ਪੰਜਾਬ ਹਿਤੈਸ਼ੀ ਚਿੰਤਕ ਪ੍ਰੋ: ਪਿਆਰਾ ਸਿੰਘ ਭੋਗਲ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੰਸਥਾ ਸਨ - ਗੁਰਮੀਤ ਸਿੰਘ ਪਲਾਹੀ

  ਪੰਜਾਬ ਹਿਤੈਸ਼ੀ ਪ੍ਰਸਿੱਧ ਲੇਖਕ, ਆਲੋਚਕ, ਜਾਣੇ-ਪਹਿਚਾਣੇ ਕਾਲਮਨਵੀਸ ਅਤੇ ਸਿੱਖਿਆ ਸ਼ਾਸਤਰੀ ਪ੍ਰੋ: ਪਿਆਰਾ ਸਿੰਘ ਭੋਗਲ, ਧਰਤੀ ਨਾਲ ਜੁੜੇ ਹੋਏ ਇਹੋ ਸਖ਼ਸ਼ ਸਨ, ਜਿਹਨਾ ਨੇ ਆਪਣੀ ਸਾਰੀ ਉਮਰ ਦ੍ਰਿੜ, ਸੁਚੱਜੀ, ਸਾਫ਼-ਸੁਥਰੀ ਸੋਚ ਨਾਲ ਗੁਜ਼ਾਰੀ। ਸਮੇਂ -ਸਮੇਂ ਪੰਜਾਬੀ ਕੌਮ ਨੂੰ ਆਏ ਸੰਕਟ ਸਮੇਂ ਨਿਡਰ, ਨਿਰਭੈ ਰਹਿ ਕੇ ਆਪਣੀ ਤਿੱਖੀ ਕਲਮ ਚਲਾਈ ਅਤੇ ਰਾਹ ਦਸੇਰਾ ਬਣਕੇ ਇੱਕ ਸੁਚੱਜੇ ਬੁੱਧੀਜੀਵੀ ਲੇਖਕ ਹੋਣ ਦਾ ਪ੍ਰਮਾਣ ਦਿੱਤਾ।
    ਪ੍ਰੋ: ਪਿਆਰਾ ਸਿੰਘ ਭੋਗਲ 92 ਵਰ੍ਹੇ ਤੋਂ  ਵੱਧ ਜੀਵੇ। ਆਪਣੀ ਉਮਰ ਦੇ ਆਖ਼ਰੀ ਦੋ-ਤਿੰਨ ਵਰ੍ਹੇ ਛੱਡਕੇ ਉਹਨਾ ਸਿਹਤਮੰਦ, ਕਾਰਜਸ਼ੀਲ ਜ਼ਿੰਦਗੀ ਗੁਜ਼ਾਰੀ ਅਤੇ ਇਹਨਾ ਆਖ਼ਰੀ ਵਰ੍ਹਿਆਂ ਵਿੱਚ ਵੀ ਉਹ ਆਪਣੀ ਸੋਚ ਮੁਤਾਬਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ  ਮੁਦੱਈ ਅਖ਼ਬਾਰ "ਅਜੀਤ" ਲਈ ਕਦੇ ਕਦਾਈਂ ਸਿਆਸੀ ਕਾਲਮ ਲਿਖਦੇ ਰਹੇ।
    ਉਹ ਪੰਜਾਬ ਦੇ ਪ੍ਰਸਿੱਧ ਇਤਹਾਸਕ ਪਿੰਡ ਪਲਾਹੀ ਵਿਖੇ 14 ਅਗਸਤ 1931 ਨੂੰ ਜਨਮੇ। ਇਹ ਪਿੰਡ ਉਹਨਾ ਦਾ ਨਾਨਕਾ ਪਿੰਡ ਹੈ। ਅੱਠਵੀਂ ਤੱਕ ਦੀ ਪੜ੍ਹਾਈ ਉਹਨਾ ਆਪਣੇ ਨਾਨਕੇ ਪਿੰਡ ਕੀਤੀ। ਦਸਵੀਂ ਰਾਮਗੜ੍ਹੀਆ ਹਾਈ ਸਕੂਲ ਸਤਨਾਮਪੁਰਾ ਫਗਵਾੜਾ ਵਿਖੇ ਕੀਤੀ। ਉਪਰੰਤ ਲਿਖਣ ਦੇ ਸ਼ੌਕ ਕਾਰਨ ਉਹਨਾ ਪਹਿਲਾਂ  ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ (ਰਜਿ:) ਵਲੋਂ ਛਾਪੇ ਜਾਂਦੇ ਰਾਮਗੜ੍ਹੀਆ ਸੰਦੇਸ਼ ਨਾਮ ਦੇ ਫਗਵਾੜਾ ਤੋਂ  ਨਿਕਲਦੇ ਸਪਤਾਹਿਕ ਪੱਤਰ 'ਚ ਕੰਮ ਕੀਤਾ, ਫਿਰ ਉਹ ਸ: ਸਾਧੂ ਸਿੰਘ ਹਮਦਰਦ ਜੀ ਦੀ ਸਰਪ੍ਰਸਤੀ ਹੇਠ ਜਲੰਧਰ ਸ਼ਹਿਰ ਤੋਂ ਨਿਕਲਦੇ ਅਖ਼ਬਾਰ "ਅਜੀਤ" 'ਚ ਸਬ-ਐਡੀਟਰ ਦੇ ਤੌਰ 'ਤੇ ਕੰਮ ਕਰਨ ਲੱਗੇ। ਉਹਨਾ ਦਾ ਪੱਤਰਕਾਰੀ ਦਾ ਇਹ ਸਫ਼ਰ ਜ਼ਿੰਦਗੀ ਭਰ ਜਾਰੀ ਰਿਹਾ।
     ਭਾਵੇਂ ਕਿ ਕੁਝ ਸਮੇਂ ਬਾਅਦ ਕੁਲਵਕਤੀ ਨੌਕਰੀ ਛੱਡਕੇ ਉਹਨਾ ਆਪਣੀ ਐਮ.ਏ. ਪੰਜਾਬੀ ਦੀ ਪੜ੍ਹਾਈ ਪ੍ਰਾਈਵੇਟ ਤੌਰ 'ਤੇ ਪੂਰੀ ਕਰਨ ਉਪਰੰਤ ਪੱਕਾ ਬਾਗ, ਜਲੰਧਰ ਵਿਖੇ ਯੂਨੀਵਰਸਲ ਕਾਲਜ ਖੋਲ੍ਹਿਆ, ਜਿਥੇ ਉਹ ਨੌਜਵਾਨ ਲੜਕੇ, ਲੜਕੀਆਂ ਨੂੰ ਗਿਆਨੀ, ਐਮ.ਏ.ਪੰਜਾਬੀ ਪੜ੍ਹਾਇਆ ਕਰਦੇ ਸਨ। ਇਸੇ ਦੌਰਾਨ ਉਹਨਾ ਆਲੋਚਨਾ ਦੀਆਂ ਪੁਸਤਕਾਂ ਲਿਖੀਆਂ ਜੋ ਕਿ ਪੰਜਾਬੀ ਦੇ ਵਿਦਿਆਰਥੀਆਂ ਲਈ ਲਾਭਦਾਇਕ ਸਿੱਧ ਹੋਈਆਂ।
