ਹਰ ਖੁਦਕਸੀ ਨੂੰ ਆਰਥਿਕਤਾ ਨਾਲ ਜੋੜ ਦੇਣਾ ਖੁਦਕਸੀ ਤੋਂ ਵੀ ਮਾੜਾ ਹੈ। - ਹਰਲਾਜ ਸਿੰਘ ਬਹਾਦਰਪੁਰ
ਜਿੰਨਾ ਚਿਰ ਖੁਦਕਸੀ ਕਰਨ ਵਾਲੇ ਦੇ ਪ੍ਰੀਵਾਰ ਤੇ ਕਤਲ ਦਾ ਪਰਚਾ ਦਰਜ ਨਹੀਂ ਹੋਣ ਲੱਗਦਾ ਓਨਾ ਚਿਰ ਖੁਦਕਸੀਆਂ ਬੰਦ ਨਹੀਂ ਹੋ ਸਕਦੀਆਂ, ਹਰਲਾਜ ਸਿੰਘ ਬਹਾਦਰਪੁਰ।
ਖੁਦਕਸੀ ਕਰਨੀ ਬਹੁਤ ਮਾੜੀ ਗੱਲ ਹੈ, ਪਤਾ ਨਹੀਂ ਕਿਹੜੇ ਹਾਲਾਤਾਂ ਤੋਂ ਦੁਖੀ ਹੋ ਕੇ ਬੰਦਾ ਅਜਿਹਾ ਕਦਮ ਚੁੱਕਦਾ ਹੈ। ਪਰ ਅੱਜ ਕੱਲ ਹਰ ਖੁਦਕਸੀ ਨੂੰ ਆਥਿਕਤਾ ਨਾਲ ਜੋੜ ਦਿੱਤਾ ਜਾਂਦਾ ਹੈ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਕਿਸਾਨ ਮਜਦੂਰ ਦੀ ਆਰਥਿਕ ਹਾਲਤ ਮਾੜੀ ਨਹੀਂ ਹੈ, ਹਾਲਤ ਮਾੜੀ ਹੈ ਪਰ ਖੁਦਕਸੀ ਤਾਂ ਉਸ ਤੋਂ ਵੀ ਮਾੜੀ ਹੈ, ਹਰ ਖੁਦਕਸੀ ਨੂੰ ਆਰਥਿਕਤਾ ਨਾਲ ਜੋੜ ਦੇਣਾ ਖੁਦਕਸੀ ਤੋਂ ਵੀ ਮਾੜਾ ਹੈ। ਜਾਂ ਕੀ ਖੁਦਕਸੀ ਹੀ ਮਾੜੀ ਆਰਥਿਕਤਾ ਦਾ ਹੱਲ ਹੈ ? ਅਸਲ ਸੱਚ ਤਾਂ ਇਹ ਵੀ ਹੈ ਕਿ ਹਰ ਖੁਦਕਸੀ ਦਾ ਕਾਰਨ ਆਰਥਿਕਤਾ ਵੀ ਨਹੀਂ ਹੁੰਦੀ, ਘਰ ਦੇ ਹੋਰ ਵੀ ਬਹੁਤ ਕਲੇਸ਼ ਹੁੰਦੇ ਹਨ, ਪਰ ਸਾਡੇ ਝੂਠੇ ਹਮਦਰਦਾਂ ਵੱਲੋਂ ਖੁਦਕਸੀ ਦੇ ਸਾਰੇ ਕਾਰਨਾ ਉਤੇ ਪੜਦਾ ਪਾ ਕੇ ਉਸ ਨੂੰ ਆਰਥਿਕਤਾ ਨਾਲ ਜੋੜ ਦਿੱਤਾ ਜਾਂਦਾ ਹੈ, ਤਾਂ ਕਿ ਮ੍ਰਿਤਕ ਦੇ ਪ੍ਰੀਵਾਰ ਨੂੰ ਆਰਥਿਕ ਲਾਭ ਮਿਲ ਸਕੇ। ਸਰਕਾਰਾਂ ਵੀ ਖੁਦਕਸੀਆਂ ਨੂੰ ਰੋਕਣ ਦੀ ਥਾਂ ਇਹਨਾ ਦੀ ਸਿਆਸੀ ਹਿੱਤਾਂ ਲਈ ਹੀ ਵਰਤੋਂ ਕਰ ਰਹੀਆਂ ਹਨ। ਕਿਉਂਕਿ ਸਰਕਾਰਾਂ ਵੀ ਸਾਡੀਆਂ ਜਮੀਰਾਂ ਨੂੰ ਮਾਰ ਕੇ ਸਾਨੂੰ ਭਿਖਾਰੀ ਹੀ ਬਣਾਉਣਾ ਚਾਹੁੰਦੀਆਂ ਹਨ, ਜਿਸ ਕਾਰਨ ਉਹ ਸਾਡੇ ਕਰਜੇ ਮੁਆਫ ਕਰਨੇ ਅਤੇ ਨੌਕਰੀਆਂ ਆਦਿ ਸਾਨੂੰ ਮੌਤ ਤੋਂ ਬਾਅਦ ਤਰਸ ਦੇ ਅਧਾਰ ਤੇ ਭੀਖ ਦੀ ਤਰਾਂ ਦੇ ਰਹੀਆਂ ਹਨ। ਸਾਡੀਆਂ ਕਿਸਾਨ ਜੱਥੇਬੰਦੀਆਂ ਮੌਤ ਦੇ ਕਾਰਨਾ ਨੂੰ ਨਜਰ ਅੰਦਾਜ ਕਰਕੇ ਖੁਦਕਸੀ ਕਰ ਚੁੱਕੇ ਵਿਅੱਕਤੀ ਦਾ ਸਾਰਾ ਕਰਜਾ ਮੁਆਫ ਅਤੇ ਪ੍ਰੀਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਭੀਖ ਮੰਗ ਕੇ ਇਸ ਨੂੰ ਹੋਰ ਬੜਾਵਾ ਦੇ ਰਹੀਆਂ ਹਨ। ਖੁਦਕਸੀ ਕਰ ਕੇ ਸਦਾ ਦੀ ਨੀਦ ਸੁੱਤੇ ਆਪਣੇ ਪ੍ਰੀਵਾਰਕ ਮੈਂਬਰ ਦੀ ਮੌਤ ਦੇ ਦੁਖ ਨੂੰ ਭੁਲਾ ਲਾਸ਼ ਦੇ ਕੋਲ ਬਹਿ ਕੇ ਮੌਤ ਦੇ ਕਾਰਨਾ ਦੀ ਥਾਂ ਆਰਥਿਕ ਲ਼ਾਭ ਦੀਆਂ ਕਹਾਣੀਆਂ ਸ਼ੁਰੂ ਕਰਦੇ ਹੋਏ ਸਨਬੰਧੀ ਇਹ ਕਹਿਣ ਲੱਗ ਜਾਂਦੇ ਹਨ ਕਿ ਇਹ ਤਾਂ ਭਾਈ ਹੁਣ ਮਿੱਟੀ ਹੈ ਇਹਦਾ ਤਾਂ ਕੀ ਹੈ, ਹੁਣ ਮਗਰਲੇ ਪ੍ਰੀਵਾਰ ਵਾਰੇ ਸੋਚੋ ਜੇ ਉਹਨਾ ਨੂੰ ਚਾਰ ਪੈਸੇ ਮਿਲ ਜਾਣ। ਵਾਹ! ਕੈਸੀ ਹਮਦਰਦੀ ਹੈ। ਕਦੇ ਸਮਾਂ ਹੁੰਦਾ ਸੀ ਕਿ ਲੋਕ ਖੁਦਕਸੀ ਕਰ ਚੁੱਕੇ ਵਿਅੱਕਤੀ ਦਾ ਪੁਲਿਸ ਤੋਂ ਚੋਰੀਓਂ ਦਾਹ ਸੰਸਕਾਰ ਕਰ ਦਿੰਦੇ ਹੁੰਦੇ ਸੀ, ਪਰ ਅੱਜ ਪੁਲਿਸ ਦੀ ਹਾਜਰੀ ਵਿੱਚ ਖੁਦਕਸੀ ਦੀ ਵੀ ਨਾਜਾਇਜ ਵਰਤੋਂ ਕੀਤੀ ਜਾਂਦੀ ਹੈ। ਪੁਲਿਸ ਵੀ ਕਤਲ ਕੇਸ ਦੀ ਜਾਂਚ ਦੇ ਚੱਕਰ ਵਿੱਚ ਪੈਣ ਦੀ ਥਾਂ ਪ੍ਰੀਵਾਰ ਦੇ ਬਿਆਨਾ ਦੇ ਅਧਾਰ ਤੇ ਧਾਰਾ 174 ਦੀ ਕਰਵਾਈ ਕਰਕੇ ਆਪਣੇ ਫਰਜ ਤੋਂ ਮੁਕਤ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਅੱਜ ਖੁਦਕਸੀਆਂ ਦੀ ਗਿਣਤੀ ਵਿੱਚ ਦਿਨ ਦੁਗਣਾ ਰਾਤ ਚੌਗੁਣਾ ਵਾਧਾ ਹੋ ਰਿਹਾ ਹੈ। ਇਸ ਲਈ ਜਿੰਨਾ ਚਿਰ ਖੁਦਕਸੀ ਕਰਨ ਵਾਲੇ ਦੇ ਪ੍ਰੀਵਾਰ ਤੇ ਕਤਲ ਦਾ ਪਰਚਾ ਦਰਜ ਨਹੀਂ ਹੋਣ ਲੱਗਦਾ ਓਨਾ ਚਿਰ ਖੁਦਕਸੀਆਂ ਬੰਦ ਨਹੀਂ ਹੋ ਸਕਦੀਆਂ। ਹਰੇਕ ਤਰਾਂ ਦੀ ਖੁਦਕਸੀ, ਉਹ ਚਾਹੇ ਆਰਥਿਕ ਮੰਦਹਾਲੀ ਕਾਰਨ ਹੋਵੇ, ਕਿਸੇ ਦੇ ਬਲੈਕਮੇਲ ਦੇ ਕਾਰਨ ਹੋਵੇ, ਕਿਸੇ ਦੇ ਤੰਗ ਪ੍ਰੇਸ਼ਾਨ ਕਰਨ ਜਾਂ ਧਮਕੀਆਂ ਕਾਰਨ ਹੋਈ ਹੋਵੇ, ਇਸ ਵਾਰੇ ਖੁਦਕਸੀ ਕਰਨ ਵਾਲੇ ਜਾਂ ਉਸ ਦੇ ਪ੍ਰੀਵਾਰ ਵੱਲੋਂ ਸਬੰਧਤ ਥਾਣੇ ਵਿੱਚ ਪਹਿਲਾਂ ਰਿਪੋਰਟ ਦਰਜ ਹੋਣੀ ਲਾਜਮੀ ਹੋਵੇ। ਜਿਸ ਦੀ ਪਹਿਲਾਂ ਅਜਿਹੀ ਕਿਸੇ ਕਿਸਮ ਦੀ ਕੋਈ ਰਿਪੋਰਟ ਦਰਜ ਨਾ ਹੋਵੇ, ਤਾਂ ਖੁਦਕਸੀ ਕਰਨ ਵਾਲੇ ਦੇ ਪ੍ਰੀਵਾਰਕ ਮੈਂਬਰਾਂ ਉਤੇ ਸ਼ੱਕ ਦੇ ਅਨੁਸਾਰ ਕਤਲ ਦਾ ਪ੍ਰਚਾ ਦਰਜ ਹੋਣਾ ਚਾਹੀਂਦਾ ਹੈ। ਫਿਰ ਪਤਾ ਚੱਲੇਗਾ ਕਿ ਖੁਦਕਸੀਆਂ ਦੇ ਅਸਲੀ ਕਾਰਨ ਕੀ ਹਨ। ਜੇ ਅਜਿਹਾ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਜਮੀਰ ਇਸ ਹੱਦ ਤੱਕ ਮਰ ਜਾਵੇਗੀ ਕਿ ਅਸੀਂ ਘਰ ਦੇ ਬੇਲੋੜੇ ਜਾਂ ਘੱਟ ਲੋੜ ਵਾਲੇ ਮੈਂਬਰ ਦਾ ਕਤਲ ਕਰਕੇ ਉਸ ਨੂੰ ਆਰਥਿਕ ਤੰਗੀ ਨਾਲ ਜੋੜ ਕੇ, ਪ੍ਰੀਵਾਰ ਦਾ ਸਮੁੱਚਾ ਕਰਜਾ ਮੁਆਫ ਕਰਨ ਅਤੇ ਪ੍ਰੀਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਮੰਗਣਾ ਸਾਡਾ ਕਾਨੂੰਨੀ ਹੱਕ ਬਣ ਜਾਵੇਗਾ। ਯੋਗਤਾ ਦੇ ਅਧਾਰ ਤੇ ਮਿਲਣ
ਵਾਲੀਆਂ ਨੌਕਰੀਆਂ ਖੁਦਕਸੀ ਦੇ ਅਧਾਰ ਤੇ ਮਿਲਣ ਲੱਗ ਜਾਣਗੀਆਂ, ਫਿਰ ਸਾਡੇ ਬੱਚੇ ਵੀ ਆਪਣੀ ਯੋਗਤਾ ਬਣਾਉਣ ਦੀ ਥਾਂ ਖੁਦਕਸੀਆਂ ਦੇ ਉਡੀਕਵਾਨ ਹੋ ਜਾਣਗੇ, ਫਿਰ ਸਾਡੇ ਬੱਚੇ ਇੱਕ ਦੂਜੇ ਦੀ ਵਿੱਦਿਅਕ ਯੋਗਤਾ ਪੁੱਛਣ ਦੀ ਥਾਂ ਇਹ ਪੁੱਛਿਆ ਕਰਨਗੇ ਕਿ ਕਿਉਂ ਬਾਈ ਬਣਿਆ ਕੋਈ ਖੁਦਕਸੀ ਦਾ ਜੁਗਾੜ ਕਿ ਨਹੀਂ! ਹਰੇਕ ਖੁਦਕਸੀ ਦੇ ਕਾਰਨਾ ਨੂੰ ਨਜਰ ਅੰਦਾਜ ਕਰਕੇ ਉਸ ਨੂੰ ਆਰਥਿਕਤਾ ਨਾਲ ਜੋੜ ਕੇ ਲਾਭ ਲੈਣ ਦੀ ਸਾਡੀ ਮਾਨਸਿਕਤਾ ਕਿਤੇ ਇਸੇ ਪਾਸੇ ਵੱਲ ਤਾਂ ਨਹੀਂ ਵੱਧਦੀ ਜਾ ਰਹੀ ?
ਮਿਤੀ 25-01-2018
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ,
ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501
ਫੋਨ ਨੰਬਰ :- 9417023911
harlajsingh7@gmail.com