ਸਮਿਆਂ ਨੂੰ ਸਮੇਂ ਦੇ ਹਾਣ ਦੀ ਲੋੜ - ਸ਼ਾਮ ਸਿੰਘ ਅੰਗ-ਸੰਗ

ਸਮਿਆਂ ਨੂੰ ਸਮਝਣਾ ਜ਼ਰੂਰੀ ਹੈ, ਕਿਉਂਕਿ ਨਾ ਸਮਝਣ ਵਿੱਚ ਸਿਆਣਪ ਨਹੀਂ। ਸਮੇਂ ਨੂੰ ਸਮਝੇ ਬਗ਼ੈਰ ਤੁਰੀ ਜਾਣਾ ਇੰਜ ਹੀ ਹੁੰਦਾ ਹੈ, ਜਿਵੇਂ ਸਿਫ਼ਰ ਦੀ ਪਰਿਕਰਮਾ ਕੀਤੀ ਜਾ ਰਹੀ ਹੋਵੇ। ਜਿਹੜਾ ਆਪਣੇ ਆਪ ਤੋਂ ਉੱਪਰ ਉੱਠ ਕੇ ਸਮੇਂ ਨੂੰ ਜਾਣੇ, ਪੜ੍ਹੇ ਅਤੇ ਸਮਝੇ, ਉਹ ਹਰ ਸੂਰਤ ਜਤਨ ਕਰੇਗਾ ਕਿ ਸਮੇਂ ਦੇ ਨਾਲ ਬਰ ਮੇਚ ਕੇ ਤੁਰ ਸਕੇ। ਇਹ ਗੱਲ ਹਰੇਕ ਮਨੁੱਖ 'ਤੇ ਵੀ ਲਾਗੂ ਹੁੰਦੀ ਹੈ, ਵੱਖ-ਵੱਖ ਵਰਗਾਂ 'ਤੇ ਵੀ, ਨੇਤਾਵਾਂ, ਹਾਕਮਾਂ 'ਤੇ ਵੀ ਅਤੇ ਸਮੁੱਚੇ ਦੇਸ਼ 'ਤੇ ਵੀ। ਅਜਿਹਾ ਹੋਣ ਨਾਲ ਹੀ ਅੱਗੇ ਵੀ ਵਧਿਆ ਜਾ ਸਕਦਾ ਹੈ ਅਤੇ ਸਿਖ਼ਰਾਂ ਨੂੰ ਵੀ ਛੋਹਿਆ ਜਾ ਸਕਦਾ ਹੈ।
      ਜਿਹੜੇ ਸਮੇਂ ਦੇ ਹਾਣ ਦੇ ਹੋਣ ਦਾ ਜਤਨ ਨਹੀਂ ਕਰਦੇ, ਉਹ ਦੂਜਿਆਂ ਦੇ ਬਰਾਬਰ ਨਹੀਂ ਹੋ ਸਕਦੇ। ਪਿੱਛੇ ਰਹਿ ਜਾਣ ਦਾ ਹੇਰਵਾ ਦੁਖੀ ਕਰਦਾ ਹੈ ਅਤੇ ਚਿੰਤਾ-ਮੁਕਤ ਵੀ ਨਹੀਂ ਹੋਣ ਦਿੰਦਾ। ਇਹ ਅਜਿਹਾ ਰੋਗ ਹੈ, ਜੋ ਉਮਰ ਭਰ ਪਿੱਛਾ ਨਹੀਂ ਛੱਡਦਾ। ਝੋਰਿਆਂ ਵਿੱਚ ਜ਼ਿੰਦਗੀ ਲੰਘੀ ਜਾਣ ਨਾਲ ਕੰਮ ਸਿਰੇ ਨਹੀਂ ਚੜ੍ਹਦੇ ਅਤੇ ਪ੍ਰਾਪਤੀਆਂ ਵੀ ਨਹੀਂ ਹੁੰਦੀਆਂ। ਦੂਜਿਆਂ ਦੀਆਂ ਪ੍ਰਾਪਤੀਆਂ ਵੀ ਚੰਗੀਆਂ ਨਹੀਂ ਲੱਗਦੀਆਂ। ਉਹ ਪ੍ਰੇਰਨਾ ਬਣਨ ਦੀ ਬਜਾਏ ਈਰਖਾ ਦਾ ਕਾਰਨ ਵੀ ਬਣਦੀਆਂ ਹਨ ਅਤੇ ਮਾਨਸਿਕ ਤੌਰ 'ਤੇ ਸੜਨ ਦਾ ਵੀ। ਇਹ ਪਿੱਛਲ ਪੈਰ ਦਾ ਸਫ਼ਰ ਹੈ, ਅੱਗੇ ਵਧਣ ਦਾ ਨਹੀਂ।