    ਉਹ ਪੰਜਾਬੀ ਦੇ ਅਧਿਆਪਨ ਖੇਤਰ 'ਚ ਇੰਨੇ ਪ੍ਰਸਿੱਧ ਹੋਏ ਕਿ ਜਲੰਧਰ ਸ਼ਹਿਰ ਦੇ ਕਾਲਜਾਂ ਦੇ ਪੰਜਾਬੀ ਵਿਭਾਗਾਂ 'ਚ ਜਿੰਨੇ ਵਿਦਿਆਰਥੀ ਪੰਜਾਬੀ ਐਮ.ਏ. ਕਰਿਆ ਕਰਦੇ ਸਨ, ਉਸ ਤੋਂ ਵੀ ਵੱਧ ਗਿਣਤੀ 'ਚ ਵਿਦਿਆਰਥੀ ਐਮ.ਏ.  ਪੰਜਾਬੀ ਦੀਆਂ ਕਲਾਸਾਂ ਉਹਨਾ ਦੇ ਸਥਾਪਿਤ ਯੂਨੀਵਰਸਲ ਕਾਲਜ ਵਿੱਚ ਲਾਇਆ ਕਰਦੇ ਸਨ। ਸੈਂਕੜਿਆਂ ਦੀ ਗਿਣਤੀ 'ਚ ਵਿਦਿਆਰਥੀਆਂ ਨੇ ਉਹਨਾ ਦੀ ਕਰਾਈ ਪੜ੍ਹਾਈ ਉਪਰੰਤ ਐਮ.ਏ. ਪੰਜਾਬੀ ਪਾਸ ਕੀਤੀ ਅਤੇ ਮੰਨੇ-ਪਰਮੰਨੇ ਪੰਜਾਬ ਦੇ ਕਾਲਜਾਂ 'ਚ ਅਧਿਆਪਨ ਕਾਰਜ ਕੀਤਾ ਅਤੇ ਸਰਕਾਰੀ ਗੈਰ-ਸਰਕਾਰੀ ਸਕੂਲਾਂ 'ਚ ਅਧਿਆਪਕ ਵਜੋਂ ਸੇਵਾ ਕੀਤੀ।
    ਇੱਕ ਸਿੱਖਿਆ ਸ਼ਾਸਤਰੀ ਵਜੋਂ ਵੱਡੀਆਂ ਪ੍ਰਾਪਤੀਆਂ ਦੇ ਮੱਦੇ ਨਜ਼ਰ ਉਹਨਾ ਦਾ ਪੰਜਾਬ ਦੇ ਸਿੱਖਿਆ ਅਦਾਰਿਆਂ ਨਾਲ ਵੱਡਾ ਸੰਪਰਕ ਤੇ ਸਹਿਯੋਗ ਰਿਹਾ। ਪਿੰਡ ਪਲਾਹੀ ਦੇ ਸਿੱਖਿਆ ਅਦਾਰੇ ਸ੍ਰੀ ਗੁਰੂ ਹਰਿਗੋਬਿੰਦ ਐਜੂਕੇਸ਼ਨਲ ਕੌਂਸਲ, ਜਿਸ ਵਲੋਂ ਖਾਲਸਾ ਐਂਗਲੋ ਵਰਨੈਕੂਲਰ ਸਕੂਲ ਚਾਲਇਆ ਜਾਂਦਾ ਸੀ,  ਦੇ ਉਹ ਵਿਦਿਆਰਥੀ ਰਹੇ, ਉਸੇ ਸੰਸਥਾ ਦੇ ਉਹ ਬਾਅਦ ਵਿੱਚ ਤਿੰਨ ਵਰ੍ਹੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਹੇ ।
     ਫਗਵਾੜਾ ਦੇ ਸਿੱਖਿਆ ਅਦਾਰੇ, ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਜੋ 1969 'ਚ ਇਲਾਕੇ ਦੇ ਲੋਕਾਂ ਵਲੋਂ ਗੁਰੂ ਨਾਨਕ ਦੇਵ ਜੀ ਦੀ 500ਵੇਂ ਪ੍ਰਕਾਸ਼ ਦਿਹਾੜੇ ਵਰ੍ਹੇ ਸਮੇਂ ਸਥਾਪਿਤ ਕੀਤਾ ਗਿਆ ਸੀ ਅਤੇ ਜਿਸਦੇ ਲੰਮਾ ਸਮਾਂ ਪ੍ਰਧਾਨ ਜਗਤ ਸਿੰਘ ਪਲਾਹੀ ਰਹੇ, ਉਸ ਕਾਲਜ ਦੇ ਉਹ ਐਕਟਿੰਗ ਪ੍ਰਧਾਨ ਬਣੇ ਅਤੇ ਲੰਮਾ ਸਮਾਂ ਸਿੱਖਿਆ ਸੁਧਾਰ ਦੇ ਕੰਮਾਂ 'ਚ ਕਾਰਜ਼ਸ਼ੀਲ ਰਹੇ।ਇਸੇ ਦੌਰਾਨ ਉਹਨਾ ਪਿੰਡ ਪਲਾਹੀ  ਦੀ ਪੇਂਡੂ ਵਿਕਾਸ ਲਈ ਕਾਰਜ਼ਸ਼ੀਲ ਸੰਸਥਾ ਕਮਿਊਨਿਟੀ ਪੌਲੀਟੈਕਨਿਕ ਪਲਾਹੀ ਦੇ ਐਕਟਿੰਗ ਚੇਅਰਮੈਨ ਵਜੋਂ ਕੰਮ ਕੀਤਾ ਅਤੇ ਪੇਂਡੂ ਵਿਕਾਸ ਸਕੀਮਾਂ 'ਚ ਅਹਿਮ ਯੋਗਦਾਨ ਪਾਇਆ।
    ਇੱਕ ਲੇਖਕ ਵਜੋਂ ਉਹਨਾ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ। ਉਹਨਾ ਨੇ 70 ਵਰ੍ਹੇ ਪਹਿਲਾਂ ਪੰਜਾਬੀ 'ਚ ਲਿਖਣਾ ਸ਼ੁਰੂ ਕੀਤਾ ਅਤੇ 23 ਸਾਲ ਦੀ ਉਮਰ 'ਚ ਹੀ ਦੋ ਕਿਤਾਬਾਂ ਪ੍ਰਕਾਸ਼ਤ  ਕਰਾਈਆਂ। ਉਹਨਾ ਨੇ ਆਪਣੇ ਜੀਵਨ
'ਚ 60 ਕਿਤਾਬਾਂ ਲਿਖੀਆਂ, ਜਿਹਨਾ 'ਚ 6 ਨਾਵਲ, 10 ਆਲੋਚਨਾ ਦੀਆਂ ਪੁਸਤਕਾਂ, 5 ਕਹਾਣੀ ਸੰਗ੍ਰਹਿ, 4 ਨਾਟਕ/ਇਕਾਂਗੀ ਸੰਗ੍ਰਹਿ, ਆਪਣੀ ਸਵੈ-ਜੀਵਨੀ ਅਤੇ ਕੁਝ ਤਰਜ਼ਮੇ ਦੀਆਂ ਪੁਸਤਕਾਂ ਸ਼ਾਮਲ ਹਨ। ਉਹਨਾ ਦਾ ਨਾਵਲ "ਨਾਰੀ" ਅਤੇ ਪੰਜਾਬੀ ਸਾਹਿਤ ਦਾ ਇਤਿਹਾਸ ਪੰਜਾਬੀ ਸਾਹਿਤ ਦਾ ਮੀਲ ਪੱਥਰ ਸਾਬਤ ਹੋਏ।
