ਆਪਣੇ - ਪਰਾਏ (ਕਹਾਣੀ) - ਗੁਰਬਾਜ ਸਿੰਘ
ਮੁਖਤਾਰ ਸਿੰਘ ਦਾ ਮੁੰਡਾ ਜਗਜੀਤ ਸਿੰਘ ਤੇ ਨੂੰਹ, ਸਿਮਰਨ ਕੌਰ ਪਿਛਲੇ ਦਸ ਸਾਲ ਤੋਂ ਕਨੇਡਾ ਵਿੱਚ ਪੱਕੇ ਤੌਰ ਤੇ ਰਹਿ ਸਨ। ਉਹਨਾਂ ਦਾ ਇਕ ਜੁਆਕ ਸੀ ਛੇ ਕੁ ਸਾਲ ਦਾ, ਪ੍ਰਿੰਸ। ਮੁਖਤਾਰ ਸਿੰਘ ਆਪ ਭਾਵੇਂ ਆਪਣੇ ਜਮਾਨੇ ਦੀਆਂ ਦਸ ਜਮਾਤਾਂ ਹੀ ਪਾਸ ਸੀ ਪਰ ਅਜੋਕੀ ਲਿਆਕਤ ਤੇ ਡੂੰਘੀ ਸੂਝ-ਬੂਝ ਦਾ ਵੀ ਹਾਣੀ ਸੀ। ਉਸ ਦੀ ਪਤਨੀ ਸੁਖਜੀਤ ਕੌਰ ਪੰਜ ਕੁ ਸਾਲ ਪਹਿਲਾਂ ਗੁਜਰ ਚੁੱਕੀ ਸੀ। ਉਸ ਕੋਲ ਦਸ ਘੁਮਾਂ ਜਮੀਨ ਸੀ ਤੇ ਖੇਤਾਂ ਵਿਚਲੀ ਮਿੱਟੀ ਨਾਲ ਮਿੱਟੀ ਹੋ, ਪੈਸੇ ਜੋੜ-ਜੱਬ ਕੇ ਉਸਨੇ ਆਪਣੇ ਪੁੱਤਰ ਨੂੰ ਪੜਨ ਲਈ ਵਿਦੇਸ਼ ਭੇਜਿਆ ਸੀ। ਉਸ ਦੇ ਪੁੱਤਰ-ਨੂੰਹ ਉਸ ਨੂੰ ਮਿਲਣ ਲਈ ਵਰਿਆਂ ਬਾਦ ਪੰਜਾਬ ਆਉਂਦੇ ਸਨ ਪਰ ਇਸ ਵਾਰ ਪੁੱਤ ਦੇ ਕਹਿਣ ਤੇ ਜੋਰ ਦੇਣ ਕਾਰਨ ਉਹ ਕਨੇਡਾ ਆਉਣ ਲਈ ਰਾਜੀ ਹੋ ਗਿਆ ਸੀ। ਉਹ ਬੜੇ ਚਾਵਾਂ ਨਾਲ ਵਿਦੇਸ਼ ਆਪਣੇ ਨੂੰਹ-ਪੁੱਤ ਤੇ ਪੋਤਰੇ ਨੂੰ ਮਿਲਣ ਲਈ ਪਹਿਲੀ ਵਾਰ ਆਇਆ ਸੀ। ਉਸ ਦੇ ਪੁੱਤਰ ਨੇ ਕਨੇਡਾ ਦਾ ਵੀਜਾ ਤੇ ਟਿਕਟ ਭੇਜ ਕੇ ਉਸ ਨੂੰ ਬੁਲਾਇਆ ਸੀ ਆਪਣੇ ਕੋਲ ਕੁਝ ਦਿਨ ਰਹਿਣ ਲਈ।
ਮੁਖਤਾਰ ਸਿੰਘ ਦਿੱਲੀ ਏਅਰਪੋਟ ਤੋਂ ਜਹਾਜ ਵਿਚ ਬਹਿਣ ਤੋਂ ਹੀ ਨੂੰਹ-ਪੁੱਤ ਤੇ ਪੋਤਰੇ ਨੂੰ ਮਿਲਣ ਦੇ ਚਾਅ ਤੇ ਕਨੇਡਾ ਵਰਗੇ ਖੂਬਸੂਰਤ ਦੇਸ਼ ਘੁੰਮਣ ਨੂੰ ਲੈ ਕੇ ਮਨ ਵਿਚ ਵੰਨ-ਸੁਵੰਨੇ ਚਾਅ ਤੇ ਖੂਬਸੂਰਤੀ ਨਾਲ ਭਰੇ ਕਲਪਨਾਮਈ ਦ੍ਰਿਸ਼ਾਂ ਨਾਲ ਮਨ ਹੀ ਮਨ ਖੁਸ਼ੀ ਨਾਲ ਗਲ ਤੱਕ ਭਰਿਆ ਪਿਆ ਸੀ। ਕਾਫੀ ਘੰਟਿਆਂ ਦੇ ਲੰਮੇ ਸਫਰ ਅਤੇ ਨੂੰਹ-ਪੁੱਤ ਤੇ ਪੋਤਰੇ ਨੂੰ ਮਿਲਣ ਦੇ ਚਾਅ ਨਾਲ ਗੜੁੱਚ ਹੋਇਆ ਅੰਤ ਨੂੰ ਉਹ ਕਨੇਡਾ ਦੇ ਏਅਰਪੋਰਟ ਤੇ ਪਹੁੰਚ ਗਿਆ। ਏਅਰਪੋਰਟ ਤੋਂ ਬਾਹਰ ਆਇਆ ਤਾਂ ਪੁੱਤਰ- ਨੂੰਹ ਨੂੰ ਏਅਰਪੋਰਟ ਤੇ ਲੈਣ ਆਏ ਦੇਖ ਕੇ ਮਨ ਖੁਸ਼ੀ ਨਾਲ ਭਰ ਗਿਆ। ਦੋਹਾਂ ਨੂੰ ਧਾਹ ਗਲਵਕੜੀ ਪਾਈ। ਗਲੇ ਮਿਲ ਕੇ ਉਸ ਨੂੰ ਅੰਤਾਂ ਦਾ ਸਕੂਨ ਮਿਲਿਆ। ਏਅਰਪੋਰਟ ਤੋਂ ਨਾਲ ਲੈ ਕੇ ਉਸ ਦਾ ਪੁੱਤ ਘਰ ਨੂੰ ਤੁਰ ਪਿਆ। ਘਰ ਨੂੰ ਜਾਂਦਿਆਂ ਸੜਕੀ ਮਾਰਗ ਤੇ ਤੇਜ ਤਰਾਰ ਚੱਲਦੀਆਂ ਗੱਡੀਆਂ, ਹਰਿਆਲੀ ਨਾਲ ਭਰੇ ਪਾਰਕ, ਖੂਬਸੂਰਤ ਲੋਕ, ਉੱਚੀਆਂ ਗਗਨਚੁੰਬੀ ਇਮਾਰਤਾਂ ਤੇ ਰੰਗੀਨ ਦੁਨੀਆਂ ਉਸਦੇ ਦਿਲੋ ਦਿਮਾਗ ਵਿੱਚ ਇਕ ਵੱਖਰਾ ਹੀ ਸੰਸਾਰ ਸਿਰਜ ਰਹੇ ਸਨ। ਉਸ ਕੋਲੋ ਰਿਹਾ ਨਾ ਗਿਆ ਤੇ ਉਹ ਬੋਲ ਉੱਠਿਆ, "ਪੁੱਤਰਾ, ਆਨੰਦ ਆ ਗਿਆ, ਬੱਲੇ, ਬੱਲੇ ਏਨੀਆਂ ਉੱਚੀਆਂ ਅਸਮਾਨੀ ਸਿਰ ਲਾਉਂਦੀਆਂ ਬਿਲਡਿੰਗਾਂ, ਹਰੇ-ਹਰੇ ਰੁੱਖ ਤੇ ਘਾਹ ਦੇ ਮੈਦਾਨ, ਵਈ.. ਏਹ ਤਾਂ ਸੁਰਗ ਹੈ ਸੁਰਗ।" ਉਸ ਦਾ ਪੁੱਤਰ ਹੱਸਿਆ, " ਹਾਹਾ.. ਹਾਂਜੀ ਡੈਡੀ ਜੀ, ਤੁਸੀਂ ਵੇਖਿਓ ਕਿਤੇ ਏਥੇ ਹੀ ਸੜਕ ਨੇੜੇ ਹੀ ਡੰਗਰ ਨਾ ਚਰਾਉਣ ਬੈਠ ਜਾਇਓ... ਹਾ..ਹਾ..ਸਾਰੇ ਖੂਬ ਹੱਸਦੇ ਨੇ।" ਚਲੋ ਖੈਰ, ਘਰ ਪਹੁੰਚਦੇ ਨੇ, ਆਪਣੇ ਪੁੱਤ ਦਾ ਘਰ ਵੇਖ ਉਸਨੂੰ ਬਹੁਤ ਖੁਸ਼ੀ ਤੇ ਸਕੂਨ ਮਿਲਿਆ। ਆਲੀਸ਼ਾਨ ਘਰ ਦੇ ਗੇਟ ਦੇ ਸਾਮਣੇ ਪਹੁੰਚ ਉਸ ਸਭ ਤੋਂ ਪਹਿਲਾ ਸਵਾਲ ਕੀਤਾ, “ ਜੱਗੇ ਪੁੱਤ, ਇਹ ਘਰ ਤੇਰਾ ਆਪਣਾ ਹੈ ਨਾ? “ "ਹਾਂਜੀ..ਹਾਂਜੀ ਡੈਡੀ ਜੀ, ਮੇਰਾ ਹੀ ਹੈ ਜੀ..ਤੁਹਾਡੇ ਪੁੱਤ ਦਾ।" ਉਸ ਦਾ ਪੁੱਤ ਬੋਲਿਆ। ਇਹ ਸੁਣ ਉਸ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ।
ਹਵਾਈ ਸਫਰ ਤੋਂ ਥੱਕੇ ਆ, ਓਸ ਪੁੱਤ ਘਰ ਆ ਚਾਹ-ਪਾਣੀ ਪੀਤਾ। ਛੇਤੀ ਹੀ ਵੰਨ-ਸਵੰਨੇ ਖਾਣੇ ਤੇ ਮਹਿੰਗੀ ਸ਼ਰਾਬ ਮੇਜ ਉਪਰ ਸੱਜ ਗਏ। ਨੂੰਹ-ਪੁੱਤ ਨੇ ਖੂਬ ਸੇਵਾ ਕੀਤੀ। ਉਸ ਨੂੰ ਬੜਾ ਵਧਿਆ ਲੱਗਿਆ। ਪੋਤਰਾ ਉਸ ਕੋਲੋ ਸੰਗਣ ਕਾਰਨ ਅਜੇ ਭੇਤੀ ਨਹੀ ਹੋ ਰਿਹਾ ਸੀ। ਪਹਿਲੇ ਹੀ ਦਿਨ ਉਸ ਦੇ ਪੁੱਤ ਨੇ ਉਸ ਨੂੰ ਰਾਤ ਨੂੰ ਸ਼ਹਿਰ ਦੀਆਂ ਮੁੱਖ ਥਾਵਾਂ ਤੇ ਘੁਮਾਇਆ ਤੇ ਫੇਰ ਐਤਵਾਰ ਨੂੰ ਘੁਮਾਉਣ ਲਈ ਮਿੱਥ ਲਿਆ। ਉਸ ਨੇ ਆਪਣੇ ਨੂੰਹ-ਪੁੱਤ ਦੇ ਇਕ ਦੂਜੇ ਨੂੰ ਸੰਬੋਧਨ ਕਰਦੇ ਨਾਵਾਂ ਤੋਂ ਭਾਂਪ ਲਿਆ ਸੀ ਕਿ ਵਿਦੇਸ਼ੀ ਧਰਤੀ ਤੇ ਇੱਥੋਂ ਦੇ ਸਭਿਆਚਾਰ ਵਿੱਚ ਉਸਦਾ ਪੁੱਤ ਹੁਣ ਜਗਜੀਤ ਸਿੰਘ ਤੋਂ ਜੈਗ, ਤੇ ਨੂੰਹ ਸਿਮਰਨ ਕੌਰ ਤੋਂ ਸਿੰਮ ਬਣਰ ਗਏ ਸਨ। ਉਸ ਦਾ ਪੁੱਤ ਇਕ ਪਰਾਈਵੇਟ ਕੰਪਨੀ ਵਿੱਚ ਡਿਸਪੈਚਰ ਦਾ ਕੰਮ ਕਰਦਾ ਸੀ ਤੇ ਨੂੰਹ ਸਿਮਰਨ ਕਿਸੇ ਫੈਕਟਰੀ ਵਿੱਚ ਸੁਪਰਵਾਇਜਰ ਲੱਗੀ ਸੀ ਜਿਸਦਾ ਉਪਰਾ ਜਿਹਾ ਅੰਗਰੇਜੀ ਵਿੱਚ ਨਾਮ ਸੀ ਕੋਈ।
ਨੂੰਹ-ਪੱਤ ਕੋਲ ਰਹਿੰਦੇ ਉਸਦਾ ਦਿਲ ਤੇ ਦਿਮਾਗ ਸ਼ਾਇਦ ਵਿਦੇਸ਼ੀ ਧਰਤ ਨੂੰ ਸਵੀਕਾਰ ਜਿਹਾ ਨਹੀ ਕਰ ਰਿਹਾ ਸੀ। ਉਸ ਨੂੰ ਇਕ ਹਫਤਾ ਹੋਣ ਜਾ ਰਿਹਾ ਸੀ, ਦੋਵੇਂ ਪਤੀ ਪਤਨੀ ਸਵੇਰੇ ਜਲਦੀ ਜਾਗਦੇ ਤੇ ਆਪੋ-ਆਪਣੇ ਕੰਮਾਂ ਤੇ ਚਲੇ ਜਾਂਦੇ। ਮੁਖਤਾਰ ਸਿੰਘ ਉਡੀਕਦਾ ਹੀ ਰਹਿ ਜਾਂਦਾ ਸੀ ਕਿ ਸ਼ਾਇਦ ਅੱਜ ਉਸਦਾ ਪੱਤਰ ਨੂੰਹ ਉਸਨੂੰ ਫਤਿਹ ਬੁਲਾਉਣ ਲਈ ਸ਼ਾਇਦ ਉਸਦੇ ਕਮਰੇ ਵਿੱਚ ਵੀ ਆਉਣਗੇ। ਕਈ ਵਾਰ ਤਾਂ ਉਹ ਠਾਣ ਕੇ ਬਥੇਰਾ ਸਵੇਰੇ ਉੱਠਣ ਦੀ ਕੋਸ਼ਿਸ਼ ਵਿਚ ਰਹਿੰਦਾ ਪਰ ਸ਼ਿਫਟਾਂ ਦੀ ਨੌਕਰੀ ਹੋਣ ਕਾਰਨ ਉਸਦਾ ਪੁੱਤ ਨੂੰਹ ਜਲਦੀ ਰਵਾਨਾ ਹੋ ਜਾਂਦੇ। ਉਸਦੀ ਨੂੰਹ ਦੀ ਸ਼ਿਫਟ ਦੁਪਹਿਰ ਤੋਂ ਬਾਦ ਖਤਮ ਹੋ ਜਾਂਦੀ ਸੀ। ਜਿਸ ਤੋਂ ਬਾਦ ਉਹ ਰਸਤੇ ਦੇ ਸਕੂਲ ਤੋਂ ਪੋਤਰੇ ਪ੍ਰਿੰਸ ਨੂੰ ਨਾਲ ਘਰੇ ਲੈ ਆਉਂਦੀ ਸੀ।
ਪੁੱਤਰ ਨੂੰਹ ਦੇ ਆਪਣੇ ਕੰਮ ਤੇ ਜਾਣ ਉਪਰੰਤ ਮੁਖਤਾਰ ਸਿੰਘ ਦੇ ਚੇਹਰੇ ਦੇ ਭਾਵ ਤੇ ਮਨ ਚ ’ ਉੱਠਦੇ ਸਵਾਲ ਜਿਉਂ ਦੇ ਤਿਉਂ ਧਰੇ ਧਰਾਏ ਰਹਿ ਜਾਂਦੇ ਸਨ। ਉਹ ਬਥੇਰਾ ਆਪਣੇ ਪੋਤਰੇ ਪ੍ਰਿੰਸ ਨਾਲ ਤੇ ਵਿਦੇਸ਼ੀ ਧਰਤ ਦੀ ਖੂਬਸੂਰਤੀ, ਆਬੋ-ਹਵਾ ਨਾਲ ਘੁਲਣ-ਮਿਲਣ ਤੇ ਗਲੇ ਲਾਉਣ ਦੀ ਕੋਂਸ਼ਿਸ਼ ਕਰ ਰਿਹਾ ਸੀ। ਪਰ ਉਸ ਨੂੰ ਪਤਾ ਨਹੀ ਕਿਹੜੀ ਖਿੱਚ -ਚਿੰਤਾ ਅੰਦਰੋਂ ਹੀ ਅੰਦਰ ਪਰੇਸ਼ਾਨ ਕਰ ਰਹੀ ਸੀ ਜਿਸਦੀ ਉਸ ਨੂੰ ਖੁਦ ਨੂੰ ਕੋਈ ਖਬਰ ਨਹੀ ਸੀ।
ਮੁਖਤਾਰ ਸਿੰਘ ਨੇ ਅੱਜ ਦਿਲ ਵੱਡਾ ਕਰਕੇ ਦਫਤਰ ਜਾਣ ਲੱਗੇ ਆਪਣੇ ਪੁੱਤ ਨੂੰ ਕਹਿ ਹੀ ਦਿੱਤਾ ਸੀ, “ ਜੱਗੇ, ਪੁੱਤ ਮੇਰਾ ਦਿਲ ਨਹੀ ਲੱਗ ਰਿਹਾ। ” ਜਗਜੀਤ ਸਿੰਘ ਦਾ ਚੇਹਰੇ ਦਾ ਰੰਗ ਫੱਕ ਹੋ ਗਿਆ, ''ਕਿਊਂ..?? ਕੀ ਹੋਇਆ ਡੈਡੀ ਜੀ, ਦਿਲ ਨਹੀ ਲੱਗ ਰਿਹਾ। ਕੀ ਹੋ ਗਿਆ ? ਸਿਮ ਨੇ ਕੁਝ ਕਿਹਾ ਜਾਂ ਪ੍ਰਿੰਸ ਨੇ ਸਤਾਇਆ ! '' '' ਨਹੀ, ਨਹੀ ਕਿਸੇ ਨੇ ਕੁਝ ਨਹੀ ਕਿਹਾ, ਬਸ..। '' ਅਜੇ ਕੁਝ ਦੇਰ ਚੁੱਪ ਰਹਿ ਕੇ ਮੁਖਤਾਰ ਸਿੰਘ ਕੁਝ ਹੋਰ ਬੋਲਣ ਹੀ ਲੱਗਾ ਸੀ ਕਿ ਜਗਜੀਤ ਸਿੰਘ ਨੇ ਕਿਹਾ, “ ਪਿਤਾ ਜੀ ਬਾਕੀ ਗੱਲ ਸ਼ਾਮ ਨੂੰ ਕਰਦੇ ਹਾਂ, ਮੈਂ ਲੇਟ ਹੋ ਰਿਹਾ ਹਾਂ।“ ਇਹ ਕਹਿ ਕੇ ਉਹ ਗੱਡੀ ਲੈ ਕੇ ਦਫਤਰ ਨੂੰ ਹਨੇਰੀ ਹੋ ਗਿਆ। ਇੰਨੇ ਨੂੰ ਨੂੰਹ ਸਿਮਰਨ ਆਈ ਤੇ ਬੋਲੀ, "ਡੈਡੀ ਜੀ, ਮੈਂ ਦਫਤਰ ਲਈ ਨਿਕਲ ਰਹੀ ਹਾਂ, ਪ੍ਰਿੰਸ ਦੇ ਖਿਆਲ ਰੱਖਣ ਲਈ ਅੱਜ ਨੈਨੀ ਨਹੀਂ ਆਏਗੀ, ਕੁਝ ਦਿਨ ਛੁੱਟੀ ਤੇ ਹੈ ਆਪਣੇ ਪਰਿਵਾਰ ਕੋਲ ਜਾ ਰਹੀ ਹੈ। ਉਸ ਦੇ ਪਿਤਾ ਜੀ ਠੀਕ ਨਹੀ। ਸੋ ਡੈਡੀ ਜੀ ਹੁਣ ਤੁਸੀਂ ਖਿਆਲ ਰੱਖਣਾ ਪ੍ਰਿੰਸ ਦਾ ਤੇ ਖਾਣਾ ਫਰਿਜ ਵਿਚ ਰੱਖ ਦਿੱਤਾ ਹੈ, ਗਰਮ ਕਰਕੇ ਖਾ ਲੈਣਾ। "ਇੰਨਾ ਕੁਝ ਕਹਿਣ ਉਪਰੰਤ ਉਸਦੀ ਨੂੰਹ ਵੀ ਆਪਣੀ ਗੱਡੀ ਲੈ ਆਪਣੀ ਰੋਜਾਨਾ ਡਿਊਟੀ ਲਈ ਫੈਕਟਰੀ ਨੂੰ ਨਿਕਲ ਗਈ। ਹੁਣ ਸਿਰਫ ਘਰ, ਪ੍ਰਿੰਸ ਤੇ ਮੁਖਤਾਰ ਸਿੰਘ ਇਕੱਲੇ ਰਹਿ ਗਏ ਸਨ। ਕਹਿਣ ਨੂੰ ਤਾਂ ਉਹ ਤਿੰਨ ਸਨ ਪਰ ਮੁਖਤਾਰ ਨੂੰ ਆਪਣਾ ਆਪ ਕੱਲਮ ਕੱਲੀ ਕੋਈ ਪੱਥਰ ਦੀ ਮੂਰਤੀ ਜਿਹਾ ਲੱਗ ਰਿਹਾ ਸੀ, ਜੋ ਨਾ ਤਾਂ ਕਿਸੇ ਨੂੰ ਆਪਣੇ ਦਿਲ ਦੀ ਗੱਲ ਕਹਿ ਸਕਦੀ ਸੀ ਤੇ ਨਾ ਹੀ ਚੁੱਪ ਰਹਿ ਸਕਦੀ ਸੀ, ਬਸ ਵੇਖੀ ਜਾ ਰਹੀ ਸੀ। ਉਹ ਉਦਾਸ ਸੋਚ ਰਿਹਾ ਸੀ ਕਿ ਨੈਨੀ ਦਾ ਪਿਤਾ ਠੀਕ ਨਹੀਂ ਉਹ ਉਸ ਦਾ ਪਤਾ ਲੈਣ ਜਾ ਰਹੀ ਹੈ ਆਪਣੇ ਪਿਤਾ ਕੋਲ...ਪਰ ਮੇਰੇ ਪੁੱਤ- ਨੂੰਹ ਕੋਲ ਤਾਂ ਮੇਰੇ ਕੋਲ ਬੈਠਣ ਦਾ ਸਮਾਂ ਹੀ ਨਹੀਂ, ਦੁੱਖ ਸੁੱਖ ਦੀ ਗੱਲ ਸਾਂਝੀ ਕਰਨੀ ਤਾਂ ਦੂਰ ਸੀ। ਉੱਤੋਂ ਨਾ ਤਾਂ ਇੱਥੇ ਕੋਈ ਪਿੰਡੋਂ ਉਸਦਾ ਹਮ-ਉਮਰੀ ਆੜੀ ਹੀ ਸੀ... ਪਿੰਡ ਆਲਾ ਜੀਤਾ ਦੋਧੀ, ਮਹਿੰਦਰ ਨੰਬਰਦਾਰ, ਗੁਆਂਢੀ ਕਸ਼ਮੀਰਾ ਤੇ ਸ਼ਿੰਦਾ ਦਫਤਰ ਦਾ ਸਾਥੀ, ਜਿਨਾਂ ਨਾਲ ਆਪਣੇ ਪਿੰਡ ਉਹ ਆਪਣੇ ਸਾਥੀਆਂ ਨਾਲ ਘੜੀ ਹੱਸ ਲੈਂਦਾ ਜਾਂ ਗੱਪ-ਸ਼ੱਪ ਮਾਰਦਾ ਸੀ। ਏਥੇ ਉਹ ਨਾ ਤਾਂ ਘਰ ਰੁੱਕ ਸਕਦਾ ਸੀ ਨਾ ਤਾਂ ਬਾਹਰ ਘੁੰਮ ਸਕਦਾ ਸੀ। ਨਾਂ ਤਾਂ ਇੱਥੇ ਸੱਥਾਂ ਤੇ ਨਾ ਸੱਥਾਂ ਦੀ ਖੁੰਢ-ਚਰਚਾ ਲੱਭਦੀ ਸੀ, ਨਾ ਉਸਨੂੰ ਖੂਹ-ਬੰਬੀਆਂ, ਖਾਲਾਂ ਜਾਂ ਵਾਹਣ, ਸਰੋਂ-ਚਰੀ ਦੇ ਲਹਿਰਾਉਂਦੇ, ਹਵਾ ਨਾਲ ਗੱਲਾਂ ਕਰਦੇ ਖੇਤ, ਨਾ ਉੱਚੇ ਕੱਦ ਦੇ ਕਮਾਦ ਨਜਰੀ ਪੈਂਦੇ ਸਨ। ਇੰਨਾਂ ਸਭ ਚੀਜਾਂ ਨੂੰ ਉਹ ਬਹੁਤ ਯਾਦ ਕਰਦਾ ਸੀ। ਇੰਨਾਂ ਤੋਂ ਬਿਨਾਂ ਉਹ ਲੱਗਦਾ ਸੀ ਜਿਵੇਂ ਦਿਨੋਂ-ਦਿਨੀਂ ਬੁੱਢਾ ਜਾਂ ਬਿਮਾਰ ਹੋ ਰਿਹਾ ਸੀ। ਘਰ ਤੋਂ ਬਾਹਰ ਜਾਂਦਾ ਸੀ ਤਾਂ ਬਾਹਰ ਉਪਰੀ ਦੁਨੀਆਂ ਸੀ, ਉਪਰੇ ਦੇਸ਼ ਦੇ ਉਪਰੇ ਕਾਨੂੰਨ, ਅਸੂਲ ਸਨ। ਏਥੇ ਤਾਂ ਹਰ ਕੋਈ ਬਿਜੀ ਸੀ ਆਪਣੇ ਹੀ ਕੰਮ-ਕਾਰ ਵਿੱਚ ਜਿਵੇਂ ਕੋਈ ਅਨੋਖੀ ਭੱਜ-ਦੌੜ ਲੱਗੀ ਹੋਵੇ ਤੇ ਕਾਰਨ ਵੀ ਪਤਾ ਨਾ ਹੋਵੇ ਕਿਉਂ ਲੋਕ ਭੱਜੇ ਜਾ ਰਹੇ ਹੋਣ, ਕੋਈ ਕਿਸੇ ਲਈ ਨਹੀ ਰੁੱਕਦਾ ਸੀ। ਸਿਰਫ ਪੈਦਲ ਹੀ ਨਹੀਂ ਸਗੋਂ ਗੱਡੀਆਂ ਵਾਲੇ ਵੀ ਨਹੀ ਰੁੱਕਦੇ ਸਨ। ਸਭ ਇੱਕ ਦੂਜੇ ਤੋਂ ਅਨਜਾਣ ਬਿਲਕੁਲ ਬੇਪਛਾਨੇ ਚਿਹਰੇ ਸਨ। ਉਸ ਦਾ ਆਪਣਾ ਆਪ ਉਸ ਨੂੰ ਕਿਸੇ ਛੱਪੜ ਦੇ ਪਾਣੀ ਦੀ ਤਰਾਂ ਬੇਹਾ ਤੋ ਦਿਨੋਂ ਦਿਨ ਬੋ-ਮਾਰਦਾ ਹੁੰਦਾ ਭਾਸ ਰਿਹਾ ਸੀ। ਉਸ ਦਾ ਮਨ ਉੱਪਰ ਤੱਕ ਭਰਿਆ ਪਿਆ ਸੀ। ਉਸ ਦੀ ਰੂਹ ਕਿਸੇ ਨਾਲ ਗੱਲਾਂ ਸਾਂਝੀਆਂ ਕਰਨ ਨੂੰ ਤਰਸ ਰਹੀ ਸੀ। ਘਰ ਦਾ ਸੰਨਾਟਾ, ਉਪਰੀ ਹਵਾ ਤੇ ਸਭਿਆਚਾਰ ਉਸ ਨੂੰ ਕਿਸੇ ਮੋਟੇ ਰੱਸੇ ਵਿਚ ਬੰਨ ਕੇ ਨੂੜ ਰਹੇ ਪ੍ਰਤੀਤ ਹੋ ਰਹੇ ਸਨ। ਜੇ ਸੌਣਾ ਚਾਹੁੰਦਾ ਸੀ ਤਾਂ ਨੀਂਦ ਨਹੀ ਆਉਂਦੀ ਸੀ ਜੇ ਜਾਗਿਆ ਫਿਰਦਾ ਤਾਂ ਮਨ ਨਹੀ ਲੱਗ ਰਿਹਾ ਸੀ। ਟੀ.ਵੀ ਅੱਗੇ ਬੈਠਦੇ ਨੂੰ ਪੋਤਰੇ ਨਾਲ ਜਬਰੀ ਕਾਰਟੂਨ ਦੇਖਣੇ ਪੈਂਦੇ ਸਨ, ਪੋਤਰਾ ਹੱਸਦਾ ਸੀ ਤੇ ਉਸ ਨਾਲ ਸਾਥ ਦੇਣ ਲਈ ਨਕਲੀ ਹਾਸਾ ਉਸ ਨੂੰ ਆਉਂਦਾ ਨਹੀ ਸੀ। ਦੁਪਹਿਰ ਨੂੰ ਭੁੱਖ ਲੱਗਦੀ ਤਾਂ ਉਹ ਠੰਡਾ ਖਾਣਾ ਹੀ ਖਾ ਲੈਂਦਾ ਸੀ। ਗਰਮ ਕਰਨ ਦੀ ਉਸਦੀ ਇੱਛਾ ਹੀ ਖਤਮ ਹੋ ਗਈ ਸੀ ਉਪਰੋਂ ਏਧਰ ਦੀਆਂ ਖਾਣਾ ਗਰਮ, ਪਾਣੀ ਗਰਮ, ਏਸੀ, ਕੂਲਰ ਤੇ ਗੀਜਰ ਜਿਹੀਆਂ ਆਧੁਨਿਕ ਮਸ਼ੀਨਾਂ ਨੂੰ ਚਲਾਉਣ ਤੋਂ ਉਸ ਨੂੰ ਡਰ ਜਿਹਾ ਲੱਗਦਾ ਸੀ ਕਿ ਕਿਤੇ ਕੋਈ ਚੀਜ ਖਰਾਬ ਨਾ ਹੋ ਜਾਵੇ। ਉਸ ਨੂੰ ਤਾਂ ਪਿੰਡ ਹੀ ਚੰਗਾ ਲੱਗਦਾ ਸੀ ਜੋ ਉਸ ਨੂੰ ਆਪਣਾ ਲੱਗਦਾ ਸੀ ਹਰ ਕੋਈ ਸਕਿਆਂ ਵਰਗਾ। ਹਰ ਚੀਜ ਬੰਬੀ ਦੀ ਤਰਾਂ ਖੁੱਲਮ-ਖੁੱਲ਼ੀ ਸੀ ਏਥੋਂ ਤੱਕ ਕਿ ਹਵਾ ਤੇ ਚੱਲਣ ਵਾਲੇ ਸਾਹ ਤੇ ਲੋਕਾਂ ਦੇ ਹਾਸੇ-ਦੋਸਤੀਆਂ। ਸ਼ਾਮ ਨੂੰ ਨੂੰਹ-ਪੁੱਤਰ ਆਉਂਦੇ ਤਾਂ ਉਹ ਕੰਮ ਤੋਂ ਥੱਕੇ ਆਉਂਦੇ ਤੇ ਖਾਣਾ ਖਾ ਕੇ ਸੌਂ ਜਾਂਦੇ, ਉਸ ਦਾ ਵੀ ਉਨਾਂ ਨੂੰ ਪਰੇਸ਼ਾਨ ਕਰਨ ਨੂੰ ਦਿਲ ਨਹੀ ਕਰਦਾ ਸੀ। ਉਹ ਉਨਾਂ ਦਾ ਬੂਹਾ ਖੜਕਾਉਣ ਤੋਂ ਬਿਨਾਂ ਹੀ ਮੁੜ ਆਪਣੇ ਕਮਰੇ ਵਿਚ ਆ ਕੇ ਲੰਮੇ ਪੈ ਜਾਂਦਾ ਸੀ। ਨੂੰਹ ਦੁਪਹਿਰ ਨੂੰ ਆ ਕੇ ਆਪਣੇ ਕਮਰੇ ਵਿੱਚ ਪ੍ਰਿੰਸ ਨੂੰ ਲੈ ਕੇ ਚਲੇ ਜਾਂਦੀ ਸੀ। ਜੇ ਕੁਝ ਦੇਂਦੀ ਤਾਂ ਖਾ ਲੈਂਦਾ ਸੀ। ਔਰਤ ਹੋਣ ਕਰਕੇ ਤੇ ਉਪਰੋਂ ਵਿਦੇਸ਼ੀ ਸਭਿਆਚਾਰ ਦੀ ਹੋਣ ਕਾਰਨ ਉਸਦਾ ਨੂੰਹ ਨਾਲ ਜਿਆਂਦਾ ਖੁੱਲਣ ਨੂੰ ਵੀ ਦਿਲ ਨਹੀ ਸੀ ਕਰਦਾ। ਪੁੱਤ ਲੇਟ ਰਾਤ ਨੂੰ ਘਰ ਆਉਂਦਾ ਸੀ ਖਰਚੇ ਪੁਗਾਉਣ ਲਈ ਡਬਲ ਸ਼ਿਫਟਾਂ ਵਿੱਚ ਵੀ ਕੰਮ ਕਰਦਾ ਸੀ। ਉਹ ਦੋਵੇਂ ਤਾਂ ਕਦੇ ਕਦਾਈ ਸਵੇਰੇ ਫਤਹਿ ਬੁਲਾਉਣ ਲਈ ਹੀ ਇਕੱਠੇ ਹੁੰਦੇ ਸਨ। ਘਰ ਆ ਕੇ ਪੁੱਤ-ਨੂੰਹ ਪਾਸ ਉਸ ਕੋਲ ਬੈਠਣ ਦੀ ਵੇਹਲ ਨਹੀ ਹੁੰਦੀ ਸੀ ਤੇ ਸਵੇਰੇ ਉਹਨਾਂ ਨੂੰ ਕੰਮ ਤੇ ਭੱਜਣ ਦੀ ਕਾਹਲੀ ਹੁੰਦੀ ਸੀ। ਉਹ ਘਰ ਵਿਚ ਪਏ ਕਿਸੇ ਵਾਧੂ ਸਮਾਨ ਵਾਂਗਰ ਮਹਿਸੂਸ ਕਰ ਰਿਹਾ ਸੀ। ਜਿਸ ਦੀ ਕਿਸੇ ਨੂੰ ਕੋਈ ਜਰੂਰਤ ਜਾਂ ਚਾਹਤ ਨਹੀ ਸੀ। ਪੰਜਾਬ ਤੋਂ ਆਉਣ ਤੋਂ ਪਹਿਲਾਂ ਉਸ ਦੇ ਮਨ ਵਿੱਚ ਜੋ ਚਾਅ-ਮਲਾਰ ਸਨ ਉਹ ਸਭ ਦਿਲ ਦੇ ਕਿਸੇ ਪੁਰਾਣੇ ਸੰਦੂਕ ਨੁਮਾ ਕੋਨੇ ਵਿੱਚ ਦੱਬ ਕੇ ਰਹਿ ਗਏ ਸਨ।
ਅੱਜ ਐਤਵਾਰ ਦਾ ਦਿਨ ਸੀ ਨੂੰਹ-ਪੁੱਤ ਨੂੰ ਕੰਮ ਤੋਂ ਛੁੱਟੀ ਸੀ, ਉਹ ਸਵੇਰੇ ਕਾਫੀ ਦੇਰ ਤੱਕ ਉਨਾਂ ਦੀ ਉੱਠਣ ਦੀ ਉਡੀਕ ਕਰਦਾ ਰਿਹਾ ਕਿ ਸ਼ਾਇਦ ਉਹ ਆਉਣਗੇ ਪਰ ਦਿਨ ਕਾਫੀ ਚੜ ਚੁੱਕਾ ਸੀ ਤੇ ਉਹ ਆਪ ਹੀ ਉਹਨਾਂ ਦੇ ਕਮਰੇ ਵੱਲ਼ ਨੂੰ ਗਿਆ ਪਰ ਫੇਰ ਉਸਦੇ ਪੈਰ ਭੌਉਂਦੇ ਮੁੜ ਆਏ..ਉਸ ਸੋਚਿਆ ਕਿ ਛੱਡ ਮਨਾਂ ਕੰਮ ਤੋਂ ਵਿਚਾਰੇ ਕਾਫੀ ਥੱਕੇ ਹੋਣਗੇ, ਏਸ ਵੇਲੇ ਉਠਾਉਣਾ ਠੀਕ ਹੈ। ਕਾਫੀ ਦੇਰ ਉਡੀਕ ਤੋਂ ਬਾਅਦ ਉਹ ਘਰ ਤੋਂ ਸੈਰ ਕਰਨ ਨੂੰ ਨਿਕਲ ਪਿਆ ਤੇ ਨਾਲ ਬਿਸਕੁਟ ਦਾ ਪੈਕਟ ਤੇ ਪਾਣੀ ਦੀ ਬੋਤਲ ਲੈ ਤੁਰ ਪਿਆ। ਤੁਰਦਾ-ਤੁਰਦਾ ਕਾਫੀ ਅੱਗੇ ਆ ਗਿਆ। ਅੱਗੇ ਇੱਕ ਪਾਰਕ ਉਸਦੇ ਨਜਰੀਂ ਪਿਆ। ਪਾਰਕ ਵਿੱਚ ਕਾਫੀ ਚਹਿਲ-ਪਹਿਲ ਤੇ ਰੌਣਕ ਭਰਿਆ ਮਾਹੌਲ ਸੀ। ਉਸ ਦਾ ਉਦਾਸਿਆ ਤੇ ਕੁਮਲਾਇਆ ਚੇਹਰਾ ਅਚਾਨਕ ਖੁਸ਼ੀ ਨਾਲ ਭਰ ਗਿਆ। ਕਾਈ ਪਰਿਵਾਰ ਵੱਖ-ਵੱਖ ਗਰੁੱਪਾਂ ਵਿੱਚ ਬੈਠੇ ਸਨ। ਕਾਹਲੇ ਕਾਹਲੇ ਕਦਮਾਂ ਨਾਲ ਪਾਰਕ ਵਿਚ ਵੜ ਗਿਆ। ਅੱਜ ਐਤਵਾਰ ਦੀ ਛੁੱਟੀ ਹੋਣ ਕਾਰਨ ਪਾਰਕ ਵਿਚ ਬਹੁਤ ਸਾਰੇ ਗੋਰੇ ਲੋਕ, ਮਰਦ-ਤੀਵੀਆਂ, ਬਜੁਰਗ ਮਰਦ-ਔਰਤਾਂ, ਬੱਚੇ ਆਏ ਸਨ। ਪਰ ਪੰਜਾਬੀ ਨਾ-ਮਾਤਰ ਹੀ ਸਨ ਜੋ ਆਪਣੇ ਪਰਿਵਾਰਾਂ ਦੇ ਕੋਲ ਬੈਠੇ ਸਨ, ਇਹ ਦੇਖ ਕੇ ਉਹ ਫਿਰ ਉਦਾਸ ਹੋ ਗਿਆ। ਉਸ ਵਾਂਗ ਕੋਈ ਕੱਲਾ-ਕਾਰਾ ਨਹੀਂ ਸੀ ਸਿਰਫ ਉਹੀ ਸੀ ਇਸ ਚਹਿਲ-ਪਹਿਲ ਭਰੇ ਮਾਹੌਲ ਵਿੱਚ ਓਹ ਫੇਰ ਉਦਾਸ ਹੋ ਗਿਆ। ਫੇਰ ਉਹ ਪਾਰਕ ਦੇ ਦੂਜੇ ਪਾਸੇ ਇੱਕ ਖਾਲੀ ਪਏ ਬੈਂਚ ਤੇ ਜਾ ਬੈਠ ਗਿਆ ਤੇ ਨਾਲ ਲਿਆਂਦੇ ਸਲਿੰਗ-ਬੈਗ ਵਿਚ ਰੱਖੇ ਬਿਸਕੁਟ ਤੇ ਪਾਣੀ ਦੀ ਬੋਤਲ ਬਾਹਰ ਕੱਢ ਕੇ ਰੱਖ ਲਈ ਤੇ ਇੱਧਰ-ਉੱਧਰ ਧਿਆਨ ਮਾਰਿਆ ਕਿ ਸ਼ਾਇਦ ਕੋਈ ਉਸ ਨੂੰ ਕੋਈ ਆਪਣੇ ਮੁਲਕ ਦਾ ਪੰਜਾਬੀ ਬਾਸ਼ਿੰਦਾ ਮਿਲ ਜਾਵੇ ਜਿਸ ਕੋਲ ਉਹ ਘੜੀ ਪਲ ਬੈਠ ਸਕੇ ਤੇ ਦਿਲ ਦਿਆਂ ਸਾਂਝੀਆਂ ਕਰ ਸਕੇ।
ਅਚਾਨਕ ਥੋੜੀ ਦੂਰ ਲੋਕਾਂ ਦੇ ਇਕੱਠ ਦੇ ਓਹਲੇ ਪਾਰਕ ਦੀ ਦੂਜੀ ਹਟਵੀਂ ਜਿਹੀ ਨੁੱਕਰ ਵਿੱਚ ਘਾਹ ਤੇ ਬੈਠੀ ਇੱਕ ਔਰਤ ਦਿਸੀ ਜਿਸ ਦੇ ਕੋਲ ਇੱਕ ਛੋਟੀ ਜਿਹੀ ਬੱਚੀ ਖੇਡ ਰਹੀ ਸੀ ਜੋ ਉਸਦੀ ਹਮ-ਉਮਰ ਹੀ ਸੀ। ਭਾਵੇਂ ਥੋੜੇ ਪੱਛਮੀ ਪਹਿਰਾਵੇ ਕਾਰਨ ਉਹ ਔਰਤ ਆਪਣੀ ਉਮਰ ਤੋਂ ਥੋੜੀ ਜਵਾਨ ਲੱਗਦੀ ਸੀ। ਉਹ ਹੌਲੀ-ਹੌਲੀ ਥੋੜੀ ਆਸ ਨਾਲ ਉਸ ਔਰਤ ਦੇ ਨਜਦੀਕ ਕਦੋਂ ਪਹੁੰਚ ਗਿਆ ਪਤਾ ਹੀ ਨਾ ਲੱਗਾ। ਉਹ ਪਹਿਲਾਂ ਤਾਂ ਝੱਕਿਆ ਕਿ ਉਹ ਉਸ ਨਾਲ ਕੀ ਗੱਲ ਕਰੇਗਾ ? ਅੱਗੋਂ ਉਹ ਕੀ ਸੋਚੇਗੀ ? ਅਜੇ ਉਹ ਏਸੇ ਸਵਾਲਾਂ ਜਵਾਬਾਂ ਦੇ ਘੇਰੇ ਵਿਚ ਗੋਤੇ ਖਾ ਹੀ ਰਿਹਾ ਸੀ ਕਿ ਉਹ ਔਰਤ ਖੁਦ ਬੋਲ ਪਈ "ਸਤਿ ਸ੍ਰੀ ਅਕਾਲ ਜੀ।" ਉਸਦਾ ਚੇਹਰਾ ਖਿੜ ਉੱਠਿਆ। ਉਹ ਖੁਸ਼ੀ-ਖੁਸ਼ੀ ਬੋਲਿਆ, "ਸਾ..ਸਾ.. ਸਾਸਰੀ ਕਾਲ ਜੀ, ਸਾਸਰੀ ਕਾਲ ਜੀ"। ਅੰਦਰੋਂ-ਅੰਦਰੀਂ ਉਸ ਦਾ ਮਨ ਖੁਸ਼ ਹੋ ਰਿਹਾ ਸੀ ਕਿ ਚਲੋ ਕੋਈ ਤਾਂ ਪੰਜਾਬੀ ਬੋਲਦਾ ਮਿਲਿਆ-ਸੁਣਿਆ ਏਸ ਅਣਜਾਣੇ ਮੁਲਕ ਵਿੱਚ। ਉਸ ਨੂੰ ਕਾਫੀ ਸਕੂਨ ਮਿਲਿਆ। ਫੇਰ ਹੋਰ ਹੌਸਲਾ ਜਿਹਾ ਕਰਦਿਆਂ ਉਹ ਬੇਝਿਜਕ ਬੋਲਿਆ, "ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਇਥੇ ਬੈਠ ਜਾਵਾਂ ਜੀ?, ਮੈਂ ਪਾਰਕ ਵਿਚ ਬੜੀ ਦੇਰ ਤੋਂ ਇਧਰ-ਉਧਰ ਦੇਖ ਰਿਹਾ ਸੀ ਪਰ ਮੈਨੂੰ ਆਪਣਾ ਕੋਈ ਦਿਸ ਨਹੀ ਰਿਹਾ ਸੀ, ਸੋ ਮੈਂ ਤੁਹਾਡੇ ਕੋਲ ਆ ਗਿਆ।" ਉਹ ਬੋਲੀ, "ਹਾਂਜੀ ਹਾਂਜੀ..ਬੈਠੋ..ਬੈਠੋ ਜੀ।" ਉਹ ਬੜਾ ਖੁਸ਼ ਹੋਇਆ ਤੇ ਬੈਠਦਿਆਂ-ਬੈਠਦਿਆਂ ਹੀ ਕਿੰਨੇ ਸਵਾਲ ਕੱਢ ਮਾਰੇ, "ਏਹ ਬੱਚੀ ਬੜੀ ਪਿਆਰੀ ਹੈ, ਪੋਤੀ ਹੈ ਤੁਹਾਡੀ?, ਤੁਸੀ ਕਿੱਥੋਂ ਹੋ ? ਕੀ ਪੰਜਾਬੋਂ ਤੋਂ ਹੋ?," ਉਸਨੇ ਉਤਰ ਦਿੱਤਾ, "ਏਹ ਮੇਰੀ ਦੋਹਤੀ ਹੈ, ਰਾਬੀਆ, ਮੈਨੂੰ ਮਸਾਂ ਪੰਜ ਦਿਨ ਹੀ ਹੋਏ ਨੇ ਏਥੇ ਆਇਆਂ ਨੂੰ, ਅਸੀਂ ਜਲੰਧਰ ਤੋਂ ਹਾਂ।" ਕੁਝ ਦੇਰ ਚੁੱਪ ਰਹਿਣ ਤੋਂ ਬਾਦ ਉਹ ਫੇਰ ਧੀਮੀ ਜਿਹੀ ਆਵਾਜ ਵਿੱਚ ਬੋਲੀ , "ਬੇਟਾ ਮੇਰਾ ਪੰਜ ਸਾਲ ਪਹਿਲਾਂ ਏਧਰ ਸਟੱਡੀ ਬੇਸ ਤੇ ਆਇਆ ਸੀ, ਫੇਰ ਏਧਰ ਹੀ ਉਸ ਨੇ ਵਿਆਹ ਕਰ ਲਿਆ ਤੇ ਏਧਰ ਦਾ ਹੀ ਹੋ ਕੇ ਰਹਿ ਗਿਆ। "ਉਸ ਹੋਰ ਅੱਗੇ ਪੁੱਛਣਾ ਸ਼ੁਰੂ ਕੀਤਾ, "ਫੇਰ ਕਿਵੇਂ ਦਾ ਲੱਗਿਆ ਏਧਰ ਆ ਕੇ, ਪੁੱਤ-ਨੂੰਹ ਕੋਲ?" ਉਹ ਥੋੜੀ ਉਦਾਸ ਜਿਹੇ ਲਹਿਜੇ ਵਿੱਚ ਬੋਲੀ, "ਲੱਗਣਾ ਕਾਹਦਾ, ਨੂੰਹ-ਪੁੱਤ ਨੂੰ ਦੋਹਤੀ ਨੂੰ ਮਿਲ ਕੇ ਖੁਸ਼ ਹੋ ਜਾਣੀ ਹਾਂ, ਪਰ ਜਦੋਂ ਉਹ ਕੰਮ-ਧੰਦੇ ਨੂੰ ਚਲੇ ਜਾਂਦੇ ਨੇ, ਫੇਰ ਮੈਂ ਇਕੱਲੀ ਰਹਿ ਜਾਣੀ ਹਾਂ ਤੇ ਬੋਰ ਹੋਣ ਲੱਗ ਜਾਂਦੀ ਹਾਂ ਤੇ ਕੁਝ ਦਿਨ ਤੋਂ ਪਾਰਕ ਵਿੱਚ ਆ ਰਹੀ ਹਾਂ ਪਰ ਇੱਥੇ ਵੀ ਕੋਈ ਆਪਣਾ ਦਿਸਦਾ ਨਹੀਂ ਸੋ ਇੱਥੇ ਵੀ ਉਹੋ ਬੋਰੀਅਤ ਤੇ ਕੱਲਾਪਣ ਸਤਾਉਣ ਲੱਗ ਜਾਂਦਾ ਹੈ, ਏਥੋਂ ਨਾਲੋਂ ਤਾਂ ਆਪਣਾ ਪਿੰਡ ਹੀ ਸਹੀ ਸੀ, ਪਤੀ ਦੇ ਸਵਰਗਵਾਸ ਤੋਂ ਬਾਦ ਤਾਂ ਬਸ ਪੁੱਤ ਹੀ ਕੋਲ ਸੀ, ਸਭ ਖੁਸ਼ੀਆਂ ਕੋਲ ਸਨ, ਹੁਣ ਤਾਂ ਪੁੱਤ ਵੀ ਕੋਲ ਨਹੀ ਤੇ ਖੁਸ਼ੀ ਵੀ ਨਹੀ, ਨੂੰਹ-ਪੱਤ ਕੰਮਾਂ-ਧੰਦਿਆਂ ਵਿੱਚ ਬਿਜੀ ਰਹਿੰਦੇ ਨੇ ਤੇ ਮੈਂ ਦੋਹਤੀ ਨੂੰ ਸੰਭਾਲਦੀਂ ਰਹਿੰਦੀ ਹਾਂ, ਮਨ ਪਿੱਛੇ ਪਿੰਡ ਵੱਲੇ ਭੱਜਿਆ ਰਹਿੰਦੈਂ ।" ਮੁਖਤਾਰ ਸਿੰਘ ਹੱਸ ਪਿਆ...