ਸੱਚ ਦੇ ਆਸ਼ਕਾਂ, ਰਹਿਬਰਾਂ ਦਾ ਕੋਈ ਧਰਮ ਜਾਂ ਕੌਮ ਨਹੀਂ ਹੁੰਦੀ । - ਹਰਲਾਜ ਸਿੰਘ ਬਹਾਦਰਪੁਰ
ਗੁਰੂਆਂ/ਭਗਤਾਂ ਦੀ ਸੋਚ ਗੁਰਬਾਣੀ ਕਿਸੇ ਇੱਕ ਫਿਰਕੇ ਜਾਂ ਕੌਮ ਲਈ ਨਹੀਂ
ਸੀ ਇਸ ਦੀ ਦੁਰਵਰਤੋਂ ਕਹੀ ਜਾਂਦੀ ਸਾਡੀ ਸਿੱਖ ਕੌਮ ਨੇ ਹੀ ਕੀਤੀ ਹੈ ।
ਇਸ ਸੰਸਾਰ ਵਿੱਚ ਹਰ ਤਰਾਂ ਦੇ ਲੋਕ ਵਸਦੇ ਹਨ, ਜਿੰਨਾ ਵਿੱਚ ਬਹੁਤੇ ਆਮ ਅਤੇ ਕੁੱਝ ਖਾਸ ਹੁੰਦੇ ਹਨ । ਖਾਸ ਲੋਕਾਂ ਵਿੱਚ ਵੀ ਦੋ ਤਰਾਂ ਦੇ ਲੋਕ ਹੁੰਦੇ ਹਨ, ਇੱਕ ਸ਼ੈਤਾਨ ਜੋ ਆਮ ਲੋਕਾਂ ਨੂੰ ਗਲਤ ਰਸਤੇ ਪਾ ਕੇ ਉਹਨਾ ਦੇ ਹੱਕਾਂ ਨੂੰ ਮਾਰਨ ਵਾਲੇ ਅਤੇ ਜੁਰਮ ਕਰਨ ਵਾਲੇ ਹੁੰਦੇ ਹਨ । ਦੂਜੇ ਇੰਨਸਾਨ ਜੋ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ, ਜੁਰਮ ਦੇ ਵਿਰੁੱਧ ਆਪਾ ਕੁਰਬਾਨ ਕਰਕੇ ਸਹੀ ਰਸਤਾ ਵਿਖਾਉਣ ਵਾਲੇ ਹੁੰਦੇ ਹਨ । ਜਿੱਥੇ ਪਹਿਲੀ ਕਿਸਮ ਦੇ ਸ਼ੈਤਾਨਾ ਨੂੰ ਅੰਨੇ, ਲੁਟੇਰੇ ਤੇ ਜਾਲਮ ਕਿਹਾ ਜਾਂਦਾ ਹੈ ਉੱਥੇ ਦੂਜੀ ਕਿਸਮ ਦੇ ਇੰਨਸਾਨਾਂ ਨੂੰ ਸੂਰਮੇ, ਗੁਰੂ/ਭਗਤ ਤੇ ਰਹਿਬਰ ਜਿਹੇ ਸਤਿਕਾਰਤ ਸਬਦਾਂ ਨਾਲ ਪੁਕਾਰਿਆ ਜਾਂਦਾ ਹੈ । ਜਦੋਂ ਦੀ ਮਨੁੱਖਤਾ ਹੋਂਦ ਵਿੱਚ ਆਈ ਹੈ ਉਸ ਸਮੇ ਤੋਂ ਲੈ ਕੇ ਹੀ ਦੋਹਾਂ ਤਰਾਂ ਦੇ ਚੰਗੇ ਅਤੇ ਮੰਦੇ ਲੋਕ ਵੀ ਮੌਜੂਦ ਹਨ । ਜਿੱਥੇ ਆਮ ਲੋਕਾਂ ਦੇ ਹੱਕਾਂ ਨੂੰ ਮਾਰਨ ਵਾਲੇ ਜਾਲਮ ਸ਼ੈਤਾਨਾਂ ਦਾ ਘਾਟਾ ਨਹੀਂ ਹੁੰਦਾ ਉੱਥੇ ਆਮ ਲੋਕਾਂ ਦੇ ਹੱਕਾਂ ਸੱਚ ਲਈ ਆਪਾ ਵਾਰਨ ਵਾਲੇ ਦਿਆਲੂ ਇੰਨਸਾਨਾਂ ਦੀ ਵੀ ਕਮੀ ਨਹੀਂ ਹੁੰਦੀ । ਇਸ ਸੰਸਾਰ ਵਿੱਚ ਲੋਕ ਯਾਦ ਵੀ ਬੁਰਾਈ ਲਈ ਸ਼ੈਤਾਨਾਂ ਤੇ ਭਲਾਈ ਲਈ ਇੰਨਸਾਨਾਂ ਨੂੰ ਹੀ ਕਰਦੇ ਹਨ, ਆਮ ਲੋਕਾਂ ਦੀ ਕਿਤੇ ਗੱਲ ਨਹੀਂ ਚਲਦੀ ਹੁੰਦੀ । ਪਰ ਸ਼ੈਤਾਨ ਤੇ ਇੰਨਸਾਨ ਦੀ ਲੜਾਈ ਹੁੰਦੀ ਆਮ ਲੋਕਾਂ ਵਾਸਤੇ ਹੀ ਹੈ । ਸ਼ੈਤਾਨ ਆਪਣੇ ਭਲੇ (ਨਿੱਜ) ਲਈ ਲੜਦਾ ਹੈ, ਇੰਨਸਾਨ ਮਨੁੱਖਤਾ ਦੇ ਭਲੇ ਲਈ ਆਪਾ (ਨਿੱਜ) ਨੂੰ ਕੁਰਬਾਨ ਕਰ ਦਿੰਦਾ ਹੈ । ਇਸ ਲਈ ਜਿੱਥੇ ਸ਼ੈਤਾਨਾਂ ਨੂੰ ਫਿਟਕਾਰਾਂ ਪੈਂਦੀਆਂ ਹਨ ਅਤੇ ਕੋਈ ਵੀ ਉਹਨਾ ਦਾ ਵਾਰਸ ਜਾਂ ਪੈਰੋਕਾਰ ਨਹੀਂ ਕਹਾਉਣਾ ਚਾਹੁੰਦਾ ਹੁੰਦਾ, ਉੱਥੇ ਇੰਨਸਾਨਾਂ ( ਸੂਰਮੇ,ਗੁਰੂਆਂ, ਭਗਤਾਂ ) ਦੀ ਉਸਤਤ ਹੁੰਦੀ ਹੈ ਅਤੇ ਉਹਨਾ ਦੇ ਵਾਰਸ ਤੇ ਪੈਰੋਕਾਰ ਕਹਾਉਣ ਵਾਲਿਆਂ ਦੀ ਬਹੁਤ ਵੱਡੀ ਭੀੜ ਹੁੰਦੀ ਹੈ । ਪਰ ਅਫਸੋਸ ਕਿ ਇਹ ਭੀੜ ਹੀ ਹੌਲੀ ਹੌਲੀ ਨਿੱਜ ਤੋਂ ਉਪਰ ਉਠੇ ਇੰਨਸਾਨਾਂ ਨੂੰ ਆਪਣੇ ਨਿੱਜ ਲਈ ਵਰਤਣਾ ਸੁਰੂ ਕਰਕੇ ਇੱਕ ਫਿਰਕੇ ਨਾਲ ਜੋੜ ਦਿੰਦੀ ਹੈ । ਸੁਆਰਥੀ ਕਿਸਮ ਦੇ ਲੋਕ ਸਮੁੱਚੀ ਮਨੁੱਖਤਾ ਦੇ ਭਲੇ ਹਿੱਤ ਆਪਾ ਕੁਰਬਾਨ ਕਰਕੇ ਏਕਤਾ ਦਾ ਪਾਠ ਪੜਾਉਣ ਵਾਲੇ ਇੰਨਸਾਨਾਂ (ਰਹਿਬਰਾਂ) ਨੂੰ ਆਪਣਾ ਕੌਮੀ ਆਗੂ ਥਾਪ ਕੇ ਉਸ ਦੇ ਨਾਮ ਤੇ ਹੀ ਵੱਖਰੀ ਕੌਮ ਦੀ ਇੱਕ ਹੋਰ ਵੰਡੀ ਪਾ ਦਿੰਦੇ ਹਨ । ਮੈਨੂੰ ਸੰਸਾਰ ਦੀਆਂ ਕੌਮਾਂ ਵਾਰੇ ਤਾਂ ਜਾਣਕਾਰੀ ਨਹੀਂ ਹੈ, ਹਾਂ ਇੰਨਾ ਕੁ ਪਤਾ ਹੈ ਕਿ ਸਾਡੇ ਕਹੇ ਜਾਂਦੇ ਦੇਸ਼ ਵਿੱਚ ਹਿੰਦੂ, ਮੁਸਲਿਮ, ਇਸਾਈ ਤੇ ਸਿੱਖ ਰਹਿੰਦੇ ਹਨ । ਸਿੱਖ ਹੋਣ ਦੇ ਨਾਅ ਤੇ ਸਿੱਖ ਕੌਮ ਵਾਰੇ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਮੈ ਉਸ ਦੇ ਅਧਾਰਤ ਹੀ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ ਕਰ ਰਿਹਾ ਹਾਂ, ਜਰੂਰੀ ਨਹੀਂ ਕਿ ਇਹ ਕਿਸੇ ਨੂੰ ਚੰਗੇ ਲੱਗਣ ਜਾਂ ਸਹੀ ਹੋਣ ਕਿਉਂਕਿ ਇਹ ਮੇਰੀ ਨਿੱਜ ਮੱਤ ਹੀ ਹੈ । ਮੇਰੀ ਮੱਤ ਅਨੁਸਾਰ ਆਮ ਲੋਕਾਂ ਨੂੰ ਛੱਡ ਕੇ ਖਾਸ ਕਿਸਮ ਦੇ ਲੋਕਾਂ ਸ਼ੈਤਾਨ ਜਾਲਮਾਂ ਤੇ ਇੰਨਸਾਨ ਰਹਿਬਰਾਂ ਵਿੱਚੋਂ ਜੇ ਕਿਸੇ ਨਾਲ ਬੇਇੰਨਸਾਫੀਆਂ ਹੁੰਦੀਆਂ ਹਨ ਤਾਂ ਉਹ ਇੰਨਸਾਨ ਰਹਿਬਰਾਂ ਨਾਲ ਹੀ ਹੁੰਦੀਆਂ ਹਨ, ਅਤੇ ਕੀਤੀਆਂ ਵੀ ਉਹਨਾ ਨੂੰ ਕੌਮੀ ਆਗੂ ਜਾਂ ਗੁਰੂ ਮੰਨਣ ਵਾਲੇ ਪੈਰੋਕਾਰਾਂ ਵੱਲੋਂ ਹੀ ਜਾਂਦੀਆਂ ਹਨ । ਮਨੁੱਖਤਾ ਦੇ ਹੱਕਾਂ ਦੀ ਰਾਖੀ ਕਰਨ ਵਾਲੇ, ਜੁਰਮ ਦੇ ਵਿਰੁੱਧ ਆਪਾ ਕੁਰਬਾਨ ਕਰਕੇ ਸਹੀ ਰਸਤਾ ਵਿਖਾਉਣ ਵਾਲਿਆਂ ਰਹਿਬਰਾਂ ਦੀ ਮੱਤ ਸਦਾ ਇੱਕ ਹੀ ਰਹੀ ਹੈ ਤੇ ਰਹੇਗੀ ਵੀ । ਉਹ ਚਾਹੇ ਕਹੇ ਜਾਂਦੇ ਕਿਸੇ ਵੀ ਦੇਸ਼, ਧਰਮ ਜਾਂ ਜਾਤ ਵਿੱਚ ਪੈਦਾ ਹੋਏ ਹੋਣ ਪਰ ਉਹ ਸਦਾ ਦੇਸ਼, ਧਰਮ ਜਾਂ ਜਾਤ ਤੋਂ ਉਪਰ ਉਠ ਕੇ ਸਮੁੱਚੀ ਮਨੁੱਖਤਾ ਨੂੰ ਹੀ ਸਹੀ ਤੇ ਸਰਬਸਾਂਝਾ ਰਸਤਾ ਵਿਖਾਉਂਦੇ ਹਨ ।ਇਸ ਸਬੰਧ ਵਿੱਚ ਵਿਚਾਰ ਦੇ ਲਈ ਮੈਂ ਗੁਰਬਾਣੀ ਅਤੇ ਸਿੱਖ ਕੌਮ ਦੀ ਗੱਲ ਕਰਨੀ ਚਾਹਾਂਗਾ । ਗੁਰੂਆਂ/ਭਗਤਾਂ ਦੀ ਵਿਚਾਰਧਾਰਾ ਗੁਰਬਾਣੀ ਨਾ ਤਾਂ ਕਿਸੇ ਦੇਸ ਧਰਮ ਜਾਂ ਜਾਤ ਦੀ ਦੁਸ਼ਮਣ ਹੈ ਨਾਂ ਮਿੱਤਰ । ਇਹ ਸੱਚ ਤਾਂ ਦੱਬੇ ਕੁਚਲੇ ਮਜਲੂਮਾਂ ਅਤੇ ਕਿਰਤੀਆਂ ਦੇ ਹੱਕ ਵਿੱਚ ਅਤੇ ਲੁਟੇਰੇ ਜਰਵਾਣਿਆਂ ਮਲਕ ਭਾਗੋਆਂ ਦੇ ਵਿਰੁੱਧ ਹੈ ।ਜਿਵੇਂ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੁਰਮ ਦੇ ਵਿਰੁੱਧ ਸ਼ੈਤਾਨ ਹਿੰਦੂ, ਮੁਸਲਮਾਨਾਂ ਨਾਲ ਜੰਗਾਂ ਹੋਈਆਂ ਸਨ ਉੱਥੇ ਗੁਰੂ ਗੋਬਿੰਦ ਸਿੰਘ ਜੀ ਬਚਨਾ ਉਤੇ ਆਪਣੀਆਂ ਜਾਨਾ ਕੁਰਬਾਨ ਕਰਨ ਵਾਲੇ ਇੰਨਸ਼ਾਨ ਹਿੰਦੂ, ਮੁਸਲਮਾਨ ਉਹਨਾ ਦੇ ਹਮਦਰਦ ਵੀ ਸਨ । ਮਜਲੂਮ ਤੇ ਜਰਵਾਣਾ ਚਾਹੇ ਇੱਕੋ ਦੇਸ਼ ਧਰਮ ਜਾਤ ਦੇ ਹੋਣ ਜਾਂ ਵੱਖੋ ਵੱਖਰੇ ਹੋਣ ਇਸ ਗੱਲ ਨਾਲ ਉਹਨਾ ਦਾ ਕੋਈ ਵਾਸਤਾ ਨਹੀਂ ਹੁੰਦਾ ਕਿਉਂਕਿ ਉਹ ਤਾਂ ਸਮੁੱਚੀ ਮਨੁੱਖਤਾ ਨੂੰ ਇੱਕ ਪਿਤਾ ਦੀ ਸੰਤਾਨ ਅਤੇ ਆਪਣੇ ਭੈਣ ਭਰਾ ਸਮਝਦੇ ਹਨ, ਇਸੇ ਲਈ ਉਹ ਸਭਨਾ ਦੇ ਸਾਂਝੇ ਹੁੰਦੇ ਹਨ । ਪਰ ਅਫਸੋਸ ਕਿ ਏਕੁ ਪਿਤਾ ਏਕਸ ਕੇ ਹਮ ਬਾਰਿਕ (ਪੰਨਾ ਨੰ: 611) ਦੇ ਸਬਦਾਂ ਰਾਹੀਂ ਏਕਤਾ ਦਾ ਪਾਠ ਪੜਾਉਣ ਵਾਲੇ ਰਹਿਬਰਾਂ ਦੇ ਨਾਮ ਤੇ ਹੀ ਅਸੀਂ ਵੱਖਰੇ ਧਰਮ ਖੜੇ ਕਰ ਲੈਂਦੇ ਹਾਂ । ਅਸੀਂ ਤਾਂ ਇੱਕ ਵਿਚਾਧਾਰਾ ਦੇ ਰਹਿਬਰਾਂ ਜਿੰਨਾ ਦੀ ਸਰਬਸਾਂਝੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇੱਕੋ ਥਾਂ ਦਰਜ ਹੈ ਦੀ ਏਕਤਾ ਨੂੰ ਅਨੇਕਤਾ ਵਿੱਚ ਵੰਡਦਿਆਂ ਉਹਨਾ ਦੇ ਨਾਵਾਂ ਉਪਰ ਹੀ ਵੱਖੋ ਵੱਖਰੇ ਗੁਰਦੁਆਰੇ ਮੰਦਰ ਉਸਾਰ ਕੇ ਫਿਰਕਿਆਂ ਦੀ ਵੰਡਾਂ ਪੱਕੀਆਂ ਕਰਨ ਲੱਗੇ ਹੋਏ ਹਾਂ । ਹਿੰਦੂ ਤੁਰਕ ਕਾ ਸਾਹਿਬੁ ਏਕ॥(ਪੰਨਾ ਨੰ: 1158) ਅਤੇ ਹਿੰਦੂ ਅੰਨਾ ਤੁਰਕੂ ਕਾਣਾ॥ਦੁਹਾਂ ਤੇ ਗਿਆਨੀ ਸਿਆਣਾ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾ ਮਸੀਤਿ ॥(ਪੰਨਾ ਨੰ: 875) ਦਾ ਸੁਨੇਹਾ ਦੇਣ ਵਾਲੇ ਰਹਿਬਰਾਂ ਦੀ ਹੀ ਦੇਹੁਰੇ/ਮੰਦਰ, ਮਸੀਤਾਂ ਵਾਂਗ ਗੁਰਦੁਆਰਿਆਂ ਵਿੱਚ ਪੂਜਾ ਕਰਨੀ ਕਿਵੇਂ ਜਾਇਜ ਹੋ ਸਕਦੀ ਹੈ । ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥( ਪੰਨਾ ਨੰ: 477) ਦੇ ਸਬਦਾਂ ਰਾਹੀਂ ਹਿੰਦੂ ਮੁਸਲਿਮਾਂ ਦੇ ਵੱਖਰੇ ਫਿਰਕਿਆਂ ਦਾ ਖੰਡਨ ਕਰਨ ਵਾਲੇ ਗੁਰੂਆਂ/ਭਗਤਾਂ ਦੇ ਨਾਮ ਤੇ ਹੀ ਇੱਕ ਹੋਰ ਤੀਜਾ ਫਿਰਕਾ (ਸਿੱਖ ਕੌਮ ਦਾ) ਖੜਾ ਕਰ ਦੇਣਾ ਸੋਭਾ ਨਹੀਂ ਦਿੰਦਾ । ਕੀ ਜੇਕਰ ਇਹ ਰਹਿਬਰ ਸਰੀਰ ਕਰਕੇ ਅੱਜ ਸਾਡੇ ਚਿ ਵਿੱਚਕਾਰ ਹੁੰਦੇ ਤਾਂ ਇਹ ਹਿੰਦੂ ਤੁਰਕ ਕਾ ਸਾਹਿਬੁ ਏਕ॥ ਦੀ ਥਾਂ ਹਿੰਦੂ ਤੁਰਕ ਸਿੱਖ ਕਾ ਸਾਹਿਬੁ ਏਕ॥ ਜਾਂ ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥ ਦੀ ਥਾਂ ਹਿੰਦੂ ਤੁਰਕ ਸਿੱਖ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥ ਨਾ ਕਹਿੰਦੇ ? ਕਿਉਂਕਿ ਮਹਾਂਪੁਰਖਾਂ ਦੀ ਕਹੀ ਗੱਲ ਕਿਸੇ ਇੱਕ ਵਿਸ਼ੇਸ ਫਿਰਕੇ ਲਈ ਹੋਣ ਦੀ ਥਾਂ ਸਮੁੱਚੀ ਮਨੁੱਖਤਾ ਲਈ ਹੁੰਦੀ ਹੈ ਜਿਵੇਂ ਕਿ ਗੁਰਵਾਕ ਹੈ -: ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥(ਪੰਨਾ ਨੰ: 647) ਫਿਰ ਅਜਿਹੇ ਮਹਾਂ ਪੁਰਖਾਂ ਦੇ ਬੋਲਾਂ (ਸਬਦਾਂ) ਨੂੰ ਕਿਸੇ ਇੱਕ ਫਿਰਕੇ ਵੱਲੋਂ ਆਪਣੀ ਮਲਕੀਅਤ ਬਣਾ ਲੈਣਾ ਸਾਇਦ ਠੀਕ ਨਾ ਹੋਵੇ । ਆਪਣੇ ਆਪ ਨੂੰ ਗੁਰੂ ਨਾਨਕ ਜੀ ਦੇ ਪੈਰੋਕਾਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਿਆਂ (ਅਸੀਂ/ਸਿੱਖਾਂ) ਨੇ ਗੁਰੂ ਦੀ ਗੱਲ ਮੰਨ ਕੇ ਜੀਵਨ ਜਿਉਣ ਦੀ ਥਾਂ ਵੱਖਰੀ ਕੌਮ ਦੇ ਨਾਮ ਤੇ ਇੱਕ ਹੋਰ ਫਿਰਕੇ ਨੂੰ ਮਜਬੂਤ ਕਰਨ ਤੇ ਹੀ ਜੋਰ ਲਾਇਆ ਹੋਇਆ ਹੈ । ਮਨੁੱਖਤਾ ਤਾਂ ਪਹਿਲਾਂ ਹੀ ਹਿੰਦੂ ਮੁਸਲਮਾਨਾਂ ਦੇ ਧੜਿਆਂ ਦੇ ਭੇੜ ਵਿੱਚ ਪਿਸ ਰਹੀ ਸੀ ਤਾਂ ਹੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ -: ਭੈਰਉ ਮਹਲਾ 5 ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥1॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥2॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥3॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥4॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥5॥3॥ (ਪੰਨਾ ਨੰ: 1136) । ਗੁਰੂ ਸਾਹਿਬ ਜੀ ਤਾਂ ਉਸ ਸਮੇ ਦੇ ਪਰਚਲਿਤ ਦੋਹਾਂ ਧਰਮਾਂ ਦੇ ਕਰਮ ਕਾਂਢਾਂ ਦਾ ਖੰਡਨ ਕਰ ਰਹੇ ਹਨ । ਫਿਰ ਉਹ ਆਪਣਾ ਨਵਾਂ ਕਰਮ ਕਾਂਢਾਂ ਵਾਲਾ ਧਰਮ ਕਿਵੇਂ ਸਥਾਪਿਤ ਕਰ ਸਕਦੇ ਸਨ ? ਉਹਨਾ ਦਾ ਮਕਸਦ ਤਾਂ ਇੰਨਸਾਨੀਅਤ ਦੀ ਸਿਖਿਆ ਦੇਣਾ ਸੀ ਨਾ ਕਿ ਆਪਣਾ ਵੱਖਰਾ ਧਰਮ (ਫਿਰਕਾ) ਸਥਾਪਿਤ ਕਰਨਾ । ਕਿਉਂਕਿ ਇਹਨਾ ਧਰਮਾਂ ਤੇ ਫਿਰਕਿਆਂ ਨੇ ਸਦਾ ਨਹੀਂ ਰਹਿਣਾ । ਇਸੇ ਲਈ ਤਾਂ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ -: ॥ ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥1॥ (ਪੰਨਾ ਨੰ: 1231) ਭਾਵ ਕਿ ਜੋ ਪੈਦਾ ਹੋਇਆ ਹੈ ਉਹ ਕਦੇ ਨਾ ਕਦੇ ਖਤਮ ਵੀ ਜਰੂਰ ਹੋਵੇਗਾ । ਫਿਰ ਅਜਿਹੇ ਮਹਾਂ ਪੁਰਖ ਖਤਮ ਹੋਣ ਵਾਲੀ ਵਸਤੂ ਨੂੰ ਕਿਉਂ ਸਥਾਪਿਤ ਕਰਨਗੇ । ਕਿਉਂਕਿ ਉਹ ਤਾਂ ਸੱਚ ਦੇ ਹਾਮੀ ਸਨ ਜਿਵੇਂ ਕਿ ਗੁਰਵਾਕ ਹੈ -: ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ (ਪੰਨਾ ਨੰ: 956) ਅਤੇ -: ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥ (ਪੰਨਾ ਨੰ: 1248) ਉਹ ਸੱਚ ਦੇ ਹੀ ਪਹਿਰੇਦਾਰ ਸਨ ਉਹਨਾ ਨੇ ਤਾਂ ਸੱਚ ਤੇ ਆਪਣੀ ਜਾਨ, ਪ੍ਰੀਵਾਰ ਅਤੇ ਘਰ ਘਾਟ ਨੂੰ ਵੀ ਕੁਰਬਾਨ ਕਰ ਦਿੱਤਾ ਸੀ ਕਿਉਂਕਿ ਸੱਚ ਨੇ ਹੀ ਸਦਾ ਰਹਿਣਾ ਹੈ । ਮੈਨੂੰ ਲੱਗਦੈ ਇਹ ਉਹੀ ਸੱਚ ਹੈ ਜਿਸਨੂੰ ਗੁਰ ਨਾਨਕ ਜੀ ਨੇ ਗੁਰਬਾਣੀ ਦੇ ਮੁੱਢ ਵਿੱਚ -: ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥ ਲਿਖਿਆ ਹੈ । ਹੁਣ ਜੇ ਇਹ ਮੰਨ ਲਈਏ ਕਿ ਸੱਚ ਸਿਰਫ ਗੁਰ ਨਾਨਕ ਜੀ ਨੇ ਹੀ ਪਰਗਟ ਕੀਤਾ ਹੈ ਤਾਂ ਇਹ ਵੀ ਸੱਚ ਨਾਲ ਹੀ ਬੇਇੰਨਸਾਫੀ ਹੋਵੇਗੀ ਤੇ ਗੁਰੂ ਨਾਨਕ ਜੀ ਨਾਲ ਵੀ , ਕਿਉਂਕਿ ਗੁਰੂ ਨਾਨਕ ਜੀ ਤਾਂ ਖੁਦ ਕਹਿ ਰਹੇ ਹਨ ਕਿ -: ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥ ਸੱਚ ਹਰ ਸਮੇ ਇੱਕ ਹੀ ਹੋਣ ਦਾ ਇੱਕ ਹੋਰ ਸਬੂਤ ਵੀ ਗੁਰਬਾਣੀ ਵਿੱਚੋਂ ਹੀ ਮਿਲਦਾ ਹੈ ਜਿਵੇਂ ਕਿ ਜਿੰਨਾ ਮਹਾਂ ਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹਨਾ ਵਿੱਚੋਂ ਕਈ ਭਗਤ ਸਾਹਿਬਾਨ ਗੁਰੂ ਸਾਹਿਬਾਨਾਂ ਤੋਂ ਸੈਂਕੜੇ ਸਾਲ ਪਹਿਲਾਂ ਹੋਏ ਹਨ ਪਰ ਵਿਚਾਰ ਸੱਭ ਦੀ ਇੱਕੋ ਹੈ । ਇਸ ਦਾ ਮਤਲਬ ਇਹ ਹੋਇਆ ਕਿ ਜੋ ਸੱਚ ਗੁਰੂ ਨਾਨਕ ਜੀ ਨੇ ਕਿਹਾ ਉਹ ਭਗਤ ਸਾਹਿਬਾਨਾਂ ਨੇ ਸੈਂਕੜੇ ਸਾਲ ਪਹਿਲਾਂ ਹੀ ਕਹਿ ਰੱਖਿਆ ਸੀ , ਇਸ ਤੋਂ ਸਪੱਸਟ ਹੁੰਦਾ ਹੈ ਕਿ ਸੱਚ ਇੱਕ ਹੀ ਹੁੰਦਾ ਉਹ ਚਾਹੇ ਕਿਸੇ ਨੇ ਹਜਾਰ ਸਾਲ ਪਹਿਲਾਂ ਬੋਲਿਆ ਹੋਵੇ ਜਾਂ ਪੰਜ ਸੌ ਸਾਲ । ਹਾਂ ਸਮੇ ਅਨੁਸਾਰ ਭਾਸਾ ਦਾ ਫਰਕ ਜਰੂਰ ਪੈ ਜਾਂਦਾ ਹੈ ਪਰ ਸੱਚ ਦਾ ਸਿਧਾਂਤ ਨਹੀਂ ਬਦਲਦਾ ਸੱਚ ਸੱਚ ਹੀ ਰਹਿੰਦਾ ਹੈ । ਭਗਤ ਸਾਹਿਬਾਨਾਂ ਤੋਂ ਪਹਿਲਾਂ ਵੀ ਇਸੇ ਤਰਾਂ ਕਿਸੇ ਨੇ ਸੱਚ ਜਰੂਰ ਬੋਲਿਆ ਹੋਵੇਗਾ ਪਰ ਉਹਨਾ ਦਾ ਨਾਮ ਪਤਾ, ਧਰਮ ਜਾਂ ਫਿਰਕੇ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ ਇਸ ਦਾ ਮਤਲਬ ਇਹ ਨਹੀਂ ਕਿ ਭਗਤ ਸਾਹਿਬਾਨਾ ਤੋਂ ਪਹਿਲਾਂ ਜਾਂ ਜਿਸ ਸਮੇ ਦੀਆਂ ਸਾਡੇ ਕੋਲ ਲਿਖਤਾਂ ਨਹੀਂ ਹਨ ਕਿ ਉਸ ਸਮੇ ਸੱਚ ਨਹੀਂ ਸੀ । ਸੱਚ ਸੀ, ਤੇ ਹੈ ਵੀ ਅਤੇ ਸਦਾ ਰਹੇਗਾ ਵੀ ਪਰ ਸੱਚ ਦੇ ਨਾਮ ਤੇ ਵੰਡੀਆਂ ਪਾ ਕੇ ਪੈਦਾ ਕੀਤੇ ਧਰਮਾਂ ਜਾਂ ਫਿਰਕਿਆਂ ਨੇ ਸਦਾ ਨਹੀਂ ਰਹਿਣਾ । ਕੀ ਗੁਰੂ ਨਾਨਕ ਜੀ ਦੀ ਪੈਰੋਕਾਰ ਕਹਾਉਣ ਵਾਲੀ ਕਹੀ ਜਾਂਦੀ ਸਾਡੀ ਸਿੱਖ ਕੌਮ ਹੋਰ ਪਹਿਲੀਆਂ ਕੌਮਾਂ (ਹਿੰਦੂ,ਮੁਸਲਮਾਨਾਂ,ਇਸਾਈਆਂ) ਨਾਲੋਂ ਸੱਚ ਮੁੱਚ ਹੀ ਵੱਖਰੀ ਹੈ ? ਨਹੀਂ ਬਿਲਕੁਲ ਵੀ ਨਹੀਂ । ਇੱਥੇ ਮੇਰਾ ਇਹ ਕਹਿਣ ਦਾ ਮੱਤਲਬ ਇਹ ਨਹੀਂ ਹੈ ਕਿ ਗੁਰੂਆਂ/ਭਗਤਾਂ ਦੀ ਵਿਚਾਰਧਾਰਾ ਗੁਰਬਾਣੀ ਵੱਖਰੀ ਨਹੀਂ ਹੈ । ਗੁਰਬਾਣੀ ਤਾਂ ਸੌ ਪ੍ਰਤੀਸ਼ਤ ਵੱਖਰੀ ਹੈ ਤੇ ਰਹੇਗੀ ਵੀ ਕਿਉਂਕਿ ਗੁਰਬਾਣੀ ਤਾਂ ਸੱਚ ਹੈ, ਪਰ ਜਿਵੇਂ ਅਸੀਂ (ਅਜੋਕੇ ਸਿੱਖ) ਆਪਣੇ ਆਪ ਨੂੰ ਹੋਰ ਕੌਮਾਂ ਨਾਲੋਂ ਵੱਖਰੇ ਤੇ ਉਤਮ ਸਮਝਦੇ ਹਾਂ ਉਹ ਗੱਲ ਸਹੀ ਨਹੀਂ ਹੈ । ਅਸੀਂ ਵੱਖਰਿਆਂ ਨੇ ਤਾਂ ਗੁਰਬਾਣੀ ਦਾ ਵੱਖਰਾਪਣ ਵੀ ਰੋਲ ਕੇ ਰੱਖ ਦਿੱਤਾ ਹੈ, ਭਾਵ ਕੇ ਜਿਸ ਸੱਚ ਕਾਰਨ ਗੁਰਬਾਣੀ ਵੱਖਰੀ ਸੀ ਅਸੀਂ ਉਸ ਸੱਚ ਦੀ ਥਾਂ ਗੁਰਬਾਣੀ ਨੂੰ ਪਹਿਲੇ ਸਥਾਪਿਤ ਹੋਏ ਧਰਮਾਂ ਦੇ ਗ੍ਰੰਥਾਂ ਦੇ ਮੁਕਾਬਲੇ ਇੱਕ ਹੋਰ ਗ੍ਰੰਥ ਦੇ ਰੂਪ ਵਿੱਚ ਵੱਖਰਾ ਸਥਾਪਿਤ ਕਰ ਦਿੱਤਾ ਹੈ ।ਜਿਵੇਂ ਹਿੰਦੂ ਵੀਰ ਆਪਣੇ ਬੇਦਾਂ ਸਿਮਰਤੀਆਂ ਨੂੰ ਉਤਮ ਮੰਨਦੇ ਹਨ ਉਹ ਆਪਣੇ ਰੀਤੀ ਰਿਵਾਜ, ਜਨਮ ਸੰਸਕਾਰ, ਵਿਆਹ ਸੰਸਕਾਰ ਅਤੇ ਅੰਤਮ (ਮ੍ਰਿਤਕ) ਸੰਸਕਾਰ, ਮੰਤ੍ਰਾਂ ਦੇ ਜਾਪ, ਸਵੇਰੇ ਸ਼ਾਮ ਪਾਠ ਪੂਜਾ, ਮੂਰਤੀਆਂ ਨੂੰ ਭੋਗ, ਚੁੰਨੀਆਂ ਚੜਾਉਣੀਆਂ, ਮਾਲਾ ਫੇਰਨੀਆਂ, ਆਰਤੀਆਂ, ਦਾਨ ਇਸਨਾਨ, ਤਿਲਕ, ਜੰਜੂ ਆਦਿ ਧਾਰਮਿਕ ਕਰਮ ਕਾਂਢ ਕਰਦੇ ਹਨ । ਮੁਸਲਮਾਨ ਵੀਰ ਪਵਿੱਤਰ ਕੁਰਾਨ ਅਨੁਸਾਰ ਪੰਜ ਸਮੇ ਪੰਜ ਨਿਮਾਂਜਾਂ ਦਾ ਪਾਠ, ਮੱਕੇ ਦਾ ਹੱਜ, ਬੱਕਰਿਆਂ ਦੀਆਂ ਬਲੀਆਂ, ਚਾਦਰਾਂ ਚੜਾਉਣੀਆਂ,ਸੁੰਨਤ, ਨਿਕਾਹ, ਅੰਤਮ (ਮੁਰਦੇ ਨੂੰ ਦਫਨਾਉਣ ਦਾ ) ਸੰਸਕਾਰ ਕਰਦੇ ਹਨ । ਸਿੱਖ ਵੀਰ ਵੀ ਇਹਨਾ ਦੋਹਾਂ ਕੌਮਾਂ ਵਾਂਗ ਤੀਜੀ ਧਿਰ (ਵੱਖਰੀ ਕੌਮ ਵਜੋਂ) ਦਾਨ ਪੁੰਨ, ਤੀਰਥ ਯਾਤਰਾ, ਜਨਮ, ਵਿਆਹ, ਅੰਮ੍ਰਿਤ, ਮ੍ਰਿਤਕ ਸੰਸਕਾਰ ਕਰਦੇ ਹਨ, ਪੰਜ ਰਹਿਤਾਂ, ਪੰਜ ਕੁਰਹਿਤਾਂ, ਸਵੇਰੇ ਸ਼ਾਮ ਪਾਠ ਪੂਜਾ, ਪੰਜ ਬਾਣੀਆਂ ਦਾ ਪਾਠ, ਆਰਤੀਆਂ ਕਰਨੀਆਂ, ਭੋਗ ਲਵਾਉਣੇ, ਰੁਮਾਲੇ ਚੜਾਉਣੇ, ਬੱਕਰਿਆਂ ਦੀਆਂ ਬਲੀਆਂ ਦੇਣੀਆਂ ਆਦਿ ਧਾਰਮਿਕ ਕਰਮ ਕਾਂਢ (ਕਹਿਣ ਨੂੰ) ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਕਰਦੇ ਹਨ, ਬੇਸੱਕ ਗੁਰਬਾਣੀ ਇਹਨਾ ਸਾਰੇ ਕਰਮ ਕਾਂਢਾਂ ਦਾ ਖੰਡਨ ਕਰਦੀ ਹੈ ਪਰ ਅਸੀਂ ਵੱਖਰੀ ਕੌਮ ਦੇ ਨਾਮ ਤੇ ਇਹ ਸਾਰਾ ਕੁੱਝ ਕਰਦੇ ਹਾਂ । ਜਿਹੜੀ ਜੀਵਨ ਜਾਂਚ (ਸੱਚ) ਸਿਖਾਉਣ ਲਈ ਮਹਾਂ ਪੁਰਖਾਂ ਨੇ ਸਾਨੂੰ ਵਿਚਾਰਾਂ ਦਾ ਭੰਡਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਦਿੱਤਾ ਸੀ, ਉਸ ਤੋਂ ਅਸੀਂ ਭੋਰਾ ਵੀ ਸਿੱਖਿਆ ਨਹੀਂ ਲਈ । ਅਸੀਂ ਤਾਂ ਇੰਨਸਾਨੀਅਤ, ਏਕਤਾ ਅਤੇ ਸੱਚ ਦਾ ਸੁਨੇਹਾ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੰਨਸਾਨਾ ਵਿੱਚ ਵੱਖਰੀ ਕੌਮ ਦੇ ਨਾਮ ਤੇ ਇੱਕ ਹੋਰ ਵੰਡੀ ਪਾਉਣ ਲਈ ਹੀ ਵਰਤਿਆ ਹੈ । ਮੁਸਲਮਾਨ ਸੱਭ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਹਨ, ਹਿੰਦੂ ਸੱਭ ਨੂੰ ਹਿੰਦੂ ਬਣਾਉਣਾ ਚਾਹੁੰਦੇ ਹਨ, ਇਸਾਈ ਸੱਭ ਨੂੰ ਇਸਾਈ ਬਣਾਉਣਾ ਚਾਹੁੰਦੇ ਹਨ, ਅਸੀਂ ਸੱਭ ਨੂੰ ਉਹਨਾ ਤਿੰਨਾਂ ਤੋਂ ਵੱਖਰੀ ਕੌਮ ਦਾ ਸਿੱਖ ਬਣਾਉਣਾ ਚਾਹੁੰਦੇ ਹਾਂ ਫਿਰ ਅਸੀਂ ਵੱਖਰੇ ਕਿਵੇਂ ਹੋਏ ? ਬੱਸ ਇੰਨੇ ਕੁ ਹੀ ਵੱਖਰੇ ਹਾਂ ਕਿ ਅਸੀਂ ਉਹਨਾ ਤਿੰਨਾਂ ਹਿੰਦੂਆਂ, ਮੁਸਲਮਾਨਾਂ ਤੇ ਇਸਾਈਆਂ ਵਿੱਚੋਂ ਨਹੀਂ, ਅਸੀਂ ਤਾਂ ਤਿੰਨਾਂ ਦੇ ਬਰਾਬਰ ਚੌਥੇ ਰੂਪ ਵਿੱਚ ਵੱਖਰੇ ਹਾਂ, ਕਿਉਂਕਿ ਅਸੀਂ ਉਹਨਾਂ ਤਿੰਨਾਂ ਧਰਮਾਂ ਵਾਂਗ ਆਪਣੇ ਚੌਥੇ ਧਰਮ (ਸਿੱਖ ਧਰਮ) ਅਨੁਸਾਰ ਵੱਖਰੇ ਧਾਰਮਿਕ ਕਰਮ ਕਾਂਢ ਕਰਦੇ ਹਾਂ, ਸਾਡਾ ਧਾਰਮਿਕ ਕਰਮ ਕਾਂਢ ਦਾ ਅਸਥਾਨ ਵੀ ਉਹਨਾ ਤੋਂ ਵੱਖਰਾ ਹੈ, ਹਿੰਦੂਆਂ ਦੇ ਮੰਦਰ ਹਨ, ਮੁਸਲਮਾਨਾਂ ਦੀਆਂ ਮਸੀਤਾਂ ਹਨ, ਇਸਾਈਆਂ ਦੇ ਗਿਰਜੇ ਹਨ, ਸਾਡੇ ਗੁਰਦੁਆਰੇ ਹਨ ਇਸ ਲਈ ਅਸੀਂ ਇੱਕ ਵੱਖਰੀ ਕੌਮ ਹਾਂ । ਗੁਰੂਆਂ/ਭਗਤਾਂ ਦੀ ਸੋਚ ਗੁਰਬਾਣੀ ਕਿਸੇ ਇੱਕ ਫਿਰਕੇ ਜਾਂ ਕੌਮ ਲਈ ਨਹੀਂ ਸੀ ਇਸ ਦੀ ਦੁਰਵਰਤੋਂ ਕਹੀ ਜਾਂਦੀ ਸਾਡੀ ਸਿੱਖ ਕੌਮ ਨੇ ਹੀ ਕੀਤੀ ਹੈ । ਇਹ ਮੁੱਢ ਤੋਂ ਹੀ ਹੁੰਦਾ ਆਇਆ ਹੈ ਜਿਵੇਂ ਕਿ ਗੁਰੂਆਂ ਭਗਤਾਂ ਜਾਂ ਗੁਰੂਆਂ ਭਗਤਾਂ ਤੋਂ ਪਹਿਲਾਂ ਹੋਏ ਦੇਵੀ ਦੇਵਤਿਆਂ, ਪੀਰ ਪੈਗੰਬਰਾਂ ਦੀ ਵਿਚਾਰਧਾਰਾ ਨੂੰ ਸਰਬ ਸਾਂਝੀ ਹੋਣ ਦੇ ਬਾਵਜੂਦ ਉਹਨਾ ਦੇ ਕਹੇ ਜਾਂਦੇ ਪੈਰੋਕਾਰਾਂ ਵੱਲੋਂ ਆਪਣੇ ਵਿਸ਼ੇਸ ਫਿਰਕੇ ਲਈ ਰਾਖਵੀਂ ਕਰ ਲਿਆ ਜਾਂਦਾ ਹੈ, ਫਿਰ ਉਸ ਦੇ ਮਾਲਿਕ ਬਣ ਕੇ ਉਸ ਨੂੰ ਮੰਨਣ ਦੀ ਥਾਂ ਉਸ ਦੀ ਪਾਠ ਪੂਜਾ ਸ਼ੁਰੂ ਕਰਕੇ ਆਪਣੀ ਵੱਖਰੀ ਮਰਯਾਦਾ ਘੜ ਲਈ ਜਾਂਦੀ ਹੈ । ਇਹੀ ਵੱਖਰੀ ਮਰਯਾਦਾ ਉਸ ਕੌਮ ਦਾ ਸੰਵਿਧਾਨ ਬਣ ਜਾਂਦੀ ਹੈ । ਫਿਰ ਉਸ ਕੌਮ ਦੇ ਲੋਕਾਂ ਲਈ ਉਸ ਰਹਿਬਰ ਦੀ ਬਾਣੀ ਸਿੱਖਣ ਜਾਂ ਮੰਨਣ ਦੀ ਥਾਂ ਤੇ ਆਪੂੰ ਘੜੀ ਮਰਯਾਦਾ ਵਿੱਚ ਰਹਿਣਾ ਲਾਜਮੀ ਹੋ ਜਾਂਦਾ ਹੈ । ਕਹੀ ਜਾਂਦੀ ਸਾਡੀ ਸਿੱਖ ਕੌਮ ਨੇ ਵੀ ਇਸੇ ਰਾਹ ਤੇ ਚਲਦਿਆਂ ਇੱਕ ਦੀ ਥਾਂ ਅਣਗਿਣਤ ਰਹਿਤ ਮਰਯਾਦਾਂ ਘੜ ਲਈਆਂ ਹਨ । ਹੋਰਾਂ ਨੂੰ ਏਕਤਾ ਦਾ ਪਾਠ ਪੜਾਉਣ ਵਾਲਿਆਂ ਅਸੀਂ (ਸਿੱਖਾਂ) ਨੇ ਗੁਰਬਾਣੀ ਅਨੁਸਾਰ ਜੀਵਨ ਤਾਂ ਕੀ ਜਿਉਣਾ ਸੀ , ਅਸੀਂ ਤਾਂ ਆਪੂੰ ਘੜੀ ਮਰਯਾਦਾ ਵੀ ਇੱਕ ਨਹੀਂ ਰੱਖ ਸਕੇ, ਜਿੰਨੇ ਗੁਰਦੁਆਰੇ ਜਾਂ ਡੇਰੇ ਉਨੀਆਂ ਹੀ ਮਰਯਾਦਾਂ ਪਰ ਫਿਰ ਵੀ ਕਹਿੰਦੇ ਹਾਂ ਕਿ ਅਸੀਂ ਇੱਕ ਵੱਖਰੀ ਕੌਮ ਹਾਂ, ਜਦ ਕਿ ਕਹਿਣਾ ਇਹ ਚਾਂਹੀਂਦਾ ਹੈ ਕਿ ਅਸੀਂ ਵੱਖਰੀਆਂ ਕੌਮਾਂ ਹਾਂ । ਬਾਬੇ ਨਾਨਕ ਜੀ ਦੇ ਨਾਮ ਤੇ ਬਣਾਈ ਗਈ ਵੱਖਰੀ ਕੌਮ ਜਿਸ ਨੂੰ ਹਾਲੇ ਕੁੱਝ ਹੀ ਸਦੀਆਂ ਹੋਈਆਂ ਹਨ ਦੇ ਹਾਲਾਤ ਵੇਖ ਕੇ ਮੈਨੂੰ ਸਾਰੀਆਂ ਕੌਮਾਂ ਦੇ ਰਹਿਬਰ ਖਾਸ ਕਰਕੇ ਹਿੰਦੂ ਦੇਵੀ ਦੇਵਤੇ ਜੋ ਮਾੜੇ ਲੱਗਦੇ ਸਨ ਹੁਣ ਚੰਗੇ ਲੱਗਣ ਲੱਗ ਗਏ ਹਨ । ਹਿੰਦੂ ਦੇਵੀ ਦੇਵਤਿਆਂ ਦੇ ਘਟੀਆ ਆਚਰਣ ਦੀਆਂ ਕਹਾਣੀਆਂ ਤਾਂ ਬਹੁਤ ਹਨ ਪਰ ਉਦਾਰਣ ਦੇ ਤੌਰ ਤੇ ਕ੍ਰਿਸ਼ਨ ਭਗਵਾਨ ਦੀ ਗੱਲ ਕਰਦੇ ਹਾਂ ਕਿ ਉਹ ਛੋਟੇ ਹੁੰਦਿਆਂ ਗੁਲੇਲ ਨਾਲ ਇਸਤਰੀਆਂ ਦੇ ਪਾਣੀ ਵਾਲੇ ਘੜੇ ਭੰਨ ਦਿੰਦੇ ਸਨ, ਤਲਾਬ ਵਿੱਚ ਨਹਾ ਰਹੀਆਂ ਲੜਕੀਆਂ ਦੇ ਕੱਪੜੇ ਚੁੱਕ ਕੇ ਉਹਨਾ ਨੂੰ ਨੰਗਿਆਂ ਬਾਹਰ ਆਉਣ ਲਈ ਕਹਿੰਦੇ ਸਨ । ਅਜਿਹੀਆਂ ਕਹਾਣੀਆਂ ਸੁਣ ਕੇ ਲੱਗਦਾ ਸੀ ਕਿ ਕੀ ਅਜਿਹਾ ਬੰਦਾ ਵੀ ਭਗਵਾਨ ਹੋ ਸਕਦਾ ਹੈ ? ਭਗਵਾਨ ਤਾਂ ਕੀ ਇਹ ਤਾਂ ਆਮ ਬੰਦਿਆਂ ਨਾਲੋਂ ਵੀ ਗਿਰਿਆ ਹੋਇਆ ਹੈ ਜੋ ਸ਼ਰੇਆਮ ਲੜਕੀਆਂ ਨੂੰ ਛੇੜਦਾ ਸੀ ਇਹ ਤਾਂ ਬਲਾਤਕਾਰੀ ਸੀ । ਪਰ ਹੁਣ ਜਦੋਂ ਦੇ ਕਹੇ ਜਾਂਦੇ ਦਸਮ ਗ੍ਰੰਥ ਦੇ ਦਰਸ਼ਨ ਹੋਏ ਹਨ ਉਦੋਂ ਤੋਂ ਅੱਖਾਂ ਖੁਲ ਗਈਆਂ, ਜਿੰਨਾ ਹਿੰਦੂ ਦੇਵੀ ਦੇਵਤਿਆਂ ਨੂੰ ਨਫਰਤ ਦੀ ਨਜਰ ਨਾਲ ਵੇਖਦਾ ਸੀ ਉਹਨਾ ਦਾ ਤਰਸ ਤੇ ਪਿਆਰ ਆਉਣ ਲੱਗ ਗਿਆ । ਹੁਣ ਸੋਚਦਾ ਹਾਂ ਕਿ ਮਨਾ ਹਿੰਦੂ ਦੇਵੀ ਦੇਵਤਿਆਂ ਦਾ ਇਤਹਾਸ (ਮਿਥਿਹਾਸ) ਲੱਖਾਂ ਸਾਲ ਪੁਰਾਣਾ ਤੇ ਪੁਜਾਰੀਆਂ ਦੇ ਕਬਜੇ ਵਿੱਚ ਹੈ ਇਸ ਨਾਲ ਕਿੰਨੀਆਂ ਬੇਇੰਸਾਫੀਆਂ ਹੋਈਆਂ ਹੋਣਗੀਆਂ । ਕਿਉਂਕਿ ਜਦੋਂ ਕੁੱਝ ਕੁ ਸਦੀਆਂ ਪਹਿਲਾਂ ਹੋਏ ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਿੰਨੀਆਂ ਗੱਪ ਕਹਾਣੀਆਂ, ''ਕਹਾਣੀਆਂ ਵੀ ਉਹ ਜੋ ਉਹਨਾ ਦੀ ਸੋਚ ਦੇ ਵਿਰੁੱਧ ਹਨ' ਜੋੜ ਦਿੱਤੀਆਂ ਗਈਆਂ ਹਨ ਤਾਂ ਫਿਰ ਉਹਨਾਂ ਲੱਖਾਂ ਸਾਲ ਪਹਿਲਾਂ ਆਏ ਕਹੇ ਜਾਂਦੇ ਦੇਵੀ ਦੇਵਤਿਆਂ ਨਾਲ ਕੀ ਵਾਪਰਿਆ ਹੋਵੇਗਾ । ਕਿਸੇ ਵੀ ਰਹਿਬਰ ਦੇ ਇਸ ਦੁਨੀਆਂ ਤੋਂ ਚਲੇ ਜਾਣ ਬਾਅਦ ਕੁੱਝ ਹੀ ਸਮੇ ਮਗਰੋਂ ਜੋ ਉਸ ਦੇ ਪੈਰੋਕਾਰ ਹੁੰਦੇ ਹਨ ਉਹ ਪੁਜਾਰੀ ਹੀ ਹੁੰਦੇ ਹਨ ਜੋ ਉਸ ਦੇ ਪਦ ਚਿੰਨ੍ਹਾਂ ਤੇ ਚਲਣ ਦੀ ਵਜਾਏ ਉਸ ਦੇ ਪ੍ਰਚਾਰਕ ਹੀ ਹੁੰਦੇ ਹਨ , ਬੱਸ ਫਿਰ ਇਹ ਪੁਜਾਰੀ ਸੱਭ ਨਾਲ ਉਵੇਂ ਹੀ ਕਰਦੇ ਆਏ ਹਨ ਜਿਵੇਂ ਅੱਜ ਵੀ ਕਰ ਰਹੇ ਹਨ । ਜਿਵੇਂ ਕਿ ਬਾਬੇ ਨਾਨਕ ਜੀ ਬਾਰੇ ਦੱਸਣ ਲਈ ਕਿ ਉਹ ਕਿਹੋ ਜਿਹੇ ਸਨ, ਉਹਨਾ ਦੀ ਸਹੀ ਪਹਿਚਾਣ ਗੁਰਬਾਣੀ ਨੂੰ ਛੱਡ ਕੇ ਨਵੇਂ ਘੜੇ ਗਏ ਪਾਤਰ ਬਾਲੇ ਵਾਲੀ ਸਾਖੀ ਹੀ ਮੁੱਖ ਇਤਹਾਸ ਬਣ ਗਈ, ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰੀ ਭਰੇ ਇਤਹਾਸ ਦੀ ਥਾਂ ਕਾਲਪਨਿਕ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਨੂੰ ਸੱਚਾ ਇਤਹਾਸ ਬਣਾ ਧਰਿਆ । ਜਿਸ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁੱਖ ਵਿੱਚ ਜਿੱਥੇ ਹਿੰਦੂ ਮਿਥਿਹਾਸ ਅਤੇ ਕਹਾਣੀਆਂ ਦਾ ਗੰਦ ਪਾਇਆ ਗਿਆ, ਉੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕ੍ਰਿਸ਼ਨ ਭਗਵਾਨ ਵਾਂਗ ਇਸਤਰੀਆਂ ਦੇ ਘੜਿਆਂ ਵਿੱਚ ਤੀਰ ਮਾਰਦਾ ਵਿਖਾਉਣ ਦੇ ਨਾਲ ਨਾਲ ਵੇਸਵਾ ਦੇ ਡੇਰੇ ਜਾਂਦਾ ਅਤੇ ਲੋਕਾਂ ਦੀ ਪੱਗਾਂ ਲਾਹੁਦਾ ਵੀ ਵਿਖਾ ਦਿੱਤਾ ਗਿਆ ਹੈ । ਇਸ ਸਬੰਧ ਵਿੱਚ ਸਿਰਫ ਦੋ ਵੰਨਗੀਆਂ ਹੀ ਪੇਸ ਕਰਾਂਗਾ । ਗੁਰੂ ਜੀ ਨੂੰ ਵੇਸਵਾ ਦੇ ਡੇਰੇ ਭੇਜਣਾਂ -: (ਚਲਯੋ ਧਾਰਿ ਆਤੀਤ ਕੋ ਭੇਸ ਰਾਈ ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈઠ॥ ਚਲਯੋ ਸੋ ਤਤਾ ਕੇ ਫਿਰਯੋ ਨਾਹਿ ਫੇਰੇ ॥ ਧਸਯੋ ਜਾਇਕੈ ਵਾ ਤ੍ਰਿਯਾ ਕੇ ਸੁ ਡੇਰੇ ॥ (ਅਖੌਤੀ ਦਸਮ ਗ੍ਰੰਥ ਪੰਨਾ ਨੰ: 838") ਫਿਰ ਗੁਰੂ ਗੋਬਿੰਦ ਸਿੰਘ ਜੀ ਤੋਂ ਉਸੇ ਵੇਸਵਾਂ ਨੂੰ ਵੀਹ ਹਜਾਰ ਟਕੇ ਛਿਮਾਹੀ ਦੇ ਦਿਵਾ ਦਿੱਤੇ :- (ਛਿਮਾ ਕਰਹੁ ਤ੍ਰਿਯਹ ਮੈਂ ਬਹੁਰਿ ਨ ਕਰਯਿਹੁ ਰਾਂਧਿ ॥ ਬੀਸ ਸਹੰਸਰ ਟਕਾ ਤਿਸ ਦਈ ਛਿਮਾਹੀ ਬਾਂਧਿ ॥(ਅਖੌਤੀ ਦਸਮ ਗ੍ਰੰਥ ਪੰਨਾ ਨੰ: 844") ਗੁਰੂ ਜੀ ਤੋਂ ਲੋਕਾਂ ਦੀਆਂ ਪੱਗਾਂ ਲਹਾਉਣਾਂ -:(ਚੌਪਈ ॥ ਮੋਲਹਿ ਏਕ ਪਾਗ ਨਹਿ ਪਾਈ ॥ ਤਬ ਮਸਲਤਿ ਹਮ ਜਿਯਹਿ ਬਨਾਈ ॥ ਜਾਹਿ ਇਹਾਂ ਮੂਤਤਿ ਲਖਿ ਪਾਵੋ ॥ ਤਾਕੀ ਛੀਨ ਪਗਰਿਯਾ ਲਯਾਵੋ ॥ (ਅਖੌਤੀ ਦਸਮ ਗ੍ਰੰਥ ਪੰਨਾ ਨੰ: 901") ਕਿਸੇ ਨੇ ਪੂਰੀ ਕਹਾਣੀ ਪੜਨੀ ਹੋਵੇ ਪੰਨਾ ਨੰਬਰ ਲਿਖ ਦਿੱਤੇ ਹਨ ਉਹ ਅਖੌਤੀ ਦਸਮ ਗ੍ਰੰਥ ਵਿਚੋਂ ਪੜ ਸਕਦਾ ਹੈ ।ਆਹ ਕੁੱਝ ਪੜ੍ਹ ਕੇ ਪਤਾ ਲੱਗਿਆ ਕਿ ਦੁਨੀਆਂ ਉਤੇ ਕੋਈ ਵੀ ਧਰਮ ਜਾਂ ਕੌਮ ਉਤਮ ਨਹੀਂ ਹੁੰਦੀ । ਜੋ ਵੀ ਧਰਮ ਜਾਂ ਕੌਮਾਂ ਬਣੀਆਂ ਹਨ ਉਹ ਬਣਦੀਆਂ ਤਾਂ ਸੱਚ ਦਾ ਹੋਕਾ ਦੇਣ ਵਾਲੇ ਸੱਚੇ ਰਹਿਬਰਾਂ ਦੇ ਨਾਮ ਤੇ ਹੀ ਹਨ, ਪਰ ਬਣਾਈਆਂ ਉਹਨਾ ਦੇ ਕਹੇ ਜਾਂਦੇ ਪੈਰੋਕਾਰਾਂ ਪੁਜਾਰੀਆਂ ਨੇ ਹੀ ਹੁੰਦੀਆਂ ਹਨ । ਕਿਉਂਕਿ ਸੱਚ ਦੇ ਆਸ਼ਕਾਂ, ਰਹਿਬਰਾਂ ਦਾ ਕੋਈ ਧਰਮ ਜਾਂ ਕੌਮ ਨਹੀਂ ਹੁੰਦੀ, ਉਹ ਤਾਂ ਸਮੁੱਚੀ ਲੋਕਾਈ ਨੂੰ ਇੱਕ ਪਿਤਾ ਦੀ ਸੰਤਾਨ ਮੰਨਦੇ ਹਨ ਅਤੇ ਉਹਨਾ ਸਾਰਿਆਂ ਦਾ ਧਰਮ (ਸੱਚ) ਵੀ ਇੱਕ ਹੀ ਹੁੰਦਾ ਹੈ । ਜਿਸ ਦਾ ਧਰਮ ਜਾਂ ਕੌਮ ਵੱਖਰੀ ਹੈ ਉਹ ਹਿੰਦੂ, ਮੁਸਲਿਮ, ਸਿੱਖ ਜਾਂ ਇਸਾਈ ਤਾਂ ਹੋ ਸਕਦਾ ਹੈ ਪਰ ਉਹ ਸਮੁੱਚੀ ਮਨੁੱਖਤਾ ਦਾ ਸੱਚਾ ਰਹਿਬਰ ਨਹੀਂ ਹੋ ਸਕਦਾ । ਮੇਰੇ ਲਈ ਸਾਰੇ ਧਰਮ ਬਰਾਬਰ ਹਨ ਕੋਈ ਉਤਮ ਜਾਂ ਮੱਧਮ ਨਹੀਂ ਹੈ । ਮੈ ਕਿਸੇ ਹਿੰਦੂ, ਮੁਸਲਿਮ, ਸਿੱਖ ਜਾਂ ਇਸਾਈ ਦਾ ਵਿਰੋਧੀ ਵੀ ਨਹੀਂ ਹਾਂ ਅਤੇ ਸੱਚਾ ਤੇ ਮਨੁੱਖਤਾ ਦਾ ਧਰਮ ਵੀ ਕਿਸੇ ਨੂੰ ਨਹੀਂ ਮੰਨਦਾ । ਕਿਉਂਕਿ ਸੱਚਾ ਧਰਮ ਤਾਂ ਸਿਰਫ ਇੱਕ ਹੀ ਹੈ ਇੰਨਸਾਨੀਅਤ, ਚੰਗੇ ਕਰਮ ਕਰਨੇ, ਰੱਬੀ ਅਸੂਲ, ਕੁਦਰਤ ਦਾ ਨਿਯਮ ਜੋ ਕਹੇ ਜਾਂਦੇ ਸਾਰੇ ਦੇਸਾਂ, ਧਰਮਾਂ, ਫਿਰਕਿਆਂ ਲਈ ਇੱਕਸਾਰ ਹੈ, ਉਹੀ ਸੱਚਾ ਤੇ ਉਤਮ ਧਰਮ ਹੈ । ਗੁਰਵਾਕ ਹੈ -: ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ ( ਪੰਨਾ ਨੰ: 266) ਮੈ ਗੁਰੂਆਂ/ਭਗਤਾਂ ਦੀ ਬਾਣੀ (ਗੁਰਬਾਣੀ) ਨੂੰ ਸੱਚ ਮੰਨ ਕੇ ਉਸ ਦਾ ਸਤਿਕਾਰ ਕਰਦਾ ਹਾਂ ਤੇ ਸੀਸ ਝੁਕਾਉਂਦਾ ਹਾਂ, ਪਰ ਗੁਰਬਾਣੀ ਦੇ ਨਾਮ ਤੇ ਚਲਾਏ ਗਏ ਅਜੋਕੇ ਸਿੱਖ ਧਰਮ ਨੂੰ ਪਸੰਦ ਨਹੀਂ ਕਰਦਾ ਕਿਉਂਕਿ ਮੈਨੂੰ ਤਾਂ ਅਸੀਂ ਸਿੱਖ ਹੀ ਗੁਰਬਾਣੀ ਦੇ ਵਿਰੋਧੀ ਲੱਗਦੇ ਹਾਂ ਜੋ ਕਹੇ ਜਾਂਦੇ ਇੱਕ ਗ੍ਰੰਥ ਤੇ ਪੰਥ ਦੀ ਗੱਲ ਕਰਦੇ ਹੋਏ ਅਣਗਿਣਤ ਗ੍ਰੰਥਾਂ ਦੇ ਪੁਜਾਰੀ ਅਤੇ ਅਣਗਿਣਤ ਹੀ ਪੰਥਾਂ ਵਿੱਚ ਵੰਡੇ ਹੋਏ ਹਾਂ । ਸਾਡੀ ਸੱਭ ਦੀ ਆਪੋ ਆਪਣੀ ਮੱਤ ਹੈ ਪਰ ਅਸੀਂ ਸਾਰੇ ਹੀ ਆਪਣੀ ਦੁਰਮਤਿ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਵਿੱਚ ਗੁਰਮਤਿ ਸਿੱਧ ਕਰਨ ਲੱਗੇ ਹੋਏ ਹਾਂ । ਕੁੱਝ ਸੱਚ ਦੇ ਪਾਂਧੀ ਹੁੰਦੇ ਵੀ ਹਨ ਉਹਨਾ ਨੂੰ ਅਸੀਂ ਆਪ ਹੀ ਪੰਥ ਵਿਰੋਧੀ, ਨਾਸਤਿਕ, ਪੰਥ ਵਿੱਚੋਂ ਛੇਕੇ ਹੋਏ ਗਦਾਰ ਤੱਕ ਵੀ ਕਹਿ ਦਿੰਦੇ ਹਾਂ । ਖੁਦ ਅਸੀਂ ਇੰਨੇ ਝੂਠੇ ਹਾਂ ਕਿ ਕਹਿੰਦੇ ਤਾਂ ਹਾਂ ਕਿ ਅਸੀਂ ਗੁਰਬਾਣੀ ਨੂੰ ਮੰਨਦੇ ਹਾਂ ਪਰ ਸ਼ਰੇਆਮ ਗੁਰਬਾਣੀ ਦੀਆਂ ਧੱਜੀਆਂ ਉਡਾਉਂਦੇ ਹੋਏ ਵੀ ਆਪਣੇ ਆਪ ਨੂੰ ਗੁਰਬਾਣੀ ਅਨੁਸਾਰੀ ਤੇ ਹੱਕੀ ਸਿੱਧ ਕਰਦੇ ਹਾਂ । ਉਦਾਰਣ ਦੇ ਤੌਰ ਤੇ ਗੁਰਬਾਣੀ ਆਰਤੀ ਦਾ ਖੰਡਨ ਕਰਦੀ ਹੈ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜ ਕੇ ਆਰਤੀ ਦਾ ਖੰਡਨ ਕਰਨ ਵਾਲਾ ਸਬਦ ਪੜ ਕੇ ਹੀ ਆਰਤੀ ਕਰਦੇ ਹਾਂ । ਗੁਰਬਾਣੀ ਮੂਰਤੀ ਪੂਜਾ ਦਾ ਖੰਡਨ ਕਰਦੀ ਹੈ ਪਰ ਅਸੀਂ ਨੇ ਸਮੂੰਹ ਬਾਣੀਕਾਰਾਂ ਦੀਆਂ ਮੂਰਤੀਆਂ ਬਣਾ ਕੇ ਪੂਜਣੀਆਂ ਸ਼ੁਰੂ ਕਰ ਦਿੱਤੀਆਂ ਹਨ । ਗੁਰਬਾਣੀ ਮਾਲਾ ਫੇਰਨ ਦਾ ਖੰਡਨ ਕਰਦੀ ਹੈ ਪਰ ਅਸੀਂ ਨੇ ਸਮੂੰਹ ਬਾਣੀਕਾਰਾਂ ( ਗੁਰੂਆਂ/ਭਗਤਾਂ) ਦੀਆਂ ਦੀਆਂ ਮੂਰਤੀਆਂ ਬਣਾ ਕੇ ਉਹਨਾ ਦੇ ਗਲਾਂ ਵਿੱਚ ਮਾਲਾਵਾਂ ਪਾ ਦਿੱਤੀਆਂ ਹਨ । ਗੁਰਬਾਣੀ ਬਿਨਾ ਵਿਚਾਰੇ ਪੜਨ ਦਾ ਖੰਡਨ ਕਰਦੀ ਹੈ ਪਰ ਅਸੀਂ ਨੇ ਬਾਣੀ ਦੇ ਹੀ ਵਿਰੁੱਧ ਬਿਨਾ ਵਿਚਾਰੇ ਤਾਂ ਕੀ ਬਿਨਾ ਬੋਲੇ ਮੂੰਹ ਬੰਨ ਕੇ ਇਸੇ ਬਾਣੀ ਦੀਆਂ ਇਕੋਤਰੀਆਂ ਖੋਲ ਦਿੱਤੀਆਂ ਹਨ । ਇਹ ਤਾਂ ਕੁੱਝ ਕੁ ਗੱਲਾਂ ਹਨ ਅਸੀਂ (ਸਿੱਖਾਂ) ਨੇ ਤਾਂ ਗੁਰਬਾਣੀ ਦਾ ਉਹ ਕੋਈ ਸ਼ਬਦ ਛੱਡਿਆ ਹੀ ਨਹੀਂ ਜਿਸ ਦੇ ਉਲਟ ਅਸੀਂ ਨੇ ਕੁੱਝ ਨਾ ਕੀਤਾ ਹੋਵੇ ਜੇ ਫਿਰ ਵੀ ਅਸੀਂ ਸਿੱਖ ਹੀ ਗੁਰਬਾਣੀ ਦੇ ਮਾਲਿਕ ਤੇ ਪੈਰੋਕਾਰ ਹਾਂ ਫਿਰ ਗੁਰਬਾਣੀ ਦਾ ਵਿਰੋਧੀ ਵੀ ਇਸ ਦੁਨੀਆਂ ਤੇ ਕੋਈ ਨਹੀਂ ਹੈ । ਮੈ ਗੁਰਬਾਣੀ ਨੂੰ ਸੱਚ ਮੰਨਦਾ ਹਾਂ ਇਸ ਤੇ ਕੋਈ ਕਿੰਤੂ ਨਹੀਂ ਨਾ ਹੀ ਕੋਈ ਕਰ ਸਕਦਾ ਹੈ, ਇਹ ਤਾਂ ਲਿਖਿਆ ਹੈ ਕਿ ਕਈ ਇਸ ਲੇਖ ਨੂੰ ਮੋਟਾ ਮੋਟਾ ਜਾ ਪੜ ਕੇ ਕਹਿਣਗੇ ਇਹ ਤਾਂ ਬਾਣੀ ਨੂੰ ਨਹੀਂ ਮੰਨਦਾ, ਚਲੋ ਅਗਲਿਆਂ ਦੀ ਸੋਚ ਹੈ ਪਰ ਇਹ ਮੇਰੇ ਵਿਚਾਰ ਹਨ । ਰਹੀ ਗੱਲ ਸਾਡੀ ਸਿੱਖਾਂ ਦੀ ਵੱਖਰੀ ਕੌਮ ਦੀ , ਸਿੱਖ ਕੌਮ ਗੁਰਬਾਣੀ ਦੇ ਸਿਧਾਂਤ ਨਾਲੋਂ ਟੁੱਟ ਕੇ ਆਪਣੇ ਅਸਲੀ ਮਾਰਗ ਤੋਂ ਭਟਕ ਚੁੱਕੀ ਹੈ । ਸਿੱਖ ਕੌਮ ਵੀ ਹੁਣ ਦੂਜੀਆਂ ਕੌਮਾਂ ਹਿੰਦੂਆਂ, ਮੁਸਲਮਾਨਾਂ ਤੇ ਇਸਾਈਆਂ ਵਾਂਗ ਹੀ ਇੱਕ ਵੱਖਰੀ ਕੌਮ, ਫਿਰਕਾ ਜਾਂ ਗਰੁੱਪ ਹੀ ਬਣ ਕੇ ਰਹਿ ਗਈ ਹੈ ਨਾ ਕਿ ਦੂਜੀਆਂ ਕੌਮਾਂ ਦੇ ਮੁਕਾਬਲੇ ਕੋਈ ਉਤਮ ਜਾਂ ਬਾਬੇ ਨਾਨਕ ਦੀ ਸੋਚ ਦੀ ਕੌਮ ਹੈ । ਹਾਂ ਬਾਬਿਆਂ ਨਾਨਕਾਂ ਦੀ ਵੀ ਇੱਕ ਵੱਖਰੀ ਕੌਮ ਹੈ ਉਹ ਹੈ ''ਸੱਚ, ਉਹਨਾ ਦਾ ਕੋਈ ਦੁਨਿਆਵੀ ਧਰਮ, ਦੇਸ਼ ਜਾਂ ਫਿਰਕਾ ਨਹੀਂ ਹੁੰਦਾ, ਨਾ ਕੋਈ ਉਹਨਾ ਦਾ ਇੱਟਾਂ ਦਾ ਮੰਦਰ, ਮਸਜਿਦ, ਚਰਚ ਜਾਂ ਗੁਰਦੁਆਰਾ ਆਦਿ ਪੂਜਾ ਅਸਥਾਨ ਹੁੰਦਾ ਹੈ । ਉਹ ਸੱਚੇ ਰਹਿਬਰ ਸੱਚ ਲਈ ਹੀ ਹੁੰਦੇ ਹਨ, ਜੋ ਸੱਚ ਬਾਬੇ ਨਾਨਕ ਜੀ ਨੇ ਕਿਹਾ ਉਹ ਸੱਚ ਬਾਬੇ ਨਾਨਕ ਤੋਂ ਪਹਿਲਾਂ ਵੀ ਸੀ, ਭਗਤਾਂ ਤੋਂ ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਰਹੇਗਾ ਵੀ । ਬਾਕੀ ਸੱਭ ਝੂਠ ਹਨ, ਕਹਾਂਈ ਬੇਸੱਕ ਸੱਚ ਜਾਣ । ਸੱਚਿਆਂ ਦੀ ਕੋਈ ਕੌਮ ਨਹੀ ਹੁੰਦੀ, ਕਿਸੇ ਵੀ ਕੌਮ ਵਿੱਚ ਸਾਰੇ ਸੱਚੇ ਨਹੀਂ ਹੁੰਦੇ । ਸੱਚੇ ਲੋਕ ਅੱਜ ਵੀ ਹਨ ਉਹ ਬੇਕੌਮੇ ਤੇ ਬੇਧਰਮੇ ਵੀ ਹੋ ਸਕਦੇ ਹਨ ਅਤੇ ਕਿਸੇ ਵੀ ਕੌਮ ਜਾਂ ਧਰਮ ਵਿੱਚ ਵੀ ਹੋ ਸਕਦੇ ਹਨ । ਕਿਉਂਕਿ ਜੋ ਸੱਚ ਹੈ, ਉਹ ਸੱਚ ਹੈ -: ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 9417023911
e-mail : harlajsingh7@gmail.com
ਮਿਤੀ 01-03-2017
ਨੋਟ -: ਸਤਿਕਾਰ ਯੋਗ ਦੋਸਤੋ ਮੂਆਫ ਕਰਨਾ ਨਾ ਚਾਹੁੰਦੇ ਹੋਏ ਵੀ ਲੇਖ ਵੱਡਾ ਹੋ ਜਾਂਦਾ ਹੈ ।