      ਲੋਕਤੰਤਰ ਵਿੱਚ ਜਿਹੜਾ ਚੁਣਿਆ ਗਿਆ, ਉਹ ਹੀ ਹੁਕਮਰਾਨ ਬਣ ਗਿਆ। ਉਹ ਦਸ ਜਮਾਤਾਂ ਤੱਕ ਪੜ੍ਹਿਆ ਹੋਵੇ ਜਾਂ ਬਾਰਾਂ ਜਮਾਤਾਂ  ਤੱਕ, ਉਹ ਰਾਜ-ਭਾਗ ਵਿੱਚ ਭਾਈਵਾਲ ਬਣ ਕੇ ਸਿੱਖਿਆ ਮੰਤਰੀ ਵੀ ਬਣ ਸਕਦਾ ਹੈ ਅਤੇ ਮੁੱਖ ਮੰਤਰੀ ਵੀ। ਉਸ 'ਤੇ ਕਿਸੇ ਕਿਸਮ ਦੀ ਪਾਬੰਦੀ ਨਹੀਂ ਹੁੰਦੀ। ਜੇ ਇਸ ਗੱਲ ਨੂੰ ਸਮੇਂ ਦੀ ਸਾਣ ਉੱਤੇ ਪਰਖੀਏ ਤਾਂ ਇਹ ਦਰੁੱਸਤ ਨਹੀਂ ਮੰਨੀ ਜਾ ਸਕਦੀ। ਬਾਰਾਂ-ਬਾਰਾਂ ਪੜ੍ਹੇ ਮੰਤਰੀਆਂ ਹੇਠ ਕਾਲਜ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੰਮ ਕਰਨਾ ਪੈਂਦਾ ਹੈ, ਜੋ ਕੁਦਰਤੀ ਨਿਆਂ ਵੀ ਨਹੀਂ, ਕਿਸੇ ਤਰ੍ਹਾਂ ਸਹੀ ਵੀ ਨਹੀਂ। ਨੀਤ ਉਹਦੇ ਕੋਲ ਹੋਵੇ ਨਾ ਹੋਵੇ ਪਰ ਨੀਤੀ ਬਨਾਉਣ ਜਾਂ ਉਸ ਨੂੰ ਲਾਗੂ ਕਰਵਾਉਣ ਜੋਗਾ ਉਹ ਬਿਲਕੁੱਲ ਨਹੀਂ ਹੁੰਦਾ। ਕਿਉਂਕਿ ਉਹਦੇ ਕੋਲ ਉਹ ਸੂਝ ਨਹੀਂ ਹੁੰਦੀ।
    ਜੇ ਹੁਕਮਰਾਨਾਂ ਕੋਲ ਸਮੇਂ ਮੁਤਾਬਕ ਬੁੱਧੀ ਨਾ ਹੋਵੇ, ਜਾਣਕਾਰੀ ਨਾ ਹੋਵੇ ਅਤੇ ਚੇਤਨਾ ਨਾ ਹੋਵੇ ਤਾਂ ਉਹ ਫਜ਼ੂਲ ਪਾਬੰਦੀਆਂ ਲਾਉਣ ਦਾ ਵਤੀਰਾ ਵੀ ਧਾਰਨ ਕਰਨਗੇ ਅਤੇ ਤਾਨਾਸ਼ਾਹੀ ਵਾਲਾ ਰਵੱਈਆ ਵੀ। ਉਹ ਲੋਕਾਂ ਦੇ ਖਾਣ-ਪੀਣ 'ਤੇ ਵੀ ਪਾਬੰਦੀਆਂ ਦਾ ਹੋਕਾ ਦੇਣ ਵਿੱਚ ਕੋਈ ਹਰਜ ਨਹੀਂ ਸਮਝਦੇ। ਅਜਿਹਾ ਹੋਕਾ ਸਮੇਂ ਦੇ ਹਾਣ ਦਾ ਨਹੀਂ ਹੁੰਦਾ। ਇਸ ਕਿਸਮ ਦਾ ਹੋਕਾ ਬੇਸਮਝੀ ਦਾ ਰਾਗ ਹੈ, ਜਿਸ ਦਾ ਅਲਾਪ ਕਰਨ ਤੋਂ ਉਹ ਗੁਰੇਜ਼ ਨਹੀਂ ਕਰਦੇ।
      ਚੋਣ ਵੇਲੇ ਵੋਟਾਂ ਹਾਸਲ ਕਰਨ ਲਈ ਵਾਅਦੇ ਕਰਨੇ ਅਤੇ ਜਿੱਤਣ ਬਾਅਦ ਪੂਰੇ ਨਾ ਕਰਨੇ ਗ਼ਲਤ ਹੈ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਹ ਗੱਲ ਲੋਕਾਂ ਦੀਆਂ ਇੱਛਾਵਾਂ ਦੇ ਹਾਣ ਦੀ ਨਾ ਹੋਣ ਕਰ ਕੇ ਸਮੇਂ ਦੇ ਹਾਣ ਦੀ ਨਹੀਂ। ਸ਼ਾਇਦ ਅਜਿਹਾ ਕਰ ਕੇ ਹੁਕਮਰਾਨ ਆਪਣੇ ਆਪ ਨੂੰ ਸਿਆਣੇ ਅਤੇ ਚਲਾਕ ਸਮਝਦੇ ਹੋਣ, ਪਰ ਲੋਕਾਂ ਤੋਂ ਕੁਝ ਵੀ ਛੁਪਿਆ ਨਹੀਂ ਹੁੰਦਾ। ਇਸ ਕਾਰਨ ਉਨ੍ਹਾਂ ਦੀ ਚਤੁਰਾਈ ਚੱਲਦੀ ਨਹੀਂ ਅਤੇ ਲੋਕਾਂ ਦੇ ਦਿਲਾਂ ਵਿੱਚ ਟਿਕੇ ਨਹੀਂ ਰਹਿੰਦੇ। ਇਹ ਬਹੁਤ ਘਾਟੇ ਵਾਲੀ ਗੱਲ ਹੈ, ਕੋਈ ਹਾਸਲ ਨਹੀਂ। ਕੀ ਹੁਕਮਰਾਨ ਇਹ ਗੱਲ ਸਮਝਣਗੇ?
      ਯੂਨੀਵਰਸਿਟੀਆਂ, ਕਾਲਜਾਂ ਵਿੱਚ ਵਿਦਿਆਰਥੀ ਜਥੇਬੰਦੀਆਂ ਦੀਆਂ ਚੋਣਾਂ ਨਾ ਕਰਵਾਉਣਾ ਤਾਨਾਸ਼ਾਹੀ ਤੋਂ ਘੱਟ ਕੁਝ ਨਹੀਂ। ਲਿੰਗ ਦੇ ਆਧਾਰ 'ਤੇ ਹੋਸਟਲਾਂ ਤੋਂ ਅੰਦਰ-ਬਾਹਰ ਜਾਣ ਦੇ ਘੱਟ-ਵੱਧ ਸਮੇਂ ਨਿਸਚਿਤ ਕਰਨੇ ਵੀ ਵਿਦਿਆਰਥੀ ਮਨਾਂ ਨੂੰ ਨਾ ਸਮਝਣਾ ਹੀ ਕਿਹਾ ਜਾ ਸਕਦਾ ਹੈ। ਅਜਿਹਾ ਫ਼ਰਕ ਅੱਜ ਕੱਲ੍ਹ ਦੇ ਸਮੇਂ ਦੇ ਹਾਣ ਦਾ ਨਹੀਂ, ਪਰ ਪੜ੍ਹੇ-ਲਿਖੇ ਉੱਪ-ਕੁੱਲਪਤੀ ਅਤੇ ਅਧਿਆਪਕ ਵਰਗ ਇਸ ਕੁਝ ਨੂੰ ਕਿਉਂ ਨਹੀਂ ਸਮਝਦੇ? ਬਾਹਰ ਜੇ ਮਾਹੌਲ ਜ਼ਾਲਮਾਨਾ ਹੋਵੇ ਤਾਂ ਟੱਬਰ ਨੂੰ ਅੰਦਰ ਤਾੜ ਦੇਣਾ ਕੋਈ ਅਕਲਮੰਦੀ ਨਹੀਂ ਉਸ ਮਾੜੇ ਮਾਹੌਲ ਦੇ ਖਿਲਾਫ ਸਾਂਝਾ ਸੰਘਰਸ਼ ਲੜ ਕੇ ਮਾਹੌਲ ਠੀਕ ਕੀਤਾ ਜਾਣਾ ਚਾਹੀਦਾ ਹੈ।
