ਸੁੱਖੇ ਦੀਆਂ ਧਾਹਾਂ - ਰਵਿੰਦਰ ਸਿੰਘ ਕੁੰਦਰਾ
ਸਿਮਰੋ ਦੇ ਗਲ਼ ਲੱਗ, ਸੁੱਖਾ ਰੋਵੇ ਬੁੱਕ ਬੁੱਕ,
ਪਿਤਾ ਦੇ ਸਮਾਨ ਸਾਡਾ, ਬੁੜ੍ਹਾ ਅੱਜ ਗਿਆ ਮੁੱਕ।
ਕਿਹਨੂੰ ਅਸੀਂ ਕਹਿ ਹੁਣ, ਬਾਪੂ ਜੀ ਬੁਲਾਵਾਂਗੇ,
ਕਿਹਦੇ ਪਿੱਛੇ ਪਿੱਛੇ ਲੁਕ, ਪਾਪ ਹੁਣ ਕਮਾਵਾਂਗੇ।
ਸਿਰ ਉਹਦੇ ਚੜ੍ਹ ਅਸੀਂ, ਕੀਤੀ ਬੜੀ ਐਸ਼ ਸੀ,
ਲੋਕਾਂ ਦੀ ਤਾਂ ਬਾਹਰ, ਸਾਡੀ ਘਰੇ ਹੀ ਵਲੈਤ ਸੀ।
ਨੋਟਾਂ ਦੇ ਟਰੱਕ ਭਰ, ਹਰ ਰੋਜ਼ ਆਉਂਦੇ ਸੀ,
ਖੁਸ਼ੀਆਂ ਦੇ ਨਾਲ ਅਸੀਂ, ਫੁੱਲੇ ਨਾ ਸਮਾਉਂਦੇ ਸੀ।
ਹਰ ਪਾਸੇ ਸਾਡੀ ਹੁੰਦੀ, ਮਾਰ ਮਾਰ ਬੱਸ ਸੀ,
ਉਹ ਕਿਹੜਾ ਰੂਟ ਜਿੱਥੇ, ਸਾਡੀ ਨਹੀਂਉਂ ਬੱਸ ਸੀ?
ਮੀਸਣਾ 'ਤੇ ਲਿਫਤਾ, ਬੁੜ੍ਹਾ ਸਾਡਾ ਸ਼ੇਰ ਸੀ,
ਘਾਤ ਲਾਕੇ ਹਮਲੇ ਦਾ, ਬੜਾ ਉਹ ਦਲੇਰ ਸੀ।
ਕਿੱਥੇ ਕਿੱਥੇ ਕਿਹੜੇ ਕਿਹੜੇ, ਸੌਦੇ ਉਸ ਕੀਤੇ ਨਹੀਂ,
ਕਿਹੜੇ ਕਿਹੜੇ ਬੰਦੇ ਉਹਨੇ, ਸਬੂਤੇ ਖਾਧੇ ਪੀਤੇ ਨਹੀਂ?
ਕੌਮ ਦੀਆਂ ਬੇੜੀਆਂ 'ਚ, ਵੱਟੇ ਡਾਢੇ ਪਾ ਗਿਆ,
ਸਿੱਖੀ ਦੇ ਅਸੂਲਾਂ ਨੂੰ ਵੀ, ਐਨ੍ਹ ਖੂੰਜੇ ਲਾ ਗਿਆ।
ਕੁਰਸੀ ਬਚਾਉਣ ਲਈ, ਕਿੱਥੇ ਮੱਥੇ ਟੇਕੇ ਨਹੀਂ,
ਕਿਹੜੇ ਸੀ ਉਹ ਪਿੰਡ ਜਿੱਥੇ, ਉਹਨੇ ਖੋਲ੍ਹੇ ਠੇਕੇ ਨਹੀਂ?
ਕਾਲ਼ੇ, ਚਿੱਟੇ ਨਸ਼ਿਆਂ ਦੀਆਂ, ਸ਼ਬੀਲਾਂ ਰੱਜ ਲਾ ਗਿਆ,
ਪੀੜ੍ਹੀਆਂ ਦਾ ਰੋਣਾ ਗਲ਼, ਲੋਕਾਂ ਦੇ ਉਹ ਪਾ ਗਿਆ।
ਚਲਾਕੀਆਂ ਦੇ ਭੇਦ ਕਈ, ਨਾਲ ਹੀ ਉਹ ਲੈ ਗਿਆ,
ਬੱਕ ਬੁੱਕ ਰੋਣਾ ਹੁਣ, ਸਾਡੇ ਗਲ਼ ਪੈ ਗਿਆ।
ਕੇਸਾਂ ਦੀਆਂ ਪੇਸ਼ੀਆਂ ਹੁਣ, ਮੇਰੇ ਪੱਲੇ ਪੈ ਗਈਆਂ,
ਉਹਦੀਆਂ ਬਲਾਵਾਂ ਬੂਹੇ, ਮੇਰੇ ਆਣ ਬਹਿ ਗਈਆਂ।
ਲੇਖਾਂ ਦੀਆਂ ਲਿਖੀਆਂ ਦਾ, ਲੇਖਾ ਹੁਣ ਦੇਵਾਂ ਕਿੱਦਾਂ,
ਆਪੇ ਬੁਣੇ ਜਾਲ ਵਿੱਚੋਂ, ਹੱਡ ਮੈਂ ਛੁਡਾਵਾਂ ਕਿੱਦਾਂ?
ਢਿੱਡ ਵਿੱਚ ਰੱਖੀਆਂ ਦੇ, ਰਾਜ਼ ਜਾਕੇ ਖੋਲ੍ਹਾਂ ਕਿੱਥੇ,
ਢੋਲ ਜਿਹੇ ਢਿੱਡ ਨੂੰ ਮੈਂ, ਚੱਕ ਚੱਕ ਤੋਲਾਂ ਕਿੱਥੇ?
ਮੁੱਕਦੀ ਨਾ ਗੱਲ ਕਿਤੇ, ਛੇਤੀ ਜੇ ਮੁਕਾਵਾਂ ਮੈਂ,
ਲੱਭਦੀ ਨਾ ਸ਼ਾਂਤੀ ਮੈਨੂੰ, ਕਿੱਥੇ ਹੁਣ ਜਾਵਾਂ ਮੈਂ?
ਲੱਭਦੀ ਨਾ ਸ਼ਾਂਤੀ ਮੈਨੂੰ, ਕਿੱਥੇ ਹੁਣ ਜਾਵਾਂ ਮੈਂ?
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