ਦੁਖਹਰਨ ਛੰਦ : ਊਧਮ ਸਿੰਘ ਸੁਨਾਮੀ ਸੂਰਾ - ਜਸਵਿੰਦਰ 'ਜਲੰਧਰੀ '

ਬਣ ਕੇ ਗ਼ਦਰੀ 'ਗ਼ਦਰ' ਮਚਾਇਆ,
ਆਢਾ ਨਾਲ ਗੋਰਿਆਂ ਲਾਇਆ,
ਰੱਸਾ ਫਾਂਸੀ ਦਾ ਗਲ ਪਾਇਆ,
ਖਾਤਰ ਦੇਸ਼ ਦੀ ਮਰਦਾ ਹੈ।
ਊਧਮ ਸਿੰਘ ਸੁਨਾਮੀ ਸੂਰਾ,ਮੌਤੋਂ ਮੂਲ਼ ਨਾ ਡਰਦਾ ਹੈ।

ਅੱਖੀਂ ਤੱਕਿਆ ਘੱਲੂਘਾਰਾ,
ਜਲ੍ਹਿਆਂਵਾਲਾ ਬਾਗ਼ ਵਿਚਾਰਾ,
ਹੋਇਆ ਖ਼ੂਨੋਂ ਖ਼ੂਨੀ ਸਾਰਾ,
ਜਿੱਥੇ ਸੱਚ ਪਿਆ ਮਰਦਾ ਹੈ।
ਊਧਮ ਸਿੰਘ ਸੁਨਾਮੀ ਸੂਰਾ,ਦਿਲ ਵਿੱਚ ਗੁੱਸਾ ਭਰਦਾ ਏ।


'ਮੈਕਲ' ਲੈਮਿੰਗਟਨ ਤੇ  , 'ਡਾਨਾ',
ਲ਼ੈ ਕੇ ਨਿਰਦੋਸ਼ਾਂ ਦੀਆਂ ਜਾਨਾਂ,
ਦੱਸਣ ਖ਼ੁਦ ਨੂੰ ਵਾਂਗ ਚੱਟਾਨਾਂ,
ਕੀ ਸਮਝਾਵੇ ਕਾਇਰ ਨੂੰ,
ਊਧਮ ਸਿੰਘ ਸੁਨਾਮੀ ਸੂਰਾ,ਸੋਧਾ ਲਾਵੇ 'ਡਾਇਰ' ਨੂੰ।

ਪੂਰੀ ਕਰ ਕੇ ਖੂਬ ਤਿਆਰੀ,
ਗੋਲ਼ੀ ਹਿੱਕ 'ਚ ਸਿੱਧੀ ਮਾਰੀ,
ਧਰਤੀ ਹੋ 'ਗੀ ਰੱਤੀ ਸਾਰੀ,
ਉੱਤਰ ਦਿਲ ਦਾ ਭਾਰ ਗਿਆ।
ਊਧਮ ਸਿੰਘ ਸੁਨਾਮੀ ਸੂਰਾ, ਮਾਂ ਦਾ ਕਰਜ਼ ਉਤਾਰ ਗਿਆ।

ਜੁਰਮ ਕਬੂਲੇ ਵਿੱਚ ਕਚਹਿਰੀ,
ਕਹਿੰਦਾ ਅੱਖ ਬੜੀ ਸੀ‌ ਗਹਿਰੀ,
ਮੈਕਲ ਬੜਾ ਪੁਰਾਣਾ ਵੈਰੀ,
ਜਿਸਦੀ ਲਾਸ਼ ਵਿਛਾ ਦਿੱਤੀ,
ਊਧਮ ਸਿੰਘ ਸੁਨਾਮੀ ਸੂਰੇ,ਚੁੱਕੀ ਸਹੁੰ ਪੁਗਾ ਦਿੱਤੀ।

ਗਾਥਾ ਸਾਰੇ ਘਰੀਂ ਪੁਚਾਵੋ,
ਵਾਰਾਂ ਨਾਲ ਜੋਸ਼ ਦੇ ਗਾਵੋ,
ਵੱਡੀ ਸੂਰਮਗਤੀ ਭਰਾਵੋ,
ਰੱਖਿਆ ਸਾਂਭ ਚਿੰਗਾਰੀ ਨੂੰ।
ਊਧਮ ਸਿੰਘ ਸੁਨਾਮੀ ਸੂਰਾ,ਮਾਰੇ ਅੱਤਿਆਚਾਰੀ ਨੂੰ।