ਧਾਰਮਕ ਮੋਰਚੇ ਦਾ ਕਿਧਰੇ ਰਾਜਸੀਕਰਣ ਨਾ ਹੋ ਜਾਏ? - ਜਸਵੰਤ ਸਿੰਘ 'ਅਜੀਤ'

ਇਸ ਵਿੱਚ ਕੋਈ ਸ਼ਕ ਨਹੀਂ ਕਿ ਇਸ ਸਮੇਂ ਪੰਜਾਬ ਦੀਆਂ ਕਈ ਪੰਥਕ ਜੱਥੇਬੰਦੀਆਂ ਵਲੋਂ ਆਪਸੀ ਤਾਲਮੇਲ ਨਾਲ ਬਰਗਾੜੀ (ਪੰਜਾਬ) ਵਿੱਚ ਇਨਸਾਫ ਪ੍ਰਾਪਤੀ ਲਈ ਜੋ ਮੋਰਚਾ ਲਾਇਆ ਗਿਆ ਹੋਇਆ ਹੈ, ਉਹ ਸਮੁਚੇ ਰੂਪ ਵਿੱਚ ਹੀ ਨਿਰੋਲ ਅਜਿਹੇ ਧਾਰਮਕ ਮੁੱਦਿਆਂ ਪੁਰ ਅਧਾਰਤ ਹੈ, ਜਿਨ੍ਹਾਂ ਦਾ ਰਾਜਨੀਤੀ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ। ਹਰ ਕੋਈ ਜਾਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤ੍ਰੀ-ਕਾਲ ਦੌਰਾਨ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀਆਂ ਲਗਾਤਾਰ ਵਾਪਰਦੀਆਂ ਰਹੀਆਂ ਘਟਨਾਵਾਂ, ਜਿਨ੍ਹਾਂ ਲਈ ਦੋਸ਼ੀਆਂ ਦੇ ਪੁਲਸ ਦੀ ਪਹੁੰਚ ਤੋਂ ਬਾਹਰ ਰਹਿਣ ਦੇ ਹਾਲਾਤ ਦੇ ਚਲਦਿਆਂ ਉਨ੍ਹਾਂ ਨੂੰ ਪਕੜਨ ਅਤੇ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਵਲੋਂ ਸ਼ਾਂਤੀਪੂਰਣ ਰੋਸ ਧਰਨੇ ਦਿੱਤੇ ਜਾ ਰਹੇ ਸਨ, ਜਿਨ੍ਹਾਂ ਵਿੱਚ ਜੁੜੀਆਂ ਸਿੱਖ-ਸੰਗਤਾਂ ਵਲੋਂ ਕੇਵਲ ਨਾਮ ਸਿਮਰਨ ਹੀ ਕੀਤਾ ਜਾਂਦਾ ਸੀ। ਇਨ੍ਹਾਂ ਸ਼ਾਂਤੀਪੂਰਣ ਧਰਨਿਆਂ ਵਿੱਚ ਜੁੜੀਆਂ ਨਾਮ ਸਿਮਰਨ ਕਰ ਰਹੀਆਂ ਸਿਖ-ਸੰਗਤਾਂ ਪੁਰ ਪੰਜਾਬ ਪੁਲਸ ਵਲੋਂ ਬਿਨਾ ਕਿਸੇ ਭੜਕਾਹਟ ਅਤੇ ਬਿਨਾ ਕਿਸੇ ਤਰ੍ਹਾਂ ਦੀ ਚਿਤਾਵਨੀ ਦਿਤਿਆਂ ਗੋਲੀ ਚਲਾਈ ਗਈ, ਜਿਸਦੇ ਫਲਸਰੂਪ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ। ਇਨ੍ਹਾਂ ਹੀ ਘਟਨਾਵਾਂ ਲਈ ਦੋਸ਼ੀਆਂ ਨੂੰ ਪਕੜਨ ਅਤੇ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੰਥਕ ਜੱਥੇਬੰਦੀਆਂ ਵਲੋਂ ਇਹ (ਬਰਗਾੜੀ) ਮੋਰਚਾ ਲਾਇਆ ਗਿਆ ਹੋਇਆ ਹੈ। ਇਸ ਮੋਰਚੇ ਨਾਲ ਇਸ ਮੰਗ ਤੋਂ ਬਿਨਾ ਹੋਰ ਕਿਸੇ ਵੀ ਗਲ ਜਾਂ ਮੰਗ ਦਾ ਕੋਈ ਸੰਬੰਧ ਨਹੀਂ ਅਤੇ ਨਾ ਹੀ ਇਹ ਮੋਰਚਾ ਕਿਸੇ ਰਾਜਸੀ ਜੱਥੇਬੰਦੀ ਵਲੋਂ ਲਾਇਆ ਗਿਆ ਹੋਇਆ ਹੈ। ਇਸਲਈ ਇਸ ਮੋਰਚੇ ਦਾ ਉਦੇਸ਼ ਨਿਰੋਲ ਧਾਰਮਕ ਹੋਣ ਦੇ ਕਾਰਣ ਨਾ ਕੇਵਲ ਸਿੱਖ ਹੀ ਰਾਜਸੀ ਸੋਚ ਤੋਂ ਉਪਰ ਉਠ ਵੱਡੀ ਗਿਣਤੀ ਵਿੱਚ ਇਸ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ, ਸਗੋਂ ਇਨਸਾਫ-ਪਸੰਦ ਹਿੰਦੂ ਵੀ ਰਾਜਸੀ ਵਿਚਾਰਧਾਰਾ ਤੋਂ ਉਪਰ ਉਠ ਭਾਰੀ ਤਾਦਾਦ ਵਿੱਚ ਉਨ੍ਹਾਂ ਦੀ ਮੰਗ ਦੇ ਸਮਰਥਨ ਵਿੱਚ ਉਨ੍ਹਾ ਨਾਲ ਜੁੜਨ ਲਈ ਅੱਗੇ ਆ ਰਹੇ ਹਨ। ਇਸ ਮੋਰਚੇ ਦੀ ਲਗਾਤਾਰ ਵਧਦੀ ਜਾ ਰਹੀ ਹਰਮਨ-ਪਿਆਰਤਾ ਦੇ ਚਲਦਿਆਂ, ਜਿਸ-ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀਆਂ ਵਿਰੋਧੀ ਪਾਰਟੀਆਂ ਦੇ ਨੇਤਾ, ਆਪਣੀਆਂ ਰਾਜਸੀ ਰੋਟੀਆਂ ਸੇਂਕਣ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਵਿਰੁਧ ਅਪਾਨਣ 'ਕਿੜ' ਤੇ ਭੜਾਸ ਕਢਣ ਲਈ ਉਥੇ ਪੁਜਣ ਲਗੇ ਹਨ, ਉਸਤੋਂ ਇਉਂ ਜਾਪਣ ਲਗਾ ਹੈ ਜਿਵੇਂ ਉਹ ਇਸ ਮੋਰਚੇ ਦੇ ਸਹਾਰੇ ਆਪਣੀ ਸੱਤਾ ਲਾਲਸਾ ਪੂਰਿਆਂ ਕਰਨ ਵਿੱਚ ਸਫਲ ਹੋ ਸਕਦੇ ਹਨ। ਇਸ ਲਈ ਜੇ ਸਮਾਂ ਰਹਿੰਦਿਆਂ ਇਨ੍ਹਾਂ ਰਾਜਸੀ ਆਗੂਆਂ ਨੂੰ ਉਥੇ ਪੁਜ ਆਪਣੇ ਰਾਜਸੀ ਸੁਆਰਥ ਦੀ ਪੂਰਤੀ ਲਈ ਮੰਚ ਸਾਂਝਾ ਕਰਨ ਤੋਂ ਨਾ ਰੋਕਿਆ ਗਿਆ ਤਾਂ ਨਾ ਕੇਵਲ ਇਹ ਮੋਰਚਾ ਕਮਜ਼ੋਰ ਹੋ ਜਾਇਗਾ। ਇਸ ਸਥਿਤੀ ਦੇ ਚਲਦਿਆਂ ਇਹ ਮੋਰਚਾ ਜੇ ਅਸਫਲਤਾ ਦੇ ਕਗਾਰ ਪੁਰ ਜਾ ਪੁਜੇ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ। ਇਸਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਉਥੇ ਮੋਰਚੇ ਦਾ ਸਮਰਥਨ ਕਰਨ ਲਈ ਆਉਣ ਤੋਂ ਰੋਕ ਦਿੱਤਾ ਜਾਏ, ਸਗੋਂ ਇਸਦਾ ਮਤਲਬ ਇਹ ਹੈ ਕਿ ਉਹ ਮਰਚੇ ਦਾ ਸਮਰਥਨ ਕਰਨ ਲਈ ਜੀ ਸਦਕੇ ਆਉਣ ਤੇ ਮੰਚ ਤੋਂ ਮੋਰਚੇ ਦੇ ਹਕ ਵਿੱਚ ਅਵਾਜ਼ ਸਾਂਝੀ ਕਰਨ, ਪ੍ਰੰਤੂ ਉਥੇ ਆ ਆਪਣੀਆਂ ਰਾਜਸੀ ਰੋਟੀਆਂ ਸੇਂਕਣ ਤੋਂ ਜ਼ਰੂਰ ਗੁਰੇਜ਼ ਕਰਨ।


ਡਾ. ਅਨੁਰਾਗ ਸਿੰਘ : ਪ੍ਰਸਿੱਧ ਸਿੱਖ ਵਿਦਵਾਨ ਡਾ. ਅਨੁਰਾਗ ਸਿੰਘ ਦੀ ਇੱਕ ਪੋਸਟ ਸੋਸ਼ਲ ਮੀਡੀਆ ਪੁਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਬਰਗਾੜੀ ਮੋਰਚੇ ਦੀਆਂ ਸੰਚਾਲਕ ਪੰਥਕ ਜੱਥੇਬੰਦੀਆਂ ਦੇ ਮੁਖੀਆਂ ਨੂੰ, ਉਨ੍ਹਾਂ ਦੇ ਸੰਘਰਸ਼ ਪੁਰ ਆਪਣੇ ਸਵਾਰਥ ਦੀਆਂ ਰੋਟੀਆਂ ਸੇਂਕਣੇ ਵਾਲੇ ਰਾਜਸੀ ਆਗੂਆਂ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਸਰਗਰਮ ਅਕਾਲੀ ਦਲਾਂ ਦੀ ਦਲਦਲ ਵਿੱਚ ਫਸੇ ਪੰਥ ਦੀ ਵੇਦਨਾ ਬਿਆਨ ਕਰਦਿਆਂ ਬਹੁਤ ਹੀ ਭਾਰੀ ਦਿਲ ਨਾਲ ਲਿਖਿਆ ਕਿ ਇੱਕ ਅਕਾਲੀ ਦਲ ਨੂੰ ਸਾਹ ਲੈਣ ਲਈ ਕਾਂਗਰਸ ਦੀ ਆਕਸੀਜ਼ਨ ਚਾਹੀਦੀ ਹੈ ਤੇ ਦੂਸਰੇ ਅਕਾਲੀ ਦਲ ਨੂੰ ਸਾਹ ਲੈਣ ਲਈ ਭਾਜਪਾ ਦੀ ਆਕਸੀਜ਼ਨ ਲੈਣ ਦੀ ਲੋੜ ਹੁੰਦੀ ਹੈ। ਦੋਹਾਂ ਕੋਲ ਆਪਣਾ ਕੁਝ ਵੀ ਨਹੀਂ। ਉਨ੍ਹਾਂ ਹੋਰ ਲਿਖਿਆ ਕਿ ਇਨ੍ਹਾਂ ਨੂੰ ਇੱਕ ਪਾਸੇ ਸਮਰਥਾਵਾਨ ਸਿੱਖਾਂ ਪਾਸੋਂ ਧਨ ਮਿਲਦਾ ਹੈ ਤੇ ਦੂਜੇ ਪਾਸੇ 'ਗੁਰੂ ਕੀ ਗੋਲਕ' ਵੀ ਇਨ੍ਹਾਂ ਦੀ ਮਦਦਗਾਰ ਹੁੰਦੀ ਹੈ। ਉਨ੍ਹਾਂ ਅਨੁਸਾਰ ਨੀਲਾ ਤਾਰਾ ਸਾਕੇ ਲਈ 'ਸਦਾ' ਅਕਾਲੀ ਦਲ ਦਿੰਦਾ ਹੈ, ਉਸਦੀ ਸਹਿਯੋਗੀ ਭਾਜਪਾ ਸੜਕਾਂ ਪੁਰ ਉਤਰ ਹਰਿਮੰਦਿਰ ਸਾਹਿਬ ਪੁਰ ਸੈਨਕ ਕਾਰਵਾਈ ਕਰਨ ਦੀ ਗੁਹਾਰ ਲਾਂਦੀ ਹੈ ਅਤੇ ਕਾਂਗ੍ਰਸ ਇਨ੍ਹਾਂ ਦੀ ਮੰਗ ਸਵੀਕਾਰ ਕਰ ਪੰਜਾਬ ਦਾ ਸਤਿਆਨਾਸ ਕਰਨ ਦੇ ਨਾਲ ਸਿੱਖਾਂ ਦੀ ਨਸਲਕੁਸ਼ੀ ਕਰਨ ਵਿੱਚ ਸਫਲ ਹੋ ਜਾਂਦੀ ਹੈ। ਇਸ ਸਾਰੇ ਗੁਨਾਹ ਦੇ ਭਾਈਵਾਲ ਗਰਮ-ਗਰਮ ਭਾਸ਼ਣ ਦੇ ਸਿੱਖਾਂ ਨੂੰ ਧੱਧਕਦੀ ਅੱਗ ਵਿੱਚ ਝੌਂਕ ਆਪ ਸਾਫ ਸੁਰਖਿਅਤ ਬਾਹਰ ਨਿਕਲ ਆਉਂਦੇ ਹਨ।

ਗੁਰਦੁਆਰਾ ਪ੍ਰਬੰਧ ਪੁਰ ਕਬਜ਼ਾ.. : ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਵਿੱਚ ਆਪਣੇ ਪੁਰ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ, ਜਿਥੇ ਉਨ੍ਹਾਂ ਦੋਸ਼ਾਂ ਨੂੰ ਕਾਂਗ੍ਰਸ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੁੱਧ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ, ਉਥੇ ਹੀ ਕਾਂਗ੍ਰਸ ਪੁਰ ਇਹ ਦੋਸ਼ ਵੀ ਲਾਇਆ ਕਿ ਉਹ ਗੁਰਦੁਆਰਿਆਂ ਪੁਰ ਕਬਜ਼ਾ ਕਰ, ਨੀਲਾਤਾਰਾ ਸਾਕੇ ਅਤੇ ਸਿੱਖ ਕਤਲ-ਏ-ਆਮ ਦੇ ਦੋਸ਼ੀਆਂ ਨੂੰ ਕਲੀਨ ਚਿਟ ਦੇਣਾ ਚਾਹੁੰਦੀ ਹੈ। ਉਹ ਇਹ ਦਾਅਵਾ ਵੀ ਕਰਦੇ ਆ ਰਹੇ ਹਨ ਕਿ ਗੁਰਦੁਆਰਿਆਂ ਪੁਰ 'ਕਬਜ਼ਾ' ਕਰੀ ਰਖਣਾ ਸ਼੍ਰੋਮਣੀ ਅਕਾਲੀ ਦਲ ਦਾ ਜਨਮ-ਸਿੱਧ ਅਧਿਕਾਰ ਹੈ। ਉਨ੍ਹਾਂ ਦੇ ਦਲ ਲਈ ਗੁਰਦੁਆਰਾ ਚੋਣਾਂ ਜਿਤਨੀਆਂ ਮਹੱਤਵਪੂਰਣ ਹਨ, ਉਤਨੀਆਂ ਮਹਤੱਵਪੁਰਣ ਵਿਧਾਨਸਭਾ ਜਾਂ ਲੋਕਸਭਾ ਦੀਆਂ ਚੋਣਾਂ ਨਹੀਂ। ਸ. ਬਾਦਲ ਗੁਰਦੁਆਰਾ ਪ੍ਰਬੰਧ ਪੁਰ ਆਪਣੇ ਦਲ ਦਾ ਜਨਮ-ਸਿੱਧ ਅਧਿਕਾਰ ਹੋਣ ਦਾ ਦਾਅਵਾ ਤਾਂ ਕਰਦੇ ਹਨ, ਪ੍ਰੰਤੂ ਸਵਾਲ ਇਹ ਉਠਦਾ ਹੈ ਕਿ ਦਹਾਕਿਆਂ ਤੋਂ ਗੁਰਦੁਆਰਾ ਪ੍ਰਬੰਧ ਪੁਰ ਆਪਣੇ ਦਲ ਦਾ ਕਬਜ਼ਾ ਬਣਾਈ ਰਖਦਿਆਂ ਚਲੇ ਆਉਣ ਦੇ ਬਾਵਜੂਦ ਕੀ ਉਨ੍ਹਾਂ ਦਾ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਪ੍ਰਬੰਧ-ਅਧੀਨ ਗੁਰਦੁਆਰਿਆਂ ਦੀ ਪਵਿਤ੍ਰਤਾ ਕਾਇਮ ਰਖਦਿਆਂ, ਉਨ੍ਹਾਂ ਵਿਚਲੀਆਂ ਸਥਾਪਤ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਪਾਲਣ ਪ੍ਰਤਿ ਨਿਸ਼ਠਾਵਾਨ ਬਣਾਈ ਰਖਣ ਵਿਚ ਸਫਲ ਹੋਇਆ ਹੈ ਜਾਂ ਉਹ ਇਨ੍ਹਾਂ ਆਦਰਸ਼ਾਂ ਨੂੰ ਕਾਇਮ ਰਖਣ ਲਈ ਉਸਨੂੰ ਸਹਿਯੋਗ ਕਰਨ ਦੀ ਆਪਣੀ ਜ਼ਿਮੇਂਦਾਰੀ ਨਿਭਾਉਣ ਪ੍ਰਤੀ ਇਮਾਨਦਾਰ ਰਿਹਾ ਹੈ? ਜਾਂ ਉਸਦੇ ਮੁੱਖੀ ਰਾਜਨੀਤੀ ਵਿੱਚ ਆਪਣੇ ਆਪਨੂੰ ਸਥਾਪਤ ਕਰਨ ਅਤੇ ਕੀਤੀ ਰਖਣ ਲਈ ਉਸਦਾ ਅਤੇ ਉਸਦੇ ਸਾਧਨਾਂ ਦੀ ਵਰਤੋਂ ਕਰਦੇ ਚਲੇ ਆ ਰਹੇ ਹਨ? ਇਸੇ ਸਥਿਤੀ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਉਸਦੇ ਸਹਿਯੋਗੀ ਉਸੇ ਦੀ ਧਾਰਮਕ ਸਟੇਜ ਪੁਰ ਆ ਸਿੱਖ ਇਤਿਹਾਸ ਦੀਆਂ ਸਥਾਪਤ ਮਾਨਤਾਵਾਂ ਨੂੰ ਆਪਣੇ ਹਿਤਾਂ ਅਨੁਸਾਰ ਢਾਲ ਪੇਸ਼ ਕਰਨ ਦਾ ਸਾਹਸ ਕਰਦੇ ਚਲੇ ਆਉਣ ਲਗੇ ਹਨ।

...ਅਤੇ ਅੰਤ ਵਿੱਚ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖੀ ਪ੍ਰਚਾਰ-ਪ੍ਰਸਾਰ ਪ੍ਰਤੀ ਅਪਨਾਈ ਗਈ ਹੋਈ ਅਣਗਹਿਲੀ ਦੀ ਨੀਤੀ ਦਾ ਹੀ ਨਤੀਜਾ ਹੈ ਕਿ ਉਸਦੀ ਨਕ ਹੇਠ ਹੀ ਅੰਮ੍ਰਿਤਸਰ ਦੇ ਆਸਪਾਸ ਦੇ ਇਲਾਕਿਆਂ ਵਿੱਚ ਕਈ ਸਾਬਤ-ਸੂਰਤ ਸਿੱਖ ਆਪਣੇ ਗਲ ਵਿੱਚ ਈਸਾਈਅਤ ਦਾ ਚਿੰਨ੍ਹ 'ਕ੍ਰਾਸ' ਲਟਕਾਈ ਨਜ਼ਰ ਆਉਣ ਲਗੇ ਹਨ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

18 Oct. 2018