ਰਿਉੜੀਆਂ - ਨਿਰਮਲ ਸਿੰਘ ਕੰਧਾਲਵੀ (ਯੂ.ਕੇ)
ਇਕ ਟੀ.ਵੀ. ਚੈਨਲ ‘ਤੇ ਸਰਕਾਰਾਂ ਵਲੋਂ ਦਿਤੀਆਂ ਜਾਂਦੀਆਂ ਮੁਫ਼ਤ ਦੀਆਂ ਸਹੂਲਤਾਂ, ਜਿਹਨਾਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਰਿਉੜੀਆਂ ਨਾਲ਼ ਤੁਲਨਾ ਕੀਤੀ ਸੀ, ਬਾਰੇ ਗੱਲ ਬਾਤ ਹੋ ਰਹੀ ਸੀ। ਇਕ ਬੁਲਾਰਾ ਕਹਿ ਰਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਆਪਣੀਆਂ ਪੰਦਰਾਂ ਪੰਦਰਾਂ ਲੱਖ ਰੁਪਏ ਦੇਣ ਵਾਲ਼ੀਆਂ ਰਿਉੜੀਆਂ ਭੁੱਲ ਗਈਆਂ ਹਨ ਤੇ ਦੂਜਿਆਂ ਨੂੰ ਮਿਹਣੇ ਮਾਰੇ ਜਾ ਰਹੇ ਹਨ। ਬੁਲਾਰੇ ਨੇ ਇਹ ਵੀ ਕਿਹਾ ਜਦੋਂ ਪ੍ਰਧਾਨ ਮੰਤਰੀ ਲੋਕਾਂ ਨੂੰ ਦੱਸਦੇ ਹਨ ਕਿ ਸਰਕਾਰ ਵਲੋਂ 90 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦਿਤਾ ਜਾ ਰਿਹਾ ਹੈ, ਕੀ ਉਹ ਇਸ ਨੂੰ ਰਿਉੜੀ ਨਹੀਂ ਸਮਝਦੇ? ਪਾਠਕਾਂ ਨੂੰ ਯਾਦ ਹੋਵੇਗਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਨੇ ਆਟਾ-ਦਾਲ਼ ਸਕੀਮ ਅਤੇ ਟਿਊਬਵੈੱਲਾਂ ਵਾਸਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਨਾਲ਼ ਇਸ ਦਾ ਆਗਾਜ਼ ਕੀਤਾ ਸੀ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਪ੍ਰਚਾਰ ਵਿਚ ਵੋਟਰਾਂ ਨੂੰ ਚਾਹ-ਪੱਤੀ, ਘਿਉ, ਨੌਜਵਾਨਾਂ ਨੂੰ ਮੋਬਾਈਲ ਫ਼ੋਨ ਆਦਿਕ ਦਾ ਲਾਰਾ ਲਾਇਆ। ਕੈਪਟਨ ਨੇ ਆਪਣੀ ਸਰਕਾਰ ਦੌਰਾਨ ਬੀਬੀਆਂ ਵਾਸਤੇ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਸ਼ੁਰੂ ਕੀਤੀ ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਅੱਜ ਆਮਦਨ ਪੱਖੋਂ ਪੰਜਾਬ ਰੋਡਵੇਜ਼ ਦਾ ਦੀਵਾਲਾ ਨਿਕਲਣ ਵਾਲਾ ਹੋ ਗਿਆ ਹੈ। ਪ੍ਰਾਈਵੇਟ ਬੱਸਾਂ ਖਾਲੀ ਪੀਪੇ ਵਾਂਗ ਖੜਕਦੀਆਂ ਜਾਂਦੀਆਂ ਹਨ ਤੇ ਰੋਡਵੇਜ਼ ਦੀਆਂ ਬੱਸਾਂ ਤੂੜੀ ਵਾਲ਼ੀ ਟਰਾਲੀ ਵਾਂਗ ਲੱਦੀਆਂ ਹੋਈਆਂ ਹੁੰਦੀਆਂ ਹਨ। ਹਰ ਰੋਜ਼ ਬੀਬੀਆਂ ਅਤੇ ਰੋਡਵੇਜ਼ ਦੇ ਕੰਡਕਟਰਾਂ ਦੇ ਝਗੜੇ ਦੀਆਂ ਖ਼ਬਰਾਂ ਮੀਡੀਆ ‘ਚ ਆਉਂਦੀਆਂ ਹਨ। ਲੋਕਾਂ ਦੇ ਰੋਹ ਤੋਂ ਡਰਦਿਆਂ ‘ਆਪ’ ਸਰਕਾਰ ਵੀ ਇਸ ਸਹੂਲਤ ਨੂੰ ਬੰਦ ਨਹੀਂ ਕਰ ਸਕੀ। ਦੇਖਣ ਵਾਲ਼ੀ ਗੱਲ ਹੈ ਕਿ ਕੀ ਹਰ ਬੀਬੀ ਇਸ ਮੁਫ਼ਤ ਸਹੂਲਤ ਦੀ ਹੱਕਦਾਰ ਹੈ? ਕੀ ਹਜ਼ਾਰਾਂ ਰੁਪਏ ਮਹੀਨੇ ਦੀ ਤਨਖਾਹ ਲੈਣ ਵਾਲ਼ੀਆਂ ਜਾਂ ਘਰੋਂ ਰੱਜੀਆਂ ਪੁੱਜੀਆਂ ਬੀਬੀਆਂ ਨੂੰ ਇਹ ਸਹੂਲਤ ਦੇਣੀ ਚਾਹੀਦੀ ਹੈ? ਭਗਵੰਤ ਮਾਨ ਸਰਕਾਰ ਨੇ ਤਾਂ ਸਗੋਂ ਹਰੇਕ ਪਰਵਾਰ ਲਈ ਛੇ ਸੌ ਯੂਨਿਟ ਤੱਕ ਮੁਫ਼ਤ ਬਿਜਲੀ ਦੇ ਕੇ ਨਵਾਂ ਬਖੇੜਾ ਖੜ੍ਹਾ ਕਰ ਲਿਆ ਹੈ। ਬਿਜਲੀ ਮਹਿਕਮਾ ਹਜ਼ਾਰਾਂ ਕਰੋੜਾਂ ਦਾ ਪਹਿਲਾਂ ਹੀ ਕਰਜ਼ਾਈ ਹੈ। ਲੋਕਾਂ ਨੇ ਘਰਾਂ ਵਿਚ ਅਲੱਗ ਅਲੱਗ ਮੀਟਰਾਂ ਲਈ ਦਰਖ਼ਾਸਤਾਂ ਦੇਣੀਆਂ ਸ਼ੁਰੂ ਕਰ ਕੇ ਬਿਜਲੀ ਮਹਿਕਮੇ ਲਈ ਨਵੀਂ ਸਿਰਦਰਦੀ ਖੜ੍ਹੀ ਕਰ ਦਿਤੀ।
