ਰਿਸ਼ਤਿਆਂ ਦੀ ਮਹਿਕ : ਚਾਚਾ ਮ੍ਹਿੰਦੂ - ਰਵੇਲ ਸਿੰਘ ਇਟਲੀ
ਜਦੋਂ ਵੀ ਮੈਂ ਆਪਣੇ ਲੇਖਾਂ.ਕਹਾਣੀਆਂ , ਵਿੱਚ ਕੋਈ ਪਾਤਰ ਸਿਰਜਦਾ ਹਾਂ ਤਾਂ ਭਾਂਵੇਂ ਉਹ ਕਿਵੇਂ ਤੇ ਕਿਸ ਤਰਹਾਂ ਦਾ ,ਛੋਟਾ ਵੱਡਾ ਹੋਵੇ ਸਾਦ ਮੁਰਾਦਾ ਹੋਵੇ,ਦੂਰੂ ਦੇ ਜਾਂ ਨੇੜਲਾ ਸਾਕ ਸਬੰਧੀ ਰਿਸ਼ਤੇ ਦਾਰ ਹੋਵੇ ਮੈਨੂੰ ਉਸ ਵਿੱਚ ਕੋਈ ਨਾ ਕੋਈ ਖਾਸੀਅਤ ਜ਼ਰੂਰ ਨਜਰ ਆ ਹੀ ਜਾਂਦੀ ਹੈ ,ਤੇ ਇਹੋ ਜਿਹੇ ਲੋਕ ਜੋ ਮੇਰੀਆਂ ਲਿਖਤਾਂ ਦੇ ਪਾਤਰ ਬਣਦੇ ਹਨ,ਮੇਰੇ ਲਈ ਉਹ ਸਾਰੇ ਸਤਿਕਾਰ ਦੇ ਯੋਗ ਹਨ।ਕਈ ਵਾਰ ਕਿਸੇ ਮਜਬੂਰੀ ਵੱਸ ਮੈਨੂੰ ਉਨ੍ਹਾਂ ਦੇ ਅਸਲੀ ਨਾਵਾਂ ਦੀ ਥਾਂ ਕਲਪਿਤ ਨਾਂ ਵੀ ਵਰਤਣੇ ਪੈਂਦੇ ਹਨ।
ਮੈਂ ਉਨ੍ਹਾਂ ਇਹੋ ਜਿਹੇ ਸਾਰਿਆਂ ਪਾਤਰਾਂ ਕੋਲੋਂ ਖਿਮਾ ਚਾਹੁੰਦਾ ਹਾਂ,ਪਰ ਆਪਣੇ ਇਸ ਰਿਸ਼ਤੇ ਦਾਰ ਲਈ ਮੈਂ ਉਸ ਦਾ ਛੋਟਾ ਤੇ ਵੱਡਾ ਅਸਲ ਨਾਂ ਆਪਣੇ ਹੱਥਲੇ ਲੇਖ ਵਿੱਚ ਲਿਖ ਕੇ ਹੀ ਆਪਣੀ ਗੱਲ ਅੱਗੇ ਤੋਰਾਂ ਗਾ।
ਚਾਚਾ ਮ੍ਹਿੰਦੂ ਜਿਸ ਦਾ ਪੂਰਾ ਮਹਿੰਦਰ ਸਿੰਘ ਹੈ,ਜੋ ਇਕ ਪਰਾਣੀ ਰਿਸ਼ਤੇ ਦਾਰੀ ,ਭਾਵ ਬਾਪੂ ਦੇ ਮਾਮਿਆਂ ਵਿੱਚੋਂ ਉਨ੍ਹਾਂ ਦੇ ਛੋਟੇ ਮਾਮੇ ਲਹਿਣਾ ਸਿੰਘ ਦੀ ਉਹ ਸੱਭ ਤੋਂ ਛੋਟੀ ਸੰਤਾਨ ਹੈ।
