ਟੱਪੇ - ਮਹਿੰਦਰ ਸਿੰਘ ਮਾਨ
ਨਵੇਂ ਪੱਤੇ ਲੱਗ ਗਏ ਨੇ ਰੁੱਖਾਂ ਨੂੰ,
ਕੋਈ ਨਾ ਵੰਡਾਵੇ ਆ ਕੇ
ਦੱਬੇ, ਕੁੱਚਲੇ ਲੋਕਾਂ ਦੇ ਦੁੱਖਾਂ ਨੂੰ।
ਮੇਜ਼ ਤੇ ਪਾਣੀ ਦਾ ਗਲਾਸ ਪਿਆ,
ਚੋਣਾਂ 'ਚ ਵੱਡੇ, ਵੱਡੇ ਲੀਡਰ ਹਰਾ ਕੇ
ਲੋਕਾਂ ਨੇ ਖਬਰੇ ਕਾਹਦਾ ਬਦਲਾ ਲਿਆ।
ਸਹੀ ਸਮਾਂ ਨਾ ਦੱਸੇ ਕਲਾਕ ਘਰ ਦਾ,
ਉਸ ਅਫਸਰ ਨੇ ਲੋਕਾਂ ਦੇ ਕੰਮ ਕੀ ਕਰਨੇ
ਜਿਸ ਕੋਲ ਕੋਈ ਵੀ ਜਾਵੇ ਨਾ ਡਰਦਾ।
ਆਕਾਸ਼ ਤੇ ਬੱਦਲ ਛਾਏ ਹੋਏ ਨੇ,
ਜਿਹੜੇ ਬੈਂਕਾਂ ਨਾਲ ਧੋਖਾ ਕਰ ਗਏ
ਉਨ੍ਹਾਂ ਦੇ ਚੰਗੇ ਦਿਨ ਆਏ ਹੋਏ ਨੇ।
ਕੱਟ ਬਿਜਲੀ ਦੇ ਲੱਗਣੇ ਘੱਟ ਗਏ ਨੇ,
ਤਾਂ ਹੀ ਸਾਰੇ ਲੋਕ ਰਾਤ ਦੀ ਰੋਟੀ
ਲਾਈਟ ਵਿੱਚ ਬੈਠ ਕੇ ਖਾਣ ਲੱਗ ਪਏ ਨੇ ।
ਦਰਿਆ ਦਾ ਪਾਣੀ ਸ਼ਾਂਤ ਵਹਿ ਰਿਹਾ,
"ਮੈਂ ਹਮੇਸ਼ਾ ਨ੍ਹੀ ਆਪਣੇ ਕੰਢੇ ਤੋੜਦਾ,"
ਉਹ ਸਾਰੇ ਲੋਕਾਂ ਨੂੰ ਸੁਨੇਹਾ ਇਹ ਦੇ ਰਿਹਾ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554