ਇਹ ਗੱਲ ਬਿਲਕੁਲ ਜਾਇਜ਼ ਹੈ ਕਿ ਸਮਾਜ ਵਿਚ ਕਮਜ਼ੋਰ ਵਰਗਾਂ ਨੂੰ ਸਹੂਲਤਾਂ ਜ਼ਰੂਰ ਮਿਲਣੀਆਂ ਚਾਹੀਦੀਆਂ ਹਨ ਪਰ ਜਿਸ ਢੰਗ ਨਾਲ ਇਹ ਲਾਗੂ ਕੀਤੀ ਗਈਆਂ ਹਨ ਉਹ ਕਿਸੇ ਤਰ੍ਹਾਂ ਵੀ ਸੂਬੇ ਦੀ ਆਰਥਕ ਸਿਹਤ ਲਈ ਠੀਕ ਨਹੀਂ। ਇਸੇ ਤਰ੍ਹਾਂ ਹੀ ਕਿਸਾਨਾਂ ਦੇ ਟਿਊਬਵੈੱਲਾਂ ਨੂੰ ਦਿਤੀ ਜਾਂਦੀ ਮੁਫ਼ਤ ਬਿਜਲੀ ਨੇ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਸੰਕਟ ਖੜ੍ਹਾ ਕਰ ਦਿਤਾ ਹੈ। ਵਰਲਡ ਬੈਂਕ ਨੇ ਇਸ ‘ਤੇ ਆਪਣੀ ਟਿੱਪਣੀ ਵੀ ਕੀਤੀ ਸੀ ਪਰ ਵੋਟਾਂ ਦੇ ਲਾਲਚ ਵਿਚ ਕੌਣ ਪਰਵਾਹ ਕਰਦਾ ਹੈ? ਕੀ ਧਨਾਢ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਨਹੀਂ ਦੇਣੇ ਚਾਹੀਦੇ? ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
ਇਸੇ ਸਬੰਧ ਵਿਚ ਹੀ ਮੈਨੂੰ ਇਕ ਘਟਨਾ ਚੇਤੇ ਆ ਗਈ। ਪੰਜ ਚਾਰ ਸਾਲ ਹੋਏ ਮੈਂ ਪੰਜਾਬ ਗਿਆ ਹੋਇਆ ਸਾਂ। ਇਕ ਦਿਨ ਸਵੇਰੇ ਸਵੇਰੇ ਹੀ ਕਿਸੇ ਦੇ ਘਰ ਸਪੀਕਰ ਖੜਕਿਆ। ਘਰ ਦਿਆਂ ਤੋਂ ਪਤਾ ਲੱਗਿਆ ਕੇ ਫ਼ਲਾਣੇ ਪਰਵਾਰ ਦਾ ਬਜ਼ੁਰਗ਼ ਪਿਛਲੇ ਸਾਲ ਪੂਰਾ ਹੋ ਗਿਆ ਸੀ ਤੇ ਅੱਜ ਸ਼ਾਇਦ ਉਸ ਦੇ ਨਮਿੱਤ ਪਾਠ ਦਾ ਭੋਗ ਹੋਵੇਗਾ।
ਖੈਰ ਘੰਟੇ ਕੁ ਬਾਅਦ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ। ਮੈਂ ਜਦੋਂ ਘਰ ਦਿਆਂ ਨੂੰ ਕਿਹਾ ਕਿ ਮਰਯਾਦਾ ਅਨੁਸਾਰ ਸਹਿਜ ਪਾਠ ਜਾਂ ਅਖੰਡ ਪਾਠ ਦੀ ਬਜਾਇ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾ ਰਿਹਾ ਹੈ ਤਾਂ ਮੈਨੂੰ ਦੱਸਿਆ ਗਿਆ ਕਿ ਹੁਣ ਲੋਕ ਇਹੋ ਜਿਹੇ ਮਰਗ ਦੇ ਪ੍ਰੋਗਰਾਮਾਂ ‘ਤੇ ਵੀ ਸ੍ਰੀ ਸੁਖਮਨੀ ਸਾਹਿਬ ਦਾ ਹੀ ਪਾਠ ਕਰਵਾ ਦਿੰਦੇ ਹਨ। ਗੱਲ ਆਈ ਗਈ ਹੋ ਗਈ ਪਰ ਮੈਨੂੰ ਸੋਚਾਂ ਵਿਚ ਪਾ ਗਈ।
ਸ਼ਾਮ ਨੂੰ ਮੈਂ ਪਿੰਡ ਵਿਚਲੇ ਛੋਟੇ ਜਿਹੇ ਬਾਜ਼ਾਰ ਵਲ ਨੂੰ ਚਲਿਆ ਗਿਆ। ਬਚਪਨ ਦੇ ਦੋਸਤ ਤੇ ਹੁਣ ਕੱਪੜਿਆਂ ਦੀ ਦੁਕਾਨ ਦੇ ਮਾਲਕ ਗੁਰਦੀਪ ਸਿੰਘ ਕੋਲ ਬੈਠ ਕੇ ਪਿੰਡ ਦੀ ਖ਼ਬਰ ਸਾਰ ਲੈਣ ਲੱਗ ਪਿਆ। ਮੈਨੂੰ ਬੈਠਾ ਦੇਖ ਕੇ ਕੁਝ ਹੋਰ ਸੱਜਣ ਵੀ ਫਤਿਹ ਸਾਂਝੀ ਕਰਨ ਲਈ ਆ ਬੈਠੇ। ਗੱਲਾਂ ਕਰ ਹੀ ਰਹੇ ਸਾਂ ਕਿ ਉਹ ਪਾਠੀ ਵੀ ਆ ਗਿਆ, ਜੋ ਕਿ ਰਵਿਦਾਸੀਆ ਭਾਈਚਾਰੇ ਵਿਚੋਂ ਸੀ, ਜਿਸ ਨੇ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਸੀ। ਫ਼ਤਿਹ ਸਾਂਝੀ ਕਰਨ ਤੋਂ ਬਾਅਦ ਮੈਂ ਪੁੱਛਿਆ, “ ਗਿਆਨੀ ਜੀ, ਮਰਗ ਦੇ ਪ੍ਰੋਗਰਾਮ ‘ਤੇ ਤਾਂ ਆਮ ਤੌਰ ‘ਤੇ ਸਹਿਜ ਪਾਠ ਕਰਨ ਦੀ ਮਰਯਾਦਾ ਹੈ, ਕੁਝ ਲੋਕ ਅਖ਼ੰਡ ਪਾਠ ਵੀ ਕਰਵਾਉਂਦੇ ਹਨ ਪਰ ਇਹ ਸੁਖਮਨੀ ਸਾਹਿਬ ਦੇ ਪਾਠ ਦੀ ਮਰਯਾਦਾ ਕਦੋਂ ਦੀ ਸ਼ੁਰੂ ਹੋਈ ਹੈ?”
ਗਿਆਨੀ ਜੀ ਪਹਿਲਾਂ ਤਾਂ ਕੁਝ ਝਿਜਕੇ ਫਿਰ ਬੋਲੇ, “ ਅਸਲ ਵਿਚ ਜੀ ਅੱਜ ਕਲ ਲੋਕਾਂ ਕੋਲ ਸਮਾਂ ਨਹੀਂ ਹੈ, ਉਹ ਜਲਦੀ ਹੀ ਕੰਮ ਨਬੇੜਨਾ ਚਾਹੁੰਦੇ ਐ। ਇਸ ਨਾਲ ਸਗੋਂ ਸਾਡਾ ਕੰਮ ਵੀ ਸੁਖਾਲਾ ਹੋ ਗਿਐ ਜੀ, ਅੱਗੇ ਅਸੀਂ ਰੋਟੀਆਂ ਦੀ ਖਾਤਰ ਅਗਲੇ ਦੇ ਘਰੇ ਸਹਿਜ ਪਾਠ ਖੋਲ੍ਹ ਕੇ ਸੱਤ ਦਿਨ ਬੈਠੇ ਰਹਿੰਦੇ ਸਾਂ, ਹੁਣ ਰਾਸ਼ਨ ਪਾਣੀ ਸਾਨੂੰ ਸਰਕਾਰ ਦਿੰਦੀ ਐ, ਅੱਧੀ ਦਿਹਾੜੀ ‘ਚ ਕੰਮ ਮੁੱਕ ਜਾਂਦੈ ਜੀ ਤੇ ਨਾਲ਼ ਮਾਇਆ ਵੀ ਓਨੀ ਹੀ ਬਣ ਜਾਂਦੀ ਐ ਜਿੰਨੀ ਹਫ਼ਤੇ ‘ਚ ਬਣਦੀ ਸੀ।“ ਗਿਆਨੀ ਸੱਚ ਬੋਲ ਰਿਹਾ ਸੀ।
ਮੈਂ ਵਿਅੰਗ ਨਾਲ ਕਿਹਾ, “ ਗਿਆਨੀ ਜੀ, ਬਿਲਕੁਲ ਸਹੀ ਫੁਰਮਾਇਆ, ਅੱਜ ਕਲ ਸਮਾਂ ਕਿੱਥੇ ਐ ਲੋਕਾਂ ਕੋਲ, ਸੁਖਮਨੀ ਸਾਹਿਬ ਨੂੰ ਤਾਂ ਫੇਰ ਵੀ ਡੇਢ ਕੁ ਘੰਟਾ ਲੱਗ ਈ ਜਾਂਦੈ, ਤੁਸੀਂ ਜਪੁਜੀ ਸਾਹਿਬ ਕਰ ਲਿਆ ਕਰੋ, ਵੀਹਾਂ ਮਿੰਟਾਂ “ਚ ਕੰਮ ਬੰਨੇ।”
ਇਕ ਸੱਜਣ ਹੋਰ ਬੋਲਿਆ, “ ਨਹੀਂ ਕੰਧਾਲਵੀ ਸਾਹਿਬ, ਏਨਾ ਸਮਾਂ ਕਿੱਥੇ ਲੋਕਾਂ ਕੋਲ, ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਬਹੁਤ ਨੇ, ਤੁਸੀਂ ਦੇਖਿਆ ਨਹੀਂ ਅਖੰਡ ਪਾਠ ਰੱਖਣ ਵੇਲੇ ਗ੍ਰੰਥੀ ਪੰਜ ਪਉੜੀਆਂ ਪੜ੍ਹਨ ਤੋਂ ਬਾਅਦ ਹੀ ਪ੍ਰਸ਼ਾਦ ਵਰਤਾਅ ਦਿੰਦੇ ਐ।“
ਇਸ ਢਾਣੀ ਵਿਚ ਸਾਰੇ ਚੜ੍ਹਦੇ ਤੋਂ ਚੜ੍ਹਦੇ ਹੀ ਬੈਠੇ ਸਨ। ਇਕ ਜਣਾ ਹੋਰ ਕਹਿਣ ਲੱਗਾ, “ ਨਾ ਭਾਈ ਨਾ, ਪੰਜ ਪਉੜੀਆਂ ਸੁਣਨ ਦਾ ਟੈਮ ਨਹੀਂ ਕਿਸੇ ਕੋਲ ਅੱਜ ਕਲ, ਮੂਲ ਮੰਤਰ ਵਿਚ ਹੀ ਸਾਰੀ ਗੁਰਬਾਣੀ ਦਾ ਸਾਰ ਐ, ਗਿਆਨੀ ਜੀ ਤੁਸੀਂ ਬਸ ਮੂਲ ਮੰਤਰ ਪੜ੍ਹ ਕੇ ਭੋਗ ਪਾ ਦਿਆ ਕਰੋ।“
ਪਾਠੀ ਵਿਚਾਰੇ ਦੀ ਹਾਲਤ ਦੇਖਣੇ ਵਾਲ਼ੀ ਸੀ। ਹਾਰ ਕੇ ਉਸ ਨੇ ਕਿਸੇ ਜ਼ਰੂਰੀ ਕੰਮ ਦਾ ਬਹਾਨਾ ਬਣਾ ਕੇ ਆਪਣੀ ਜਾਨ ਛੁਡਾਈ ਖਿਸਕ ਗਿਆ।