    ਪੰਜਾਬੀ ਸਾਹਿਤ ਦਾ ਇਤਿਹਾਸ ਕਿਤਾਬ ਤਾਂ ਉਹਨਾ ਦੀ ਇੰਨੀ ਮਸ਼ਹੂਰ ਕਿਤਾਬ ਸੀ, ਜਿਸਦੇ 4 ਐਡੀਸ਼ਨ ਛਪੇ। ਪੂਰਾ ਇੱਕ ਦਹਾਕਾ ਉਹਨਾ ਨੇ ਰੈਗੂਲਰ "ਅਜੀਤ"  ਅਤੇ ਪੰਜਾਬੀ ਟ੍ਰਿਬਿਊਨ ਅਤੇ ਵਿਦੇਸ਼ੋਂ ਨਿਕਲਦੇ ਪੇਪਰਾਂ ਇੰਡੋ ਕੈਨੇਡੀਅਨ ਟਾਈਮਜ਼, ਸਰੀ(ਕੈਨੇਡਾ) ਪੰਜਾਬੀ ਟਾਈਮਜ਼ ਲੰਦਨ ਲਈ ਲਗਾਤਾਰ ਸਿਆਸੀ ਕਾਲਮ ਲਿਖੇ। ਆਪਣੀਆਂ ਵੱਡਮੁਲੀਆਂ ਪੁਸਤਕਾਂ ਤੋਂ ਬਿਨ੍ਹਾਂ ਉਹਨਾ 500 ਤੋਂ ਵੱਧ ਕਾਲਮ ਸਮੇਂ-ਸਮੇਂ ਤੇ ਅਖ਼ਬਾਰਾਂ ਲਈ ਲਿਖੇ।ਵੱਡੀ ਗਿਣਤੀ 'ਚ ਉਹਨਾ ਦੀਆਂ ਰਚਨਾਵਾਂ ਪੰਜਾਬੀ ਦੇ ਪ੍ਰਸਿੱਧ ਰਸਾਲਿਆਂ 'ਚ ਛਪੀਆਂ। ਉਹ ਕਈ ਵੇਰ ਦੇਸ਼-ਪ੍ਰਦੇਸ਼ 'ਚ ਕਰਵਾਈਆਂ ਗਈਆਂ ਸਾਹਿਤਕ ਕਾਨਫੰਰਸਾਂ 'ਚ ਸ਼ਾਮਲ ਹੋਏ ਅਤੇ ਪੰਜਾਬੀ ਸਾਹਿਤ ਦੇ ਅਨੇਕਾਂ ਵਿਸ਼ਿਆਂ ਤੇ ਉਹਨਾ ਆਲੋਚਨਾਤਮਿਕ ਖੋਜ ਪੱਤਰ ਪੜ੍ਹੇ। 
    ਪੰਜਾਬੀ ਸਹਿੱਤਕ ਸਰਗਰਮੀਆਂ ਨਾਲ ਉਹ ਲਗਾਤਾਰ ਜੁੜੇ ਰਹੇ। ਉਹ ਪੰਜਾਬ ਦੀ ਪ੍ਰਸਿੱਧ ਲੇਖਕਾਂ ਦੀ ਸੰਸਥਾ, ਪੰਜਾਬੀ ਲੇਖਕ ਸਭਾ ਜਲੰਧਰ ਦੇ ਪ੍ਰਧਾਨ ਰਹੇ ਜੋ ਕਿ ਇਲਾਕੇ ਦੇ ਲੇਖਕਾਂ ਦੀ ਸਿਰਮੌਰ ਸੰਸਥਾ ਸੀ। ਉਹ ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ:) ਦੇ ਕਈ ਵਰ੍ਹੇ ਮੀਤ ਪ੍ਰਧਾਨ ਚੁਣੇ ਜਾਂਦੇ ਰਹੇ। ਇਹ ਸੰਸਥਾ ਪੰਜਾਬੀ ਲੇਖਕਾਂ ਦੀ ਪ੍ਰਸਿੱਧ ਸੰਸਥਾ ਰਹੀ, ਜਿਸ  ਵਲੋਂ ਪੰਜਾਬੀ ਦੇ ਲੇਖਕਾਂ ਨੂੰ ਇੱਕ ਲੜੀ 'ਚ ਪਰੋਕੇ ਵੱਡੀਆਂ ਸਾਹਿਤਕ ਸਰਗਰਮੀਆਂ , ਜਿਹਨਾ 'ਚ ਸਾਹਿਤਕ ਸੈਮੀਨਾਰ, ਵੱਡੇ ਸਾਹਿਤਕ ਇਕੱਠ ਕਰਵਾਏ ਜਾਂਦੇ ਰਹੇ।  