ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ - ਨਿਰਮਲ ਸਿੰਘ ਕੰਧਾਲਵੀ (ਯੂ.ਕੇ)
ਕੀ ਸਿਫ਼ਤ ਕਰਾਂ ਮੈਂ,ਜੱਸਾ ਸਿੰਘ ਸਿਰਦਾਰ ਦੀ,
ਯੋਧਾ ਪਰਉਪਕਾਰੀ, ਸ਼ੀਂਹਣੀਂ ਮਾਂ ਦਾ ਜਾਇਆ।
ਸ਼ਾਹ ਸਵਾਰ ਉਹ ਮਾਲਕ, ਵੱਡੀਆਂ ਫੌਜਾਂ ਦਾ,
ਚੀਰੇ ਦਲ ਵੈਰੀ ਦੇ, ਜਿਧਰ ਵੀ ਉਹ ਧਾਇਆ।
ਜੰਗਾਂ- ਯੁੱਧਾਂ ਦੇ ਉਸ, ਸਿੱਖ ਲਏ ਸਾਰੇ ਪੈਂਤੜੇ,
ਹਰ ਹਥਿਆਰ ਸੀ, ਖੂਬ ਉਹਨੇ ਆਜ਼ਮਾਇਆ।
ਕਿੰਜ ਡੱਕਣੇ ਨੇ ਹਮਲੇ, ਵੈਰੀ ਦੀਆਂ ਧਾੜਾਂ ਦੇ,
ਕਿਲ੍ਹਿਆਂ ਦਾ ਉਸ, ਐਸਾ ਜਾਲ਼ ਵਿਛਾਇਆ।
ਅਬਦਾਲੀ ਬੰਨ੍ਹ ਲੈ ਚੱਲਿਆ, ਬਹੂਆਂ ਬੇਟੀਆਂ,
ਹੱਲਾ ਕਰ ਸਿੰਘਾਂ ਨੇ, ਉਨ੍ਹਾਂ ਤਾਈਂ ਛੁਡਾਇਆ।
ਅਬਦਾਲੀ ਕਹੇ, ਦੋ ਜੱਸਿਆਂ ਨੇ ਮੈਨੂੰ ਮਾਰਿਆ,
ਏਹਨਾਂ ਦੋਹਾਂ ਦਾ ਮੈਂ, ਭੇਦ ਕਦੇ ਨਾ ਪਾਇਆ।
ਅੱਧੀ ਅੱਧੀ ਰਾਤੀਂ ਉੱਠ, ਚੀਕਾਂ ਉਹ ਮਾਰਦਾ,
ਕਹਿੰਦਾ ਜੱਸੇ ਨੇ ਹੈ, ਮੈਨੂੰ ਬੜਾ ਸਤਾਇਆ।
ਅੰਬਰੀਂ ਧੂੜ ਚੜ੍ਹੇ, ਜਦ ਸ਼ੇਰ ਮੈਦਾਨੇ ਗੱਜਦਾ,
ਵੈਰੀ ਫੌਜ ਨੂੰ ਉਸ, ਗਿੱਦੜਾਂ ਵਾਂਗ ਭਜਾਇਆ।
ਰਾਮਗੜ੍ਹੀਆ ਸਰਦਾਰ, ਸੀ ਸਿਰਲੱਥ ਸੂਰਮਾ,
ਥਾਪੜਾ ਆਪ ਗੁਰੂ ਨੇ, ਓਸ ਯੋਧੇ ਨੂੰ ਲਾਇਆ।
ਦੂਰ ਅੰਦੇਸ਼ ਇਕ, ਸੁਲਝਿਆ ਨੀਤੀਵਾਨ ਉਹ,
ਔਕੜ ਵੇਲੇ ਉਹ, ਕਦੇ ਵੀ ਨਾ ਘਬਰਾਇਆ।
ਗੁੱਝੇ ਭੇਦ ਲੱਭਣ ਲਈ, ਦੁਸ਼ਮਣ ਫੌਜਾਂ ਦੇ,
ਹੱਥ ਮੁਗ਼ਲਾਂ ਨਾਲ਼ ਜਾ, ਓਸ ਮਿਲਾਇਆ।
ਮਾਝਾ ਮੱਲ ਲਿਆ ਫਿਰ, ਜੱਸੇ ਸਰਦਾਰ ਨੇ,
ਰਾਜ ਭਾਗ ਦਾ, ਉਸ ਨੇ ਧੁਰਾ ਬਣਾਇਆ।
ਰਾਖੀ ਕਰਨ ਲਈ, ਹਰਿਮੰਦਰ ਦਰਬਾਰ ਦੀ,
ਰੱਬ ਦੇ ਨਾਂ ‘ਤੇ ਕਿਲ੍ਹਾ ਇਕ ਉਸ ਬਣਵਾਇਆ।
ਖ਼ਾਲਸਾ ਪੰਥ ਨੇ ਬਖ਼ਸ਼ੀ ਵੱਡੀ ਪਦਵੀ ਓਸ ਨੂੰ,
ਬੱਬਰ ਸ਼ੇਰ ਫਿਰ ਉਹ, ਕਿਲ੍ਹੇਦਾਰ ਅਖਵਾਇਆ।
ਦਿੱਲੀ ਮਾਰ ਲਈ, ਫਿਰ ਸਰਦਾਰਾਂ ਯੋਧਿਆਂ,
ਲਾਲ ਕਿਲ੍ਹੇ ‘ਤੇ,ਝੰਡਾ ਉਹਨੀਂ ਝੁਲਾਇਆ।
ਜੇਹੜੀ ਸਿਲ਼ ਤੋਂ, ਮੁਗ਼ਲ ਹੁਕਮ ਸੀ ਦੇਂਵਦੇ,
ਬੱਬਰ ਸ਼ੇਰ ਉਹ ਸਿਲ਼ ਹੀ ਪੁੱਟ ਲਿਆਇਆ।
ਲਿਆ ਰੱਖੀ ਵਿਚ ਚਰਨਾਂ, ਗੁਰੂ ਰਾਮਦਾਸ ਦੇ,
ਵਿਚ ਮਿੱਟੀ ਦੇ, ਜ਼ੁਲਮੀ ਰਾਜ ਮਿਲਾਇਆ।
ਦਿਲ ਕੋਮਲ ਭਾਵੀ, ਨਿਰਾ ਉਹ ਯੋਧਾ ਨਹੀਂ,
ਹੁਨਰ ਕਾਵਿ ਰਚਣ ਦਾ, ਵੀ ਉਸ ਪਾਇਆ।
ਰਜ਼ਾ ‘ਚ ਰਹਿੰਦਾ, ਨਾ ਜਾਣੇ ਹਿੰਮਤ ਹਾਰਨੀ,
ਅੱਠੇ ਪਹਿਰ ਹੀ, ਨਾਮ ਹਰੀ ਦਾ ਧਿਆਇਆ।
ਮਨਾਈਏ ਸੰਗਤ ਜੀ, ਤੀਜੀ ਜਨਮ ਸ਼ਤਾਬਦੀ,
ਦਿਨ ਭਾਗਾਂ ਵਿਚ ਸਾਡੇ, ਹੈ ਅੱਜ ਦਾ ਆਇਆ।
ਝਾਤੀ ਮਾਰ ਅਸੀਂ ਲਈਏ, ਆਪਣੇ ਅੰਦਰ ਵੀ,
ਕੀ ਗੁਣ ਉਸਦਾ ਅਸੀਂ, ਹੈ ਕੋਈ ਅਪਣਾਇਆ?