ਪੀੜ੍ਹੀ ਪਾੜ੍ਹਾ - ਰਣਜੀਤ ਕੋਰ ਗੁੱਡੀ ਤਰਨ ਤਾਰਨ
ਪੀੜ੍ਹੀ ਪਾੜੈ ਨੂੰ ਸਾਡਾ ਜਮਾਨਾ ,ਅੱਜ ਦਾ ਜਮਾਨਾ,ਬਾਪ ਦਾਦੇ ਦਾ ਜਮਾਨਾ,ਨਿਆਣਿਆ ਦਾ ਜਮਾਨਾ,ਉਹ ਵੇਲਾ,ਇਹ ਵੇਲਾ ਤੇ ਬਹੁਤੇ ਸੋਹਣੇ ਸ਼ਬਦਾਂ ਵਿੱਚ ਜੇਨਰੇਸ਼ਨ ਗੈਪ ਵੀ ਕਹਿੰਦੇ ਹਨ।ਅਸਲ ਵਿੱਚ ਇਹ ਪਾੜਾ
ਮਾਪਿਆਂ ਦੇ ਜਵਾਨੀ ਵੇਲੇ ਤੇ ਅੋੌਲਾਦ ਦੇ ਜਵਾਨੀ ਵੇਲੇ ਦਾ ਹੈ।ਆਕਾਸ਼ ਤੇ ਪਾਤਾਲ ਵਿੱਚ ਵਕਤ ਪਵਕਤਨ
ਆਉਂਦੀਆਂ ਤਬਦੀਲੀਆਂ ਨਾਲ ਵਾਤਾਵਰਣ ਬਦਲਦਾ ਹੈ ਤੇ ਵਿਗਿਆਨਕ ਵਿਕਾਸ ਮੁਤਾਬਕ ਸੁਭਾਅ ਬਦਲਦੇ
ਹਨ।ਵਾਤਾਨੁਕੂਲ ਵਿਗਿਆਨਕ ਤਬਦੀਲੀ ਹੀ ਪੀੜ੍ਹੀ ਪਾੜਾ ਹੈ।ਸੰਸਕਾਰ,ਸੰਸਕ੍ਰਿਤੀ ਉਹੋ ਹੀ ਹੈ ਬੇਸ਼ੱਕ,ਪਰ
ਵਿਚਰਨ ਦੇ ਤੌਰ ਤਰੀਕੇ ਬਦਲ ਗਏ ਹਨ।ਵਿਆਹ ਦਾ ਦਸਤੂਰ ਵੀ ਸਦਾ ਤੋ ਉਵੇਂ ਹੀ ਹੈ ਤੇ ਅੋੌਲਾਦ ਦਾ ਜਨਮ ਵੀ ਯੁੱਗਾਂ ਤੋਂ ਉਸ ਤਰਾਂ ਹੀ ਹੁੰਦਾ ਹੈ।ਗਲ ਅੜੀ ਹੈ ਇਥੇ ਆ ਕੇ ਦੂਜੀ ਪੀੜੀ ਪਹਿਲੀ ਪੀੜੀ ਦੇ ਕਾਬੂ
ਤੋਂ ਬਾਹਰ ਹੈ,ਉਸ ਦਾ ਕਾਰਨ ਕੇਵਲ ਤੇ ਕੇਵਲ ਵਿਗਿਆਨਕ ਤਰੱਕੀ ਹੈ,ਜਾਗਰੂਕਤਾ ਸਮੇਂ ਦੇ ਨਾਲ ਨਾਲ ਚਲ
ਰਹੀ ਹੈ,ਤੇ ਮਾਪਿਆਂ ਨੂੰ ਸਮੇਂ ਨਾਲ ਸਮਝੌਤਾ ਕਰਨਾ ਮੁਨਾਸਬ ਨਹੀਂ ਲਗਦਾ।ਜਿਥੇ ਮਾਪੇ ਸਮੇਂ ਮੁਤਾਬਕ ਢਲ ਗਏ ਹਨ,ਉਥੇ ਪਾੜਾ ਬਹੁਤਾ ਨਹੀਂ ਪਿਆ ਤੇ ਬੱਚੇ ਆਪਣੀ ਮਰਜੀ ਅਨੁਸਾਰ ਮੰਜਿਲ ਵੀ ਪਾ ਗਏ ਹਨ।
ਪੀੜੀ ਪਾੜੈ ਵਿੱਚ ਬਹੁਤੀ ਤਬਦੀਲੀ ਇਸਤ੍ਰੀ ਵਰਗ ਵਿੱਚ ਆਈ ਹੈ।ਇਸ ਵਿੱਚ ਕੋਈ ਅਤਕਥਨੀ ਨਹੀਂ ਹੈ ਕਿ ਅੱਜ ਧੀ ਮਾ ਨਾਲੋਂ ਕਿਤੇ ਵੱਧ ਆਜਾਦ ਤੇ ਆਬਾਦ ਹੈ।ਕਾਫੀ ਹੱਦ ਤਕ ਮਰਦ ਤੇ ਅੱਜ ਦੀ ਨਾਰੀ ਦੀ
ਨਿਰਭਰਤਾ ਘੱਟ ਗਈ ਹੈ।
ਮਾਂ ਕਹਿੰਦੀ ਹੈ,"ਸਾਡੇ ਵੇਲੇ ਤਾਂ ਮੰਨਦੇ ਸੀ,ਮਨ ਭਾਂਦਾ ਖਾਈਏ,ਜਨ ਭਾਂਦਾ ਹੰਢਾਈਏ"।
ਅੱਜ ਦੀ ਧੀ ਕਹਿੰਦੀ ਹੈ-ਮਨ ਭਾਂਦਾ ਖਾਈਏ,ਮਨ ਭਾਂਦਾ ਹੰਢਾਈਏ।
ਅੱਜ ਦੀ ਪੀੜ੍ਹੀ ਨੂੰ ਪਹਿਲੀ ਪੀੜ੍ਹੀ ਦਾ ਜਾਇਦਾਦ ਤੇ ਪੈਸਾ ਤਾਂ ਪੁਰਾਣਾ ਕਬੂਲ ਹੈ ਪਰ ਰਿਵਾਜ ਪੁਰਾਣੇ ਨਾਂ
ਮਨਜੂਰ ਹਨ,ਵਿਰਾਸਤ ਵਿੱਚ ਮਿਲੇ ਪੈਸੇ ਤੇ ਜਾਇਦਾਦ ਦੀ ਵਰਤੋਂ ਨਵੀਂ ਪੀੜੀ ਨਵੇਂ ਢੰਗ ਨਾਲ ਨਵੀਂ ਸੂਝ
ਨਾਲ ਕਰਨਾ ਚਾਹੂੰਦੀ ਹੈ,ਇਹ ਵਰਤਾਰਾ ਜੇ ਲਾਭਦਾਇਕ ਹੋਵੇ ਤਾਂ ਨਿਭਦੀ ਰਹਿੰਦੀ ਹੈ ਨਹੀਂ ਤੇ ਇਹ ਪਾੜਾ
ਪੈ ਜਾਦਾ ਹੈ।ਅੱਜ ਦੀ ਪੀੜ੍ਹੀ ਵਿਰਾਸਤ ਨੂੰ ਪੁਰਾਣਾ ਫੈਸ਼ਨ ਜਾਂ ਨਵੀਂ ਭਾਸ਼ਾ ਵਿੱਚ ਓਲਡ ਫੈਸ਼ਨ,ਐਂਨਟੀਕ ਕਹਿ ਕੇ ਨਿਕਾਰਦੀ ਹੈ,ਸਭਿਅਤਾ ਤੇ ਸਭਿਆਚਾਰ ਵੀ ਇਸੀ ਵਿਚਾਰਧਾਰਾ ਦਾ ਸ਼ਿਕਾਰ ਹੋ ਗਏ ਹਨ।