ਜਲੰਧਰ ਵਿਖੇ ਵੀ ਕਈ ਵੱਡੇ ਸਾਹਿਤਕ ਇਕੱਠ ਉਹਨਾ ਦੀ ਅਗਵਾਈ 'ਚ ਗੁਰਬਖਸ਼ ਸਿੰਘ ਬੰਨੋਆਣਾ, ਜਗਦੀਸ਼ ਸਿੰਘ ਵਰਿਆਮ ਦੇ ਸਾਥ ਨਾਲ ਕਰਵਾਏ ਜਾਂਦੇ ਰਹੇ।
    ਉਹ ਪੰਜਾਬੀ ਲੇਖਕ ਸਭਾ ਪਲਾਹੀ ਦੇ ਪ੍ਰਧਾਨ ਰਹੇ ਜਿਸ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪਹਿਲੇ ਪ੍ਰਧਾਨ ਗਿਆਨੀ ਹੀਰਾ ਸਿੰਘ ਦਰਦ ਦੀ ਯਾਦ 'ਚ ਬਹੁ ਚਰਚਿਤ ਪੁਰਸਕਾਰ ਸ਼ੁਰੂ ਕੀਤਾ ਗਿਆ, ਜਿਹੜਾ ਪੰਜਾਬੀ  ਕਹਾਣੀਕਾਰਾਂ ਨੂੰ ਕਈ ਵਰ੍ਹੇ ਪ੍ਰਦਾਨ ਕੀਤਾ ਜਾਂਦਾ ਰਿਹਾ।
    ਪ੍ਰੋ: ਪਿਆਰਾ ਸਿੰਘ ਭੋਗਲ ਜ਼ਿੰਦਗੀ ਭਰ ਨਵੇਂ ਲੇਖਕਾਂ ਲਈ ਪ੍ਰੇਰਨਾ ਸ੍ਰੋਤ ਬਣੇ। ਉਹ ਇਸ ਗੱਲ ਦੇ ਮੁਦੱਈ ਰਹੇ ਕਿ ਲੇਖਕਾਂ ਨੂੰ ਆਪਣੀਆਂ ਪ੍ਰੋੜ ਲਿਖਤਾਂ ਲਈ ਵੱਧ ਤੋਂ ਵੱਧ ਵਿਸ਼ਵ ਪੱਧਰੀ ਸਾਹਿਤ ਦਾ ਅਧਿਐਨ ਕਰਨਾ ਚਾਹੀਦਾ ਹੈ। ਉਹ ਇਸ ਗੱਲ ਦੇ ਵੀ ਮੁਦੱਈ ਸਨ ਕਿ ਪੰਜਾਬੀਆਂ 'ਚ ਪੜ੍ਹਨ ਦਾ ਸ਼ੌਕ ਪੈਦਾ ਕਰਨ ਲਈ ਚੰਗੀਆਂ ਪੁਸਤਕਾਂ ਛਾਪਣੀਆਂ ਚਾਹੀਦੀਆਂ ਹਨ ਅਤੇ ਪਿੰਡਾਂ 'ਚ ਖ਼ਾਸ ਕਰਕੇ ਲਾਇਬ੍ਰੇਰੀਆਂ ਦਾ ਜਾਲ ਵਿਛਾਇਆ ਜਾਣਾ ਚਾਹੀਦਾ ਹੈ। ਉਹ  ਸਾਰੀ ਉਮਰ ਲੇਖਕਾਂ ਦੇ ਇਸ ਸੰਘਰਸ਼ ਕਿ ਪੰਜਾਬੀ, ਪੰਜਾਬ ਦੇ ਦਫ਼ਤਰਾਂ 'ਚ ਪੂਰੀ ਤਰ੍ਹਾਂ ਲਾਗੂ ਹੋਣੀ ਚਾਹੀਦੀ ਹੈ ਅਤੇ ਸੂਬੇ 'ਚ ਇਹ ਕਾਰੋਬਾਰੀ ਭਾਸ਼ਾ ਹੋਣੀ ਚਾਹੀਦੀ ਹੈ, ਨਾਲ ਖੜ੍ਹੇ ਰਹੇ।