     ਯੂਨੀਵਰਸਿਟੀਆਂ ਵਿੱਚ ਬੈਠੇ ਇਸ ਰੋਸ਼ਨ ਵਰਗ ਦੀ ਮਾਨਸਿਕਤਾ ਅਜੇ ਵੀ ਕਿਤੇ ਹਨੇਰੇ ਦਾ ਪਿੱਛਾ ਛੱਡਦੀ ਨਹੀਂ ਲੱਗਦੀ। ਜੇ ਰੋਸ਼ਨ ਵਰਗ ਦੀ ਚੇਤਨਾ ਹੀ ਹਨੇਰੇ ਵਿੱਚ ਲਿਪਟੀ ਹੋਈ ਹੈ ਤਾਂ ਆਮ ਜਨਤਾ ਦਾ ਹਾਲ ਭਲਾ ਕੀ ਹੋਵੇਗਾ? ਰੋਸ਼ਨ ਦਿਮਾਗ਼ ਵਾਲਿਆਂ ਨੂੰ ਸਮੇਂ ਦੇ ਹਾਣ ਦਾ ਹੋਣਾ ਚਾਹੀਦਾ ਹੈ, ਤਾਂ ਹੀ ਉਹ ਖ਼ੁਦ ਵੀ ਅੱਗੇ ਵਧ ਸਕਦੇ ਹਨ ਅਤੇ ਸਮਾਜ ਨੂੰ ਵੀ ਅੱਗੇ ਲਿਜਾ ਸਕਣਗੇ। ਜੇ ਉਨ੍ਹਾਂ ਵਿੱਚ ਜਾਗਰਤ ਸੰਭਾਵਨਾ ਪੈਦਾ ਨਹੀਂ ਹੁੰਦੀ ਤਾਂ ਇਹੀ ਗੱਲ ਹੋਵੇਗੀ ਕਿ ਉਹ ਸਮੇਂ ਦੇ ਹਾਣ ਦੇ ਨਹੀਂ।
       ਜੇ ਬੰਦਾ ਅੱਪਡੇਟ ਨਹੀਂ ਹੁੰਦਾ ਤਾ ਸਮਾਜ ਵੀ ਅੱਪਡੇਟ ਨਹੀਂ ਹੋਵੇਗਾ।  ਅੱਪਡੇਟ ਨਾ ਹੋਣ ਦਾ ਅਰਥ ਹੈ ਦੁਨੀਆ ਤੋਂ ਪਿੱਛੇ ਹੀ ਰਹਿ ਜਾਣਾ। ਇਹ ਪਿੱਛੇ ਰਹਿ ਜਾਣ ਦੀ ਮਾਨਸਿਕਤਾ ਨਿੱਤ ਬਦਲਦੇ ਸਮਿਆਂ ਨੂੰ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ ਹੋ ਸਕਦੀ। ਸਮਿਆਂ ਨੂੰ ਲੋੜ ਹੈ ਕਿ ਸਮੇਂ ਦੇ ਹਾਣ ਦਾ ਹੋਇਆ ਜਾਵੇ, ਤਾਂ ਜੁ ਬਰ ਮੇਚ ਕੇ ਚੱਲਣ ਵਿੱਚ ਕੋਈ ਹਿਚਕਚਾਹਟ ਨਾ ਹੋਵੇ, ਨਿਰਾਸਤਾ ਅਤੇ ਮਾਯੂਸੀ ਨਾ ਹੋਵੇ।
       ਸਮੇਂ ਦੇ ਨਾਲ ਚੱਲਦੇ ਲੋਕ ਨਵੀਂਆਂ ਸੋਚਾਂ ਅਤੇ ਨਵੀਂਆਂ ਕਲਪਨਾਵਾਂ ਨਾਲ ਅਜਿਹੀਆਂ ਕਾਢਾਂ ਕੱਢ ਲੈਂਦੇ ਹਨ, ਜਿਨ੍ਹਾਂ ਨਾਲ ਵਕਤ ਵੀ ਹੈਰਾਨ ਹੋਏ ਬਗ਼ੈਰ ਨਹੀਂ ਰਹਿੰਦਾ। ਜਿਹੜੇ ਅਜਿਹੀਆਂ ਕਾਢਾਂ ਦੀ ਵਰਤੋਂ ਕਰਦੇ ਹਨ, ਉਹ ਵਕਤ ਦੇ ਨਾਲ ਤੁਰਦੇ ਹੋਏ ਵਿਕਸਤ ਹੋਈਆਂ ਚੀਜ਼ਾਂ ਤੋਂ ਪਿੱਛੇ ਨਹੀਂ ਰਹਿੰਦੇ। ਪਿਛਲੇ ਥੋੜ੍ਹੇ ਸਮੇਂ ਵਿੱਚ ਏਨੀਆਂ ਕਾਢਾਂ ਸਾਹਮਣੇ ਆਈਆਂ,
