ਬਰੇਨ-ਡਰੇਨ, ਪੰਜਾਬ ਦੀ ਤਬਾਹੀ ਦਾ ਸੰਕੇਤ - ਗੁਰਮੀਤ ਸਿੰਘ ਪਲਾਹੀ
ਮਨੀ (ਧੰਨ), ਬਰੇਨ (ਦਿਮਾਗ), ਪੰਜਾਬ ਵਿਚੋਂ ਡਰੇਨ(ਬਾਹਰ ਵਗਣਾ) ਹੁੰਦਾ ਜਾ ਰਿਹਾ ਹੈ। ਪਿਛਲੇ ਛੇ ਸਾਲਾਂ ਵਿੱਚ ਵਿਦੇਸ਼ ਜਾਣ ਦੀ ਹੋੜ/ਚਾਹਤ ਨੇ ਪੰਜਾਬ ਦੇ ਕਾਲਜਾਂ ਵਿਚੋਂ ਵਿੱਚ-ਵਿਚਾਲੇ ਪੜ੍ਹਾਈ ਛੱਡਣ ਵਾਲਿਆਂ ਦੀ ਗਿਣਤੀ 'ਚ 15 ਤੋਂ 40 ਫ਼ੀਸਦੀ ਤੱਕ ਵਾਧਾ ਕਰ ਦਿੱਤਾ ਹੈ।
ਸਿਆਣੇ ਕਹਿੰਦੇ ਹਨ ਪੈਸਾ/ਧੰਨ ਤਾਂ ਹੱਥਾਂ ਦੀ ਮੈਲ ਹੈ, ਕਮਾਇਆਂ ਮੁੜ ਆਏਗਾ, ਪਰ ਜਿਹੜੀ ਸਿਆਣਪ ਪੰਜਾਬ ਵਿਚੋਂ ਲਗਾਤਾਰ ਪਿਛਲੇ ਦੋ ਦਹਾਕਿਆਂ ਤੋਂ ਰੁਖ਼ਸਤ ਹੋ ਰਹੀ ਹੈ, ਆਖ਼ਰ ਉਸਦਾ ਬਣੇਗਾ ਕੀ? ਕੀ ਉਹ ਮੁੜ ਪੰਜਾਬ ਪਰਤੇਗੀ?
ਪੰਜਾਬ ਦਾ ਛੋਟਾ ਸ਼ਹਿਰ ਲੈ ਲਓ ਜਾਂ ਵੱਡਾ, ਆਇਲਟਸ ਕੇਂਦਰਾਂ ਨਾਲ ਭਰਿਆ ਪਿਆ ਹੈ। ਇਹਨਾ ਵਪਾਰਕ ਕੇਂਦਰਾਂ ਅੱਗੇ ਲੱਗੀਆਂ ਨੌਜਵਾਨਾਂ ਦੀਆਂ ਵੱਡੀਆਂ ਕਤਾਰਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਅਤੇ ਦਹਾਕਿਆਂ ਤੋਂ ਸਿੱਖਿਆ ਖੇਤਰ ਦੀ ਸੇਵਾ 'ਚ ਲੱਗੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਕਈ ਕਾਲਜ ਤਾਂ ਲਗਭਗ ਖਾਲੀ ਹੀ ਹੋ ਗਏ ਹਨ, ਬੀ.ਏ., ਬੀ.ਐਸ.ਸੀ., ਬੀ.