(ਹਾ..ਹਾਹਾ)..। ਉਹ ਵੀ ਮੁਸਕਰਾਈ ਤੇ ਬੋਲੀ , "ਤੁਸੀਂ ਹੱਸੇ ਕਿਉਂ ?" ਮੁਖਤਾਰ ਸਿੰਘ ਬੋਲਿਆ, "ਹੱਸਿਆ, ਮੈਂ ਏਸ ਕਰਕੇ ਹਾਂ ਕਿ ਤੁਹਾਡਾ ਵੀ ਹਾਲ ਮੇਰੇ ਵਾਲਾ ਹੀ ਐ....ਮੈਂ ਵੀ ਏਹੋ ਜਿਏ ਹਾਲਾਤਾਂ ਵਿੱਚੋਂ ਲੰਘ ਰਿਹਾ ਹਾਂ।" ਹੁਣ ਦੋਵੇਂ ਉੱਚੀ-ਉੱਚੀ ਹੱਸਦੇ ਨੇ.." ..ਹਾਹਾ..।" ਉਸ ਔਰਤ ਨੇ ਘਰੋਂ ਲਿਆਂਦੀ ਚਾਹ ਦੀ ਥਰਮੋਸ ਅੱਗੇ ਵਧਾਈ ਤੇ ਮੁਖਤਾਰ ਸਿੰਘ ਨੇ ਬਿਸਕੁਟਾਂ ਦਾ ਪੈਕਟ ਅੱਗੇ ਵਧਾਇਆ। ਦੋਵੇਂ ਰਲ ਚਾਈਂ-ਚਾਈ ਚਾਹ ਪੀਤੀ ਤੇ ਬਿਸਕੁਟ ਖਾਦੇ। ਲੰਮਾ ਸਮਾਂ ਦੁੱਖ ਸੁੱਖ ਦੀਆਂ ਗੱਲਾਂ ਕਰਦੇ ਨੇ। ਦੋਵਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਸ਼ਾਮ ਤੋਂ ਬਾਦ ਹਨੇਰਾ ਪਸਰਨਾ ਸ਼ੁਰੂ ਹੋ ਗਿਆ। ਦੋਵਾਂ ਨੂੰ ਇੱਕ ਦੂਜੇ ਦਾ ਸਾਥ ਬੜਾ ਚੰਗਾ ਲੱਗਾ। ਅਗਲੇ ਦਿਨ ਫੇਰ ਸ਼ਾਮ ਨੂੰ ਮਿਲਣ ਦਾ ਤੈਅ ਕਰਕੇ ਉਹ ਚਲੇ ਜਾਂਦੇ ਨੇ।
ਮੁਖਤਾਰ ਸਿੰਘ ਅੱਜ ਬੜਾ ਖੁਸ਼ ਸੀ ਜਿਵੇਂ ਸਿਰੋਂ ਕੋਈ ਵੱਡਾ ਭਾਰ ਲੱਥ ਗਿਆ ਹੋਵੇ। ਇਨਸਾਨੀ ਹਮਦਰਦੀ ਦੀ ਸਾਂਝ ਕਿੰਨਾ ਸਕੂਨ ਤੇ ਸ਼ਾਂਤੀ ਦਿੰਦੀ ਹੈ ਇਹ ਉਸਦੇ ਚੇਹਰੇ ਦੀ ਖੁਸ਼ੀ ਤੋਂ ਸਾਫ ਝਲਕ ਰਹੀ ਸੀ। ਉਹ ਖੁਸ਼ੀ-ਖੁਸ਼ੀ ਕਦਮ ਪੁੱਟਦਾ ਵਾਪਸ ਘਰ ਨੂੰ ਤੁਰ ਪੈਂਦਾ ਹੈ। ਘਰ ਨੂੰ ਵਾਪਸ ਜਾਂਦਿਆਂ ਉਸ ਨੂੰ ਲੰਮਾ ਪੈਂਡਾ ਵੀ ਬੜਾ ਛੋਟਾ ਲੱਗਾ। ਘਰ ਆ ਕੇ ਕੀ ਵੇਖਦਾ ਹੈ ਕਿ ਉਸਦੇ ਨੂੰਹ-ਪੁੱਤ ਬੜੀ ਹੈਰਾਨੀ ਤੇ ਪਰੇਸ਼ਾਨੀ ਭਰੇ ਭਾਵਾਂ ਨਾਲ ਘਰ ਦੇ ਗੇਟ ਤੇ ਖੜੇ ਉਡੀਕ ਰਹੇ ਸਨ।" ਡੈਡੀ ਜੀ, ਤੁਸੀਂ ਕਿੱਥੇ ਚਲੇ ਗਏ ਸੀ ? ਤੁਹਾਨੂੰ ਪਤਾ ਹੈ ਅਸੀਂ ਕਿੰਨੇ ਪਰੇਸ਼ਾਨ ਸੀ ? ਤੁਹਾਨੂੰ ਘਰ ਵਿੱਚ ਨਾ ਲੱਭ ਕੇ।" ਉਸ ਨੇ ਕੋਲ ਖੜੇ ਪੋਤੇ ਨੂੰ ਚੁੱਕਿਆ, ਘੁੱਟ ਕੇ ਗਲੇ ਲਾ ਕੇ ਬੜੇ ਆਤਮ ਵਿਸ਼ਵਾਸ਼ ਨਾਲ ਬੋਲਿਆ, "ਮੈਨੂੰ ਕੋਈ ਆਪਣਾ ਮਿਲ ਗਿਆ ਸੀ।" ਉਹ ਪੋਤੇ ਨਾਲ ਲਾਡ ਲਡਾਉਂਦਾ ਸਿੱਧਾ ਘਰ ਦੇ ਅੰਦਰ ਚਲਾ ਗਿਆ ਤੇ ਉਸਦੇ ਨੂੰਹ-ਪੁੱਤ ਪਰਾਇਆਂ ਵਾਂਗ ਬੁੱਤ-ਬਣੀ ਖੜੇ ਕਦੇ ਇੱਕ-ਦੂਜੇ ਵੱਲ ਤੇ ਕਦੇ ਮੁਖਤਾਰ ਸਿੰਘ ਨੂੰ ਜਾਂਦਿਆਂ ਵੇਖੀ ਜਾ ਰਹੇ ਸਨ।
-ਗੁਰਬਾਜ ਸਿੰਘ, ਜਿਲਾ ਤਰਨ ਤਾਰਨ।
ਮੋਬ.ਨੰ. 98723-34944