ਜਿਨ੍ਹਾਂ ਨੇ ਮਨੁੱਖ ਨੂੰ ਸੁਖਾਲਿਆਂ ਕਰ ਕੇ ਰੱਖ ਦਿੱਤਾ। ਰਫ਼ਤਾਰ ਵਧ ਗਈ, ਆਵਾਜਾਈ ਦੇ ਸਾਧਨਾਂ ਨੇ ਕਮਾਲ ਕਰ ਕੇ ਵਿਖਾ ਦਿੱਤੀ। ਬਹੁਤ ਕੁਝ ਨੇ ਇਹ ਸਾਬਤ ਕਰ ਦਿੱਤਾ ਕਿ ਨਵੀਂਆਂ ਕਾਢਾਂ ਨੇ ਸਮੇਂ ਦੀ ਸਹੀ ਵਰਤੋਂ ਵੀ ਸਿਖਾਈ ਅਤੇ ਬੱਚਤ ਵੀ।
      ਜ਼ਰੂਰੀ ਹੈ ਕਿ ਹਰ ਮੁਲਕ ਦੇ ਹੁਕਮਰਾਨ ਸਮੇਂ ਦੇ ਹਾਣ ਦੇ ਹੋਣ, ਤਾਂ ਜੁ ਲੋਕਾਂ ਨੂੰ ਅੱਗੇ ਲਿਜਾ ਸਕਣ। ਗੱਡੇ ਦੀ ਆਪਣੀ ਭੂਮਿਕਾ ਸੀ, ਪਰ ਹੁਣ ਹੋਰ ਏਨੇ ਤੇਜ਼ ਵਾਹਨ ਮੈਦਾਨ ਵਿੱਚ ਆ ਗਏ ਕਿ ਗੱਡੇ ਦੀ ਅਹਿਮ ਭੂਮਿਕਾ ਨੂੰ ਕਿਤੇ ਪਿੱਛੇ ਛੱਡ ਗਏ। ਹੁਕਮਰਾਨ ਅਤੇ ਵਿਦਵਾਨ ਸਮੇਂ ਦੇ ਹਾਣ ਦੇ ਨਹੀਂ ਹੋਣਗੇ ਤਾਂ ਸਮਾਜ ਸਿਖ਼ਰਾਂ ਵੱਲ ਨਹੀਂ ਵਧ ਸਕਦਾ। ਸਾਰੇ ਸਮੇਂ ਦੇ ਹਾਣ ਦੇ ਹੋਣ, ਤਾਂ ਹੀ ਬਿਹਤਰ ਹੋਵੇਗਾ।


ਝੂਠੀ ਕਥਾ, ਫਿੱਕੇ ਬੋਲ


ਕਈ ਵਾਰ ਜਦੋਂ ਪੈਰਾਂ ਹੇਠੋਂ ਮਿੱਟੀ ਖਿਸਕ ਜਾਵੇ ਅਤੇ ਸਮਾਜ ਵਿੱਚ ਪੁੱਛ-ਪ੍ਰਤੀਤ ਨਾ ਰਹੇ ਤਾਂ ਜਨਤਾ ਦੀ ਹਮਦਰਦੀ ਹਾਸਲ ਕਰਨ ਲਈ ਝੂਠੀ ਕਥਾ ਅਤੇ ਫਿੱਕੇ ਬੋਲਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦਾ ਮਨੋਰਥ ਪ੍ਰਭਾਵ ਸਿਰਜਣਾ ਹੁੰਦਾ ਹੈ, ਪਰ ਇਹ ਸਿਰਜ ਨਹੀਂ ਹੁੰਦਾ। ਲੋਕ ਹੁਣ ਪਹਿਲਾਂ ਵਰਗੇ ਕਮ-ਅਕਲ ਨਹੀਂ ਰਹੇ ਕਿ ਨੇਤਾਵਾਂ ਵੱਲੋਂ ਖ਼ੁਦ ਹੀ ਖ਼ੁਦ ਬਾਰੇ ਝੂਠੀਆਂ ਕਹਾਣੀਆਂ, ਫਿੱਕੇ ਬੋਲਾਂ ਦਾ ਅਸਰ ਕਬੂਲ ਲੈਣ।
