ਮਿੰਨੀ ਕਹਾਣੀ : ਮਾਂ ਬੋਲੀ ਦੇ ਸੇਵਾਦਾਰ - ਬਲਜਿੰਦਰ ਕੌਰ ਸ਼ੇਰਗਿੱਲ

ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਤੋਂ ਇੱਕ ਦਿਨ ਪਹਿਲਾਂ ਫੋਨ ਆਇਆ ਕਿ ਤੁਸੀਂ ਜ਼ਰੂਰ ਆਉਣਾ ਹੈ | ਤੁਸੀਂ ਮਾਂ ਬੋਲੀ ਦੀ ਸੇਵਾ ਬਾਖੂਬੀ ਨਿਭਾਉਂਦੇ ਹੋ, ਸਮਾਗਮ 'ਚ ਜ਼ਰੂਰ ਪਹੁੰਚਣਾ | ਇਹ ਫੋਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਅਤੇ ਪਿ੍ੰਸੀਪਲ ਬਹਾਦਰ ਸਿੰਘ ਗੋਸਲ ਜੀ ਦਾ ਸੀ | ਇਹਨਾਂ ਦਾ ਨਾਂ ਸਾਹਿਤ ਜਗਤ ਵਿੱਚ ਬਹੁਤ ਉੱਚਾ ਹੈ | ਬਹਾਦਰ ਜੀ ਹੁਣ ਤੱਕ 76 ਕਿਤਾਬਾਂ ਲਿਖ ਚੁੱਕੇ ਹਨ | ਆਏ ਦਿਨ ਅਖ਼ਬਾਰਾਂ ਵਿੱਚ ਇਹਨਾਂ ਦੇ ਲੇਖ, ਕਹਾਣੀਆਂ ਛੱਪਦੀਆਂ ਰਹਿੰਦੀਆਂ ਹਨ | ਇਹ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਟੇਟ ਅਵਾਰਡ ਵੀ ਲੈ ਚੁੱਕੇ ਹਨ | ਇਹਨਾਂ ਨੇ ਅਨੇਕਾਂ ਐਵਾਰਡ ਹਾਸਿਲ ਕੀਤੇ ਹਨ |    
ਸਭ ਤੋਂ ਚੰਗੀ ਗੱਲ ਇਹਨਾਂ ਨੇ 1995 ਵਿੱਚ ਪੰਜਾਬੀ ਦੀਆਂ ਪ੍ਰਸਾਰ ਮੁਹਿੰਮਾਂ ਸ਼ੁਰੂ ਕਰ ਦਿੱਤੀਆਂ ਸੀ | ਇਹ ਮੁਹਿੰਮ ਬੋਰੀ ਤੋਂ ਬਸਤਾ, ਚੱਲੋ ਬੇਟੀ ਸਕੂਲ, ਆਸਰਾ, ਸੰਡੇ ਸਕੂਲ, ਸ਼ੁਰੂ ਕੀਤੀਆਂ | ਬਹਾਦਰ ਜੀ ਬਾਲ ਸਹਿਤ 52 ਕਿਤਾਬਾਂ ਝੋਲੀ ਪਾ ਚੁੱਕੇ ਹਨ | ਇਹਨਾਂ ਨੂੰ  ਪੰਜਾਬ ਦੇ ਗਵਰਨਰ ਨਾਲ ਮਿਲਣ ਦਾ ਮੌਕਾ ਵੀ ਮਿਲਿਆ |
ਇੱਕ ਦਿਨ ਦੀ ਗੱਲ ਹੈ ਇਹਨਾਂ ਦੀ ਸਭਾ ਵੱਲੋਂ ਅਖ਼ਬਾਰ ਵਿਚ ਖ਼ਬਰ ਲੱਗੀ ਕਿ ਜਿਹੜੇ ਬੱਚੇ ਦਸਵੀਂ ਤੇ ਬਾਰਵੀਂ ਕਲਾਸ ਵਿੱਚ ਪੰਜਾਬੀ ਦੇ ਵਿਸ਼ੇ 'ਚੋਂ 100 ਪ੍ਰਤੀਸ਼ਤ ਨੰਬਰ ਲੈ ਕੇ ਪਾਸ ਹੋਏ ਉਹਨਾਂ ਨੂੰ  ਸਨਮਾਨਿਤ ਕੀਤਾ ਜਾਵੇਗਾ | ਇਸ ਸਮਾਗਮ ਵਿੱਚ ਮੈਂ ਖੁਦ ਵੀ ਪਹੁੰਚੀ ਸੀ ਤੇ 8 ਬੱਚਿਆਂ ਨੂੰ  ਪੂਰੇ ਪੰਜਾਬ ਵਿੱਚੋਂ ਗਿਆਰਾਂ -ਗਿਆਰਾਂ ਸੌ ਰੁਪਏ, ਮੋਮੈਂਟੋ, ਇੱਕ ਸ਼ਾਲ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ | ਇਹਨਾਂ ਦੀ ਮਾਂ ਬੋਲੀ ਲਈ ਸੇਵਾ ਦਾ ਘੇਰਾ ਦਿਨ -ਬ -ਦਿਨ ਬਹੁਤ ਵਿਸ਼ਾਲ ਹੁੰਦਾ ਜਾ ਰਿਹਾ ਹੈ ਜਿਸਨੂੰ ਦੇਖਦੇ ਹੀ ਮਨ ਬਹੁਤ ਖੁਸ਼ ਹੁੰਦਾ ਹੈ |
 
ਅੰਤ ਬਹਾਦਰ ਜੀ ਦਾ ਮੈਨੂੰ ਫੋਨ ਕਰਕੇ ਸਮਾਗਮ ਵਿਚ ਬੁਲਾਉਣਾ ਮਨ ਨੂੰ  ਤਸੱਲੀ ਦਿੰਦੀ ਕਿ ਅੱਜ ਵੀ ਅਜਿਹੇ ਲੋਕ ਹਨ ਜੋ ਆਪਣੇ ਆਪ ਨੂੰ  ਵੱਡੀ ਹਸਤੀਆਂ ਵਿਚ ਨਾ ਸ਼ਾਮਲ ਕਰਕੇ ਇੱਕ ਤੁੱਛ ਜਿਹੇ ਇਨਸਾਨ ਸਮਝਦੇ ਹਨ | ਜੋ ਇਨਸਾਨ ਆਪਣੀ ਮਾਂ ਬੋਲੀ ਦਾ ਪਹਿਰੇਦਾਰ ਹੁੰਦਾ ਹੈ, ਜੱਗ ਤੇ ਉਸਦੀ ਉਸਤਤ ਰਹਿੰਦੇ ਜਹਾਨ ਤੱਕ ਰਹਿੰਦੀ ਹੈ | ਉਨ੍ਹਾਂ ਅੰਦਰ ਕੋਈ ਦਿਖਾਵਾ ਨਹੀਂ ਹੈ | ਉਹ ਹਰ ਇੱਕ ਨੂੰ  ਆਮ ਇਨਸਾਨ ਦੀ ਤਰ੍ਹਾਂ ਹੀ ਮਿਲਦੇ ਹਨ | ਬਹਾਦਰ ਗੋਸਲ ਜੀ ਮਾਂ ਬੋਲੀ ਦੇ ਅਸਲ ਸੇਵਾਦਾਰ ਹਨ | ਜਿਨ੍ਹਾਂ 'ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ  ਫ਼ਖਰ ਮਹਿਸੂਸ ਹੋਵੇਗਾ |

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
98785-19278