ਇਨਸਾਨੀ ਜ਼ਿੰਦਗੀਆਂ ਨੂੰ ਖਤਮ ਕਰ ਰਿਹੈ ਚਿੱਟੇ ਦੁੱਧ ਦਾ ਕਾਲਾ ਕਾਰੋਬਾਰ.. - ਮਨਜਿੰਦਰ ਸਿੰਘ ਸਰੌਦ

ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬਜ਼ਾਰਾਂ ਅੰਦਰ ਵਿੱਕ ਰਹੇ ਨਕਲੀ ਦੁੱਧ ਤੋਂ ਬਣੀਆਂ ਮਿਲਾਵਟੀ ਵਸਤੂਆਂ ਨੂੰ ਰੋਕਣ ਦੇ ਲਈ ਰੱਜ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਸਿਤਮ ਦੀ ਗੱਲ ਹੈ ਕਿ ਸਰਕਾਰ ਦੇ ਇਸ ਪ੍ਰਚਾਰ ਦਾ ਇਨਸਾਨੀ ਜ਼ਿੰਦਗੀਆਂ ਨੂੰ ਦਾਅ ਤੇ ਲਗਾਉਣ ਵਾਲੇ ਲੋਕਾਂ ਤੇ ਭੋਰਾ ਭਰ ਵੀ ਅਸਰ ਵਿਖਾਈ ਨਹੀਂ ਦੇ ਰਿਹਾ । ਜਿਸ ਦੀ ਬਦੌਲਤ ਪੰਜਾਬ ਦੇ ਪਸ਼ੂ ਪਾਲਕਾਂ ਵੱਲੋਂ ਲੱਖਾਂ ਖਰਚ ਕੇ ਬਣਾਏ ਡੇਅਰੀ ਫਾਰਮ ਤਬਾਹ ਹੋਣ ਕੰਢੇ ਪਹੁੰਚ ਚੁੱਕੇ ਹਨ । ਹੈਰਾਨੀਜਨਕ ਪਹਿਲੂ ਇਹ ਕਿ ਕਿਵੇਂ ਮੁਨਾਫ਼ਾਖੋਰ ਵਰਗ ਚੰਦ ਛਿੱਲੜਾਂ ਦੇ ਮੁਨਾਫ਼ੇ ਖ਼ਾਤਰ ਦੁੱਧ ਚੁੰਘਦੀਆਂ ਮਾਸੂਮ ਜ਼ਿੰਦਗੀਆਂ ਨੂੰ ਵੀ ਦਾਅ ਤੇ ਲਾਉਣ ਤੋਂ ਗੁਰੇਜ਼ ਨਹੀਂ ਕਰ ਰਿਹਾ ।
            ਅੱਜ ਦੇ ਇਸ ਦੌਰ ਨੂੰ ਵੇਖ-ਸੁਣ ਕੇ ਕਾਲਜੇ ਦਾ ਰੁੱਗ ਭਰਿਆ ਜਾਂਦਾ ਹੈ ਕਿ ਕਿੰਝ ਇਨ੍ਹਾਂ ਬੇਰਹਿਮ ਲੋਕਾਂ ਵੱਲੋਂ ਦੁੱਧ ਤੋਂ ਬਣੀਆਂ ਵਸਤਾਂ ਦੇ ਮਾਮਲੇ ਵਿੱਚ ਨਵ-ਜਨਮੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਨੂੰ ਮਿਲਾਵਟੀ ਵਸਤੂਆਂ ਰਾਹੀਂ ਮੌਤ ਦੇ ਮੂੰਹ ਵਿਚ ਧੱਕਿਆ ਜਾ ਰਿਹਾ ਹੈ । ਇਸ ਸਾਰੇ ਵਰਤਾਰੇ ਦੌਰਾਨ ਕੁਝ ਮੁਨਾਫ਼ਾਖੋਰ ਦੁਕਾਨਦਾਰਾਂ ਦੀ ਬਦੌਲਤ ਚੰਗੇ ਦੁਕਾਨਦਾਰਾਂ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਣ ਲੱਗਾ ਹੈ ਜਦ ਕਿ ਉਹ ਇਸ ਮਾਮਲੇ ਵਿਚ ਚੰਗੀਆਂ ਵਸਤੂਆਂ ਜਨਤਾ ਨੂੰ ਵੇਚ ਰਹੇ ਹਨ । ਉਧਰ ਇੱਕ ਪਾਸੇ ਤਾਂ ਨਕਲੀ ਦੁੱਧ ਦੀ ਬਹੁਤਾਤ ਦੇ ਕਾਰਨ ਪੰਜਾਬ ਦੇ ਪਸ਼ੂ ਪਾਲਕ ਅਪਣੇ ਪਸ਼ੂਆਂ ਨੂੰ ਵੇਚਣ ਲਈ ਮਜ਼ਬੂਰ ਹਨ ਅਤੇ ਉਨ੍ਹਾਂ ਨੂੰ ਦੁੱਧ ਦਾ ਚੰਗਾ ਭਾਅ ਨਹੀਂ ਮਿਲ ਰਿਹਾ ਪਰ ਓਧਰ ਦੂਜੇ ਪਾਸੇ ਨਕਲੀ ਦੁੱਧ ਦੇ ਠੇਕੇਦਾਰ ਚੋਖੀ ਕਮਾਈ ਰਾਹੀਂ ਆਪਣੇ ਖੀਸੇ ਭਰ ਰਹੇ ਹਨ ।
                ਹਰ ਵਰ੍ਹੇ ਬਾਜ਼ਾਰਾਂ ਅੰਦਰ ਮਿਲਾਵਟੀ ਵਸਤੂਆਂ ਨੂੰ ਜ਼ਬਤ ਕਰਨ ਦਾ ਪ੍ਰਚਾਰ ਸਰਕਾਰ ਤੇ ਸਬੰਧਤ ਵਿਭਾਗ ਵੱਲੋਂ ਕੀਤਾ ਜਾਂਦਾ ਹੈ ਪਰ ਜ਼ਮੀਨੀ ਪੱਧਰ ਤੇ ਤੱਥ ਕੁਝ ਹੋਰ ਕਹਿੰਦੇ ਹਨ । ਉਨ੍ਹਾਂ ਕਿਹਾ ਕਿ ਇਸ ਦਾ ਖਮਿਆਜ਼ਾ ਲੋਕਾਂ ਨੂੰ ਭਿਆਨਕ ਬੀਮਾਰੀਆਂ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ । ਇੰਨਾ ਕੁਝ ਹੋਣ ਦੇ ਬਾਵਜੂਦ ਸਬੰਧ ਸਿਹਤ ਵਿਭਾਗ ਸਿਰਫ ਖਾਨਾ ਪੂਰਤੀ ਕਰਦਾ ਦਿਖਾਈ ਦਿੰਦਾ ਹੈ । ਬਾਜ਼ਾਰਾਂ ਅੰਦਰ ਬਹੁਰੰਗੀਆਂ ਮਠਿਆਈਆਂ ਅਤੇ ਪਨੀਰ ਦੇ ਲੱਗੇ ਸਟਾਲਾਂ ਤੇ ਜਾ ਕੇ ਕਿਸੇ ਵੀ ਸਬੰਧਤ ਵਿਭਾਗ ਦੇ ਅਧਿਕਾਰੀ ਨੇ ਕਦੇ ਚੈਕਿੰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਫਿਰ ਜਾਣਬੁੱਝ ਕੇ ਉਸ ਨੂੰ ਅਣਗੌਲਿਆ ਕਿਉਂ ਕੀਤਾ ਜਾ ਰਿਹਾ ਹੈ ਇਸ 'ਕੌੜੇ ਸੱਚ' ਨੂੰ ਸਭ ਜਾਣਦੇ ਹਨ । ਮਿਲਾਵਟੀ ਵਸਤੂਆਂ ਰਾਹੀ ਲਾਲਚੀ ਲੋਕਾਂ ਵੱਲੋਂ ਸ਼ਰ੍ਹੇਆਮ ਮਨੁੱਖੀ ਜ਼ਿੰਦਗੀਆਂ ਦੇ ਨਾਲ ਖਿਲਵਾੜ ਹੋ ਰਿਹਾ ਹੈ ਪਰ ਕਾਰਵਾਈ ਨਾ ਮਾਤਰ ਹੈ । ਇੱਕ ਅਹਿਮ ਤੱਥ ਇਹ ਵੀ ਹੈ ਕਿ ਕਈ ਵਾਰ ਤਾਂ ਮਠਿਆਈ ਜਾਂ ਹੋਰ ਵਸਤੂ ਖਰੀਦਦੇ ਸਮੇਂ ਡੱਬੇ ਵਿੱਚ ਉੱਲੀ ਲੱਗੀ ਹੁੰਦੀ ਹੈ ਅਤੇ ਕਈ ਸਾਤਰ ਕਿਸਮ ਦੇ ਦੁਕਾਨਦਾਰ ਭੋਲੇ-ਭਾਲੇ ਲੋਕਾਂ ਨੂੰ ਡੱਬੇ ਸਮੇਤ ਮਠਿਆਈ ਜਾਂ ਹੋਰ ਵਸਤੂਆਂ ਵੇਚ ਰਹੇ ਹਨ ।
               ਆਖਰ ਇਹ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਕਿਸ ਦੀ ਨੱਕ ਹੇਠ ਇਹ ਸਭ ਕੁਝ ਹੋ ਰਿਹਾ ਹੈ । ਇਸ ਸਭ ਕੁਝ ਦੇ ਨਤੀਜੇ ਵਜੋਂ ਹੁਣ ਗਾਹਕ ਇਨ੍ਹਾਂ ਚੀਜ਼ਾਂ ਨੂੰ ਖਰੀਦਣ ਤੋਂ ਕੰਨੀ ਕਤਰਾਉਣ ਲੱਗੇ ਹਨ । ਪਸ਼ੂ ਪਾਲਕਾਂ ਵੱਲੋਂ ਆਪਣਾ ਦਰਦ ਬੇਹੱਦ ਹੈਰਾਨ ਕਰ ਦੇਣ ਵਾਲਾ ਤੱਥ ਹੈ ਕਿ ਅੱਜ ਦੇ ਸਮੇਂ ਜਦ ਪੰਜਾਬ ਅੰਦਰ ਦੁਧਾਰੂ ਪਸ਼ੂਆਂ ਦੀ ਵੱਡੀ ਘਾਟ ਰੜਕ ਰਹੀ ਹੈ ਤਾਂ ਕਿਸੇ ਵੀ ਖ਼ਾਸ ਦੁਕਾਨਦਾਰ ਤੋਂ ਤਰੰਤ ਜਿੰਨਾ ਮਰਜ਼ੀ ਪਨੀਰ ਖਰੀਦ ਸਕਦੇ ਹੋ ਆਖ਼ਰ ਇਹ ਆਉਂਦਾ ਕਿੱਥੋਂ ਹੈ ਇਹ ਸੁਆਲ ਵੱਡਾ ਹੈ । ਸਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਮੌਕੇ ਸਰਗਰਮ ਹੋਣ ਦੀ ਥਾਂ, ਮੌਜੂਦਾ ਸਮੇਂ ਵੀ ਦਫ਼ਤਰਾਂ ਵਿਚੋਂ ਬਾਹਰ ਆ ਕੇ ਇਨਸਾਨੀ ਜ਼ਿੰਦਗੀਆਂ ਦਾ ਘਾਣ ਕਰ ਰਹੀਆਂ ਮਿਲਾਵਟੀ ਵਸਤੂਆਂ ਦੇ ਵਿਸ਼ੇ ਤੇ ਗੰਭੀਰ ਹੋ ਕੇ ਜਾਂਚ ਕੀਤੀ ਜਾਵੇ । ਚੰਗਾ ਹੋਵੇ ਜੇਕਰ ਸਰਕਾਰ ਵੱਲੋਂ ਪ੍ਰਚਾਰ ਕਰਨ ਦੇ ਨਾਲ-ਨਾਲ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਉਣ ਦਾ ਰਾਹ ਪੱਧਰਾ ਕੀਤਾ ਜਾਵੇ ।

ਮਨਜਿੰਦਰ ਸਿੰਘ ਸਰੌਦ
(ਮਾਲੇਰਕੋਟਲਾ)