ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲਣ ਦਾ ਵਿਧੀ ਵਿਧਾਨ - ਬਘੇਲ ਸਿੰਘ ਧਾਲੀਵਾਲ
ਬੀਤੇ ਦਿਨੀਂ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੰਗਾਮੀ ਮੀਟਿੰਗ ਬੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਹੁਦੇ ਤੋ ਹਟਾ ਕੇ ਨਵਾਂ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ ਹੈ। ਸਰੋਮਣੀ ਕਮੇਟੀ ਦੇ ਇਸ ਫੈਸਲੇ ਨੇ ਜਥੇਦਾਰ ਦੀ ਨਿਯੁਕਤੀ ਸਬੰਧੀ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ। ਕੋਈ ਸਮਾ ਸੀ ਜਦੋ ਜਥੇਦਾਰ ਸਰਬ ਪ੍ਰਮਾਣਿਤ ਹੁੰਦਾ ਸੀ,ਅਤੇ ਜਥੇਦਾਰ ਦਾ ਹੁਕਮ ਸਿੱਖ ਮਹਾਰਾਜਾ ਵੀ ਨਿਮਾਣਾ ਹੋਕੇ ਮੰਨਦਾ ਰਿਹਾ ਹੈ। ਸਿੱਖ ਕੌਮ ਲਈ ਉਹ ਦੌਰ ਕਿੰਨਾ ਸੁਨਿਹਰੀ ਹੋਵੇਗਾ,ਜਦੋ 12 ਮਿਸਲਾਂ ਵਿੱਚ ਵੰਡੇ ਪੰਥ ਖਾਲਸੇ ਵਿੱਚੋਂ ਇੱਕ ਮਿਸਲ ਦੇ ਜਰਨੈਲ ਰਣਜੀਤ ਸਿੰਘ ਦੀ ਕਾਬਲੀਅਤ ਨੂੰ ਦੇਖਦਿਆਂ ਬਾਬਾ ਸਾਹਿਬ ਸਿੰਘ ਬੇਦੀ ਨੇ ਰਾਜ ਤਿਲਕ ਲਗਾ ਕੇ ਕੌਂਮ ਨੂੰ ਅਜਿਹਾ ਪ੍ਰਭਾਵੀ ਮਹਾਰਾਜਾ ਦਿੱਤਾ,ਜਿਹੜਾ ਦੁਨੀਆਂ ਦੇ ਅਜੇਤੂ ਬਾਦਸਾਹਾਂ ਨੂੰ ਕਦਮਾਂ ਵਿੱਚ ਬੈਠਣ ਲਈ ਮਜਬੂਰ ਕਰ ਦੇਵੇਗਾ। ਸਿੱਖ ਜਰਨੈਲਾਂ ਨੇ ਜਿੱਥੇ ਮਹਾਰਾਜੇ ਦੀ ਤਾਕਤ ਅੱਗੇ ਸਮੱਰਪਣ ਕੀਤਾ,ਓਥੇ ਸ੍ਰੀ ਗੁਰੂ ਨਾਨਕ ਸਾਹਬ ਜੀ ਦੀ ਅੰਸ ਬੰਸ ਦੇ ਹੁਕਮਾਂ ਨੂੰ ਵੀ ਖਿੜੇ ਮੱਥੇ ਪਰਵਾਂਨ ਕਰਕੇ ਹਲੇਮੀ ਸਿੱਖ ਬਾਦਸ਼ਾਹਤ ਦੀ ਸਥਾਪਤੀ ਤੇ ਮੋਹਰ ਲਾਈ। ਸਿੱਖ ਕੌਂਮ ਦੇ ਉਸ ਸਰਬ ਪਰਮਾਣਤ ਮਹਾਰਾਜੇ ਨੇ ਆਪਣੇ ਗੁਰੂ ਨੂੰ ਹਾਜਰ ਨਾਜਰ ਸਮਝ ਕੇ ਸਿੱਖ ਜਰਨੈਲਾਂ ਦੀ ਮਦਦ ਨਾਲ ਅਜਿਹਾ ਮਿਸਾਲੀ ਰਾਜ ਪ੍ਰਬੰਧ ਕਾਇਮ ਕੀਤਾ,ਜਿਸ ਦੀ ਦੁਨੀਆਂ ਚ ਤੂਤੀ ਬੋਲਦੀ ਰਹੀ।