ਕਾਮ. ਦੀਆਂ ਕਲਾਸਾਂ 'ਚ ਸੀਟਾਂ ਭਰਦੀਆਂ ਨਹੀਂ, ਸਿੱਟੇ ਵਜੋਂ ਮਾਸਟਰਜ਼ ਡਿਗਰੀ ਕੋਰਸ ਬੰਦ ਹੋ ਰਹੇ ਹਨ। ਬਹੁਤੀਆਂ ਬੈਚਲਰ ਕਲਾਸਾਂ 'ਚ ਪਲੱਸ ਟੂ ਪਾਸ ਕਰਨ ਵਾਲੇ ਵਿਦਿਆਰਥੀ ਕਾਲਜਾਂ 'ਚ ਦਖ਼ਲ ਹੀ ਇਸ ਕਰਕੇ ਹੁੰਦੇ ਹਨ ਕਿ ਉਹਨਾ ਨੂੰ ਜਦੋਂ ਵਿਦੇਸ਼ ਦਾ ਵੀਜ਼ਾ ਮਿਲ ਗਿਆ, ਉਹ ਤੁਰੰਤ ਕਾਲਜ ਛੱਡ ਦੇਣਗੇ।
ਪੰਜਾਬ ਦੇ ਪ੍ਰੋਫੈਸ਼ਨਲ ਕਾਲਜਾਂ ਵਿਚੋਂ ਬਹੁਤੇ ਕਾਲਜ ਤਾਂ ਪਹਿਲਾਂ ਹੀ ਆਪਣੇ ਕਈ ਕੋਰਸ ਬੰਦ ਕਰੀ ਬੈਠੇ ਹਨ, ਕਿਉਂਕਿ ਘੱਟੋ-ਘੱਟ ਯੋਗਤਾ ਪੂਰੀ ਕਰਨ ਵਾਲੇ ਵਿਦਿਆਰਥੀ ਉਹਨਾ ਨੂੰ ਮਿਲਦੇ ਨਹੀਂ ਅਤੇ ਵੱਡੀ ਗਿਣਤੀ 'ਚ ਸੀਟਾਂ ਇਹਨਾ ਕੋਰਸਾਂ 'ਚ ਖਾਲੀ ਰਹਿੰਦੀਆਂ ਹਨ। ਪੰਜਾਬ ਦੀਆਂ ਕੁਝ ਪ੍ਰੋਫੈਸ਼ਨਲ ਯੂਨੀਵਰਸਿਟੀਆਂ ਤਾਂ ਇਸ ਕਰਕੇ ਚੱਲ ਰਹੀਆਂ ਹਨ ਕਿ ਦੇਸ਼ ਦੇ ਸੂਬਿਆਂ ਅਤੇ ਵਿਦੇਸ਼ਾਂ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਇਥੇ ਦਾਖ਼ਲਾ ਲੈਂਦੇ ਹਨ।
ਆਖ਼ਰ ਕਾਰਨ ਕੀ ਬਣਿਆ, ਪੰਜਾਬ 'ਚੋਂ ਵਿਦੇਸ਼ ਵੱਲ ਨੌਜਵਾਨਾਂ ਦੇ ਪ੍ਰਵਾਸ ਦਾ ਅਤੇ ਉਹ ਵੀ ਬਹੁਤ ਵੱਡੀ ਗਿਣਤੀ 'ਚ:-
1. ਨੌਜਵਾਨਾਂ ਦਾ ਸਰਕਾਰੀ ਤੰਤਰ 'ਚ ਯਕੀਨ ਖ਼ਤਮ ਹੋ ਗਿਆ ਹੈ।
2. ਨੌਜਵਾਨਾਂ ਨੂੰ ਪੰਜਾਬ 'ਚ ਨੌਕਰੀਆਂ ਦੀ ਆਸ ਹੀ ਨਹੀਂ ਰਹੀ।
3. ਨਸ਼ਿਆਂ ਦੀ ਬਹੁਤਾਤ ਕਾਰਨ ਮਾਪੇ ਅਤੇ ਨੌਜਵਾਨ ਆਪ ਵੀ ਪ੍ਰਦੇਸ਼ਾਂ 'ਚ ਜਾਕੇ ਸੁਰੱਖਿਅਤ ਹੋਣਾ ਚਾਹੁੰਦੇ ਹਨ।
