੋ ਉਸਦੇ ਆਪਣੇ ਜੀਵਨ ਵਿੱਚ ਤਾਂ ਕੁੜੱਤਣ ਤਾਂ ਭਰਦਾ ਹੀ ਹੈ, ਸਗੋਂ ਅਪਣੇ ਪਰਿਵਾਰਕ ਜੀਵਨ ਨੂੰ ਵੀ ਦਾਅ ਤੇ ਲਾਅ ਦਿੰਦਾ ਹੈ, ਜਿਸਦਾ ਖਾਮਿਆਜ਼ਾ ਆਮ ਤੌਰ 'ਤੇ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ ।

              ਬੱਚਿਆਂ ਦੇ ਪਾਲਣ-ਪੋਸ਼ਣ  'ਚ ਔਖਿਆਈਆਂ, ਮਾਨਸਿਕ ਕਸ਼ਟ, ਬੱਚੇ ਦੇ ਸੁਭਾਅ 'ਚ ਚਿੜਚਿੜਾਪਨ ਕੁੱਝ ਇਹੋ ਜਿਹੀਆਂ ਗੱਲਾਂ ਹਨ ਜਿਹੜੀਆਂ ਬੱਚਿਆਂ ਦੇ ਪੱਲੇ ਪੈ ਜਾਂਦੀਆਂ ਹਨ । ਜਿਹੜੀਆਂ ਜ਼ਿੰਦਗੀ ਭਰ ਉਹਨਾਂ ਦਾ ਪਿੱਛਾ ਨਹੀਂ ਛੱਡਦੀਆਂ ।

              ਦੁਨੀਆਂ ਭਰ 'ਚ ਕਾਨੂੰਨ ਨਾਲ ਇਹਨਾਂ ਸਮੱਸਿਆਵਾਂ ਨੂੰ ਨਜਿੱਠਣ ਵਾਲੇ ਦਾਨਸ਼ਵਰ , ਪੰਚਾਇਤਾਂ , ਜੱਜ ਅਤੇ ਹੋਰ ਸੂਝਵਾਨ ਲੋਕ , ਆਮ ਤੌਰ 'ਤੇ ਇਹਨਾਂ ਝਗੜਿਆਂ ਦਾ ਹੱਲ, ਸਬੰਧਤ ਜੋੜਿਆਂ ਦੀ ਆਪਸੀ ਗੱਲਬਾਤ ਨਾਲ ਸੁਲਝਾਉਣ ਦੇ ਹੱਕ 'ਚ ਰਹਿੰਦੇ ਹਨ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ  ਰਿਸ਼ਤਿਆਂ ਦੀ ਟੁੱਟ ਭੱਜ ਦੀ ਬਹੁਤੀ ਕੀਮਤ ਨਾ ਚੁਕਾਉਣੀ ਪਵੇ।

    -ਗੁਰਮੀਤ ਸਿੰਘ ਪਲਾਹੀ

    -9815802070