ਦੁਨੀਆਂ ਨੂੰ ਲੱਟਣ ਕੁੱਟਣ ਵਾਲੇ ਅਫਗਾਨੀ ਧਾੜਵੀ ਬਾਦਸ਼ਾਹ ਵੀ ਝੁਕ ਕੇ ਸਲਾਮਾਂ ਕਰਨ ਲਈ ਮਜਬੂਰ ਹੋ ਗਏ। ਦੁਨੀਆਂ ਦਾ ਵੇਸਕੀਮਤੀ ਕੋਹਿਨੂਰ ਹੀਰਾ ਵੀ ਅਫਗਾਨਸਿਤਾਨ ਦੇ ਬਾਦਸ਼ਾਹਾਂ ਤੋ ਖੁੱਸ ਗਿਆ ਤੇ ਉਹ ਹੀਰਾ ਦਹਾਕਿਆਂ ਵੱਧੀ ਸ਼ੇਰੇ ਪੰਜਾਬ ਦੇ ਡੌਲ਼ਿਆਂ ਦਾ ਸਿੰਗਾਰ ਬਣਿਆ ਰਿਹਾ। ਉਹ ਅਜਿਹਾ ਸੁਨਿਹਰੀ ਦੌਰ ਸੀ,ਜਦੋ ਸਿੱਖ ਮਹਾਰਾਜੇ ਦਾ ਨਾਮ ਸੁਣਕੇ ਵੱਡੇ ਵੱਡੇ ਹੰਕਾਰੀਆਂ ਦਾ ਗੁਮਾਨ ਕਾਫੂਰ ਹੋ ਜਾਂਦਾ ਸੀ,ਪਰੰਤੂ ਮਹਾਰਾਜਾ ਵੀ ਜੇਕਰ ਕਿਸੇ ਤੋ ਖੌਫ਼ ਖਾਂਦਾ ਸੀ।ਉਹ ਜਥੇਦਾਰ ਬਾਬਾ ਫੂਲਾ ਸਿੰਘ ਜੀ ਅਕਾਲੀ ਤੋ,ਕਿਉਂਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਸਿੱਖ ਕੌਂਮ ਨੂੰ ਜਨਮ ਸਿੱਧ ਅਜਾਦੀ ਦਾ ਅਧਿਕਾਰ ਦੇਣ ਵਾਲੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਅਜਾਦ ਪ੍ਰਭੂਸੱਤਾ ਦੇ ਪਰਤੀਕ ਉਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚ ਸੰਸਥਾ ਦੇ ਸੇਵਾਦਾਰ ਸਨ,ਜਿੰਨਾਂ ਦੇ ਹੁਕਮਾਂ ਨੂੰ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨੂੰ ਝੁਕਾਉਣ ਵਾਲਾ ਮਹਾਰਾਜਾ ਵੀ ਇਲਾਹੀ ਹੁਕਮ ਸਮਝਕੇ ਖਿੜੇ ਮੱਥੇ ਪਰਵਾਂਨ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਅਜੋਕੇ ਸਿੱਖ ਆਗੂਆਂ ਵਾਂਗ ਨਿੱਜ ਲੋਭੀ ਨਹੀ,ਬਲਕਿ ਗੁਰੂ ਦੇ ਭੈਅ ਚ ਰਹਿਣ ਵਾਲਾ ਕੌਂਮ ਪ੍ਰਸਤ ਮਹਾਰਾਜਾ ਸੀ। ਜੇਕਰ ਉਹਨਾਂ ਨੇ ਅਫਗਾਨਾਂ ਤੋ ਸੁਨਿਹਰੀ ਦਰਵਾਜ਼ੇ ਲੈ ਕੇ ਆਂਦੇ,ਉਹ ਆਪਣੇ ਨਿੱਜੀ ਮਹਿਲ ਲਈ ਨਹੀ ਬਲਕਿ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਵਿੱਚ ਲਗਵਾ ਦਿੱਤੇ ਗਏ।