ਪੁਰਾਤਤਵ ਨੂੰ ਕਿਤੇ ਕਿਤੇ ਸਜਾਵਟੀ ਪੀਸ ਦੇ ਤੌਰ ਤੇ ਜਰੂਰ ਸੰਭਾਲਿਆ ਗਿਆ ਹੈ,ਪਰ ਉਸਨੂੰ ਅਪਨਾਇਆ ਨਹੀਂ ਗਿਆ।ਸਕੂਲ ਵਿਚੋਂ ਨਿਕਲ ਕੇ ਕਾਲਜ ਪੈਰ ਧਰਦੇ ਹੀ ਯੁਵਕ ਇਕ ਸ਼ਬਦ ਜੋ ਸੱਭ ਤੋਂ ਪਹਿਲਾਂ ਸਿਖਦੇ ਹਨ,ਉਹ ਹੈ,"ਜਨਰੇਸ਼ਨ ਗੈਪ",ਉਹ ਇਸ ਸ਼ਬਦ ਨੂੰ ਤਕੀਆ ਕਲਾਮ ਹੀ ਬਣਾ ਲੈਂਦੇ ਹਨ।ਮਾਂ ਬਾਪ ਜਦ ਵੀ ਉਹਨਾ ਦੇ ਭਲੇ ਲਈ ਨਸੀਹਤ ਕਰਨਾਂ ਚਾਹੇ,ਯੁਵਕਾ ਦਾ ਘੜਿਆ ਜਵਾਬ ਪੇਸ਼ ਹੁੰਦਾ ਹੈ,'ਮੰਮ,ਡੈਡ,ਤੁਹਾਨੂੰ ਕੀ ਪਤਾ ਜਮਾਨਾ ਕਿਥੇ ਪਹੁੰਚ ਗਿਆ ਹੈ,ਤੁਹਾਡੇ ਤੇ ਸਾਡੇ ਵਕਤ ਵਿੱਚ ਕਿੰਨਾ ਗੈਪ ਹੈ'।ਇਹ ਜਨਰੇਸ਼ਨ ਗੈਪ ਹੈ।ਮਸਲਨ ਇਹ ਨਵੀਂ ਪੀੜ੍ਹੀ ਹੈ ਤੇ ਇਹ ਜੋ ਮਤਭੇਦ ਹਨ ਇਹ ਪੀੜ੍ਹੀ ਪਾੜ੍ਹਾ ਹੈ।
ਨਵੀਂ ਪੀੜ੍ਹੀ ਇਸੇ ਹੱਠ ਹੇਠ ਆਪਣੀਆਂ ਕੁਤਾਹੀਆਂ ਤੋਂ ਮੁਨਕਰ ਹੋ ਜਾਂਦੀ ਹੈ।ਇਹਨਾਂ ਨੂੰ ਨਾਂ ਇਤਿਹਾਸ ਨਾਂ
ਗੁਰਬਾਣੀ ਦੀਆਂ ਸਿਖਿਆਵਾਂ,ਨਾਂ ਟੀਚਰ,ਤੇ ਨਾਂ ਮਾਪੇ ਕੋਈ ਕਾਇਲ ਨਹੀਂ ਕਰ ਸਕਦਾ,ਇਹ ਪੀੜ੍ਹੀ ਤਾਂ ਕੇਵਲ ਤੇ ਕੇਵਲ ਆਪਣੇ ਹਮਜੋਲੀਆਂਫ਼ ਹਾਣੀਆਂ ਦੀ ਹੀ ਸੁਣਦੀ ਹੈ,ਹਾਂ ਟੀ.ਵੀ ਇਹਨਾ ਨੂੰ ਆਪਣੇ ਰਾਹ ਤੁਰੰਤ ਪਾ ਲੈਂਦਾ ਹੈ।ਇੰਟਰਨੇਟ ਨੇ ਇਸ ਪਾੜੇ ਨੂੰ ਹੋਰ ਡੂੰਘਾ ਕਰ ਦਿੱਤਾ ਹੈ।
