ਅਜ਼ਾਦੀ - ਅਮਰਜੀਤ ਸਿੰਘ ਸਿੱਧੂ
ਸੰਨ ਸੰਨਤਾਲੀ ਦੇਸ਼ ਮੇਰੇ ਵਿਚ ਐਸਾ ਕਹਿਰ ਮਚਾਇਆ।
ਘਰ ਘਰ ਅੰਦਰ ਇਸ ਅਜ਼ਾਦੀ ਤਾਂਡਵ ਨਾਚ ਨਚਾਇਆ।
ਨਾਮ ਅਜਾਦੀ ਦਾ ਸੀ ਵਰਤਕੇ ਕੱਢ ਧਰਮ ਦੀਆਂ ਕੰਧਾਂ,
ਭਾਈਆਂ ਹੱਥੋਂ ਭਾਈਆਂ ਦਾ ਸੀ ਇਨ੍ਹਾਂ ਕਤਲ ਕਰਾਇਆ।
ਜਾਤ ਪਾਤ ਤੇ ਧਰਮਾਂ ਵਾਲੀ ਸੀ ਐਸੀ ਚਾਲ ਗਈ ਖੇਡੀ,
ਆਪਣਿਆਂ ਨੂੰ ਪਲ ਦੇ ਵਿਚ ਸੀ ਗਿਆ ਗੈਰ ਬਣਾਇਆ।
ਮਾਵਾਂ ਦੇ ਕੋਲੋਂ ਪੁੱਤ ਵਿੱਛੜ ਗਏ ਭੈਣਾਂ ਤੋਂ ਵਿੱਛੜਗੇ ਭਾਈ,
ਬਾਪੂ ਦਾ ਸਿੰਦਾ ਪੁੱਤ ਗਵਾਚਾ ਹੁਣ ਤਾਈਂ ਨਾ ਥਿਆਇਆ।
ਇਕੱਠੇ ਖੇਡੇ ਇਕੱਠੇ ਪੜੇ ਸਾਂ ਇਕੱਠਿਆਂ ਸੀ ਨੇ ਮੰਗੂ ਚਾਰੇ ,
ਐਸੀ ਚੁੱਕ ਸੀ ਜਾਨ ਲੈਦਿਆਂ ਰਤਾ ਨਾਂ ਦਿਲ ਘਬਰਾਇਆ।
ਜਿੰਨਾਂ ਨੇ ਸੀ ਕੁਰਬਾਨੀ ਕੀਤੀ ਉਹਨਾਂ ਦੇ ਟੁਕੜੇ ਕਰ ਦਿੱਤੇ,
ਰਾਜ ਭਾਗ ਦੇ ਮਾਲਕ ਬਣਗੇ ਉਹ ਜਿੰਨਾਂ ਦਗਾ ਕਮਾਇਆ।
ਅਜਾਦੀ ਲਈ ਜਿੰਨਾਂ ਰੱਸੇ ਚੁੰਮੇ ਖੜ ਫਾਂਸੀ ਦੇ ਤੱਖਤੇ ਤੇ,
ਸੂਰਮਿਆਂ ਦਾ ਸੁਪਨਾਂ ਗਦਾਰਾਂ ਮਿੱਟੀ ਦੇ ਵਿਚ ਮਿਲਾਇਆ।
ਅਜਾਦ ਭਾਰਤ ਦੀ ਹੁਣ ਆਬਰੂ ਨਾ ਸਿੱਧੂਆ ਮਹਿਫੂਜ ਰਹੀ,
ਜਦ ਤੋ ਚੋਰਾਂ ਗੁੰਡਿਆਂ ਨੂੰ ਅਸੀਂ ਕੁਰਸੀ ਉਪਰ ਬਿਠਾਇਆ।