ਇਸੇਤਰਾਂ ਹੈਦਰਾਬਾਦ ਦੇ ਨਿਜਾਮ ਨੇ ਸੋਨੇ ਦੀ ਚਾਨਣੀ ਭੇਟਾ ਕੀਤੀ ਤਾਂ ਮਹਾਰਾਜੇ ਨੇ ਕਿਹਾ ਕਿ ਮੈਂ ਮਿੱਟੀ ਦਾ ਪੁਤਲਾ ਜੋ ਕੁੱਝ ਵੀ ਹਾਂ ਆਪਣੇ ਗੁਰੂ ਦੀ ਬਦੌਲਤ ਹਾਂ,ਇਸ ਲਈ ਇਹ ਸੋਨੇ ਦੀ ਚਾਨਣੀ ਮੇਰੇ ਸਤਿਗੁਰੂ ਜੀ ਦੇ ਦਰਬਾਰ ਸੱਚਖੰਡ ਵਿਖੇ ਹੀ ਸੋਭਦੀ ਹੈ,ਜੋ ਸ੍ਰੀ ਹਰਿਮੰਦਰ ਦਰਬਾਰ ਸਾਹਿਬ ਭੇਟਾ ਕਰ ਦਿੱਤੀ। ਸੰਨ੍ਹ 1849 ਤੋਂ ਬਾਅਦ ਇਨ੍ਹਾਂ ਸਭ ਕੀਮਤੀ ਵਸਤੂਆਂ 'ਚੋਂ ਬਹੁਤਾ ਕੁਝ ਤਾਂ ਸਿੱਖ ਰਾਜ ਦੇ ਦੋਖੀ ਲੁਟੇਰੇ ਫਿਰੰਗੀ ਲੁੱਟ ਕੇ ਇੰਗਲੈਂਡ ਲੈ ਪਹੁੰਚੇ, ਬਾਕੀ ਬਹੁਤ ਅਨਮੋਲ ਖਜ਼ਾਨਾ 1984 ਦੇ ਘੱਲੂਘਾਰੇ ਵਿਚ ਤਬਾਹ ਹੋ ਗਿਆ। ਅੱਜ ਦੇ ਸੰਦਰਭ ਵਿੱਚ ਸਿੱਖ ਕੌਂਮ ਲਈ ਇਹ ਕਿੰਨਾ ਹੈਰਾਨੀਜਨਕ ਜਾਪਦਾ ਹੈ,ਕਿਉਕਿ ਮੌਜੂਦਾ ਸਮੇ ਦੇ ਸਿੱਖ ਆਗੂਆਂ ਨੇ ਤਾਂ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਵੀ ਖੁਦ ਕਰਵਾਏ ਅਤੇ ਜਦੋ ਹਾਕਮ ਬਣੇ ਤਾਂ ਸਿੱਖ ਨੌਜਵਾਨਾਂ ਦੇ ਕਾਤਲ ਬਣੇ।ਉਹਨਾਂ ਨੇ ਤਾਂ ਗੁਆਂਢੀ ਮੁਲਕ ਦੇ ਹਾਕਮਾਂ ਵੱਲੋਂ ਭੇਂਟ ਕੀਤੇ ਭੇਡੂ ਤੱਕ ਵੀ ਨਹੀ ਛੱਡੇ,ਉਹ ਵੀ ਘਰ ਲੈ ਆਏ,ਤੇ ਹੋਰ ਪਤਾ ਨਹੀ ਕਿੰਨਾ ਕੁੱਝ।ਕਿੰਨਾ ਅੰਤਰ ਹੈ ਮੌਜੂਦਾ ਅਤੇ ਪੁਰਾਤਨ ਸਮਿਆਂ ਦੀ ਸਿੱਖ ਲੀਡਰਸ਼ਿੱਪ ਵਿੱਚ। ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਲਈ ਜਗੀਰਾਂ ਲਾਈਆਂ,ਇਤਿਹਾਸ ਮੁਤਾਬਿਕ 64 ਲੱਖ ਰੁਪਏ ਦਰਬਾਰ ਸਾਹਿਬ ਦੀ ਸ਼ਾਨੋ ਸ਼ੌਕਤ ਲਈ ਮਹਾਰਾਜੇ ਦੇ ਪਰਿਵਾਰ ਨੇ ਦਾਨ ਦਿੱਤਾ,ਪਰੰਤੂ ਮੌਜੂਦਾ ਸਮੇ ਚ ਗੁਰਦੁਆਰਿਆਂ ਦੀਆਂ ਜਮੀਨਾਂ ਤੇ ਖੁਦ ਜਾਂ ਆਪਣੇ ਚਹੇਤਿਆਂ ਨੂੰ ਕਬਜੇ ਕਰਵਾ ਦਿੱਤੇ ਹਨ ਤੇ ਦਾਨ ਦੇਣ ਦੀ ਬਜਾਏ ਗੁਰੂ ਕੀ ਗੋਲਕ ਤੱਕ ਨੂੰ ਲੁੱਟਿਆ ਜਾ ਰਿਹਾ ਹੈ। ਪੁਰਾਤਨ ਸਿੱਖਾਂ ਨੇ ਆਪਣੀ ਰਾਜਸੀ ਤਾਕਤ ਨੂੰ ਆਪਣੇ ਗੁਰੂ ਦੀ ਬਖਸ਼ਿਸ਼ ਸਮਝਿਆ,ਇਸ ਲਈ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਬ ਉੱਚ ਮੰਨਦੇ ਰਹੇ ਹਨ।ਇਸ ਦੀ ਇੱਕ ਮਿਸਾਲ ਇਹ ਵੀ ਹੈ ਕਿ ਜਿਹੜਾ ਵੱਡੇ ਤਪਤੇਜ ਵਾਲਾ ਮਹਾਰਾਜਾ ਵੱਡੇ ਤੋ ਵੱਡੇ ਗੁਨਾਹ ਲਈ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀ ਸੀ ਦਿੰਦਾ,ਉਹ ਸਿੱਖ ਮਹਾਰਾਜੇ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਫੂਲਾ ਸਿੰਘ ਅਕਾਲੀ ਨੇ ਕੋਈ ਅਵੱਗਿਆ ਕਰਨ ਬਦਲੇ ਬਸਤਰ ਉਤਾਰਕੇ ਦਰਖਤ ਨਾਲ ਬੰਨ੍ਹਕੇ ਕੋੜੇ ਮਾਰਨ ਦੀ ਸਜਾ ਸੁਣਾ ਦਿੱਤੀ ਸੀ,ਜਿਸ ਨੂੰ ਉਸ ਹਲੇਮੀ ਬਾਦਸਾਹਤ ਦੇ ਤਾਜਦਾਰ ਨੇ ਖਿੜੇ ਮੱਥੇ ਪਰਵਾਨ ਕੀਤਾ ਸੀ,ਭਾਂਵੇਂ ਮੋਹਤਵਰ ਸਿੱਖ ਆਗੂਆਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਨ ਤੇ ਮਹਾਰਾਜੇ ਨੂੰ ਕੋੜੇ ਮਾਰਨ ਦੀ ਸਜ਼ਾ ਮੁਆਫ ਕਰ ਦਿੱਤੀ ਗਈ ਸੀ,ਪਰ ਰਾਜਨੀਤੀ ਤੇ ਧਰਮ ਦੇ ਕੁੰਡੇ ਦੀ ਇਹ ਅਮਲੀ ਮਿਸਾਲ ਇਤਿਹਾਸ ਦੇ ਸੁਨਿਹਰੇ ਪੰਨਿਆਂ ਵਿੱਚ ਦਰਜ ਹੋ ਗਈ।ਹੁਣ ਜਦੋ ਮੌਜੂਦਾ ਦੌਰ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਹੋ ਰਹੀ ਤੌਹੀਨ ਦੇਖੀ ਸੁਣੀ ਤੇ ਪੜੀ ਜਾਂਦੀ ਹੈ,ਤਾਂ ਸਿੱਖ ਕੌਂਮ ਕੋਲ ਅਕਾਲ ਪੁਰਖ ਅੱਗੇ ਅਰਜੋਈ ਕਰਨ ਤੋ ਇਲਾਵਾ ਹੋਰ ਕੋਈ ਚਾਰਾ ਨਹੀ ਹੁੰਦਾ। ਇਸ ਸਾਰੇ ਵਰਤਾਰੇ ਲਈ ਉਹ ਸਿੱਖ ਆਗੂ ਜੁੰਮੇਵਾਰ ਹਨ,ਜਿੰਨਾਂ ਨੇ ਆਪਣੀ ਕੁਰਸੀ ਦੀ ਭੁੱਖ ਨੂੰ ਪੂਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮਾਮੂਲੀ ਮੁਲਾਜਮ ਬਣਾ ਕੇ ਰੱਖ ਦਿੱਤਾ ਹੈ,ਜਿਸ ਨੂੰ ਜਦੋ ਜੀਅ ਚਾਹੇ ਜਿਵੇਂ ਚਾਹੇ ਆਪਣੇ ਹਿਤ ਚ ਵਰਤਿਆ ਜਾ ਸਕਦਾ ਹੈ ਅਤੇ ਜੇਕਰ ਉਹ ਰੱਤੀ ਭਰ ਵੀ ਵਫਾਦਾਰੀ ਵਿੱਚ ਕੁਤਾਹੀ ਕਰਦਾ ਹੈ ਤਾਂ ਬਗੈਰ ਕੌਂਮ ਦੀ ਰਾਇ ਲਏ,ਬਗੈਰ ਪ੍ਰਵਾਹ ਕੀਤਿਆਂ ਆਹੁਦੇ ਤੋ ਹਟਾਇਆ ਜਾ ਸਕਦਾ ਹੈ ਅਤੇ ਮੁੜ ਮਨਮਰਜੀ ਦਾ ਜਥੇਦਾਰ ਲਾਇਆ ਜਾ ਸਕਦਾ ਹੈ।ਇਹਦੇ ਲਈ ਪੰਥਕ ਧਿਰਾਂ ਲੰਮੇ ਸਮੇ ਤੋ ਰੌਲਾ ਪਾਉਂਦੀਆਂ ਆ ਰਹੀਆਂ ਹਨ ਕਿ ਜਥੇਦਾਰ ਨੂੰ ਹਟਾਉਣ ਅਤੇ ਨਿਯੁਕਤੀ ਦਾ ਬਾਕਾਇਦਾ ਸਰਬ ਪ੍ਰਮਾਣਤ ਵਿਧੀ ਵਿਧਾਨ ਬਨਾਉਣਾ ਚਾਹੀਦਾ ਹੈ,ਅਤੇ ਸਮਾ ਸੀਮਾ ਤਹਿ ਕੀਤੀ ਜਾਣੀ ਚਾਹੀਦੀ ਹੈ, ਤਾਂ ਕਿ ਜਥੇਦਾਰ ਮੁਕੰਮਲ ਅਜ਼ਾਦਾਨਾ ਤੌਰ ਤੇ ਕੌਂਮ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਸਕਣ।ਅੱਜ ਸਿੱਖਾਂ ਦੇ ਹਾਲਾਤ ਇਹ ਬਣ ਗਏ ਹਨ ਕਿ ਸਰੋਮਣੀ ਅਕਾਲੀ ਦਲ,ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਬਾਦਲ ਪਰਿਵਾਰ ਦੀ ਨਿੱਜੀ ਮਾਲਕੀ ਬਣਕੇ ਰਹਿ ਗਈ ਹੈ।ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਢੰਗ ਨਾਲ ਆਹੁਦੇ ਤੋ ਹਟਾਇਆ ਗਿਆ ਹੈ,ਇਹਦੇ ਤੋ ਸਪੱਸਟ ਹੁੰਦਾ ਹੈ ਕਿ ਸ੍ਰ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਪਿਤਾ ਮਰਹੂਮ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਿੱਖਿਆ ਨੂੰ ਪੱਲੇ ਬੰਨ ਕੇ ਰਾਜਨੀਤੀ ਵਿੱਚ ਅੱਗੇ ਵਧਣ ਦਾ ਫੈਸਲਾ ਕਰ ਲਿਆ ਹੈ।