22 ਅਕਤੂਬਰ ''ਸੱਸ ਦਿਵਸ" ਤੇ ਵਿਸ਼ੇਸ਼ : ਨੂੰਹ ਸੱਸ ਨੂੰ ਮਾਂ ਤੇ ਸੱਸ ਨੂੰਹ ਨੂੰ ਧੀ ਸਮਝੇ - ਬੇਅੰਤ ਸਿੰਘ ਬਾਜਵਾ
ਰਿਸ਼ਤੇ ਸਾਡੇ ਜ਼ਿੰਦਗੀ ਵਿਚ ਬਹੁਤ ਅਹਿਮੀਅਤ ਰੱਖਦੇ ਹਨ। ਜਿਵੇਂ ਕਿ ਮਾਂ ਪੁੱਤ ਦਾ ਰਿਸ਼ਤਾ, ਪਿਉ ਪੁੱਤ ਦਾ ਰਿਸ਼ਤਾ ਆਦਿ ਰਿਸ਼ਤੇ ਹਨ। ਇਸ ਦੇ ਨਾਲ ਹੀ ਇੱਕ ਖ਼ਾਸ ਰਿਸ਼ਤਾ ਹੁੰਦਾ ਹੈ ਸੱਸ ਨੂੰਹ ਦਾ ਰਿਸ਼ਤਾ। ਜਦੋਂ ਵੀ ਕੋਈ ਕੁੜੀ ਆਪਣਾ ਵਿਆਹੁਤਾ ਜੀਵਨ ਸ਼ੁਰੂ ਕਰਦੀ ਹੈ ਤਾਂ ਉਸ ਵੇਲੇ ਇਹ ਰਿਸ਼ਤਾ ਹੋਂਦ ਵਿਚ ਆਉਂਦਾ ਹੈ। ਅਕਸਰ ਹੀ ਅਸੀਂ ਪੜ੍ਹਦੇ ਸੁਣਦੇ ਹਾਂ ਕਿ ਬਹੁਤ ਗਿਣਤੀ ਸੱਸ ਨੂੰਹ ਦਾ ਰਿਸ਼ਤਾ ਬਹੁਤਾ ਵਧੀਆ ਨਹੀਂ ਰਹਿੰਦਾ।
ਸੱਸ ਦੇ ਇਸ ਮਾਨਸਿਕ ਸ਼ੌਕ ਜਾਂ ਮਜਬੂਰੀ ਦੇ ਕਾਰਨਾਂ ਦਾ ਕੋਈ ਠੋਸ ਪਤਾ ਨਹੀਂ ਲੱਗ ਸਕਿਆ। ਕਈ ਸੱਸਾਂ ਦੇ ਸਖ਼ਤ ਸੁਭਾਅ ਵੀ ਕੁੜੀਆਂ ਦੇ ਵਿਆਹੁਤਾ ਜੀਵਨ ਵਿਚ ਖੜੋਤ ਦਾ ਕਾਰਨ ਬਣੇ ਹਨ। ਗੱਲ ਇੱਥੇ ਹੀ ਨਹੀਂ ਮੁੱਕਦੀ ਸਗੋਂ ਹੁਣ ਤੱਕ ਬਹੁਗਿਣਤੀ ਨਵ ਵਿਆਹੀਆਂ ਦੇ ਤਲਾਕ ਅਤੇ ਦਾਜ ਦੀ ਬਲੀ ਚੜ੍ਹ ਚੁੱਕੀਆਂ ਹਨ। ਜ਼ਿਆਦਾਤਰ ਹਰੇਕ ਕੁੜੀ ਨੂੰ ਵਿਆਹ ਪਿੱਛੋਂ ਹਰ ਇੱਕ ਦਾ ਇਹੀ ਸਵਾਲ ਹੁੰਦਾ ਹੈ ਕਿ ਤੇਰੀ ਸੱਸ ਕਿਹੋ ਜਿਹੀ ਹੈ? ਉਸ ਦਾ ਸੁਭਾਅ ਕਿਵੇਂ ਹੈ? ਉਹ ਤੰਗ ਤਾਂ ਨੀ ਕਰਦੀ ਆਦਿ। ਜਿਸ ਆਦਮੀ ਨਾਲ ਉਸ ਨੇ ਆਪਣੀ ਸਾਰੀ ਉਮਰ ਬਿਤਾਉਣੀ ਹੁੰਦੀ ਹੈ ਉਸ ਦਾ ਜ਼ਿਕਰ ਉਨ੍ਹਾਂ ਦੇ ਸਵਾਲਾਂ ਵਿਚੋਂ ਗ਼ਾਇਬ ਹੁੰਦਾ ਹੈ। ਜਦੋਂ ਕੁੜੀ ਵਿਆਹ ਕੇ ਜਾਂਦੀ ਹੈ ਤਾਂ ਉਹ ਲੋਕਾਂ ਦੇ ਸੁਆਲਾਂ ਵਾਂਗ ਆਪਣੀ ਸੱਸ ਵਿਚੋਂ ਕਮੀਆਂ ਲੱਭਣੀਆਂ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਘਰਾਂ ਵਿਚ ਕਲੇਸ਼ ਸ਼ੁਰੂ ਹੋ ਜਾਂਦਾ ਹੈ। ਨੂੰਹ ਮੁੰਡੇ ਨੂੰ ਲੈ ਕੇ ਸੱਸ ਸਹੁਰੇ ਨਾਲੋਂ ਅੱਡ ਹੋ ਜਾਂਦੀ ਹੈ। ਅਜੋਕੇ ਸਮੇਂ ਵਿਚ ਇਹ ਵਰਤਾਰਾ ਬਹੁਤ ਵੱਧ ਗਿਆ ਹੈ। ਜੇਕਰ ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਸਮਿਆਂ ਵਿਚ ਸੱਸ ਨੂੰਹ ਦਾ ਬਹੁਤ ਪਿਆਰ ਹੁੰਦਾ ਸੀ। ਸੱਸ ਨੂੰਹ ਮਿਲ ਕੇ ਘਰ ਦਾ ਕੰਮ ਕਰਦੀਆਂ।