ਧੀ ਜੋ ਲੋਰੀ ਤੋਂ ਡੋਲੀ ਤੱਕ ਮਾਂ ਦੇ ਸੰਸਕਾਰਾਂ ਵਿੱਚ ਹਲੀਮ ਰਹਿੰਦੀ ਸੀ,ਹੁਣ ਸਿਰ ਚੁੱਕਦੇ ਹੀ
ਕਹਿਣ ਲੱਗ ਪੈਂਦੀ ਹੈ,'ਮਾਂ ਇਹ ਮੇਰੀ ਜਿੰਦਗੀ ਹੈ'ਜਿਵੇਂ ਚਾਹਾਂ ਜੀਵਾਂ"।ਅਜੋਕੀ ਧੀ ਲੋਰੀਆਂ ਤਾਂ ਹੋਸ਼
ਸੰਭਾਲਦੇ ਹੀ ਭੁੱਲ ਜਾਂਦੀ ਹੈ,ਤੇ ਡੋਲੀ ਦੀ ਰਸਮ ਅਕਸਰ ਥਾਣੇ ਕਚਿਹਰੀ ਹੋਣ ਲਗੀ ਹੈ।ਡੋਲੀ ਤੋਂ ਅਰਥੀ
ਤੱਕ ਵਾਲੀ ਹੱਥਕੜੀ ਵੀ ਉਹਨੇ ਖੋਲ੍ਹ ਸੁੱਟੀ ਹੈ।ਆਪਣੇ ਜਿਉਣ ਦਾ ਰਾਹ ਆਪ ਬਣਾ ਲੈਂਦੀ ਹੈ।ਉਹ ਤੇ ਸਗੋਂ
ਆਪਣੀ ਮਾਂ ਤੇ ਭਾਬੀ ਤੇ ਸੱਸ ਨੂੰ ਵੀ ਸੁਆਲ ਕਰਦੀ ਹੈ ,'ਕਿਵੇਂ ਉਮਰ ਕੱਟੱੀ ਤੁਸੀਂ ਇਸ ਖਲਜਗਣ ਵਿੱਚ?
ਕੀ ਖੱਟਿਆ ਤੁਸੀਂ ਕੁਰਬਾਨੀਆਂ ਦੇ ਕੇ ? ਉਪਦੇਸ਼ ਵੀ ਦੇਂਦੀ ਹੈ "ਤੋੜ ਦਿਓ ਇਹ ਸਮਾਜਕ ਬੇੜੀਆਂ ,ਤਿਲ
ਤਿਲ ਕਿਉਂ ਮਰਨਾ, ਰੱਜ ਕੇ ਜੀਓ"।ਜਿਹਨਾਂ ਨੂੰ ਜਮਾਨਾ ਅਲ੍ਹੜ,ਨਾਦਾਨ ਸਮਝਦਾ ਹੈ,ਇਸ ਪਾੜੈ ਦੀ ਸ਼ਰੇਣੀ
ਵਿੱਚ ਉਹ ਵੀ ਆ ਵੜੀਆਂ ਹਨ,ਉਹਨਾਂ ਵੀ ਆਪਣੇ ਹਾਣੀ ਲੱਭ ਲਏ ਹਨ।ਮੁੰਡਿਆ ਨੂੰ ਜੇ ਜਵਾਨ ਖੁਨ ਰੰਗ
ਲਿਆਉਂਦਾ ਆਖਿਆ ਜਾਂਦਾ ਸੀ ਤਾਂ ਅੱਜਕਲ ਦੀ ਕੁੜੀਆਂ ਦੀ ਪੀੜੀ ਵਿਚੌਂ ਵੀ ਜਵਾਨ ਖੁਨ ਲਿਸ਼ਕਾਰੇ ਮਾਰਨ ਲਗ ਪਿਆ ਹੈ,ਭਾਂਵੇ ਇਹ ਕੁਝ ਕੁ ਸੈਂਕੜੈ ਤੱਕ ਹੀ ਹੈ।
ਵਿਸ਼ਾ ਅਧੀਨ ਫਰਕ ਪਿਤਾ ਪੁਰਖੀ ਕਿੱਤੇ ਵਿੱਚ ਵੀ ਭਾਅ ਮਾਰਨ ਲਗ ਪਿਆ ਹੈ।ਕੁਝ ਵਰ੍ਹੇ ਪਹਿਲਾਂ ਕਿੱਤੇ ਖਾਨਦਾਨੀ ਸਨ ਤੇ ਕਈ ਪੀੜ੍ਹੀਆਂ ਤੱਕ ਹਰ ਪੀੜ੍ਹੀ ਉਹੋ ਪਿਤਾ ਪੁਰਖੀ ਕਿੱਤਾ ਅਪਨਾਉਂਦੀ ਸੀ,ਜਿਸ
ਕਰਕੇ ਇਕ ਪਰਿਵਾਰ ਦੇ ਸਾਰੇ ਮੈਂਬਰ ਨਿੱਕੇ ਹੁੰਦੇ ਤੋਂ ਹੀ ਆਪੋ ਆਪਣਾ ਕੰਮ ਸਾਂਭ ਲੈਂਦੇ ਸੀ,ਪਰ ਹੁਣ ਕਿਸਾਨ ਦਾ ਬੇਟਾ ਛੇ ਮਹੀਨੇ ਦਾ ਲੰਬਾ ਅਰਸਾ ਫਸਲ ਦੀ ਆਮਦਨ ਨੂੰ ਨਹੀਂ ਉਡੀਕ ਸਕਦਾ,ਉਹ ਤਾਂ ਤਲੀ ਤੇ ਸਰਹੋਂ ਜਮਾਉਣ ਦਾ ਹਾਮੀ ਹੈ।ਮਜਦੂਰ ਦਾ ਮੁੰਡਾ ਅੱਠ ਨੌਂ ਘੰਟੇ ਦੀ ਮੁੱਸ਼ਕਤ ਨਹੀਂ ਕਰਨਾ ਚਾਹੁੰਦਾ।ਹੱਟੀ
ਵਾਲੇ ਦਾ ਮੁੰਡਾ ਕਹਿੰਦਾ ਹੈ ਇਹ ਵੀ ਕੋਈ ਜਿੰਦਗੀ ਹੈ,ਜਿਦ੍ਹੇੇ ਵਿੱਚ ਕੋਈ ਛੂੱਟੀ ਨਹੀਂ ਕੋਈ ਮਨੋਰੰਜਨ ਨਹੀਂ।
ਇਹ ਨਵੀਂ ਪੀੜ੍ਹੀ ਸਮਝਦੀ ਹੈ,ਫਿਲਮੀ ਅੇਕਟਰਾਂ ਦੀ ਕਮਾਈ ਬਹੁਤ ਸੌਖੀ ਹੈ,ਫੈਸ਼ਨ ਦੀ ਦੁਨੀਆਂ ਵਿੱਚ ਜਿਥੇ
ਮਨੋਰੰਜਨ ਤੇ ਰੋਮਾਂਸ ਹੈ ਉਥੇ ਪੈਸਾ ਵੀ ਹੈ,ਇਸੇ ਲਈ ਇਸ ਯੁੱਗ ਦੇ ਜਵਾਨ ਗਲੈਮਰ ਵੱਲ ਭੱਜ ਰਹੇ ਹਨ।
ਵਿਦੇਸ਼ਾਂ ਨੂੰ ਉਡਣਾ ਵੀ ਇਸੀ ਸੰਦਰਭ ਦੀ ਕੜੀ ਹੈ।ਮੁੰਡੇ ਕੁੜੀਆਂ ਮਾਂ ਬਾਪ ਤੇ ਸਵਾਲ ਕਰਦੇ ਹਨ,ਕੀ ਲੱਭਾ
ਹੈ ਮਿੱਟੀ ਨਾਲ ਮਿੱਟੀ ਹੋ ਕੇ? ਪਹਿਲੀ ਪੀੜ੍ਹੀ ਗੁਜਰੇ ਕਲ ਨੂੰ ਯਾਦ ਰੱਖ ਕੇ ਤੇ ਆਉਣ ਵਾਲੇ ਕਲ ਨੂੰ ਧਿਆਨ ਵਿੱਚ ਰੱਖ ਕੇ ਵਿਚਰਦੀ ਸੀ,ਪਰ ਅੱਜ ਦੀ ਕੇਵਲ ਤੇ ਕੇਵਲ ਦਿਨ ਗੁਜਾਰਦੀ ਹੈ,ਨਾਂ ਬੀਤੇ ਤੋਂ ਸਬਕ
