ਇਲਾਜ-ਏ-ਮੋਤੀਆ - ਰਵਿੰਦਰ ਸਿੰਘ ਕੁੰਦਰਾ
ਗਿਆ ਸਜਾਖਾ ਹੱਸਦਾ ਖੇਡਦਾ, ਮੁੜ ਕੇ ਆਇਆ ਕਾਣਾ,
ਕੁੱਝ ਹੀਂ ਘੰਟਿਆਂ ਦੇ ਵਿੱਚ ਦੇਖੋ, ਕੀ ਵਰਤ ਗਿਆ ਭਾਣਾ।
ਵਸਦੀ ਰਸਦੀ ਦੁਨੀਆ ਮੇਰੀ, ਪਲਾਂ ਵਿੱਚ ਰਹਿ ਗਈ ਅੱਧੀ,
ਸੱਜੀ ਬਾਂਹ ਤਾਂ ਪੂਰੀ ਦਿਸਦੀ, ਪਰ ਅੱਧੀ ਦਿਸੇ ਨਾ ਖੱਬੀ।
ਹੱਥ ਜੇ ਪਾਵਾਂ ਦੋ ਚੀਜ਼ਾਂ ਨੂੰ, ਇਕ ਹੱਥੋਂ ਛੁੱਟ ਜਾਵੇ,
ਕਿਉਂ ਨਹੀਂ ਇਕ ਪਾਸਾ ਦਿਸਦਾ, ਸਮਝ ਕੋਈ ਨਾ ਆਵੇ।
ਤੁਰਦਾ ਵੀ ਮੈਂ ਵਿੰਗਾ ਵਿੰਗਾ, ਇੱਕ ਪਾਸੇ ਨੂੰ ਜਾਵਾਂ,
ਲੱਭਣ ਤੇ ਵੀ ਨਹੀਂ ਹੈ ਲੱਭਦਾ, ਖ਼ੁਦ ਅਪਣਾ ਪਰਛਾਵਾਂ।
ਮੱਛਰ ਜਿਹੇ ਕਈ ਘੁੰਮਦੇ ਲੱਗਣ, ਮੈਨੂੰ ਆਪਣੇ ਦੁਵਾਲੇ,
ਭੰਬੂ ਤਾਰਿਆਂ ਦੇ ਵੱਸ ਮੇਰੀ, ਜਾਨ ਹੋ ਗਈ ਹਵਾਲੇ।
ਬੁਰਕੀ ਮੂੰਹ ਵਿੱਚ ਪੈਣ ਬਜਾਏ, ਕੰਨ ਵਿਚ ਪੈਂਦੀ ਜਾਪੇ,
ਹਾਏ ਉਏ ਰੱਬਾ ਕਿੰਨੇ ਪੈ ਗਏ, ਇੱਕੋ ਵਾਰੀ ਸਿਆਪੇ।
ਆਰਜ਼ੀ ਜਿਹੀ ਇਹ ਹਾਲਤ ਮੇਰੀ, ਸਹਿਣ ਤੋਂ ਹੋ ਗਈ ਔਖੀ,
ਔਖਾ ਵਕਤ ਕਢਾ ਦੇ ਰੱਬਾ, ਜਾਨ ਫਿਰ ਹੋ ਜਾਏ ਸੌਖੀ!
ਨਿਆਮਤੇ ਨਜ਼ਰ ਦੇ ਉੱਤੇ ਹੈ ਇਹ, ਰੱਬ ਦੀ ਨਜ਼ਰੇ ਇਨਾਇਤ,
ਦੇਣ ਵਾਲੇ ਨੇ ਜ਼ਰਾ ਨਾ ਕੀਤੀ, ਮੂਲੋਂ ਕੋਈ ਕਿਫਾਇਤ।
ਪੁੱਛੋ ਜ਼ਰਾ ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ ਸੰਗ ਰੱਬ ਨੇ ਕੀਤਾ ਧੋਖਾ,
ਪੂਰੇ ਅੰਗ ਨਾ ਦੇ ਕੇ ਉਨ੍ਹਾਂ ਦਾ, ਜਿਉਣਾ ਕੀਤਾ ਔਖਾ।
ਅਸਲੀ ਕੀਮਤ ਹਰ ਚੀਜ਼ ਦੀ, ਉਦੋਂ ਸਮਝ ਹੈ ਆਂਦੀ,
ਅਚਾਨਕ ਜਦੋਂ ਉਹ ਕਿਸੇ ਵੀ ਵੇਲੇ, ਹੱਥੋਂ ਹੈ ਖੁਸ ਜਾਂਦੀ।
ਸ਼ਾਬਾਸ਼ ਮੇਰੇ ਸਬੂਤੇ ਅੰਗੋ, ਕੰਮ ਰੱਖੋ ਤੁਸੀਂ ਜਾਰੀ,
ਤੁਹਾਡੇ ਵਲੋਂ ਜ਼ਰਾ ਵੀ ਢਿੱਲ ਮੱਠ, ਜਾਂਦੀ ਨਹੀਂ ਸਹਾਰੀ।
ਸਾਬਤੇ ਅੰਗਾਂ ਵਾਲਿਓ ਜ਼ਰਾ ਕੁ, ਅੰਗ ਹੀਣਾਂ ਵੱਲ ਦੇਖੋ,
ਉਹਨਾਂ ਦੀ ਵੀ ਸਲਾਮਤੀ ਵਾਸਤੇ, ਹਰ ਥਾਂ ਮੱਥੇ ਟੇਕੋ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