4. ਕਨੂੰਨ ਵਿਵਸਥਾ ਦੀ ਸਥਿਤੀ ਨੌਜਵਾਨਾਂ 'ਚ ਭੈਅ ਪੈਦਾ ਕਰ ਰਹੀ ਹੈ। ਗੈਂਗਸਟਰ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਅਤੇ ਸਿਆਸਤਦਾਨ ਉਹਨਾ ਨੂੰ ਸ਼ਹਿ ਦਿੰਦੇ ਹਨ। ਨੌਜਵਾਨ ਇਸ ਸਥਿਤੀ 'ਚ ਸੂਬੇ 'ਚ ਵਸਣਾ ਨਹੀਂ ਚਾਹੁੰਦੇ।
5. ਪੰਜਾਬੀਆਂ 'ਚ ਵਿਦੇਸ਼ ਵਸਣ ਦੀ ਹੋੜ ਲੱਗੀ ਹੋਈ ਹੈ, ਉਸ ਤੋਂ ਨੌਜਵਾਨ ਪ੍ਰਭਾਵਿਤ ਹੋ ਰਹੇ ਹਨ ਅਤੇ ਧੜਾਧੜ ਇਸ ਰਸਤੇ ਤੁਰ ਰਹੇ ਹਨ।
ਵਿਦੇਸ਼ਾਂ 'ਚ ਕਾਲਜਾਂ/ਯੂਨੀਵਰਸਿਟੀਆਂ 'ਚ ਦਾਖ਼ਲਾ ਸੌਖਾ ਨਹੀਂ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਫ਼ੀਸਾਂ ਵੀ ਲੱਖਾਂ ਵਿੱਚ ਹਨ ਅਤੇ ਸਥਾਨਕ ਵਿਦਿਆਰਥੀਆਂ ਦੀਆਂ ਫ਼ੀਸਾਂ ਨਾਲੋਂ ਕਈ ਗੁਣਾ ਜ਼ਿਆਦਾ। ਨੌਜਵਾਨਾਂ ਨੂੰ ਪਹਿਲਾਂ ਆਈਲਟਸ ਕੇਂਦਰਾਂ 'ਚ ਲੁੱਟ ਦਾ ਸ਼ਿਕਾਰ ਹੋਣਾ ਪੈਦਾ ਹੈ, ਫਿਰ ਏਜੰਟਾਂ ਹੱਥ ਆਕੇ, ਇੰਮੀਗਰੇਸ਼ਨ ਕੰਪਨੀਆਂ ਦੀਆਂ ਸ਼ਰਤਾਂ ਉਤੇ ਯੂਨੀਵਰਸਿਟੀਆਂ ਕਾਲਜਾਂ ਦੀਆਂ ਹਜ਼ਾਰਾਂ ਡਾਲਰ ਫੀਸ ਜਮ੍ਹਾਂ ਕਰਾਉਣੀ ਪੈਂਦੀ ਹੈ, ਜਿਸ ਵਿਚੋਂ "ਮੋਟਾ ਕਮਿਸ਼ਨ" ਇਨ੍ਹਾਂ ਏਜੰਟਾਂ ਦਾ ਹੁੰਦਾ ਹੈ। ਦੁਖਾਂਤ ਇਹ ਵੀ ਹੈ ਕਿ ਕਈ ਜਾਅਲੀ ਯੂਨੀਵਰਸਿਟੀਆਂ ਠੱਗ ਏਜੰਟਾਂ ਨਾਲ ਰਲਕੇ ਵਿਦਿਆਰਥੀਆਂ ਨਾਲ ਠੱਗੀ ਮਾਰਦੀਆਂ ਹਨ। ਮੌਜੂਦਾ ਸਮੇਂ ਇਹਨਾ ਠੱਗਾਂ ਦੇ ਸ਼ਿਕਾਰ ਹੋਏ 700 ਵਿਦਿਆਰਥੀ, ਕੈਨੇਡਾ ਤੋਂ ਡਿਪੋਰਟ ਹੋਣ ਦੇ ਡਰ 'ਚ ਬੈਠੇ ਹਨ। ਉਹਨਾ ਦਾ ਭਵਿੱਖ ਧੁੰਦਲਾ ਹੈ।
ਅਸਲ 'ਚ ਤਾਂ ਪੜ੍ਹਾਈ ਕਰਨ ਜਾਣ ਦੇ ਨਾਮ ਉਤੇ ਵਿਦਿਆਰਥੀ ਪੰਜਾਬ ਛਡਕੇ, ਕੈਨੇਡਾ, ਅਮਰੀਕਾ, ਨਿਊਜੀਲੈਂਡ, ਅਸਟਰੇਲੀਆ ਅਤੇ ਹੋਰ ਮੁਲਕਾਂ 'ਚ ਪੱਕਾ ਟਿਕਾਣਾ ਲੱਭਦੇ ਹਨ ਅਤੇ ਇਹਨਾ ਮੁਲਕਾਂ 'ਚ ਹੀ ਆਪਣਾ ਭਵਿੱਖ ਸੁਰੱਖਿਅਤ ਸਮਝਦੇ ਹਨ।
ਸਾਲ 2016 ਤੋਂ 2021 ਦਰਮਿਆਨ 4.78 ਲੱਖ ਪੰਜਾਬੀਆਂ ਨੇ ਪੰਜਾਬ ਛੱਡਿਆ, ਦੂਜੇ ਮੁਲਕਾਂ 'ਚ ਬਿਹਤਰ ਭਵਿੱਖ ਲਈ। ਇਸੇ ਸਮੇਂ 'ਚ 2.62 ਲੱਖ ਵਿਦਿਆਰਥੀ ਵੀ ਵਿਦੇਸ਼ਾਂ 'ਚ ਪੜ੍ਹਨ ਲਈ ਗਏ। ਪਿਛਲੇ 75 ਸਾਲਾਂ 'ਚ ਪੰਜਾਬ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਪ੍ਰਵਾਸ ਕੀਤਾ ਅਤੇ ਇਸਦਾ ਆਰੰਭ 1947-48 ਗਿਣਿਆ ਜਾਂਦਾ ਹੈ, ਪਰ 1960 'ਚ ਭਾਰੀ ਗਿਣਤੀ 'ਚ ਪੰਜਾਬੀ, ਬਰਤਾਨੀਆ (ਯੂ.ਕੇ.) ਗਏ।
ਮੁਢਲੇ ਸਾਲਾਂ 'ਚ ਪੰਜਾਬੀਆਂ ਨੇ ਜਿਹੜੇ ਡਾਲਰ, ਪੌਂਡ, ਬਰਤਾਨੀਆ, ਕੈਨੇਡਾ, ਅਮਰੀਕਾ 'ਚ ਕਮਾਏ ਉਸਦਾ ਵੱਡਾ ਹਿੱਸਾ ਪੰਜਾਬ ਭੇਜਿਆ। ਇਥੇ ਜ਼ਮੀਨਾਂ, ਜਾਇਦਾਦਾਂ ਖਰੀਦੀਆਂ, ਵੱਡੇ ਘਰ ਬਣਾਏ। ਪਰ ਜਿਉਂ-ਜਿਉਂ ਇਹਨਾਂ ਪੰਜਾਬੀਆਂ ਨੇ ਆਪਣੇ ਪਰਿਵਾਰ, ਆਪਣੀ ਜਨਮਭੂਮੀ ਤੋਂ ਕਰਮ ਭੂਮੀ ਵੱਲ ਸੱਦੇ, ਉਥੇ ਹੀ ਪਰਿਵਾਰਾਂ 