ਉਸ ਵੇਲੇ ਰੋਟੀਆਂ ਲਈ ਆਟਾ ਵੀ ਘਰ ਹੀ ਹੱਥ ਚੱਕੀਆਂ ਤੇ ਪੀਸਿਆ ਜਾਂਦਾ ਸੀ। ਚੱਕੀ ਚਲਾਉਂਦੀ ਚਲਾਉਂਦੀ ਨੂੰਹ ਸੱਸ ਨੂੰ ਬੋਲੀਆਂ ਮਾਰਦੀ:
ਸੱਸ ਤਾਂ ਕਹਿੰਦੀ ਨੂੰਹ ਨੂੰ ਪੀਹਣਾ ਨੀ ਆਉਂਦਾ
ਸੱਸ ਦੀ ਮਰ ਜਾਏ ਕੱਟੀ ....
ਬਹੂ ਦੀ ਛਮ ਛਮ ਚੱਲਦੀ ਚੱਕੀ
ਬਹੂ ਦੀ ਛਮ ਛਮ ਚੱਲਦੀ ਚੱਕੀ....
ਅੱਜ ਦੇ ਸਮੇਂ ਵਿਚ ਨੂੰਹ ਚਾਹੀਦਾ ਹੈ ਕਿ ਉਹ ਆਪਣੀ ਸੱਸ ਨੂੰ ਆਪਣੀ ਮਾਂ ਵਾਂਗ ਹੀ ਪਿਆਰ ਤੇ ਸਤਿਕਾਰ ਦੇਵੇ। ਸੱਸ ਨਾਲ ਚੰਗਾ ਰਿਸ਼ਤਾ ਹੋਣਾ ਬਹੁਤ ਜ਼ਰੂਰੀ ਹੈ। ਭਾਵੇਂ ਉਸ ਵਿਚ ਕਮੀਆਂ ਹੋਣ। ਫਿਰ ਵੀ ਨੂੰਹ ਉਸ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿਉਂ ਕਿ ਉਸ ਨੇ ਉਸ ਦੇ ਜੀਵਨ ਸਾਥੀ ਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ। ਨੂੰਹ ਸੱਸ ਦੇ ਤਜਰਬੇ ਤੋਂ ਬਹੁਤ ਕੁੱਝ ਸਿੱਖ ਸਕਦੀ ਹੈ। ਜੇ ਨੂੰਹ ਆਪਣੀ ਸੱਸ ਦੀਆਂ ਖ਼ੂਬੀਆਂ 'ਤੇ ਧਿਆਨ ਦੇਵੇ ਤੇ ਉਨ੍ਹਾਂ ਦੀ ਰੀਸ ਕਰੇ ਤਾਂ ਉਹ ਸਮਝਦਾਰ ਤੇ ਸਿਆਣੀ ਬਣ ਸਕਦੀ ਹੈ। ਇਸੇ ਤਰ੍ਹਾਂ ਹੀ ਸੱਸ ਨੂੰ ਚਾਹੀਦਾ ਹੈ ਕਿ ਉਹ ਵੀ ਆਪਣੀ ਨੂੰਹ ਨੂੰ ਧੀ ਦਾ ਦਰਜਾ ਦੇਵੇ। ਆਪਣੀ ਧੀ ਵਾਂਗ ਪਿਆਰ ਕਰੇ। ਜਿਹੜੇ ਘਰ ਵਿਚ ਸੱਸ ਨੂੰਹ ਇਸ ਰਿਸ਼ਤੇ ਨੂੰ ਮਾਂ ਧੀ ਵਾਂਗ ਨਿਭਾਉਂਦੀਆਂ ਹਨ। ਉਸ ਘਰ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ। ਘਰ ਅਤੇ ਜ਼ਿੰਦਗੀ ਸਵਰਗ ਬਣ ਜਾਵੇਗੀ। ਸੋ ਇਸ ਸੱਸ ਦਿਵਸ ਤੇ ਸਭ ਸੱਸਾਂ ਤੇ ਨੂੰਹਾਂ ਪ੍ਰਣ ਕਰਨ ਕਿ ਉਹ ਸੱਸ ਨੂੰਹ ਦੇ ਰਿਸ਼ਤੇ ਨੂੰ ਮਾਂ ਧੀ ਦੇ ਰਿਸ਼ਤੇ ਵਾਂਗ ਸਮਝਣਗੀਆਂ।
ਬੇਅੰਤ ਸਿੰਘ ਬਾਜਵਾ
ਧੌਲਾ (ਬਰਨਾਲਾ)
ਮੋ: 98726-71446
18 Oct. 2018