ਪਿਉ ਵਾਂਗ ਉਹ ਵੀ ਬੜੇ ਸਰਲ ਤੇ ਸਿੱਧੇ ਸਾਦੇ ਸੁਭਾ ਵਾਲਾ ਹੈ।ਉਮਰ ਵਿੱਚ ਉਹ ਮੇਰਾ ਹਵਾਣੀ ਹੈ। ਹਸ ਮੁਖਾ ਹੈ,ਹਰ ਗੱਲ ਕਰਨ ਤੋਂ ਪਹਿਲਾਂ ਜਾਂ ਫਿਰ ਪਿੱਛੋਂ ਖੜਾਕਾ ਮਾਰ ਕੇ ਹੱਸਣਾ ਉਸ ਦੇ ਸੁਭਾ ਦਾ ਹੀ ਇੱਕ ਹਿੱਸਾ ਕਿਹਾ ਜਾ ਸਕਦਾ ਹੈ।
ਛੋਟਾ ਜਿਮੀਂਦਾਰ ਹੋਣ ਦੇ ਨਾਲ ਉਹ, ਮਿਹਣਤੀ ਹੈ ,ਸਿਰ੍ਹੜੀ ਹੈ,ਬਾਕੀ ਪਰਵਾਰ ਖਿੰਡ ਪੁੰਡ ਕੇ ਦੂਰ ਦੁਰਾਡੇ ਦੇਸ਼ ਵਿਦੇਸ਼ ਚਲਾ ਗਿਆ,ਪਰ ਉਸ ਨੇ ਹਲ਼ ਦੀ ਜੰਘੀ ਨਹੀਂ ਛੱਡੀ,ਮੇਰੀ ਚਾਚੀ ਭਾਵ ਉਸ ਦੀ ਘਰ ਵਾਲੀ ਵੀ ਉਸ ਵਾਂਗ ਮੇਹਣਤੀ ਤੇ ਉੱਦਮੀ ਹੈ । ਏਸੇ ਕਰਕੇ ਹੀ ਉਸ ਦੇ ਹਿੱਸੇ ਆਉਂਦੇ ਸਿਆੜ ਸਾਂਭ ਕੇ ਉਸ ਨੇ ਰੱਖੇ ਹਨ,ਭਾਵ ਗਹਿਣੇ,ਜਾਂ ਬੈਅ ਕਰਨ ਤੋਂ ਬਚਾਈ ਰੱਖੇ ਹਨ।
ਤਿੰਨ ਧੀਆਂ ਤੇ ਇਕਲੋਤੇ ਹੋਣਹਾਰ ਪੁੱਤਰ ਚਾਰ ਜੀਆਂ ਦੀ ਉਸ ਦੀ ਸੰਤਾਨ ਹੈ।ਧੀਆਂ ਆਪਣੀ ਹੈਸੀਅਤ ਅਨੁਸਾਰ ਵਰ ਟੋਲ ਕੇ ਆਪੋ ਆਪਣੇ ਘਰੀਂ ਤੋਰ ਦਿੱਤੀਆਂ।
ਪੁਤਰ ਫੌਜ ਵਿੱਚ ਨੌਕਰੀ ਕਰਕੇ ਦੋ ਪੈਨਸ਼ਨਾਂ ਲੈ ਕੇ ਘਰ ਮੁੜਿਆ,ਉਸ ਦੀ ਮਿਹਣਤ ਸਦਕਾ ਉਸ ਦੀ ਸੁਚੱਜੀ ਸੰਤਾਨ ਇੱਕ ਪੁੱਤਰ ਤੇ ਇੱਕ ਧੀ ਉਚੇਰੀ ਪੜ੍ਹਾਈ ਕਰ ਕੇ ਪੁੱਤਰ ਡਾਕਟਰ ਤੇ ਧੀ ਲਾਅ ਦੀ ਪੜ੍ਹਾਈ ਕਰ ਰਹੀ ਹੈ।
