ਜੋ ਬੈਠੇ ਕਰਕੇ ਬੰਦ - ਮਹਿੰਦਰ ਸਿੰਘ ਮਾਨ
ਜੋ ਬੈਠੇ ਕਰਕੇ ਬੰਦ ਬੂਹੇ, ਬਾਰੀਆਂ,
ਲੱਗਣ ਉਨ੍ਹਾਂ ਨੂੰ ਭੱਜ ਕੇ ਬੀਮਾਰੀਆਂ।
ਕਰਦੇ ਜੋ ਸੇਵਾ ਮਾਪਿਆਂ ਦੀ ਦਿਲ ਲਾ ਕੇ,
ਪਾ ਲੈਣ ਉਹ ਜੀਵਨ 'ਚ ਖੁਸ਼ੀਆਂ ਸਾਰੀਆਂ।
ਫਿਰ ਭਾਲਿਓ ਨਾ ਠੰਢੀਆਂ ਛਾਵਾਂ ਤੁਸੀਂ,
ਛਾਂ ਵਾਲੇ ਰੁੱਖਾਂ ਤੇ ਚਲਾ ਕੇ ਆਰੀਆਂ।
ਉੱਥੇ ਪੁੱਜਣ ਤੋਂ ਡਰ ਰਹੇ ਨੇ ਬੰਦੇ ਵੀ,
ਅੱਜ ਕੱਲ੍ਹ ਨੇ ਜਿੱਥੇ ਪੁੱਜ ਗਈਆਂ ਨਾਰੀਆਂ।
ਜੇ ਪੈਸਾ ਹੋਵੇ ਕੋਲ, ਭੱਜੇ ਆਣ ਸਭ,
ਅੱਜ ਕੱਲ੍ਹ ਬਿਨਾਂ ਪੈਸੇ ਨਾ ਰਿਸ਼ਤੇਦਾਰੀਆਂ।
ਯਾਰੀ ਨਿਭਾਵਾਂ ਨਾਲ ਤੇਰੇ ਕਿੰਝ ਮੈਂ,
ਸਿਰ ਤੇ ਮੇਰੇ ਨੇ ਹੋਰ ਜ਼ਿੰਮੇਵਾਰੀਆਂ।
ਖੁਸ਼ ਸਾਨੂੰ ਵੇਖਣ ਦੀ ਉਨ੍ਹਾਂ ਦੀ ਇੱਛਾ ਸੀ,
ਸਾਡੇ ਲਈ ਜਾਨਾਂ ਜਿਨ੍ਹਾਂ ਨੇ ਵਾਰੀਆਂ।
ਮਹਿੰਦਰ ਸਿੰਘ ਮਾਨ
ਸਲੋਹ ਰੋਡ, ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ 9915803554