ਲੈਣਾ ਤੇ ਨਾਂ ਭੱਿਵਖ ਲਈ ਸੋਚਣਾ,ਬੱਸ ਇਹੀ ਕਹਿਣਾ ਕਿ ਨਵਾਂ ਜਮਾਨਾ ਹੈ।
ਤਿੜਕਦੀਆ ਦੋਸਤੀਆਂ ਤੇ ਰਿਸ਼ਤਿਆਂ ਵਿੱਚ ਪਈ ਦਰਾਰ ਵੀ ਪੀੜੀ ਪਾੜੈ ਦਾ ਹੀ ਅੰਗ ਹੈ।ਹਵੇਲੀਆਂ ਤੋਂ
ਕੋਠੜੀਆਂ ਦੀ ਨੌਬਤ ਵੀ ਇਸੇ ਪੀੜ੍ਹੀ ਪਾੜੈ ਨੇ ਲਿਆਂਦੀ ਹੈ।ਸਕਿਆਂ ਦੇ ਸੱਕ ਲੱਥ ਗਏ ਹਨ।ਦੋਸਤੀਆਂ
ਪੈਸੇ ਦੀ ਡੋਰ ਨਾਲ ਬੱਝੀਆਂ ਹਨ।ਦਾਦਾ,ਪੋਤਾ,ਭਾਈ,ਭਾਈ,ਭੈਣ ਭਰਾ,ਬਰਾਦਰੀ, ਸੱਭ ਇਸ ਪਾੜ ਵਿੱਚ ਗਰਕ ਰਹੇ ਹਨ।ਇਹ ਇਵੇਂ ਹੀ ਹੈ ਜਿਵੇਂ ਲੋਹੇ ਤੇ ਲੱਕੜ ਦੀ ਥਾਂ ਪਲਾਸਟਿਕ ਆ ਗਿਆ ਹੈ।ਪਿੱਤਲ ਦੀ
ਬਨਾਉਟੀ ਚਕਾਚੌਂਧ ਨੇ ਸੋਨੇ ਨੂੰ ਵਗਾਹ ਮਾਰਿਆ ਹੈ।
ਨਵੀਂ ਪੀੜ੍ਹੀ,ਨਵਾ ਜਮਾਨਾ ਕਹਿਣਾ ਤਕੀਆ ਕਲਾਮ ਹੋ ਨਿਬੜਿਆ ਹੈ।ਜਵਾਨ ਬੱਚੇ ਮਾਂ ਬਾਪ ਦੇ ਕਹਿਣੇ ਦੀ
ਅਵੱਗਿਆ ਕਰਦੇ,ਨਿੱਕੀ ਮੋਟੀ ਨਸੀਹਤ ਤੇ ਜਨਰੇਸ਼ਨ ਗੈਪ ਦਾ ਤਾਹਨ੍ਹਾ ਦੇ ਦੇਂਦੇ ਹਨ।ਕੁਝ ਹੱਦ ਤੱਕ ਇਹ
ਫਰਕ ਵਾਇਰਸ ਹੀ ਬਣ ਗਿਆ ਹੈ।ਸੱਭ ਕੁਝ ਸਿੰਥੇਟੇਕ ਹੋ ਗਿਆ ਹੈ।
ਘਰਾਂ ਚ ਗੋਹਾ ਕੂੜਾ ਕਰਨ ਵਾਲ਼ੀ ਮਾਂ ਦੀ ਧੀ ਕਹਿੰਦੀ ਹੈ,ਅਸੀਂ ਇਹ ਤੇਰੇ ਵੇਲੇ ਦਾ ਕੰਮ ਨਹੀਂ ਕਰਨਾ,ਅਸੀਂ