    ਆਪਣੇ ਸਾਹਿਤਕ ਜੀਵਨ ਕਾਲ 'ਚ ਉਹਨਾ ਨੂੰ ਸਰਕਾਰੋਂ-ਦਰਬਾਰੋਂ ਘੱਟ, ਪਰ ਲੋਕ  ਦਰਬਾਰੋਂ ਵੱਡੇ ਲੋਕ-ਸਨਮਾਨ ਪ੍ਰਾਪਤ ਹੋਏ।
    ਦੋ ਵਰ੍ਹੇ ਪਹਿਲਾਂ ਪੰਜਾਬੀ ਵਿਰਸਾ ਟਰੱਸਟ(ਰਜਿ:) ਅਤੇ ਪੰਜਾਬੀ ਲੇਖਕ ਸਭਾ ਪਲਾਹੀ ਵਲੋਂ ਸਾਂਝੇ ਤੌਰ 'ਤੇ ਉਹਨਾ ਨੂੰ ਜੀਵਨ ਭਰ ਦੀ ਸਾਹਿਤਕ ਪ੍ਰਾਪਤੀਆਂ ਲਈ ਬਿਮਾਰੀ ਦੀ ਅਵਸਥਾ 'ਚ ਸਨਮਾਨਤ  ਕੀਤਾ ਗਿਆ। ਇਸ ਸਨਮਾਨ ਸਮੇਂ ਪ੍ਰਸਿੱਧ ਚਿੰਤਕ ਸਤਨਾਮ ਸਿੰਘ ਮਾਣਕ, ਲਖਵਿੰਦਰ ਸਿੰਘ ਜੌਹਲ, ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ, ਗੁਰਮੀਤ ਸਿੰਘ ਪਲਾਹੀ , ਲੇਖਕ ਐਸ.ਐਲ. ਵਿਰਦੀ ਸ਼ਾਮਲ ਹੋਏ। ਇਹ ਸਨਮਾਨ ਉਹਨਾ ਨੂੰ ਉਹਨਾ ਦੇ ਘਰ ਜਾ ਕੇ ਦਿੱਤਾ ਗਿਆ, ਜਿਸ ਵਿੱਚ ਨਕਦ ਰਾਸ਼ੀ, ਮੰਮੰਟੋ, ਦੁਸ਼ਾਲਾ ਸ਼ਾਮਲ ਸੀ।
    ਪੰਜਾਬ ਦੇ ਔਖੇ ਵੇਲਿਆਂ 'ਚ ਭਖ਼ਦੇ ਮਸਲਿਆਂ ਤੇ ਵਿਚਾਰ ਚਰਚਾ ਕਰਨ ਅਤੇ ਪੰਜਾਬੀਆਂ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਜਾਗਰਤ ਕਰਨ ਅਤੇ ਸੰਘਰਸ਼ ਕਰਨ ਦੀ ਪ੍ਰੇਰਨਾ ਦੇਣ ਵਾਲੀ ਸੰਸਥਾ "ਪੰਜਾਬ ਜਾਗਰਤੀ ਮੰਚ" ਦੇ ਉਹ ਪ੍ਰਧਾਨ ਬਣੇ ਅਤੇ ਲੰਮਾ ਸਮਾਂ ਇਹ ਸੇਵਾ ਨਿਭਾਉਂਦੇ ਰਹੇ। ਉਹ ਬੇਬਾਕੀ ਨਾਲ ਇਸ ਸੰਸਥਾ ਵਲੋਂ ਕਰਵਾਏ ਸਮਾਗਮਾਂ, ਸੈਮੀਨਾਰਾਂ 'ਚ ਬੋਲਦੇ, ਆਪਣੇ ਵਿਚਾਰ ਰੱਖਦੇ।