ਉਹਨਾਂ ਨੂੰ ਇਹ ਕਦੇ ਵੀ ਮਨਜੂਰ ਨਹੀ ਕਿ ਉਹਨਾਂ ਦਾ ਲਾਇਆ ਜਥੇਦਾਰ ਕੋਈ ਕੌਂਮ ਦੇ ਵਡੇਰੇ ਹਿਤਾਂ ਦੇ ਬਦਲੇ ਬਾਦਲ ਪਰਿਵਾਰ ਦੇ ਨਿੱਜੀ ਹਿਤਾਂ ਨੂੰ ਠੇਸ ਪਹੁੰਚਾਉਣ ਦੀ ਗੁਸਤਾਖੀ ਕਰੇ। ਬਹਾਨਾ ਭਾਂਵੇਂ ਕੋਈ ਵੀ ਬਣਾਇਆ ਗਿਆ ਹੋਵੇ,ਪਰੰਤੂ ਸਚਾਈ ਇਹ ਹੈ ਕਿ ਸਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਰੋਮਣੀ ਕਮੇਟੀ ਦਾ ਆਪਣਾ ਚੈਨਲ ਚਲਾਉਣ ਵਾਲਾ ਜਥੇਦਾਰ ਦਾ ਹੁਕਮ,ਸਰੋਮਣੀ ਅਕਾਲੀ ਦਲ ਨੂੰ ਸਰਮਾਏਦਾਰਾਂ ਦੇ ਚੁੰਗਲ ਚੋ ਕੱਢਣ ਵਾਲਾ ਬਿਆਨ ਅਤੇ ਪੱਤਰਕਾਰਾਂ ਦੀ ਇਕੱਤਰਤਾ ਵਿੱਚ ਸਟੇਜ ਤੋਂ ਜਨਤਕ ਤੌਰ ਜਥੇਦਾਰ ਸਾਹਿਬ ਵੱਲੋਂ ਖਾਲਸਾ ਰਾਜ ਦੇ ਝੰਡਿਆਂ ਦੇ ਮਾਮਲੇ ਵਿੱਚ ਕੌਂਮ ਦੇ ਅਕਸ਼ ਨੂੰ ਢਾਹ ਲਾਉਣ ਵਾਲੇ ਟੀਵੀ ਚੈਨਲਾਂ ਅਤੇ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਨਾ ਕਰਨ ਬਦਲੇ ਸਰੋਮਣੀ ਕਮੇਟੀ ਨੂੰ ਪਾਈ ਝਾੜ ਉਹਨਾਂ ਤੇ ਭਾਰੀ ਪੈ ਗਈ ਹੈ। ਬਿਨਾ ਸ਼ੱਕ ਸਰੋਮਣੀ ਅਕਾਲੀ ਦਲ ਤੇ ਉਹ ਲੋਕ ਕਾਬਜ ਹਨ,ਜਿਹੜੇ ਪਹਿਲਾਂ ਹੀ ਨਿੱਜੀ ਹਿਤਾਂ ਖਾਤਰ ਕੌਂਮ ਦਾ ਐਨਾ ਵੱਡਾ ਨੁਕਸਾਨ ਕਰ ਚੁੱਕੇ ਹਨ,ਜਿਸ ਦੀ ਭਰਪਾਈ ਸੰਭਵ ਹੀ ਨਹੀ ਹੈ। ਸੋ ਜਥੇਦਾਰ ਨੂੰ ਬਦਲਣ ਦਾ ਫੈਸਲਾ ਅਤੇ ਢੰਗ ਦੋਨੋ ਹੀ ਅਤਿ ਨਿੰਦਣਯੋਗ ਹਨ,ਭਵਿੱਖ ਵਿੱਚ ਅਜਿਹੀਆਂ ਕੌਂਮ ਵਿਰੋਧੀ ਮਨਮਾਨੀਆਂ ਨੂੰ ਰੋਕਣ ਲਈ ਜਥੇਦਾਰ ਦੀ ਨਿਯੁਕਤੀ ਦਾ ਸਰਬ ਪਰਮਾਣਿਤ ਵਿਧੀ ਵਿਧਾਨ ਸਰਬਤ ਖਾਲਸੇ ਰਾਹੀ ਹੀ ਸੰਭਵ ਹੋ ਸਕਦਾ ਹੈ,ਇਸ ਲਈ ਸਰਬਤ ਖਾਲਸਾ ਵਰਗੀ ਮਹਾਂਨ ਪਰੰਪਰਾ ਨੂੰ ਪੁਨਰ ਸੁਰਜੀਤ ਕਰਨ ਲਈ ਪਹਿਲਾਂ ਕੌਂਮ ਨੂੰ ਗੁਰੂ ਆਸ਼ੇ ਅਨੁਸਾਰ ਸਫਾਂ ਵਿਛਾ ਕੇ ਬੈਠਣ ਦੀ ਜਰੂਰਤ ਹੈ।
ਬਘੇਲ ਸਿੰਘ ਧਾਲੀਵਾਲ
99142-58142