'ਚ ਵਾਧਾ ਹੋਇਆ। ਉਥੇ ਹੀ ਉਹਨਾ ਦੀ ਔਲਾਦ ਨੇ ਸਿੱਖਿਆ ਪ੍ਰਾਪਤ ਕੀਤੀ ਅਤੇ ਅੱਜ ਸਥਿਤੀ ਇਹ ਹੈ ਕਿ ਇਹ ਪੰਜਾਬੀ ਆਪਣੀ ਜਨਮ ਭੂਮੀ ਵਾਲੀ ਜ਼ਮੀਨ, ਜਾਇਦਾਦ ਵੇਚ ਵੱਟਕੇ ਆਪਣੀ ਕਰਮ ਭੂਮੀ ਵੱਲ ਲੈ ਜਾ ਰਹੇ ਹਨ,ਕਿਉਂਕਿ ਉਹਨਾ ਦੇ ਉਥੇ ਪੈਦਾ ਹੋਏ ਬੱਚੇ, ਇਧਰ ਪੰਜਾਬ ਵੱਲ ਮੁੜਨਾ ਹੀ ਨਹੀਂ ਚਾਹੁੰਦੇ। ਇੰਜ ਵੱਡਾ ਧੰਨ ਪੰਜਾਬ ਵਿਚੋਂ ਵਿਦੇਸ਼ ਜਾ ਰਿਹਾ ਹੈ। ਧੰਨ ਦਾ ਚਲਣ ਹੁਣ ਉੱਲਟ ਦਿਸ਼ਾ ਵੱਲ ਚੱਲਣ ਲੱਗਾ ਹੈ।
ਆਇਲਟਸ ਪਾਸ ਕਰਕੇ ਜਿਹੜੇ ਵਿਦਿਆਰਥੀ ਵਿਦੇਸ਼ ਜਾਂਦੇ ਹਨ ਉਹਨਾ ਦੀਆਂ ਫ਼ੀਸਾਂ ਅਤੇ ਹੋਰ ਖ਼ਰਚੇ ਲਈ ਪ੍ਰਤੀ ਵਿਦਿਆਰਥੀ 20 ਤੋਂ 25 ਲੱਖ ਘੱਟੋ-ਘੱਟ ਖ਼ਰਚਾ ਪਰਿਵਾਰ ਨੂੰ ਚੁਕਣਾ ਪੈਂਦਾ ਹੈ, ਜੋ ਪੰਜਾਬ ਵਿੱਚ ਰੁਪਏ ਤੋਂ ਡਾਲਰਾਂ ਦੇ ਬਦਲਾਅ 'ਚ ਬਾਹਰ ਜਾਂਦਾ ਹੈ। ਇੰਜ ਵੱਡੀ ਰਾਸ਼ੀ ਹਰ ਵਰ੍ਹੇ ਵਿਦੇਸ਼ ਵੱਲ ਜਾ ਰਹੀ ਹੈ। ਵਿਦੇਸ਼ ਜਾਣ ਦਾ ਵਰਤਾਰਾ ਪਹਿਲਾਂ ਆਮ ਤੌਰ 'ਤੇ ਪੇਂਡੂ ਪੰਜਾਬ ਵਿੱਚ ਹੀ ਵੇਖਣ ਨੂੰ ਮਿਲਦਾ ਸੀ, ਪਰ ਹੁਣ ਸ਼ਹਿਰੀ ਨੌਜਵਾਨ ਵੀ ਵਿਦੇਸ਼ਾਂ ਵੱਲ ਚਾਲੇ ਪਾਉਣ ਲੱਗ ਪਏ ਹਨ। ਕਦੇ ਸਮਾਂ ਸੀ ਕਿ ਸਿਰਫ਼ ਨੌਜਵਾਨ ਮੁੰਡੇ ਹੀ ਵਿਦੇਸ਼ ਜਾਂਦੇ ਸਨ, ਪਰ ਹੁਣ ਵਿਦਿਆਰਥੀ ਦੇ ਰੂਪ 'ਚ ਖ਼ਾਸ ਕਰਕੇ ਵਿਦਿਆਰਥਣਾਂ ਆਇਲਟਸ ਪਾਸ ਕਰਕੇ ਵਿਦੇਸ਼ ਜਾਂਦੀਆਂ ਹਨ ਅਤੇ ਸਪਾਂਸਰ ਵਜੋਂ ਕਿਸੇ ਹੋਰ ਨੌਜਵਾਨ ਨੂੰ ਜੀਵਨ ਸਾਥੀ ਬਣਾਕੇ ਵੀ ਕਈ ਦੇਸ਼ਾਂ 'ਚ ਲੈ ਜਾਂਦੀਆਂ ਹਨ। ਇਹ ਇੱਕ ਅਜੀਬ ਗੌਰਖ ਧੰਦਾ ਅਤੇ ਵਪਾਰ ਬਣਿਆ ਹੋਇਆ ਹੈ।
ਨੌਜਵਾਨ ਮੁੰਡੇ, ਕੁੜੀਆਂ, ਜਿਹੜੇ ਪੜ੍ਹਨ 'ਚ ਹੁਸ਼ਿਆਰ ਹਨ, ਪੜ੍ਹਾਈ 'ਚ ਮੋਹਰੀ ਹਨ, ਜਿਹਨਾ ਮੈਡੀਕਲ ਕਾਲਜਾਂ, ਇੰਜੀਨੀਅਰਿੰਗ ਕਾਲਜਾਂ ਹੋਰ ਪ੍ਰੋਫੈਸ਼ਨਲ ਕਾਲਜਾਂ 'ਚ ਦਾਖ਼ਲੇ ਲੈ ਕੇ ਜਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ 'ਚ ਬੈਠ ਕੇ ਚੰਗੇ ਅਹੁਦੇ ਪ੍ਰਾਪਤ ਕਰਨੇ ਸਨ, ਉਹ ਵਿਦੇਸ਼ ਦੀ ਧਰਤੀ ਵੱਲ "ਹਰ ਕਿਸਮ" ਦੀ ਨੌਕਰੀ ਕਰਕੇ ਉਥੇ ਹੀ ਪੱਕੇ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਹਨ। ਕਈ ਖਜ਼ਲ ਖੁਆਰ ਹੁੰਦੇ ਹਨ, ਕਈ ਸਿਰੇ ਲੱਗ ਜਾਂਦੇ ਹਨ। ਇੰਜ ਆਖ਼ਰ ਕਿਉਂ ਹੋ ਰਿਹਾ ਹੈ? ਕੀ ਨੌਜਵਾਨਾਂ ਲਈ ਪੰਜਾਬ 'ਚ ਸਾਰੇ ਰਸਤੇ ਬੰਦ ਹਨ?
ਕੀ ਪੰਜਾਬ ਦੇ ਕਿਸੇ ਕੋਨੇ 'ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਪੀ.ਸੀ.ਐਸ., ਆਈ.ਏ.ਐਸ., ਆਈ.ਪੀ.ਐਸ., ਜਾਂ ਹੋਰ ਪ੍ਰੀਖਿਆਵਾਂ ਲਈ ਕੋਈ ਕੋਚਿੰਗ ਸੈਂਟਰ ਵਿਖਾਈ ਦਿੰਦੇ ਹਨ? ਕੀ ਪੰਜਾਬ 'ਚ ਵੱਡੇ ਉਦਯੋਗ ਹਨ, ਜੋ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਕਣ?