    ਇਸ ਸਮੇਂ ਬਹੁਤੀ ਵੇਰ ਉਹਨਾ ਨੂੰ "ਔਖੇ ਵੇਲਿਆਂ" ਦਾ ਵੀ ਸਾਹਮਣਾ ਕਰਨਾ ਪਿਆ, ਪਰ ਉਹਨਾ ਨੇ ਆਪਣੇ ਸਾਥੀ ਪ੍ਰਸਿੱਧ ਪੱਤਰਕਾਰ  ਸਤਨਾਮ ਸਿੰਘ ਮਾਣਕ ਅਤੇ ਹੋਰ ਚਿੰਤਕਾਂ ਨਾਲ ਰਲਕੇ "ਪੰਜਾਬ ਪ੍ਰਸਤ" ਹੋਣ ਦਾ ਵੱਡਾ ਸਬੂਤ ਦਿੱਤਾ। ਪ੍ਰੋ: ਪਿਆਰਾ ਸਿੰਘ ਭੋਗਲ ਦੇ ਲੇਖਕਾਂ, ਚਿੰਤਕਾਂ, ਸਿਆਸੀ ਨੇਤਾਵਾਂ ਨਾਲ ਗੂੜ੍ਹੇ ਸਬੰਧ ਸਨ। ਪਰ ਜ਼ਿੰਦਗੀ ਭਰ ਉਹਨਾ ਕਿਸੇ ਤੋਂ ਕੋਈ ਲਾਹਾ ਲੈਣ ਦਾ ਯਤਨ ਨਹੀਂ ਕੀਤਾ। ਅਸਲ ਵਿੱਚ ਪੰਜਾਬ ਹਿਤੈਸ਼ੀ ਪ੍ਰੋ: ਪਿਆਰਾ ਸਿੰਘ ਭੋਗਲ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੰਸਥਾ ਸਨ।
ਕਲਮ ਦੇ ਧਨੀ ਪ੍ਰੋ: ਪਿਆਰਾ ਸਿੰਘ ਭੋਗਲ ਦਾ ਗ੍ਰਹਿਸਥੀ ਅਤੇ ਸਮਾਜਿਕ ਜੀਵਨ ਸਾਰਥਕ ਰਿਹਾ। ਉਹਨਾ  ਨੇ ਧਰਮਪਤਨੀ ਮਹਿੰਦਰ ਕੌਰ ਦੇ ਸਾਥ ਨਾਲ ਆਪਣੇ ਦੋਵਾਂ ਪੁੱਤਰਾਂ ਪ੍ਰੋ:  ਹਿਰਦੇਜੀਤ ਸਿੰਘ, ਪ੍ਰੇਮ ਪਾਲ ਸਿੰਘ ਅਤੇ  ਪੁੱਤਰੀ ਦੀਪ ਨੂੰ ਉਚੇਰੀ ਸਿੱਖਿਆ ਦੁਆਈ। ਜੋ ਆਪੋ-ਆਪਣੇ ਥਾਂ ਸਫ਼ਲ ਜੀਵਨ ਬਿਤਾ ਰਹੇ ਹਨ।
    ਪੰਜਾਬੀ ਪਿਆਰਿਆਂ ਵਲੋਂ ਉਹਨਾ ਨੂੰ ਦੇਸ਼-ਵਿਦੇਸ਼ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ।
-ਗੁਰਮੀਤ ਸਿੰਘ ਪਲਾਹੀ
-218- ਗੁਰੂ ਹਰਿਗੋਬਿੰਦ ਨਗਰ, ਫਗਵਾੜਾ
-9815802070