ਵਧੀਆ ਕੰੰਮ ਕਰਨਾ ਹੈ,ਤੇ ਉਹ ਮੈਰਿਜ ਪੈਲਸ ਤੇ ਨੱਚ ਕੇ ਰੱਜਵਾਂ ਪੈਸਾ ਕਮਾ ਕੇ ਮਾਂ ਨੂੰ ਵੀ ਨਾਲ ਮਿਲਾ ਲੈਣ ਲਗ ਪਈ ਹੈ।ਦਿਹਾੜੀਦਾਰ ਦਾ ਮੁੰਡਾ ਰਿਕਸ਼ਾ ਚਲਾਉਣ ਦੀ ਆਜਾਦੀ ਮਾਣਨਾ ਚਾਹੁੰਦਾ ਹੈ।ਕਿਸਾਨ ਦਾ ਮੁੰਡਾ ਮਾਂ ਵਰਗੀ ਜਮੀਨ ਵੇਚ ਕੇ ਗਾਇਕ ਬਣ ਗਿਆ ਹੈ,ਤੇ ਇਸ ਪੁੱਠੈ ਕੰਮ ਨੂੰ ਨਵੀਂ ਪੀੜ੍ਹੀ ਤੇ ਪੀੜ੍ਹੀ ਪਾੜਾ ਆਖਿਆਜਾਂਦਾ ਹੈ।ਨੂੰਹਾਂ ਤੇ ਧੀਆਂ ਨੇ ਮਾਂ ਵਾਲਾ ਚੁਲ੍ਹਾ ਚੌਂਕਾ ਤਿਆਗ ਕੇ ਘਰਾਂ ਦੇ ਡਰਾਇੰਗ ਰੂਮ ਵਿੱਚ ਬੁਟੀਕ ਤੇ ਬਿਉਟੀ ਪਾਰਲਰ ਬਣਾ ਲਏ ਹਨ।ਮਾਂ ਮੰਮੀ ਤੇ ਸੱਸ ਮਾਮਾ ਬਣ ਗਈ ਹੈ।
ਤਾਸ਼ ਦਾ ਜੂਆ ਪਲੇਇੰਗ ਕਾਰਡ ਜਾਂ ਤੰਬੋਲਾ ਬਣ ਗਿਆ ਹੈ।ਪਹਿਲੀ ਪੀੜ੍ਹੀ ਦੀਆਂ ਵਰਜਿਤ ਹਰਕਤਾਂ ਨੂੰ ਇਸ ਪੀੜ੍ਹੀ ਨੇ ਮਾਨ ਜਨਕ ਬਣਾ ਕੇ ਪੇਸ਼ ਕੀਤਾ ਹੈ।ਬੜਾ ਵਿਕਾਸ,ਬੜੀ ਉੱਨਤੀ ਕੀਤੀ ਹੈ ਨਵੀਂ ਪੀੜ੍ਹੀ ਨੇ,ਤੇ ਇਸ ਦੌਰ ਵਿੱਚ ਵੱਡਿਆਂ ਤੋਂ ਛੋਟਿਆਂ ਤੱਕ ਵੱਡਾ ਪਾੜਾ ਵੀ ਪਾਇਆ ਹੈ।ਜਿਸ ਨੂੰ ਤਰੋਪਣ ਦੀ ਗੁੰਜਾਇਸ਼ ਕਿਸੇ ਸੂਈ,ਕੰਦੂਈ ਵਿੱਚ ਨਹੀਂ ਹੈ।ੱ
ਮਾਪਿਆਂ ਤੋਂ ਅੋਲਾਦ ਤੱਕ ਦਾ ਪਾੜਾ-ਤੀਲੀਆ ਵਾਲੀ ਡੱਬੀ ਨੂੰ ਧਾਗਾ ਬੱਨ੍ਹ ਕੇ ਬਣਾਏ ਟੇਲੀਫੋਨ ਤੋਂ ਜੇਬ ਫੋਨ ਤੱਕ,ਫੱਟੀ,ਸਲੇਟ ਤੋਂ ਲੇਪਟੌਪ ਤੱਕ,ਸਾਈਕਲ ਤੋਂ ਜਹਾਜ ਤੱਕ, ਪਗੜੀ ਤੋਂ ਕੰਨਾਂ ਵਿੱਚ ਮੁੰਦਰਾ ਤੱਕ,
