ਉਮੀਦ - ਅਰਸ਼ਪ੍ਰੀਤ ਸਿੱਧੂ
ਉਮੀਦ ਸਬਦ ਭਾਵੇ ਤਿੰਨ ਅੱਖਰਾਂ ਦਾ ਮੇਲ ਹੈ ਪਰ ਕਿਸੇ ਲਈ ਇਹ ਤਿੰਨ ਅੱਖਰ ਸਾਰੀ ਉਮਰ ਹੋ ਜਾਦੇ ਹਨ: ਸੀਤੋ ਪੰਜਾਂ ਭੈਣਾਂ ਤੋਂ ਛੋਟੀ ਸੀ। ਸੀਤੋ ਦਾ ਸੁਭਾਅ ਵੀ ਸਾਰੀਆਂ ਭੈਣਾਂ ਤੋਂ ਨਰਮ ਸੀ, ਉਹ ਹਰ ਗੱਲ ਹੱਸ ਕੇ ਜਰ ਜਾਂਦੀ। ਪਿੰਡ ਵਿੱਚ ਦਸਵੀਂ ਦਾ ਸਕੂਲ ਹੋਣ ਕਾਰਨ ਸੀਤੋ ਵੀ ਦਸ ਹੀ ਪੜ੍ਹ ਸਕੀ ਕਿਉਕਿ ਪਿੰਡੋ ਬਾਹਰ ਕੁੜੀਆਂ ਨੂੰ ਪੜ੍ਹਨ ਨਹੀਂ ਸੀ ਜਾਣ ਦਿੱਤਾ ਜਾਂਦਾ। ਇੱਕ ਦਿਨ ਸੀਤੋ ਦੀ ਭੈਣ ਲਈ ਸੀਤੋ ਦੀ ਭੂਆ ਰਿਸਤਾ ਲੈ ਕੇ ਆਈ ਪਰ ਘਰਦਿਆਂ ਨੇ ਸੀਤੋ ਦੀ ਭੈਣ ਦੀ ਥਾਂ ਤੇ ਸੀਤੋ ਦਾ ਰਿਸਤਾ ਕਰ ਦਿੱਤਾ । ਵਿਆਹ ਤੋਂ ਕੁਝ ਸਮੇਂ ਬਾਅਦ ਸੀਤੋ ਨੂੰ ਪਤਾ ਚੱਲਿਆ ਕਿ ਉਸਦੇ ਘਰਵਾਲੀ ਦੀ ਆਪਣੀ ਹੀ ਭਰਜਾਈ ਨਾਲ ਕੋਈ ਗੱਲਬਾਤ ਹੈ ਜਿਸ ਕਰਕੇ ਉਹ ਉਸ ਨੂੰ ਅਕਸਰ ਮਾਰਦਾ ਕੁੱਟਦਾ ਰਹਿੰਦਾ ਤੇ ਆਪਣੇ ਪਿੰਡ ਚਲੇ ਜਾਣ ਲਈ ਕਹਿੰਦਾ ਰਹਿੰਦਾ। ਸੀਤੋ ਸਭ ਕੁਝ ਚੁੱਪ ਚਾਪ ਬਰਦਾਸਤ ਕਰਦੀ ਰਹਿੰਦੀ ਪਰ ਕਦੇ ਵੀ ਅੱਗੋ ਕੁਝ ਨਾ ਬੋਲਦੀ। ਦੋ ਤਿੰਨ ਵਾਰ ਜਦੋ ਵੀ ਸੀਤੋ ਨੂੰ ਉਸਦੇ ਪੇਕੇ ਭੇਜਿਆ ਜਾਂਦਾ ਤਾਂ ਛੇ ਮਹੀਨੇ ਸਾਲ ਉਸ ਨੂੰ ਕੋਈ ਲੈਣ ਨਾ ਆਉਂਦਾ। ਹਰ ਵਾਰ ਸੀਤੋ ਦਾ ਬਾਪ ਪਿੰਡ ਦੇ ਕੁਝ ਖਾਸ ਬੰਦੇ ਨਾਲ ਲੈ ਕੇ ਸੀਤੋ ਨੂੰ ਉਸਦੇ ਸਹੁਰੇ ਘਰ ਛੱਡ ਆਉਂਦਾ। ਅੱਠ ਵਰਿ੍ਆ ਮਗਰੋ ਸੀਤੋ ਦੇ ਘਰ ਇੱਕ ਬੇਟੇ ਨੇ ਜਨਮ ਲਿਆ। ਸੀਤੋ ਨੂੰ ਆਪਣੀ ਜਿੰਦਗੀ ਚੰਗੀ ਹੋਣ ਦੀ ਉਮੀਦ ਜਾਪੀ। ਜਦੋ ਉਸਦਾ ਪੁੱਤਰ ਛੇ ਮਹੀਨਿਆਂ ਦਾ ਹੋਇਆ ਤਾ ਸੀਤੋ ਨੂੰ ਫਿਰ ਕੁੱਟ ਕੇ ਘਰੋ ਕੱਢ ਦਿੱਤਾ ਗਿਆ । ਸੀਤੋ ਰੋਦੀ ਕਰਲਾਉਂਦੀ ਆਪਣੇ ਪੇਕੇ ਆ ਗਈ। ਹੁਣ ਤੱਕ ਉਸਦਾ ਬਾਪ ਵੀ ਇਸ ਦੁਨੀਆਂ ਤੋਂ ਜਾ ਚੁੱਕਿਆ ਸੀ ਵਿਚਾਰੀ ਬੁਜਰਗ ਮਾਂ ਦੇ ਕਹੇ ਕੋਈ ਵੀ ਬੰਦਾ ਸੀਤੋ ਨੂੰ ਸਹੁਰੇ ਛੱਡਣ ਨਾ ਗਿਆ। ਸਾਰੀ ਉਮਰ ਸੀਤੋ ਨੇ ਆਪਣੇ ਪੇਕੇ ਘਰ ਰਹਿ ਕੇ ਕੱਢ ਲਈ। ਜਿਵੇ ਸੀਤੋ ਨੂੰ ਪਤਾ ਹੀ ਹੁੰਦਾ ਵੀ ਉੁਸਦੇ ਕੋਲ ਦੋ ਮਹੀਨੇ ਹੀ ਹਨ, ਉਹ ਆਪਣੀ ਮਾਂ ਦੇ ਰੋਕਣ ਦੇ ਬਾਵਜੂਦ ਵੀ ਆਪਣੇ ਸਹੁਰੇ ਪਿੰਡ ਤੁਰ ਪਈ। ਪਹਿਲਾ ਵੀ ਬਹੁਤ ਵਾਰ ਸੀਤੋ ਆਪਣੇ ਸਹੁਰੇ ਪਿੰਡ ਚਲੀ ਜਾਂਦੀ ਪਰ ਜਦੋਂ ਕੋਈ ਅੱਗੋ ਉਸ ਨੂੰ ਨਾ ਬੁਲਾਉਦਾ ਉਹ ਵਾਪਿਸ ਆ ਜਾਂਦੀ ਪਰ ਇਸ ਵਾਰ ਜਦੋਂ ਸੀਤੇ ਨੇ ਸਹੁਰੇ ਪਿੰਡ ਪਹੁੰਚ ਆਪਣੇ ਘਰ ਦਾ ਬੂਹਾ ਖੜਕਾਇਆ ਤਾਂ ਉਸਦੇ ਪੁੱਤਰ ਨੇ ਉਸ ਨੂੰ ਪਛਾਣਿਆ ਤੱਕ ਨਹੀ ਜਦੋ ਉਸ ਨੇ ਦੱਸਿਆ ਕਿ ਉਹ ਉਸਦੀ ਮਾਂ ਹੈ ਤਾ ਮੁੰਡੇ ਨੇ ਝੱਟ ਬੂਹਾ ਬੰਦ ਕਰ ਦਿੱਤਾ। ਸਾਰਾ ਦਿਨ ਉਹ ਆਪਣੇ ਹੀ ਘਰ ਦੇ ਬਾਹਰ ਬੈਠੀ ਰਹੀ। ਫਿਰ ਪਿੰਡ ਦੇ ਲੋਕਾਂ ਦੇ ਕਹਿਣ ਤੇ ਸੀਤੋ ਦੇ ਸਹੁਰਿਆਂ ਨੇ ਉਸ ਨੂੰ ਰਾਹ ਵਾਲੀ ਬੈਠਕ ਦੇ ਦਿੱਤੀ ਜਿਸ ਦਾ ਘਰ ਵਿਚਲਾ ਦਰਵਾਜਾ ਬੰਦ ਕਰ ਦਿੱਤਾ ਗਿਆ। ਸੀਤੋ ਨੂੰ ਸਵੇਰੇ ਸਾਮ ਕੁੱਤਿਆ ਵਾਗ ਰੋਟੀ ਥਾਲ ਵਿਚ ਪਾ ਕੇ ਰੱਖ ਦਿੱਤੀ ਜਾਂਦੀ ਸੀ, ਉਸ ਕਮਰੇ ਵਿੱਚ ਹੀ ਉਹ ਸੌਦੀ, ਖਾਂਦੀ, ਨਹਾਉਂਦੀ, ਜੰਗਲ ਪਾਣੀ ਜਾਂਦੀ। ਉਸਦੀ ਹਾਲਤ ਸਾਇਦ ਏਨੀ ਬੁਰੀ ਸੀ ਕਿ ਬਿਆਨ ਨਹੀਂ ਕੀਤੀ ਜਾਂਦੀ । ਉਹ ਇਹ ਸਭ ਕੁਝ ਸਹਿੰਦੀ ਰਹੀ ਸਿਰਫ ਇਸ ਉਮੀਦ ਵਿੱਚ ਵੀ ਉਸਦਾ ਪੁੱਤਰ ਉਸਨੂੰ ਆਪਣੇ ਗਲ ਨਾਲ ਲਾਵੇਗਾ । ਇੱਕ ਦਿਨ ਆਪਦੇ ਪੁੱਤ ਦੀ ਬਚਪਨ ਦੀ ਫੋਟੋ ਆਪਣੀ ਹਿੱਕ ਨਾਲ ਲਾਈ ਸੀਤੋ ਸੁਤਿਆ ਮੁੜ ਨਾ ਜਾਗੀ। ਸੀਤੋ ਦੀ ਸਾਰੀ ਉਮਰ ਉਸਦੇ ਪੁੱਤਰ ਨੂੰ ਗਲ ਲਾਉਣ ਦੀ ਉਮੀਦ ਨੇ ਖਾ ਲਈ।
ਅਰਸ਼ਪ੍ਰੀਤ ਸਿੱਧੂ
94786-22509