ਪਰ ਉਲਟਾ ਹਰ ਥਾਂ ਪੰਜਾਬ ਨੂੰ ਨੌਜਵਾਨਾਂ ਤੋਂ ਸੱਖਣੇ ਕਰਨ ਲਈ ਆਇਲਟਸ ਕੇਂਦਰਾਂ ਦੀ ਭਰਮਾਰ ਦਿਖਦੀ ਹੈ। ਇਹ ਕੇਂਦਰ ਹਰ ਵਰ੍ਹੇ ਲੱਖਾਂ ਨਹੀਂ ਕਰੋੜਾਂ ਰੁਪਏ ਵਿਦਿਆਰਥੀਆਂ ਦੀਆਂ ਜੇਬਾਂ 'ਚੋਂ ਕੱਢਦੇ ਹਨ ਅਤੇ ਹਰ ਵਰ੍ਹੇ ਅਰਬਾਂ ਰੁਪਏ ਪੰਜਾਬ ਦੀ ਧਰਤੀ ਤੋਂ ਲੈ ਜਾਂਦੇ ਵਿਦੇਸ਼ੀ ਯੂਨੀਵਰਸਿਟੀ ਦੇ ਪੇਟੇ ਪਾਉਂਦੇ ਹਨ।
ਬ੍ਰਿਟਿਸ਼ ਹਾਈ ਕਮਿਸ਼ਨ ਯੂਕੇ ਨੇ ਇਕ ਖ਼ਬਰ/ਰਿਪੋਰਟ ‘ਚ ਦੱਸਿਆ ਹੈ ਕਿ ਸਾਲ 2022 'ਚ 1,17,965 ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਦਿੱਤੇ ਗਏ । ਇਹਨਾਂ ਵਿਚ 40 ਫੀਸਦੀ ਪੰਜਾਬ ਵਿਚੋਂ ਸਨ । ਇਕ ਹੋਰ ਛਪੀ ਰਿਪੋਰਟ ਹੈ ਕਿ ਪਿਛਲੇ ਸਾਲ 4.60 ਲੱਖ ਵਿਦਿਆਰਥੀ ਵੀਜ਼ੇ ਅਮਰੀਕਾ, ਬਰਤਾਨੀਆ, ਕੈਨੇਡਾ, ਅਸਟਰੇਲੀਆ ਵਲੋਂ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਗਏ ਸਨ, ਇਹਨਾ ਵਿਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਸੀ।
ਕੀ ਪ੍ਰਵਾਸ ਪੰਜਾਬੀਆਂ ਦਾ ਸੁਪਨਾ ਹੈ ਜਾਂ ਪ੍ਰਵਾਸ ਪੰਜਾਬੀਆਂ ਦੀ ਮਜ਼ਬੂਰੀ ਹੈ । ਸਾਲ 2018 'ਚ ਲਗਭਗ 1.5 ਲੱਖ ਪੰਜਾਬੀ ਵਿਦਿਆਰਥੀ ਵਿਦੇਸ਼ਾਂ 'ਚ ਪੜ੍ਹਨ ਲਈ ਗਏ । ਇੱਕ ਅੰਦਾਜ਼ੇ ਮੁਤਾਬਕ ਕੈਨੇਡਾ, ਅਮਰੀਕਾ ਆਦਿ ਦੇਸ਼ਾਂ 'ਚ ਜਾਣ ਲਈ ਉਹਨਾ 15 ਤੋਂ 22 ਲੱਖ ਰੁਪਏ ਖ਼ਰਚੇ ਅਤੇ ਇਹ ਖ਼ਰਚ ਪੰਜਾਬੀਆਂ ਨੂੰ 27000 ਕਰੋੜ ਰੁਪਏ 'ਚ ਪਿਆ । ਇਹ ਇਕ ਅੰਦਾਜ਼ਾ ਹੈ । ਇਹ ਰਕਮ ਹਰ ਸਾਲ ਲਗਾਤਾਰ ਵੱਧਦੀ ਜਾ ਰਹੀ ਹੈ।
ਪੰਜਾਬ ਜਿਹੜਾ ਬੇਰੁਜ਼ਗਾਰੀ ਦੀ ਮਾਰ ਹੇਠ ਹੈ । ਪੰਜਾਬ ਜਿਹੜਾ ਪੋਟਾ-ਪੋਟਾ ਕਰਜ਼ਾਈ ਹੈ । ਪੰਜਾਬ ਜਿਸਦੇ ਸਿਆਸਤਦਾਨ, ਨੋਜਵਾਨਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਥਾਂ ਆਪਣੀਆਂ ਰੋਟੀਆਂ ਸੇਕਣ ਦੇ ਰਾਹ ਹਨ। ਕੌੜੇ, ਭੈੜੇ ਬੋਲ, ਇੱਕ ਦੂਜੇ ਪ੍ਰਤੀ ਦੋਸ਼, ਇੱਕ- ਦੂਜੇ ਨੂੰ ਮਸਲ ਸੁੱਟਣ, ਤਬਾਹ ਕਰਨ ਦੀਆਂ ਟਾਹਰਾਂ, ਖੂੰਡਾ ਖੜਕਾਉਣ ਵਾਲਾ ਰਾਹ ਤਾਂ ਅਖ਼ਤਿਆਰ ਕਰ ਰਹੇ ਹਨ ਪਰ ਆਪਣੀ ਅਗਲੀ ਪੀੜ੍ਹੀ ਦੇ ਭਵਿੱਖ ਪ੍ਰਤੀ ਰਤਾ ਵੀ ਚਿੰਤਤ ਨਹੀਂ ਹਨ।
ਸਮਾਂ ਰਹਿੰਦਿਆਂ ਜਿਥੇ ਪੰਜਾਬ ਦੀ ਜਵਾਨੀ, ਪੰਜਾਬ ਦਾ ਧੰਨ, ਪੰਜਾਬ ਦਾ ਦਿਮਾਗ ਬਚਾਉਣ ਦੀ ਲੋੜ ਹੈ, ਉਥੇ ਪੰਜਾਬ ਨੂੰ ਆਪਣੇ ਪੈਰੀਂ ਕਰਨ ਲਈ ਕੁਝ ਸਾਰਥਿਕ ਯਤਨਾਂ ਦੀ ਵੀ ਲੋੜ ਹੈ, ਜਿਹੜੇ ਨੇਤਾਵਾਂ ਵਲੋਂ ਇੱਕ-ਦੂਜੇ ਨੂੰ ਦਿੱਤੇ ਮਿਹਣਿਆਂ, ਦੋਸ਼ਾਂ, ਝਗੜਿਆਂ ਨਾਲ ਸੰਭਵ ਨਹੀਂ ਹੋ ਸਕਣੇ।
ਪੰਜਾਬ ਦੀ ਜਵਾਨੀ, ਜਿਹੜੀ ਦੇਸ਼ ਛੱਡਣ ਲਈ ਮਜ਼ਬੂਰ ਹੋ ਰਹੀ ਹੈ, ਵਿਦੇਸ਼ਾਂ 'ਚ ਰੁਲ ਰਹੀ ਹੈ, ਮਾਪਿਆਂ ਤੋਂ ਦੂਰ ਸੰਤਾਪ ਹੰਢਾ ਰਹੀ ਹੈ, ਉਮਰੋਂ ਪਹਿਲਾਂ ਵੱਡਿਆ ਫ਼ਿਕਰਾਂ ਕਾਰਨ ਬੁੱਢੀ ਹੋ ਰਹੀ ਹੈ, ਕਦੇ ਪੰਜਾਬ ਨੂੰ ਸਵਾਲ ਕਰੇਗੀ, " ਆਖ਼ਰ ਅਸੀਂ ਪੰਜਾਬ ਦਾ ਕੀ ਵਿਗਾੜਿਆ ਕੀ ਸੀ ਕਿ ਸਾਨੂੰ ਬਿਨ੍ਹਾਂ ਕਸੂਰੋਂ ਜਲਾਵਤਨ ਕਰ ਦਿੱਤਾ ਗਿਆ"?
ਤਾਂ ਪੰਜਾਬ ਕੀ ਜਵਾਬ ਦੇਵੇਗਾ?
-ਗੁਰਮੀਤ ਸਿੰਘ ਪਲਾਹੀ
-9815802070