ਸੂਟ ਤੋਂ ਜੀਨ ਤੱਕ,ਦੁਪੱਟੇ ਤੋਂ ਕੈਪ ਤੱਕ,ਕਿਰਤ ਤੋਂ ਤਸਕਰੀ ਤੱਕ,ਥੜ੍ਹੇ ਤੋਂ ਸਟੇਜ ਤੱਕ, ਆਗਿਆ ਤੋਂ ਅਵੱਗਿਆ ਤੱਕ-ਮੀਲਾਂ ਦੀ ਦੂਰੀ ਵੱਲ ਜਾ ਰਿਹਾ ਹੈ।
ਪਹਿਲਾਂ ਕੁਝ ਸਾਲਾਂ ਤੱਕ ਪਿਤਾ ਬੱਚਿਆਂ ਦੀ ਪਛਾਣ ਹੁੰਦਾ ਹੈ,ਫਿਰ ਪੈਰਾਂ ਸਿਰ ਹੋਏ ਬੱਚੇ ਪਿਤਾ ਦੀ ਪਛਾਣ
ਬਣਦੇ ਹਨ।ਇਸ ਪਛਾਣ ਦਾ ਇਕ ਤੋਂ ਦੂਜੀ ਪੀੜ੍ਹੀ ਤੱਕ ਦਾ ਫਾਸਲਾ ਜਾਂ ਸਫਰ (ਕਹਿ ਲ਼ਓ) ਸੁਖਾਂਵਾ ਗੁਜਰ
ਜਾਵੇ ਦੀ ਕੋਸ਼ਿਸ਼ ਨਿਰੰਤਰ ਕਰਨੀ ਪੈਂਦੀ ਹੈ।ਇਵੇਂ ਹੀ ਜਿਵੇਂ ਦਿੱਸਹੱਦਿਆ ਤੇ ਨਵੇਂ ਨਕਸ਼ਾਂ ਦੀ ਸੁਭਾਵਕਤਾ
ਹੁੰਦੀ ਹੈ।ਅਗਲੀ ਪੀੜ੍ਹੀ ਦਿੱਸਹੱਦਾ ਹੀ ਤਾਂ ਹੈ।
ਕੁੱਝ ਵੀ ਤੇ ਉਹ ਨਹੀਂ ਰਿਹਾ
ਨਾਂ ਮਿੱਟੀ ਉਹ ਰਹੀ ਨਾਂ ਪਾਣੀ ਉਹ ਰਿਹਾ
ਨਾਂ ਅੱਖ ਉਹ ਰਹੀ ਨਾਂ ਦਿਲ ਉਹ ਰਿਹਾ
ਨਾਂ ਮੈਂ ਉਹ ਰਹੀ ਨਾਂ ਤੂੰ ਉਹ ਰਿਹਾ
ਤੂੰ ਕੌਣ ਮੈਂ ਕੌਣ,ਮੈਂ ਵਿੱਚ ਮੈਂ ਦਾ ਪਸਾਰਾ
ਮਨੁੱਖ ਵਿਚੋਂ ਮਨੁੱਖ ਮਨਖ਼ੀ ਹੋ ਰਿਹਾ
ਕੁੱਝ ਵੀ ਤੇ ਉਹ ਨਹੀਂ ਰਿਹਾ-
ਨਵੀਨਤਾ ਦੇ ਭਰਮ ਵਿੱਚ ਸੱਭ ਉਲਟ ਰਿਹਾ
ਕਿ ਕੁੱਝ ਵੀ ਤੇ ਉਹ ਨਹੀਂ ਰਿਹਾ ॥
ਰਣਜੀਤ ਕੋਰ ਗੁੱਡੀ ਤਰਨ ਤਾਰਨ