ਏਸੇ ਪੱਖੋਂ ਚਾਚੇ ਦੀ ਨੇਕ ਨੀਅਤੀ ਕਰ ਕੇ ਉਹ ਭਾਗ ਸ਼ਾਲੀ ਹੈ। ਤੇ ਹੁਣ ਉਹ ਸਾਰੀਆਂ ਪਰਵਾਰਿਕ ਜੁਮਾਵਾਰੀਆਂ ਤੋਂ ਮੁਕਤ ਹੋ ਕੇ, ਆਪਣੇ ਪਿੰਡ ਵਿੱਚ ਬਣੇ ਆਲੀਸ਼ਾਨ ਘਰ ਵਿੱਚ ਆਪਣੇ ਡਾਕਟਰ ਪੋਤਰੇ ਤੇ ਆਪਣੀ ਡਾਕਟਰ ਪੋਤ ਨੂੰਹ ਨਾਲ ਆਪਣੇ ਅਗਾਂਹ ਵਧੂ ਸੋਚ ਵਿਚਾਰ ਵਾਲੇ ਪਰਵਾਰ ਨਾਲ ਰਹਿ ਰਿਹਾ ਹੈ।
ਮੈਂ ਜਦੋਂ ਦਾ ਵਿਦੇਸ਼ੋਂ ਆਇਆ ਹਾਂ ਉਚੇਚੇ ਤੌਰ ਤੇ ਕੁਝ ਪਲ ਬਿਤਾਉਣ ਲਈ ਉਸ ਕੋਲ ਜਰੂਰ ਜਾਂਦਾ ਹਾਂ ਤੇ ਉਸ ਨਾਲ ਪਰਾਣੀ ਰਿਸ਼ਤੇ ਦਾਰੀ ਹੋਣ ਕਰਕੇ ਉਸ ਗੋਡੇ ਹੱਥ ਲਾ ਕੇ ਉਸ ਨੂੰ ਮਿਲਦਾ ਹਾਂ।
ਉਮਰ ਵਡੇਰੀ ਹੋਣ ਕਰਕੇ ਉਸ ਦੀ ਸਿਹਤ ਭਾਂਵੇਂ ਢਿੱਲੀ ਮੱਠੀ ਕਿਉਂ ਨਾ ਹੋਵੇ, ਪਰ ਉਸ ਦਾ ਕੋਈ ਗੱਲ ਕਰਨ ਤੋਂ ਪਹਿਲਾਂ ਜਾਂ ਪਿੱਛੋਂ ਖੜਾਕਾ ਮਾਰ ਕੇ ਹੱਸਣ ਦਾ ਸੁਭਾ ਅਜੇ ਵੀ ਜਿਉਂ ਦਾ ਤਿਉਂ ਹੀ ਹੈ।
ਵਕਤ ਦੀ ਕੋਈ ਪਤਾ ਨਹੀਂ ਕਿ ਕਦੋਂ ਕਿਸ ਦੀ ਕਿੱਥੇ ਤੇ ਕਿਸ ਵੇਲੇ ਅਹੁਦ ਪੁੱਗ ਜਾਵੇ, ਤਮੰਨਾ ਤਾਂ ਹਰ ਵੇਲੇ ਇਹੋ ਰਹਿੰਦੀ ਹੈ ਕਿ ਜਦ ਤੀਕ ਇਸ ਸਰੀਰ ਵਿੱਚ ਸਾਹਾਂ ਦਾ ਗੇੜ ਚਲਦਾ ਹੈ, ਤਦ ਤੀਕ ਜੀਵਣ ਦੇ ਕੁੱਝ ਪਲਾਂ ਰਾਹੀਂ ਇਹੋ ਜਿਹੇ ਰਿਸ਼ਤਿਆਂ ਦੀ ਮਹਿਕ ਜਿਨਾਂ ਕੁ ਸਮਾ ਮਿਲੇ, ਕੱਢ ਕੇ ਰਲ ਮਿਲ ਕੇ ਮਾਣਦੇ ਰਹੀਏ।
ਰਵੇਲ ਸਿੰਘ ਇਟਲੀ
(ਹੁਣ ਪੰਜਾਬ )
90560161 84