       ਅਕਸਰ ਇਹ ਹੁੰਦਾ ਹੈ ਕਿ ਜਦੋਂ ਬਾਕੀ ਸਾਰੇ ਦਾਅ-ਪੇਚ ਅਸਫ਼ਲ ਹੋ ਜਾਣ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਫਲਾਣੇ ਨੇਤਾ ਨੂੰ ਫਲਾਣਿਆਂ ਨੇ ਪਾਰ ਬੁਲਾਉਣ ਦੀ ਸਕੀਮ ਬਣਾ ਲਈ। ਅਜਿਹੀਆਂ ਕਥਾਵਾਂ ਸੱਚ ਨਹੀਂ ਹੁੰਦੀਆਂ, ਸਗੋਂ ਬੜੀ ਚਤੁਰਾਈ ਨਾਲ ਘੜੀਆਂ ਜਾਂਦੀਆਂ ਹਨ ਅਤੇ ਮੀਡੀਆ ਵਿੱਚ ਛੱਡ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਕੁਝ ਅਸਰ ਹੋਣ ਦੀ ਉਮੀਦ ਵੀ ਹੁੰਦੀ ਹੈ, ਪਰ ਹੁੰਦਾ ਨਹੀਂ। ਅਜਿਹਾ ਕੁਝ ਹੀ ਅੱਜ ਵੀ ਹੋ ਰਿਹਾ ਹੈ, ਜੋ ਲੋਕਾਂ ਦੇ ਗਲੇ ਨਹੀਂ ਉੱਤਰਦਾ। ਅਜਿਹੇ ਕੁਝ ਨੂੰ ਲੋਕ ਝੂਠੀ ਕਥਾ ਵੀ ਮੰਨਦੇ ਹਨ ਅਤੇ ਫਿੱਕੇ ਬੋਲ ਵੀ।


ਲਤੀਫ਼ੇ ਦਾ ਚਿਹਰਾ-ਮੋਹਰਾ

ਲੜਕੀ  : ਹੋਸਟਲ ਦੇ ਗੇਟ 'ਤੇ ਮੈਨੂੰ ਮੇਰਾ ਮਿੱਤਰ ਮਿਲਣ ਆਇਆ ਹੈ, ਕੀ 15 ਮਿੰਟ ਲਈ ਮਿਲ ਆਵਾਂ?
ਵਾਰਡਨ ਮੈਡਮ : ਵੀ ਸੀ ਦੇ ਹੁਕਮ ਆਗਿਆ ਨਹੀਂ ਦਿੰਦੇ, ਮੇਰਾ ਵੀ ਮਿੱਤਰ ਆਇਆ ਸੀ, ਮੈਂ ਤਾਂ ਗਈ ਨਹੀਂ।
ਲੜਕੀ  : ਮੈਨੂੰ ਦੱਸੋ ਕਿ ਮੈਂ ਜਾਵਾਂ ਕਿ ਨਾ ਜਾਵਾਂ?
ਵਾਰਡਨ ਮੈਡਮ : 15 ਮਿੰਟ ਹੀ ਲਾਈਂ, ਮੇਰੇ ਵਾਲੇ ਨੂੰ ਮੋੜ ਦੇਵੀਂ।
ਲੜਕੀ  : ਮੈਡਮ ਧੰਨਵਾਦ, ਮੈਂ ਦੋਹਾਂ ਨੂੰ ਮਿਲ ਆਵਾਂਗੀ।

ਮੋਬਾਈਲ : 98141-13338

18 Oct. 2018