ਸਿੱਖ ਨਿਗਲ਼ੇ ਗਏ - ਰਵਿੰਦਰ ਸਿੰਘ ਕੁੰਦਰਾ
ਵੱਡੇ ਵੱਡੇ ਖ਼ਾਨਦਾਨੀ, ਢੁੱਠਾਂ ਵਾਲੇ ਖੱਬੀਖਾਨ,
ਜੁੱਤੀਆਂ ਨੂੰ ਫੜੀ ਹੱਥ, ਭੱਜੇ ਚੱਲੀ ਜਾਂਦੇ ਨੇ।
ਇੱਕ ਦੂਜੇ ਕੋਲੋਂ ਅੱਗੇ, ਲੰਘਣ ਦੀ ਹੋੜ੍ਹ ਵਿੱਚ,
ਆਪਣੇ ਹੀ ਟੱਬਰਾਂ ਦੇ, ਗਿੱਟੇ ਛਿੱਲੀ ਜਾਂਦੇ ਨੇ।
ਢੱਠੀਆਂ ਨੇ ਪੱਗਾਂ ਅਤੇ ਢਿਲਕਦੀਆਂ ਢੁੱਠਾਂ ਨਾਲ,
ਖਿਝ ਖਿਝ ਦੂਜਿਆਂ ਦੇ ਢੁੱਗਾਂ ਧਰੀ ਜਾਂਦੇ ਨੇ।
ਚੁਸਤੀ ਚਲਾਕੀ 'ਤੇ ਮੱਕਾਰੀਆਂ ਦੇ ਬੱਲ ਬੂਤੇ,
ਆਪਣੀਆਂ ਇੱਜ਼ਤਾਂ ਦੇ ਸੌਦੇ ਕਰੀ ਜਾਂਦੇ ਨੇ।
ਕੱਛ 'ਤੇ ਕਛਹਿਰਿਆਂ ਦੀ ਲਾਜ ਇਹਨਾਂ ਵੇਚ ਛੱਡੀ,
ਆਪਣੇ ਹੀ ਨਾਲ਼ਿਆਂ 'ਚ ਫਸ ਡਿੱਗੀ ਜਾਂਦੇ ਨੇ।
ਸਵੇਰੇ ਰੰਗ ਹੋਰ ਅਤੇ ਸ਼ਾਮ ਨੂੰ ਕੋਈ ਹੋਰ ਹੁੰਦਾ,
ਰਾਤ ਦੇ ਹਨੇਰੇ, ਮੂੰਹ ਕਾਲ਼ੇ ਕਰੀ ਜਾਂਦੇ ਨੇ।
ਚੜ੍ਹਦੇ ਨੇ ਅੱਕੀਂ ਅਤੇ, ਉੱਤਰਦੇ ਪਲ਼ਾਹੀਂ ਜਾ ਕੇ,
ਲਾਹਣਤੀ ਪੈੜਾਂ ਪਾ ਕੇ, ਮਾਣ ਕਰੀ ਜਾਂਦੇ ਨੇ।
ਜਿਹੜੇ ਇੱਕ ਦੂਜਿਆਂ ਨੂੰ, ਪਾਣੀ ਪੀ ਪੀ ਕੋਸਦੇ ਸੀ,
ਸਾਂਝੀਆਂ ਸਟੇਜਾਂ ਉੱਤੇ, ਫੱਸ ਬੈਠੀ ਜਾਂਦੇ ਨੇ।
ਗੌਵਾਂ ਵਾਲੇ ਜੌਂ ਅੱਜ, ਭੁੱਜਦੇ ਨੇ ਐਸੇ ਦੇਖੇ,
ਗਿੱਲੇ ਪਿੱਲੇ ਸਭ ਅੱਜ, ਭੱਠੀ ਝੋਕੀ ਜਾਂਦੇ ਨੇ।
ਅਸੂਲਾਂ ਅਤੇ ਕਦਰਾਂ ਦੀ, ਪੇਸ਼ ਨਹੀਂ ਜਾਂਦੀ ਕੋਈ,
ਫਲਸਫੇ ਬੇਚਾਰੇ ਅੱਜ, ਲੁਕੀ ਛਿਪੀ ਜਾਂਦੇ ਨੇ।
ਠੁੱਸ ਹੋਏ ਕਾਰਤੂਸ, ਆਪਣੀਆਂ ਤੋਪਾਂ ਵਿੱਚੋਂ,
ਬੇਗਾਨੀ ਤੋਪੇ ਚੱਲਣੇ ਦੀ, ਝਾਕ ਰੱਖੀ ਜਾਂਦੇ ਨੇ।
ਕਿਹੜੇ ਖੂਹੇ ਪੈਣ ਹੁਣ, ਇੱਜ਼ਤਾਂ 'ਤੇ ਸ਼ਾਨਾਂ ਅੱਜ,
ਆਮ ਸਿੱਖ ਆਪਸੀ, ਸਵਾਲ ਕਰੀ ਜਾਂਦੇ ਨੇ।
ਕਿਹਨਾਂ ਪਿੱਛੇ ਲੱਗ ਅਸੀਂ, ਜਿੰਦੜੀਆਂ ਰੋੜ੍ਹ ਲਈਆਂ,
ਸ਼ਰਮ ਦੇ ਨਾਲ, ਅੰਦਰੇ ਹੀ ਮਰੀ ਜਾਂਦੇ ਨੇ।
ਮੁਸਕੜੀਂ ਹੱਸਦਾ, ਸ਼ੈਤਾਨ ਇੱਕ ਪਾਸੇ ਹੋ ਕੇ,
ਆਪਣਾ ਹੀ ਘਾਣ ਸਿੱਖ, ਆਪੇ ਕਰੀ ਜਾਂਦੇ ਨੇ।
ਨਿਗਲ਼ੇ ਨੇ ਗਏ ਕਈ, ਥੋੜ੍ਹੇ ਜਿਹੇ ਬਚੇ ਜਿਹੜੇ,
ਦੇਖਿਓ ਉਹ ਕਿਵੇਂ, ਭੱਜ ਛੁਰੀ ਥੱਲੇ ਆਉਂਦੇ ਨੇ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ
6 ਮਈ, 2023